ਕਵੀਸ਼ਰ ਮਾਘੀ ਸਿੰਘ ਦੇ ਤੁਰ ਜਾਣ ਪਿੱਛੋਂ...

ਪੰਜਾਬੀ ਸਾਹਿਤ ਵਿੱਚ ਕਵਿਤਾ ਵਰਗੀ ਕੋਮਲ ਸਿਨਫ਼ ਦਾ ਆਰੰਭ ਨਾਥ ਜੋਗੀਆਂ ਦੀਆਂ ਰਚਨਾਵਾਂ ਤੋਂ ਮੰਨਿਆ ਜਾਂਦਾ ਹੈ। ਬਾਅਦ ਵਿੱਚ ਸ਼ੇਖ ਫ਼ਰੀਦ ਤੋਂ ਲੈ ਕੇ ਇੱਕ੍ਹੀਵੀਂ ਸਦੀ ਤਕ ਵੱਖ-ਵੱਖ ਧਾਰਾਵਾਂ ਵਿੱਚੋਂ ਲੰਘਦੀ ਹੋਈ ਇਹ ਸਿਨਫ਼ ਸਮਕਾਲ ਵਿੱਚ ਆ ਕੇ ਵਾਦਾਂ ਤੋਂ ਮੁਕਤ ਹੋ ਵੱਖਰੇ ਪੜਾਵਾਂ ਨੂੰ ਆਪਣੇ ਸਰੋਕਾਰ ਬਣਾ ਰਹੀ ਹੈ। ਕਵਿਤਾ ਦੀਆਂ ਹੋਰਨਾਂ ਧਾਰਾਵਾਂ ਵਾਂਗ ਕਵੀਸ਼ਰੀ ਦੀ ਵੀ ਆਪਣੀ ਵੱਖਰੀ ਪਰੰਪਰਾ ਹੈ ਪਰ ਹੁਣ ਤਕ ਵਿਦਵਾਨਾਂ ਦੀ ਨਜ਼ਰ ਵਿੱਚ ਇਸ ਨੂੰ ਹੋਰਨਾਂ ਮੱਧਕਾਲੀ ਕਾਵਿ ਰੂਪਾਂ ਨਾਲ ਰਲਗੱਡ ਕੀਤਾ ਜਾਂਦਾ ਰਿਹਾ ਹੈ। ਕਵੀਸ਼ਰੀ ਬਾਰੇ ਜੇ ਗਹੁ ਨਾਲ ਵੇਖੀਏ ਤਾਂ ਇਸ ਦੀ ਜੜ੍ਹ ਮਾਲਵੇ ਦੇ ਇਲਾਕੇ ਨਾਲ ਜੁੜਦੀ ਹੈ, ਜਿੱਥੇ ਇਹ ਪਨਪੀ, ਜਵਾਨ ਹੋਈ ਤੇ ਬੁੱਢੀ ਅਵਸਥਾ ਵਿੱਚ ਜੀਅ ਰਹੀ ਹੈ। ਇਸ ਨੂੰ ਪੁਨਰ ਸੁਰਜੀਤ ਕਰਨ ਵਿੱਚ ਉਨ੍ਹਾਂ ਬਹੁਤ ਸਾਰੇ ਇਨਸਾਨਾਂ ਦਾ ਹੱਥ ਹੈ, ਜੋ ਇਸ ਦੇ ਵਜੂਦ ਨੂੰ ਕਾਇਮ ਰੱਖਣ ਲਈ, ਉੱਘੇ ਕਵੀਸ਼ਰਾਂ ਦੇ ਨਾਂ ’ਤੇ ਮੇਲਿਆਂ ਦਾ ਆਯੋਜਨ ਕਰਦੇ ਹਨ। ਇਸੇ ਲੜੀ ਤਹਿਤ ਪਿਛਲੇ ਲੰਮੇ ਸਮੇਂ ਤੋਂ ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਵੱਲੋਂ ਹਰ ਸਾਲ ਮਾਰਚ ਮਹੀਨੇ ਦੇ ਅਖੀਰ ਵਿੱਚ ‘ਵਿਸ਼ਾਲ ਢਾਡੀ ਕਵੀਸ਼ਰੀ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਕਵੀਸ਼ਰ ਮਾਘੀ ਸਿੰਘ ਗਿੱਲ ਦੇ ਸ਼ਾਗਿਰਦ ਅਤੇ ਮਾਲਵੇ ਦੇ ਉੱਘੇ ਕਵੀਸ਼ਰ ਆਪਣਾ-ਆਪਣਾ ਯੋਗਦਾਨ ਪਾਉਂਦੇ ਹਨ। ਸਾਲ 1960 ਤੋਂ ਹੋਂਦ ਵਿੱਚ ਆਈ ਇਸ ਸਭਾ ਨੇ ਮਾਘੀ ਸਿੰਘ ਦੀ ਯਾਦ ਵਿੱਚ ਲਾਇਬਰੇਰੀ ਸਥਾਪਤ ਕੀਤੀ ਹੈ ਜਿੱਥੇ ਮਾਘੀ ਸਿੰਘ ਦੀਆਂ ਪ੍ਰਕਾਸ਼ਤ ਪੁਸਤਕਾਂ ਤੋਂ ਇਲਾਵਾ ਹੋਰ ਉਸਾਰੂ ਕਿਤਾਬਾਂ ਹਨ। ਕਵੀਸ਼ਰੀ ਨੂੰ ਬਚਾਉਣ ਲਈ ਹਰ ਸਾਲ ਇਸ ਮੇਲੇ ਵਿੱਚ ਵੱਖਰੀਆਂ ਪ੍ਰਾਪਤੀਆਂ ਕਰਨ ਵਾਲੇ ਜਥੇ ਨੂੰ ਮਾਘੀ ਸਿੰਘ ਗਿੱਲ ਐਵਾਰਡ ਦਿੱਤਾ ਜਾਂਦਾ ਹੈ। ਕਵੀਸ਼ਰ ਮਾਘੀ ਸਿੰਘ ਗਿੱਲ ਦਾ ਜਨਮ ਮਾਘ ਦੀ ਸੰਗਰਾਂਦ 1892 ਵਿੱਚ ਹਜ਼ਾਰਾ ਸਿੰਘ ਦੇ ਘਰ ਮਾਤਾ ਪ੍ਰੇਮ ਕੌਰ ਦੀ ਕੁੱਖੋਂ ਹੋਇਆ ਪਰ ਇਸ ਸਬੰਧੀ ਵਿਵਾਦ ਇਹ ਹੈ ਕਿ ‘ਪੱਤਲ’ ਜੋ ਭਾਈ ਚਤਰ ਸਿੰਘ ਜੀਵਨ ਸਿੰਘ ਨੇ ਛਾਪੀ ਹੈ, ਉਸ ਵਿੱਚ ਮਾਘੀ ਸਿੰਘ ਲਿਖਦਾ ਹੈ, ‘‘ਭਾਈ ਕੇ ਚੱਕ ਪਾਸੇ ਪਿੰਡ ਗਾਮ ਹੈ, ਨਾਲੇ ਗਿੱਲ ਗੋਤ ਮਾਘੀ ਸਿੰਘ ਨਾਂ ਹੈ, ਸਾਰਾ ਪਿੰਡ ਵਸਦਾ ਆਨੰਦ ਨਾਲ ਜੀ, ਉਮਰ ਉਨਾਠੇ ’ਚ ਅਠਾਰਾਂ ਸਾਲ ਜੀ।’’ ਇੱਥੋਂ ਸਪਸ਼ਟ ਹੈ ਕਿ ਮਾਘੀ ਸਿੰਘ ਦੀ ਉਮਰ ਸੰਮਤ 1959  ਵਿੱਚ ਅਠਾਰਾਂ ਸਾਲ ਹੈ ਤਾਂ ਉਸ ਦੀ ਉਮਰ ਈਸਵੀ ਵਿੱਚ 1854 ਬਣਦੀ ਹੈ। ਉਹ ਕਿਹੜੇ ਕਾਰਨ ਹਨ ਜਿਨ੍ਹਾਂ ਕਰ ਕੇ ਉਨ੍ਹਾਂ ਦੀ ਉਮਰ 1892 ਵਿੱਚ ਬਣੀ। ਮੇਲੇ ਵਿੱਚ ਪੁੱਜੇ ਉਨ੍ਹਾਂ ਦੇ ਸ਼ਾਗਿਰਦ ਸ੍ਰੀ ਬਖ਼ਤੌਰ ਸਿੰਘ ਚੱਕਬਖ਼ਤੂ ਦਾ ਕਹਿਣਾ ਸੀ ਕਿ ਜਦੋਂ ਮਾਘੀ ਸਿੰਘ ਨੇ ਪੱਤਲ ਲਿਖੀ ਤਾਂ ਉਨ੍ਹਾਂ ਦੀ ਉਮਰ ਘੱਟ ਸੀ ਪਰ ਅੰਗਰੇਜ਼ ਰਾਜ ਹੋਣ ਕਰ ਕੇ 18 ਸਾਲ ਤੋਂ ਛੋਟੀ ਉਮਰ ਦਾ ਕਈ ਕੁਝ ਲਿਖ ਕੇ ਛਪਵਾ ਨਹੀਂ ਸਕਦਾ ਸੀ, ਇਸ ਲਈ ਮਾਘੀ ਸਿੰਘ ਨੇ ਇਹ ਲਿਖਿਆ। ਡਾ. ਅਜਮੇਰ ਸਿੰਘ ਨੇ ਆਪਣੀ ਕੀਤੀ ਖੋਜ ਵਿੱਚ ਦੱਸਿਆ ਕਿ ਅਸਲ ਵਿੱਚ ‘ਉਨਾਠੇ’ ਦੀ ਖਾਂ ‘ਸਤਾਠੇ’ ਸੀ। ਮਾਘੀ ਸਿੰਘ ਦਾ ਨਾਂ ਉਨ੍ਹਾਂ ਦਾ ਜਨਮ ਮਾਘ ਮਹੀਨੇ ਦੀ ਸੰਗਰਾਂਦ ਨੂੰ ਹੋਣ ਕਰ ਕੇ ਮਾਘੀ ਸਿੰਘ ਪਿਆ। ਮਾਘੀ ਸਿੰਘ ਭਾਵੇਂ ਬਹੁਤਾ ਪੜ੍ਹਿਆ ਨਹੀਂ ਸੀ ਪਰ ਬਹੁਤੇ ਪੜ੍ਹਿਆਂ ਨੂੰ ਮਾਤ ਜ਼ਰੂਰ ਪਾਉਂਦਾ ਸੀ। ਕਵੀਸ਼ਰੀ ਗਾਉਣ ਦੀ ਕਲਾ ਉਸ ਨੂੰ ਆਪਣੀ ਜੱਦ ਵਿੱਚ ਮਿਲੀ ਦੱਸਿਆ ਜਾਂਦਾ ਹੈ। ਉਨ੍ਹਾਂ ਦੇ ਪਿਤਾ ਹਜ਼ਾਰਾ ਸਿੰਘ ਵੀ ਗੁਣਗੁਣਾ ਲੈਂਦੇ ਸਨ। ਮਾਘੀ ਸਿੰਘ ਆਪਣੀ ਤੀਖਣ ਬੁੱਧੀ ਸਦਕਾ ਨਿੱਤ ਨਵੇਂ ਛੰਦ ਘੜਦਾ ਰਿਹਾ। ਉਸ ਦੀ ਵਿਸ਼ਾ ਯਥਾਰਥ ਦੇ ਬਹੁਤ ਨੇੜੇ ਹੋਣ ਕਰ ਕੇ ਉਸ ਦੇ ਚੇਲੇ ਅੱਜ ਵੀ ਉਸ ਨੂੰ ਜੋਸ਼ ਨਾਲ ਗਾਉਂਦੇ ਹਨ। ਭਾਵੇਂ ਉਸ ਦੇ ਬਹੁਤੇ ਚੇਲੇ ਸਿਰਫ਼ ਕਵੀਸ਼ਰੀ ਗਾਉਣ ਤਕ ਸੀਮਤ ਹਨ ਪਰ ਫਿਰ ਵੀ ਕੁਝ ਲਿਖਦੇ ਹਨ। ਕਵੀਸ਼ਰੀ, ਪੇਸ਼ਕਾਰੀ ਨਾਲ ਜੁੜਿਆ ਵਰਤਾਰਾ ਹੋਣ ਕਰ ਕੇ ਇਸ ਦਾ ਵਸਤੂ ਅਤੇ ਪੇਸ਼ਕਾਰੀ ਦਾ ਰਿਸ਼ਤਾ ਦਵੰਦਆਤਮਿਕ ਹੈ। ਇਸ ਦੀ ਪੇਸ਼ਕਾਰੀ ਵਿੱਚ ਤਿੰਨ ਜਾਂ ਚਾਰ ਵਿਅਕਤੀ ਹੁੰਦੇ ਹਨ। ਇਸ ਨੂੰ ਆਗੂ ਤੇ ਪਾਛੂ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਗਾਉਣ ਵਾਲਿਆਂ ਨੂੰ ਆਮ ਤੌਰ ’ਤੇ ਤਿੰਨ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੇ ਕਵੀਸ਼ਰ ਜੋ ਸਿਰਫ਼ ਲਿਖਦੇ ਹਨ ਪਰ ਗਾਉਣ ਦੀ ਕਲਾ ਤੋਂ ਅਣਜਾਣ ਹਨ, ਦੂਜੇ ਜੋ ਸਿਰਫ਼ ਗਾਉਂਦੇ ਹਨ ਤੇ ਪਿੰਗਲ ਦੀ ਸਮਝ ਤੋਂ ਅਸਮਰੱਥ ਹਨ, ਤੀਜੇ ਜੋ ਗਾਉਂਦੇ ਵੀ ਹਨ ਅਤੇ ਲਿਖਦੇ ਵੀ ਹਨ। ਇਸ ਮੇਲੇ ਨੂੰ ਧਿਆਨ ਵਿੱਚ ਰੱਖਦਿਆਂ ਕਵੀਸ਼ਰੀ ਦੀ ਵਰਤਮਾਨ ਦਸ਼ਾ ਬਾਰੇ ਗੱਲ ਕਰਨੀ ਹੋਵੇ ਤਾਂ ਬਹੁਤ ਸਾਰੀਆਂ ਘਾਟਾਂ ਸਨਮੁਖ ਹੋਈਆਂ। ਜਿਵੇਂ ਤਿੰਨ ਕੁ ਜਥਿਆਂ ਤੋਂ ਸਿਵਾਏ ਹਰ ਜਥੇ ਵਿੱਚ ਸਿਰਫ਼ ਦੋ ਵਿਅਕਤੀ ਸਨ। ਇੱਥੇ ਕਵੀਸ਼ਰੀ ਦਾ ਸਬੰਧ ਆਰਥਿਕਤਾ ਨਾਲ ਵੀ ਜੁੜ ਜਾਂਦਾ ਹੈ ਕਿਉਂਕਿ ਅੱਜ ਦੇ ਵਿਸ਼ਵੀਕਰਨ ਦੌਰ ਵਿੱਚ ਕਵੀਸ਼ਰੀ ਨੂੰ ਬਚਾਉਣ ਦੇ ਨਾਲ ਪੈਸੇ ਦੀ ਅਹਿਮੀਅਤ ਨੂੰ ਵੇਖਿਆ ਜਾਣਾ ਵੀ ਜ਼ਰੂਰੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤੇ ਜਥੇ ਸ਼ੌਕ ਵਜੋਂ ਨਹੀਂ ਬਲਕਿ ਰੁਜ਼ਗਾਰ ਵਜੋਂ ਕਵੀਸ਼ਰੀ ਕਰਦੇ ਹਨ। ਜ਼ਿਆਦਾ ਕਵੀਸ਼ਰੀ ਕਰਨ ਵਾਲੇ ਘੱਟ ਪੜ੍ਹੇ-ਲਿਖੇ ਹੋਣ ਕਰ ਕੇ ਨਾਲ ਖੇਤੀ ਦਾ ਕੰਮ ਕਰਦੇ ਹਨ ਜਾਂ ਆਪਣਾ ਪਿਤਾ ਪੁਰਖੀ ਕਿੱਤਾ ਕਰਦੇ ਹਨ। ਜਿਵੇਂ ਭਗਵਾਨ ਸਿੰਘ ਕੈਂਥ ਮੰਡੀ ਕਲਾਂ ਵਾਲੇ,ਜੋ ਮਾਘੀ ਸਿੰਘ ਦੇ ਸ਼ਾਗਿਰਦ ਹਨ ਨੇ ਦੱਸਿਆ ਕਿ ਉਹ ਘਰ ਸਲਾਈ-ਕਢਾਈ ਦਾ ਕੰਮ ਕਰਦੇ ਹਨ। ਉਨ੍ਹਾਂ ਨੂੰ ਮਾਘੀ ਸਿੰਘ ਦੀ ਕਵੀਸ਼ਰੀ ਨਾਲ ਅੰਤਾਂ ਦਾ ਪਿਆਰ ਹੈ। ਵਰਤਮਾਨ ਸਮੇਂ ਕੁਝ ਜਥੇ ਜਿਨ੍ਹਾਂ ਕੋਲ ਵਿਸ਼ਾ-ਵਸਤੂ ਤਾਂ ਕਾਬਲੇ-ਤਾਰੀਫ਼ ਹੈ ਪਰ ਸਰੋਤਿਆਂ ਨੂੰ ਮੰਤਰ ਮੁਗਧ ਨਹੀਂ ਕਰ ਸਕਦੇ ਪਰ ਕਵੀਸ਼ਰੀ ਦੀ ਸਫ਼ਲਤਾ ਦੀ ਰਮਜ਼ ਤਾਂ ਇਸੇ ਵਿੱਚ ਹੈ। ਕਵੀਸ਼ਰੀ ਲੋਕ ਮਨਾਂ  ਨੇੜਲਾ ਕਾਵਿ ਰੂਪ ਹੈ ਪਰ ਜੇ ਕਵੀਸ਼ਰੀ ਦੀ ਕਹੀ ਗੱਲ ਸਿਰਫ਼ ਵਿਦਵਾਨਾਂ ਤਕ ਸੀਮਤ ਹੈ ਤਾਂ ਕਵੀਸ਼ਰ ਆਪਣੀ ਛਾਪ ਨਹੀਂ ਛੱਡ ਸਕਦੇ। ਨਵੀਂ ਵਸਤੂ ਲਿਖਣ ਵਾਲੇ ਮੋਹਰੀ ਕਵੀਸ਼ਰ ਲੋਕ ਮਨਾਂ ਤੋਂ ਦੂਰ ਦੀ ਗੱਲ ਕਰਦੇ ਹਨ, ਉਨ੍ਹਾਂ ਦੀ ਟੇਕ ਵੀ ਕਿਤੇ ਨਾ ਕਿਤੇ      ਢਾਡੀ ਕਾਵਿ ਦੇ ਨੇੜੇ ਦੀ ਹੈ। ਅੱਜ ਦਰਸ਼ਕ ਜਾਂ ਸਰੋਤੇ ਟੁੱਟਵੇਂ ਛੰਦ ਸੁਣਨ ਦੇ ਇੱਛੁਕ ਹਨ ਕਿਉਂਕਿ ਸਮੇਂ ਦੀ ਘਾਟ ਕਾਰਨ ਪ੍ਰਸੰਗ ਸੁਣਨ ਤੋਂ ਇਨਕਾਰੀ ਹਨ। ਮਾਘੀ ਸਿੰਘ ਗਿੱਲ ਦੀਆਂ ਚੰਨ ਰਾਮ ਭੁੱਟੀਵਾਲ ਦੇ ਹਿਸਾਬ ਨਾਲ 100 ਛੋਟੀਆਂ-ਵੱਡੀਆਂ ਰਚਨਾਵਾਂ ਹਨ। ਜਗਤਾਰ ਸਿੰਘ ਗਿੱਲ ਜੋ ਅੱਜ-ਕੱਲ੍ਹ ਸਿਰੀਏਵਾਲਾ ਵਿਖੇ ਰਹਿ ਰਹੇ ਹਨ, ਮਾਘੀ ਸਿੰਘ ਦੀਆਂ ਕੁਝ ਲਿਖਤਾਂ ਨੂੰ ਆਪਣੀ ਬੁੱਕਲ ਵਿੱਚ ਸਾਂਭੀ ਬੈਠੇ ਹਨ ਜੋ ਥੋੜ੍ਹੇ ਸਮੇਂ ਵਿੱਚ ਪ੍ਰਕਾਸ਼ਤ ਹੋ ਕੇ ਪਾਠਕਾਂ ਦੇ ਹੱਥਾਂ ਵਿੱਚ ਆਉਣ ਦੀ ਆਸ ਹੈ। ਮਾਘੀ ਸਿੰਘ ਗਿੱਲ ਦੇ 250 ਤੋਂ ਵੱਧ ਸ਼ਾਗਿਰਦ ਹਨ ਜੋ ਮਾਘੀ ਸਿੰਘ ਦੇ ਚਲੇ ਜਾਣ ਪਿੱਛੋਂ ਉਸ ਨੂੰ ਅਜੇ ਵੀ ਜਿਊਂਦਾ ਰੱਖੀ ਬੈਠੇ ਹਨ ਪਰ ਯੂਨੀਵਰਸਿਟੀ ਵਿੱਚ ਬੈਠੇ ਵਿਦਵਾਨਾਂ ਨੇ ਅਜੇ ਇਸ ਸਿਨਫ਼ ਨੂੰ ਅੱਖੋਂ-ਪਰੋਖੇ ਕੀਤਾ ਹੈ। ਕਵੀਸ਼ਰ ਮਾਘੀ ਸਿੰਘ ਗਿੱਲ ਤੋਂ ਬਿਨਾਂ ਹੋਰ ਬਹੁਤ ਕਵੀਸ਼ਰ ਹਨ ਜੋ ਅਣਗੌਲੇ ਹਨ। ਨਛੱਤਰ ਸਿੰਘ ਛੱਤੀ ਦਾ ਲਾਇਆ ਛੰਦ ‘ਧੁੰਮਾਂ ਮਾਲਵੇ ਦੇਸ਼ ਵਿੱਚ ਪਾਈਆਂ, ਮਾਘੀ ਸਿੰਘ ਗਿੱਲਾਂ ਵਾਲੇ ਨੇ’, ਹੁਣ ਦੇ ਦੌਰ ਵਿੱਚ ਮਾਘੀ ਸਿੰਘ ਨੂੰ ਅਮਰ ਕਰਦਾ ਹੈ। - ਗੁਰਦੀਪ ਸਿੰਘ ਭੁਪਾਲ ਸੰਪਰਕ: 94177-86456

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All