ਕਵੀਸ਼ਰੀ ਦੀ ਜਨਮਦਾਤੀ ਮਾਲਵੇ ਦੀ ਰਹਿਤਲ

ਉੱਤਮਵੀਰ ਸਿੰਘ ਦਾਊਂ

ਬਾਬੂ ਰਜਬ ਅਲੀ

ਕਵੀਸ਼ਰੀ ਦੀ ਰਚਨਾਕਾਰੀ ਕਿੱਸਾ ਕਾਵਿ, ਖੁੱਲ੍ਹੀ ਕਵਿਤਾ, ਗ਼ਜ਼ਲ ਆਦਿ ਤੋਂ ਭਿੰਨ ਹੈ। ਪੰਜਾਬੀ ਕਵੀਸ਼ਰੀ ਕਾਵਿ ’ਚ ਮਾਲਵਾ ਖੇਤਰ ਦੇ ਰਚਨਾਕਾਰਾਂ ਤੇ ਕਵੀਸ਼ਰਾਂ ਦਾ ਵਡਮੁੱਲਾ ਯੋਗਦਾਨ ਹੈ। ਇਹ ਕਾਵਿ ਵੱਡੇ ਪੱਧਰ ’ਤੇ ਰਚਿਆ ਗਿਆ ਹੈ ਜੋ ਸਮੁੱਚੇ ਰੂਪ ’ਚ ਮਿਆਰੀ ਮੰਨਿਆ ਗਿਆ ਹੈ। ਮਾਲਵੇ ਦੀ ਰਹਿਤਲ ’ਤੇ ਕਵੀਸ਼ਰੀ ਦਾ ਪਹੁ-ਫੁਟਾਲਾ ਤਕਰੀਬਨ ਤਿੰਨ ਸੌ ਸਾਲ ਪਹਿਲਾਂ ਉਦੋਂ ਹੋਇਆ, ਜਦੋਂ ਗੁਰੂ ਗੋਬਿੰਦ ਸਿੰਘ ਨੇ ਲੱਖੀ ਜੰਗਲ ’ਚ ਉਤਾਰਾ ਕੀਤਾ ਤੇ ਛੰਦਾਂ ਨੂੰ ਸੰਗਤ ’ਚ ਉਚਾਰਿਆ। ਇਹ ਮਲਵਈਆਂ ਲਈ ਗੁਰੂ ਸਾਹਿਬ ਦੀ ਬਖ਼ਸ਼ਿਸ਼ ਹੈ। ਕਵੀਸ਼ਰੀ ਨੂੰ ਗਾਇਨ ਪੱਖ ਤੋਂ ਇਕ ਨਿਵੇਕਲੀ ਸ਼ੈਲੀ ਮੰਨਿਆ ਗਿਆ ਹੈ ਕਿਉਂਕਿ ਇਸ ਨੂੰ ਬਿਨਾਂ ਸਾਜ਼ਾਂ ਤੋਂ ਗਾਇਆ ਜਾਂਦਾ ਹੈ, ਪਰ ਇਸ ਵਿਚਲੀ ਹੇਕ, ਲੇਰ੍ਹ ਤੇ ਲੈਅਕਾਰੀ ਇਸ ਨੂੰ ਸੰਗੀਤ-ਰਸ ਦਾ ਰੂਪ ਬਣਾ ਦਿੰਦੀ ਹੈ। ਕਵੀਸ਼ਰੀ ਗਾਉਣ ਲਈ ਹਿੱਕ ’ਚ ਜ਼ੋਰ ਚਾਹੀਦਾ ਹੈ ਤੇ ਨਾਲੋ-ਨਾਲ ਸ਼ਬਦਾਂ ਨੂੰ ਉਚਾਰਣ ਦੀ ਵਿਸ਼ੇਸ਼ ਹੁਨਰਮੰਦੀ ਸਿੱਖਣੀ ਪੈਂਦੀ ਹੈ। ਇਹ ਸੁਰ ਤੇ ਸ਼ਬਦ ਦੀ ਪੇਸ਼ਕਾਰੀ ਹੈ। ਇਹ ਕਾਵਿਕ ਤੇ ਗਾਇਨ ਪੱਖ ਤੋਂ ਪ੍ਰਮਾਣਿਕ ਰੂਪ ’ਚ ਆਜ਼ਾਦਾਨਾ ਵੰਨਗੀ ਹੈ। ਕਵੀਸ਼ਰੀ ਅਖਾੜਾ ਪਰੰਪਰਾ ਦਾ ਗਾਇਕੀ/ਗਾਇਨ ਦਾ ਮੁੱਢਲਾ ਰੂਪ ਤੇ ਸ਼ਿੰਗਾਰ ਹੈ। ਇਸ ਨੂੰ ਗਾਉਣ ਵਾਲੇ ਨੂੰ ਕਵੀਸ਼ਰ ਕਿਹਾ ਜਾਂਦਾ ਹੈ। ਕਵੀਸ਼ਰੀ ਨੂੰ ਜੋੜੀ ਦੇ ਰੂਪ ’ਚ ਗਾਇਆ ਜਾਂਦਾ ਹੈ। ਇਸ ਨੂੰ ਗਾਉਣ ਵਾਲੀ ਟੋਲੀ ਨੂੰ ਜਥਾ ਕਿਹਾ ਜਾਂਦਾ ਹੈ। ਜਥੇ ਦੇ ਦੋ ਜਣੇ ਗਾਉਂਦੇ ਹਨ ਅਤੇ ਤੀਜਾ ਸਾਥੀ ਜਥੇ ਦਾ ਮੁਖੀ ਹੁੰਦਾ ਹੈ ਜੋ ਪ੍ਰਸੰਗ, ਕਥਾ ਜਾਂ ਗਾਥਾ ਦੀ ਭੂਮਿਕਾ ਬੰਨ੍ਹ ਕੇ ਉਸ ਦੀ ਵਿਆਖਿਆ ਕਰਦਾ ਹੈ। ਉਹ ਆਮ ਤੌਰ ’ਤੇ ਉਸਤਾਦ ਕਵੀਸ਼ਰ ਹੁੰਦਾ ਹੈ। ਜਥੇ ਦੇ ਮੈਂਬਰਾਂ ਦੀ ਗਿਣਤੀ ਤਿੰਨ ਵੀ ਹੋ ਸਕਦੀ ਹੈ ਤੇ ਚਾਰ ਵੀ। ਵਰਤਮਾਨ ਕਵੀਸ਼ਰਾਂ ਵੱਲੋਂ ਕਵੀਸ਼ਰੀ ਨੂੰ ਸਾਜ਼ਾਂ ਭਾਵ ਢੱਡ ਤੇ ਸਾਰੰਗੀ ਨਾਲ ਗਾਉਣ ਦਾ ਤਜਰਬਾ ਵੀ ਕੀਤਾ ਗਿਆ ਹੈ ਜਿਸ ’ਚ ਉਨ੍ਹਾਂ ਨੇ ਕਾਫ਼ੀ ਸਫਲਤਾ ਤੇ ਮਕਬੂਲੀਅਤ ਹਾਸਿਲ ਕੀਤੀ ਹੈ। ਕਵੀ ਤੁਲਸੀ ਦਾਸ ਆਪਣੇ ਕਥਨ ਮੁਤਾਬਿਕ ‘ਮਹਾਂਰਿਸ਼ੀ ਵਾਲਮੀਕ’ ਨੂੰ ਆਦਿ ਕਵੀਸ਼ਰ ਮੰਨਦੇ ਹਨ। ਕਵੀਸ਼ਰੀ ਤਰੰਨੁਮ ’ਚ ਗਾਈ ਜਾਣ ਵਾਲੀ ਛੰਦਬੱਧ ਕਵਿਤਾ ਹੁੰਦੀ ਹੈ ਜੋ ਮੂਲ ਰੂਪ ’ਚ ਈਸ਼ਵਰ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਉਸਤਤ ਤੇ ਮਹਿਮਾ ’ਚ ਗਾਈ ਜਾਂਦੀ ਹੈ। ਕਵੀਸ਼ਰੀ ਸਿੱਖਣ ਲਈ ਗੁਰੂ/ਉਸਤਾਦ ਨੂੰ ਧਾਰਨ ਦੀ ਪਰੰਪਰਾ ਪ੍ਰਚੱਲਿਤ ਹੈ। ਇਹ ਕਲਾ ਪਿਤਾ-ਪੁਰਖੀ ਤੋਂ ਹਟਵੀਂ ਹੈ। ਇਸ ਨੂੰ ਸਿੱਖਣ ਲਈ ਸਾਲਾਂਬੱਧੀ ਅਭਿਆਸ ਤੇ ਠਰੰਮੇ ਦੀ ਲੋੜ ਪੈਂਦੀ ਹੈ। ਇਸ ਦਾ ਪਹਿਲਾ ਸਬੰਧ ਉਸਤਾਦ ਤੋਂ ਪ੍ਰਾਪਤ ਕੀਤੀ ਸਿੱਖਿਆ ਨਾਲ ਹੁੰਦਾ ਹੈ। ਦੂਜੇ ਪੱਖ ਤੋਂ ਕਵੀਸ਼ਰੀ ਜਨ-ਸਮੂਹ ਦਾ ਮਨੋਰੰਜਨ ਕਰਦਿਆਂ ਨਾਲ ਹੀ ਸਿੱਖਿਆ ਪ੍ਰਦਾਨ ਕਰਦੀ ਹੋਈ ਮਾੜੇ ਕੰਮਾਂ ਤੋਂ ਵਰਜਦੀ ਵੀ ਹੈ। ਕਵੀਸ਼ਰ, ਕਵੀਸ਼ਰੀ ਰਾਹੀਂ ਲੋਕ ਤੱਥਾਂ ਤੇ ਗੂੜ੍ਹ-ਗਿਆਨ ਨਾਲ ਜਨ-ਸਮੂਹ ਨੂੰ ਮੁਖ਼ਾਤਿਬ ਹੋ ਆਪਣੀ ਰਚਨਾ ਦੀ ਪੇਸ਼ਕਾਰੀ ਕਰਦਾ ਹੈ। ਗੱਲ ਨੂੰ ਸਿੱਧੇ ਰੂਪ ’ਚ ਤੇ ਕਟਾਖ਼ਸ਼ੀ ਸ਼ਬਦਾਂ ਨਾਲ ਸੁਣਨ ਵਾਲੇ ਮੂਹਰੇ ਰੱਖਿਆ ਜਾਂਦਾ ਹੈ। ਇਸੇ ਕਰਕੇ ਇਹ ਕਾਵਿ-ਰੂਪ ਸਰੋਤੇ ਦੇ ਦਿਲ ਦਿਮਾਗ਼ ’ਤੇ ਸਿੱਧਾ ਅਸਰ ਕਰਦਾ ਹੈ। ਕਵੀਸ਼ਰੀ ਇਕ ਪ੍ਰਕਾਰ ਨਾਲ ਜੋਸ਼ੀਲਾ ਜਲੌਅ ਹੈ ਜੋ ਸਰੋਤਿਆਂ ਨੂੰ ਰੁਮਾਂਚਿਤ ਕਰਨ ਦੇ ਨਾਲ ਨਾਲ ਇਤਿਹਾਸ, ਮਿਥਿਹਾਸ, ਸੱਭਿਆਚਾਰ, ਸਮਾਜਿਕ ਰਹਿਣ-ਸਹਿਣ, ਪੌਰਾਣਿਕ ਗਾਥਾਵਾਂ ਤੇ ਪ੍ਰੀਤ ਕਥਾਵਾਂ ਤੋਂ ਵੀ ਜਾਣੂ ਕਰਵਾਉਂਦੀ ਹੈ। ਇਸ ਵਿਚਲੀ ਵੇਦਨਾ ਤੇ ਵੈਰਾਗ ਜੇ ਸਰੋਤਿਆਂ ਦੀਆਂ ਅੱਖਾਂ ’ਚੋਂ ਹੰਝੂ ਨਾ ਵਹਾਏ ਤਾਂ ਸਮਝੋ ਕਵੀਸ਼ਰੀ ਤੇ ਕਵੀਸ਼ਰ ’ਚ ਦਮ ਨਹੀਂ। ਕਵੀਸ਼ਰੀ ਦਾ ਜਨਮ 26 ਅੱਖਰਾਂ ਯਾਨੀ ਕਿ ਇਕ ਬੰਦ ’ਚ 26 ਕਲੀਆਂ ਤੋਂ ਹੋਇਆ। ਹੌਲੀ ਹੌਲੀ ਬੰਦ ਦੀਆਂ ਕਲੀਆਂ ਦੀ ਗਿਣਤੀ ਲਿਖਾਰੀ ਦੀ ਸਮਰੱਥਾ ਮੁਤਾਬਿਕ ਵਧਦੀ ਗਈ। ਬਹੁਤਾ ਕਵੀਸ਼ਰੀ ਕਾਵਿ ਮਲਵਈ ਭਾਸ਼ਾ ’ਚ ਰਚਿਆ ਗਿਆ ਹੈ। ਕਵੀਸ਼ਰੀ ਨੂੰ ਛੰਦ ’ਚ ਸਿਰਜਿਆ ਜਾਂਦਾ ਹੈ। ਇਸ ’ਚ ਰਸ ਦਾ ਹੋਣਾ ਬਹੁਤ ਲਾਜ਼ਮੀ ਹੈ। ਛੰਦ ਦੇ ਗਿਆਨ ਨੂੰ ਪਿੰਗਲ ਕਿਹਾ ਜਾਂਦਾ ਹੈ, ਪਿੰਗਲ ਹੀ ਕਵੀਸ਼ਰੀ ਦੀ ਜਾਨ ਹੈ। ਇਸ ਤੋਂ ਇਲਾਵਾ ਵ੍ਰਿੱਤ, ਰੂਪ ਤੇ ਗੁਣ ਇਸ ਨੂੰ ਨਿਖਾਰਨ ’ਚ ਭੂਮਿਕਾ ਨਿਭਾਉਂਦੇ ਹਨ। ਛੰਦ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਲਪੇਟਣਾ, ਢਕਣਾ ਤੇ ਅਨੁਛੇਦਨ ਕਰਨਾ ਹੈ। ਛੰਦ ਨੂੰ ਹੀ ਕਵੀਸ਼ਰੀ ਦੀ ਮਹਾਨਤਾ ਮੰਨਿਆ ਜਾਂਦਾ ਹੈ। ਵਿਦਵਾਨਾਂ ਦਾ ਮੰਨਣਾ ਹੈ ਕਿ ਛੰਦ ਕਵੀਸ਼ਰੀ ਦਾ ਕਲਬੂਤ ਹੈ ਤੇ ਰਸ ਇਸ ਦੀ ਰੂਹ। ਇਸ ਦੀ ਬਣਤਰ ’ਚ ਕਥਾ-ਰਸ, ਕਾਵਿ-ਰਸ ਅਤੇ ਸੰਗੀਤ-ਰਸ ਹੋਣ ਕਾਰਨ ਹੀ ਇਹ ਲੰਮਾ ਪੈਂਡਾ ਤੈਅ ਕਰਦੀ ਹੋਈ ਅੱਜ ਵੀ ਲੋਕ ਮਨਾਂ ’ਤੇ ਰਾਜ ਕਰ ਰਹੀ ਹੈ। ਮਹਾਨ ਕਵੀ ਬਾਬੂ ਰਜਬ ਅਲੀ ਨੇ ਬਹੱਤਰ ਕਲੀਆ ਛੰਦ ਰਚ ਕੇ ਕਵੀਸ਼ਰੀ ਜਗਤ ’ਚ ਆਪਣੀ ਧਾਂਕ ਜਮਾਈ। ਪੇਸ਼ ਹੈ ਉਸ ਦਾ ਇਕ ਰੰਗ: ਸੌਂਗੇ ਤਾਣ ਚਾਦਰੇ ਵੇ, ਸੰਤ ਜਗਮੇਲ ਮੱਖਣ ਗਰਮੇਲ ਗਰਮ ਕੱਪ ਚਾਹ ਪੀ, ਉਠੋ ਮਾਰ ਥਾਪੀ ਕਰੋ ਹਰ ਨਾੜੀ ਪਰਾਣੀ ਫੜਕੇ। ਟੈਮ ਚਾਰ ਵਜੇ ਦਾ ਵੇ, ਲਵੋ ਨਾਂ ਰੱਬ ਦਾ ਭਲਾ ਹੋਵੇ ਸਭ ਦਾ, ਬੜਾ ਕੰਮ ਨਿਬੜੇ ਪਹਿਰ ਦੇ ਤੜਕੇ। ਓ ਅੱਖ ਪੱਟ ਕੇ ਵੇਖ ਲੋ ਵੇ, ਚੜ੍ਹ ਗਿਆ ਤਾਰਾ ਕਤੇ ਕੰਮ ਭਾਰਾ, ਉਠੋ ਹਲ ਜੋੜੋ ਖੇਤ ਵਲ ਮੋੜੋ ਮਹਿਲ ’ਚੋਂ ਨਿਕਲ ਆਂਗਨ ਵਿਚ ਖੜ੍ਹ ਗਈ। ਮਾਂ ਦੇ ਮਖਣੀ ਖਾਣਿਓਂ ਵੇ, ਸੂਰਮਿਓਂ ਪੁੱਤਰੋ ਚੁਬਾਰਿਓਂ ਉਤਰੋ, ਫਰਕਦੇ ਬਾਜੂ ਜਵਾਨੀ ਚੜ੍ਹ ਗਈ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਮਾਲਵਾ ਖੇਤਰ ਦੇ ਕਵੀਸ਼ਰਾਂ ਨੇ ਬ੍ਰਜ, ਸੰਸਕ੍ਰਿਤ ਤੇ ਸ਼ਾਸਤਰੀ ਛੰਦਾਂ ਨੂੰ ਮਲਵਈ ਭਾਸ਼ਾ ’ਚ ਬਹੁਤ ਖ਼ੂਬਸੂਰਤੀ ਨਾਲ ਵਰਤਿਆ। ਇਸ ਦੇ ਨਾਲ ਹੀ ਅਰਧ ਚੌਪਈ, ਚੌਫਿਰਨਾ, ਬਸਾਲ ਡਿਉਢਾ, ਚੌਪਈ ਚਬੋਲਾ ਤੇ ਲਘੂ ਕਬਿੱਤ ਆਦਿ ਨੂੰ ਪਿੰਗਲ ’ਚੋਂ ਸਿਰਜਿਆ। ਇਸ ਤੋਂ ਇਲਾਵਾ ਪਿੰਗਲ ਦੇ ਛੰਦਾਂ ’ਚ ਦੋਹਰਾ, ਡਿਉਢਾ ਦਵੱਯਾ, ਕੋਰੜਾ, ਮੁਕੰਦ, ਬੈਂਤ, ਸਵੱਯਾ, ਨਿਸ਼ਾਨੀ, ਧਨਾਸਰੀ, ਦਪਟਾ, ਤ੍ਰਿਭੰਗੀ, ਕੁੰਡਲੀਆ, ਸਿਰਖਿੰਡੀ ਆਦਿ ਨੂੰ ਬਹੁਤ ਸੁੰਦਰ ਢੰਗ ਨਾਲ ਰਚਿਆ ਗਿਆ ਹੈ। ਇੱਥੇ ਹੀ ਬੱਸ ਨਹੀਂ ਪ੍ਰਤਿਭਾਸ਼ਾਲੀ ਕਵੀਸ਼ਰਾਂ ਨੇ ਤਾਂ ਲੋਕ-ਗੀਤਾਂ ਤੇ ਲੋਕ-ਬੋਲੀਆਂ ’ਚੋਂ ਵੀ ਕਲੀ, ਗੱਡੀ, ਬੋਲੀ, ਜੁਗਨੀ, ਝੋਕ ਆਦਿ ਛੰਦ ਰਚ ਕੇ ਆਪਣਾ ਲੋਹਾ ਮਨਵਾਇਆ। ਮਾਲਵੇ ਦੀ ਧਰਤੀ ’ਤੇ ਕਈ ਸਿਰਕੱਢ ਕਵੀਸ਼ਰ ਪੈਦਾ ਹੋਏ ਜਿਨ੍ਹਾਂ ’ਚ ਭਗਵਾਨ ਸਿੰਘ, ਹਜੂਰਾ ਸਿੰਘ, ਸਾਧੂ ਸਦਾ ਰਾਮ, ਪੰ. ਗੋਕਲ ਚੰਦ, ਦੌਲਤ ਰਾਮ, ਗੰਗਾ ਸਿੰਘ, ਮੱਘਰ ਸਿੰਘ ਆਰਿਫ਼ ਅਤੇ ਮਾਘੀ ਸਿੰਘ ਦਾ ਨਾਂ ਮੂਹਰਲੀ ਕਤਾਰ ’ਚ ਆਉਂਦਾ ਹੈ। ਮਿਸਾਲ ਵਜੋਂ ਮਾਘੀ ਸਿੰਘ ਦਾ ਛੰਦ: ‘‘ਹੁੰਦੇ ਗੌਣ ਵਾਲੇ ਹੱਦ, ਲੌਂਦੇ ਸੂਰਮਿਆਂ ਨੂੰ ਸੱਦ, ਸੀਗੇ ਵੱਡੇ ਵੱਡੇ ਕੱਦ।/ ਹੁਣ ਵਾਲੇ ਸਹੇ ਜੇ। ਪਿਛਲੇ ਜ਼ਮਾਨੇ ਦੇ ਜੁਆਨ ਅਹੇ ਜੇ।’’ ਛੰਦ ਰਚਣ ਲਈ ਜਿੱਥੇ ਜਾਦੂਈ ਪ੍ਰਭਾਵ ਦਾ ਹੋਣਾ ਜ਼ਰੂਰੀ ਹੈ, ਉੱਥੇ ਨੇਮਾਂ ਮੁਤਾਬਿਕ ਸਤਰ ’ਚ ਅੱਖਰਾਂ ਦੀ ਬਰਾਬਰਤਾ, ਖ਼ਾਸ ਤੋਲ ਤੇ ਮਾਤਰਾ ਦਾ ਹੋਣਾ ਲੋੜੀਂਦਾ ਹੈ। ਇਨ੍ਹਾਂ ਕਾਰਨ ਹੀ ਕਵੀ ਦੇ ਗਤੀਸ਼ੀਲ ਭਾਵ ਤੇ ਕਾਵਿ ਸੰਰਚਨਾ ਸਰੋਤੇ ਨੂੰ ਕੀਲਦੀ ਹੈ। ਕੁਝ ਉਸਤਾਦਾਂ ਦਾ ਕਹਿਣਾ ਹੈ ਕਿ ਲਿਖਾਰੀ ਛੰਦ ਰਚਣ ਸਮੇਂ ਛੰਦ ਦੀ ਲੈਅ ਨੂੰ ਬਰਕਰਾਰ ਰੱਖਣ ਲਈ ਇਕ ਕਲੀ ਵਧਾ ਜਾਂ ਘਟਾ ਵੀ ਸਕਦਾ ਹੈ। ਕਵੀਸ਼ਰ ਕਰਨੈਲ ਸਿੰਘ ਪਾਰਸ (ਰਾਮੂਵਾਲੀਆ) ਉਹ ਕਵੀਸ਼ਰ ਸੀ ਜਿਸ ਨੇ ਕੁੱਲ ਆਲਮ ’ਤੇ ਆਪਣੀ ਲਿਖਤ ਨਾਲ ਪ੍ਰਸਿੱਧੀ ਖੱਟੀ। ਜ਼ਿੰਦਗੀ ਦੇ ਸਫ਼ਰ ਸਬੰਧੀ ਉਸ ਦੇ ਬੋਲਾਂ ਦਾ ਇਕ ਨਮੂਨਾ: ਰਲ ਸੰਗ ਕਾਫ਼ਲੇ ਦੇ, ਛੇਤੀ ਬੰਨ੍ਹ ਬਿਸਤਰਾ ਗਾਫ਼ਲ। ਕਈ ਪਹਿਲੀ ਡਾਕ ਚੜ੍ਹੇ, ਕਈ ਟਿਕਟਾਂ ਲੈਣ ਮੁਸਾਫ਼ਰ। ਹੈ ਸਿਗਨਲ ਹੋਇਆ ਵਾ, ਗਾਰਡ ਵਿਸਲਾਂ ਪਿਆ ਵਜਾਵੇ। ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇਕ ਆਵੇ ਇਕ ਜਾਵੇ। ਕਵੀਸ਼ਰੀ ਦੇ ਪ੍ਰਸੰਗਾਂ ’ਚ ਸਾਕਾ ਤੇ ਸ਼ਹੀਦੀ ਸਾਕਾ ਵੀ ਵੱਡੇ ਪੱਧਰ ’ਤੇ ਪ੍ਰਚੱਲਿਤ ਹਨ। ਕਵੀਸ਼ਰਾਂ ਵੱਲੋਂ ਲੋੜ ਮੁਤਾਬਿਕ ਇਨ੍ਹਾਂ ਸਾਕਿਆਂ ਤੇ ਸ਼ਹੀਦੀ ਸਾਕਿਆਂ ਨੂੰ ਲੋਕ ਇਕੱਠਾਂ ਅਤੇ ਧਾਰਮਿਕ ਸਥਾਨਾਂ ’ਤੇ ਗਾਇਆ ਜਾਂਦਾ ਹੈ ਜਿਵੇਂ: ਸਾਕਾ ਸਰਹਿੰਦ, ਸਾਕਾ ਗੜ੍ਹੀ ਚਮਕੌਰ, ਸਾਕਾ ਮਾਲੇਰਕੋਟਲਾ, ਸਾਕਾ ਵੱਡਾ ਘੱਲੂਘਾਰਾ ਆਦਿ। ਇਸ ਤੋਂ ਇਲਾਵਾ ਰਾਣੀ ਕੌਲਾਂ, ਪੂਰਨ ਭਗਤ, ਦਹੂਦ ਬਾਦਸ਼ਾਹ, ਰੂਪ ਬਸੰਤ, ਸੁੱਚਾ ਸੂਰਮਾ, ਹਰਫੂਲ ਸੂਰਮਾ, ਭਾਈ ਬਿਧੀ ਚੰਦ, ਬਾਬਾ ਬੰਦਾ ਸਿੰਘ ਬਹਾਦਰ, ਸ਼ਹੀਦ ਭਾਈ ਤਾਰੂ ਸਿੰਘ, ਸਾਖੀਆਂ ਤੇ ਗੁਰੂ ਸਾਹਿਬਾਨ ਨਾਲ ਸਬੰਧਿਤ ਪ੍ਰਸੰਗਾਂ ਦਾ ਵੀ ਗਾਇਨ ਕੀਤਾ ਜਾਂਦਾ ਹੈ। ਹਾਲ ’ਚ ਹੀ ਕਵੀਸ਼ਰ ਜੋਗਾ ਸਿੰਘ ਜੋਗੀ ਦੇ ਚੇਲੇ ਗੁਰਮੁਖ ਸਿੰਘ ਐੱਮ.ਏ. (ਜੋ ਉਨ੍ਹਾਂ ਦਾ ਜਵਾਈ ਵੀ ਹੈ) ਨੇ ਰਾਜਾ ਭੀਮ ਚੰਦ ਕੈਲੂਰੀਆ (ਰਿਆਸਤ ਬਿਲਾਸਪੁਰ) ਦੇ ਪ੍ਰਸੰਗ ’ਚ ਚਰੱਨਵੇਂ ਕਲੀਆ ਛੰਦ ਰਚ ਕੇ ਆਪਣੇ ਉਸਤਾਦ ਦੀ ਸੋਭਾ ਨੂੰ ਹੋਰ ਵਧਾਇਆ ਹੈ। ਕਵੀਸ਼ਰੀ ’ਚ ਸਟੇਜੀ ਕਵਿਤਾ ਅਤੇ ਕਿੱਸਾ ਕਾਵਿ ਨਾਲੋਂ ਭਾਸ਼ਾਈ ਅੰਤਰ ਹੁੰਦਾ ਹੈ ਕਿਉਂਕਿ ਇਸ ’ਚ ਟਕਸਾਲੀ ਸ਼ਬਦਾਂ ਦੀ ਥਾਂ ਇਲਾਕੇ ਮੁਤਾਬਿਕ ਪ੍ਰਚੱਲਤ ਬੋਲ-ਚਾਲ ਦੇ ਸ਼ਬਦਾਂ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ। ਕਵੀਸ਼ਰੀ ਗਾਉਣ ਸਮੇਂ ਬਹੁਤੀ ਵਾਰੀ ਵਿਸ਼ਰਾਮ ਚਿੰਨ੍ਹਾਂ ਦੀ ਥਾਂ ਸ਼ਬਦਾਂ ਜਾਂ ਇਸ਼ਾਰਿਆਂ ਨਾਲ ਪ੍ਰਭਾਵ ਪੈਦਾ ਕਰਕੇ ਵੀ ਕੰਮ ਸਾਰ ਲਿਆ ਜਾਂਦਾ ਹੈ। ਕਵੀਸ਼ਰੀ ਲਿਖਣ ਤੇ ਗਾਉਣ ਪੱਖੋਂ ਮਾਲਵੇ ਦਾ ਇਲਾਕਾ ਹੀ ਮੋਹਰੀ ਰਿਹਾ ਹੈ, ਪਰ ਮਾਝੇ, ਦੁਆਬੇ ਤੇ ਪੁਆਧ ਖੇਤਰ ਦੇ ਕਵੀਸ਼ਰਾਂ ਨੇ ਵੀ ਕਵੀਸ਼ਰੀ ਰਚਣ ਤੇ ਗਾਉਣ ’ਚ ਆਪੋ-ਆਪਣਾ ਯੋਗਦਾਨ ਪਾਇਆ ਹੈ। ਇਹ ਕੋਈ ਅਤਿਕਥਨੀ ਨਹੀਂ ਕਿ ਪ੍ਰਮਾਣਿਕ ਰੂਪ ’ਚ ਮਾਲਵਾ ਖੇਤਰ ਦੀ ਰਹਿਤਲ ਹੀ ਕਵੀਸ਼ਰੀ ਦੀ ਜਨਮਦਾਤੀ ਹੈ ਜਿੱਥੇ ਇਹ ਵਿਗਸੀ ਤੇ ਪਰਵਾਨ ਚੜ੍ਹੀ ਹੈ। ਸੰਪਰਕ: 87290-00242

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All