ਕਵਿਤਾ ਦੀਆਂ ਕਣੀਆਂ

ਕਵਿਤਾ ਦੀਆਂ ਕਣੀਆਂ

8 ਨਵੰਬਰ ਨੂੰ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਹਿਲੀ ‘ਪੰਜਾਬੀ ਹਾਇਕੂ ਵਿਸ਼ਵ ਕਾਨਫਰੰਸ’ ਕਰਵਾਈ ਜਾ ਰਹੀ ਹੈ। ਹਥਲਾ ਲੇਖ ਪੰਜਾਬੀ ਪਾਠਕਾਂ ਨੂੰ ਇਸ ਕਾਵਿ-ਵਿਧਾ ਬਾਰੇ ਮੁੱਢਲੀ ਜਾਣਕਾਰੀ ਦਿੰਦਾ ਹੈ। ਹਾਇਕੂ ਜਪਾਨੀ ਕਵਿਤਾ ਦਾ ਇਕ ਰੂਪ ਹੈ। ਇਹ ਕਵਿਤਾ ਬੜੀ ਸੰਖੇਪ ਹੁੰਦੀ ਹੈ। ਥੋੜੇ ਜਿਹੇ ਸ਼ਬਦਾਂ ’ਚ ਡੂੰਘੇ ਭਾਵ ਭਰੇ ਹੁੰਦੇ ਹਨ। ਜਿਵੇਂ ਕੁੱਜੇ ’ਚ ਸਮੁੰਦਰ ਹੋਵੇ। ਜਪਾਨ ਵਿਚ ਹਰ ਵਿਅਕਤੀ ਕਦੇ ਨਾ ਕਦੇ ਹਾਇਕੂ ਜ਼ਰੂਰ ਲਿਖਦਾ ਹੈ। ਥੋੜੇ ਸ਼ਬਦਾਂ ’ਚ ਕੁਦਰਤ ਦਾ ਸੁਹੱਪਣ ਅਤੇ ਮਨੁੱਖੀ ਮਨ ਦੀ ਗਹਿਰਾਈ ਪ੍ਰਗਟ ਹੁੰਦੀ ਹੈ: ਇਹੀ ਪਹਾੜ ਦੇਖੇ ਹੋਣਗੇ ਮੇਰੇ ਬਾਪ ਨੇ ਇਸੇ ਤਰ੍ਹਾਂ ਸਰਦੀਆਂ ਦੇ ਮੌਸਮ ਵਿਚ... ਹਾਇਕੂ ਕਵਿਤਾ ਲਿਖਣ ਲਈ ਸਥਾਪਤ ਜਾਂ ‘ਵੱਡਾ’ ਕਵੀ ਹੋਣਾ ਜ਼ਰੂਰੀ ਨਹੀਂ ਹੈ। ਮਨੁੱਖੀ ਜੀਵਨ ਦੇ ਆਲੇ-ਦੁਆਲੇ ਵਾਪਰ ਰਹੀਆਂ ਆਮ ਜਿਹੀਆਂ ਗੱਲਾਂ ਵਿਚ ਲੁਕੀ ਕਾਵਿਕਤਾ ਨੂੰ ਪਛਾਣ ਲੈਣਾ ਹੀ ਹਾਇਕੂ ਦੀ ਬੁਨਿਆਦ ਹੈ: ਵੱਡਾ ਬਿਰਖ਼ ਵੀ ਮੈਂ ਵੀ, ਕੁੱਤਾ ਵੀ ਭਿੱਜ ਰਹੇ ਕਿਣਮਿਣ ਹੇਠ... ਆਮ ਬੋਲਚਾਲ ਦੀ ਬੋਲੀ ਹਾਇਕੂ ਲਈ ਢੁਕਵੀਂ ਹੁੰਦੀ ਹੈ। ਸਰਲਤਾ ਇਸ ਦਾ ਵਿਸ਼ੇਸ਼ ਗੁਣ ਹੈ। ਹਾਇਕੂ ਕਾਵਿ ਜਪਾਨੀ ਲੋਕਾਂ ਦੇ ਜੀਵਨ, ਸਭਿਆਚਾਰ, ਕਲਾ ਤੇ ਸਾਹਿਤ ਵਿਚ ਬੇਹੱਦ ਮਹੱਤਤਾ ਰੱਖਦਾ ਹੈ। ਹਾਇਕੂ ਬੜਾ ਸੰਖੇਪ ਤੇ ਭਾਵਨਾ ਉਪਜਾਇਕ ਹੁੰਦਾ ਹੈ। ਹਾਇਕੂ ਰਾਹੀਂ ਕੁਦਰਤ ਤੇ ਮਨੁੱਖੀ ਜ਼ਿੰਦਗੀ ਦੋਹਾਂ ਵਿਚ ਹੀ ਇਕੋ ਸਮੇਂ ਅੰਤਰ-ਪ੍ਰਵੇਸ਼ ਕੀਤਾ ਜਾ ਸਕਦਾ ਹੈ। ਕੁਦਰਤ ਤੇ ਜ਼ਿੰਦਗੀ ਇਕੋ ਸਮੇਂ ਸਰਲ ਅਤੇ ਗੁੰਝਲਦਾਰ ਵਰਤਾਰੇ ਹਨ। ਹਾਇਕੂ ਇਨ੍ਹਾਂ ਦਾ ਸਹਿਜ ਬੋਧ ਕਰਵਾਉਣ ਦੀ ਸਮਰੱਥਾ ਰੱਖਦਾ ਹੈ। ਹਾਇਕੂ ਰਾਹੀਂ ਹਾਸਲ ਹੋਇਆ ਇਹ ਸਹਿਜ ਬੋਧ ਬੜਾ ਸੂਖਮ ਹੁੰਦਾ ਹੈ: ਵਿਦਾ ਹੋ ਰਿਹੈ ਇਹ ਸਾਲ ਲੁਕਾਂਦਾ ਹਾਂ ਆਪਣੇ ਚਿੱਟੇ ਵਾਲ ਮੈਂ ਆਪਣੇ ਬਾਪ ਕੋਲੋਂ   (ਏਤਸੂਜਿਨ) ਗਰੀਬ ਬੰਦੇ ਦੇ ਘਰ ’ਚ ਫਰਸ਼ ਉਪਰੋਂ ਲੰਘ ਗਈ ਇਕ ਸਰਦ ਪੱਤਝੜ ਦੀ ਹਵਾ    (ਤੇਈਗਾ) ਹਾਇਕੂ ਇਸ ਸਮੇਂ ਜਪਾਨ ਦੀਆਂ ਸੀਮਾਵਾਂ ਟੱਪ ਕੇ ਸਮੁੱਚੇ ਸੰਸਾਰ ਦੇ ਸਾਹਿਤ ਦਾ ਮਹੱਤਵਪੂਰਨ ਅੰਗ ਬਣ ਚੁੱਕਾ ਹੈ। ਅੰਗਰੇਜ਼ੀ ਤੋਂ ਇਲਾਵਾ ਇਹ ਯੂਰਪ ਦੀਆਂ ਲਗਪਗ ਸਾਰੀਆਂ ਹੀ ਭਾਸ਼ਾਵਾਂ ਵਿਚ ਪ੍ਰਚਲਤ ਹੋ ਚੁੱਕਾ ਹੈ। ਭਾਵੇਂ ਕਿ ਇਸ ਦਾ ਪਰੰਪਰਾਵਾਦੀ ਰੂਪ ਹੋਰ ਭਾਸ਼ਾਵਾਂ ਵਿਚ ਹੂਬਹੂ ਕਾਇਮ ਰੱਖਣਾ ਅਸੰਭਵ ਹੈ, ਪਰ ਫਿਰ ਵੀ ਇਹ ਆਪਣੇ ਮੂਲ ਗੁਣ ਸੰਖੇਪਤਾ, ਸੂਖਮਤਾ ਤੇ ਸੁਹਜਤਾ ਨੂੰ ਦੇਸ਼-ਕਾਲ ਦੀ ਹਰ ਸੀਮਾ ਤੋਂ ਪਾਰ ਜਾ ਕੇ ਵੀ ਕਾਇਮ ਰੱਖ ਸਕਿਆ ਹੈ। ਇਹ ਹੀ ਹਾਇਕੂ ਦੀ ਪ੍ਰਾਪਤੀ ਹੈ: ਸਾਲਾਂ ਦਾ ਭਾਰ ਤਿੜਕਿਆ ਚੰਨ ਬਾਪੂ ਦੀਆਂ ਅੱਖਾਂ ’ਚ (ਨਿਕੋਲਾ ਨਿਲਿਕ/ਯੁਗੋਸਲਾਵੀਆ) ਹਾਇਕੂ ਸਮੇਂ ਤੇ ਸਥਾਨ ਦੀਆਂ ਸੀਮਾਵਾਂ ਪਾਰ ਕਰਕੇ ਯੁੱਧ ਵਿਚ ਚੱਲ ਰਹੀਆਂ ਤੋਪਾਂ ਤੇ ਬੰਦੂਕਾਂ ਵਿਚਕਾਰ ਵੀ ਆਪਣੀ ਸੂਖਮਤਾ ਤੇ ਮਾਨਵਤਾਵਾਦੀ ਸੁਹਜ ਨੂੰ ਕਿੰਜ ਕਾਇਮ ਰੱਖਦਾ ਹੈ, ਇਸ ਦੀ ਉਦਾਹਰਣ ਇਹ ਹਾਇਕੂ ਹੈ: ਜਹਾਜ਼ ਸੁੱਟਣ ਵਾਲੀ ਗਰਮ ਨਾਲੀ ਬੰਦੂਕ ਦੀ ਬਹਾਰ ਦਾ ਮੀਂਹ ਭਾਫ ਬਣ ਉੱਡ ਰਿਹਾ (ਵੀਤਾਤਾ/ਯੁਗੋਸਲਾਵੀਆ) ਹਾਇਕੂ ਦੇ ਇਤਿਹਾਸਕ, ਮਨੋ-ਵਗਿਆਨਕ ਤੇ ਸਭਿਆਚਾਰਕ ਪਿਛੋਕੜ ਬਾਰੇ ਜਪਾਨੀ ਤੇ ਵਿਦੇਸ਼ੀ ਵਿਦਵਾਨਾਂ ਨੇ ਵਿਸਥਾਰ ਵਿਚ ਚਰਚਾ ਕੀਤੀ ਹੈ। ਹਾਇਕੂ ਨੂੰ ਜਪਾਨੀ ਕਲਾ ਦੀ ਉੱਚਤਮ ਚੋਟੀ ਕਿਹਾ ਜਾਂਦਾ ਹੈ।  ਹਾਇਕੂ ਕਾਵਿ-ਰੂਪ ਵਿਚ ਪੂਰਬ ਦੇ ਸਮੁੱਚੇ ਦਰਸ਼ਨ (ਤਾਓਵਾਦ, ਬੁੱਧਵਾਦ ਤੇ ਕਨਫਿਊਸ਼ਸਵਾਦ) ਅਤੇ ਕਲਾਤਮਕ ਬੋਧ ਨੂੰ ਸਹਿਜੇ ਹੀ ਆਪਣੇ ਅੰਦਰ ਸਮੇਟ ਲੈਣ ਦੀ ਸਮਰੱਥਾ ਹੈ। ਕੋਬਾਯਾਸ਼ੀ ਇੱਸਾ ਦੇ ਕੁਝ ਹਾਇਕੂ ਮਿਸਾਲ ਵਜੋਂ ਪੇਸ਼ ਕਰਦਾ ਹਾਂ: ਤਰੇਲ ਦੀ ਦੁਨੀਆਂ ਤੇ ਤਰੇਲ ਦੇ ਇਕ ਤੁਪਕੇ ਅੰਦਰ ਵੀ ਤਕਰਾਰ ਚਲਦਾ ਹੈ ਫੁੱਲਦਾਨ ਕੋਲ ਤਿਤਲੀ ਵੀ ਸੁਣਦੀ ਲੱਗੇ ਕੋਈ ਅਨਹਦ ਨਾਦ ਟਿੱਡੇ ਚਰ-ਚਰ ਦੀਆਂ ਆਵਾਜ਼ਾਂ ਕਰਦੇ ਵਾਰੋ-ਵਾਰ ਟਪੂਸੀਆਂ ਮਾਰਦੇ ਬਿਲਕੁਲ ਸਾਡੇ ਵਰਗੇ ਹੀ ਤਾਂ ਹਨ ਹਾਇਕੂ ਦੇ ਪਿਛੋਕੜ ਵਿਚ ਪੂਰਬੀ ਏਸ਼ੀਆ ਦਾ ਸਮੁੱਚਾ ਦਰਸ਼ਨ ਕਿਰਿਆਸ਼ੀਲ ਹੁੰਦਾ ਹੈ। ਹਾਇਕੂ ਦੀਆਂ ਜੜ੍ਹਾਂ ਬੁੱਧ ਧਰਮ ਤੋਂ ਇਲਾਵਾ ਚੀਨੀ ਦਰਸ਼ਨ, ਤਾਓਵਾਦ ਤੇ ਕਨਫਿਊਸ਼ਿਸਵਾਦ ਵਿਚ ਵੀ ਡੂੰਘੀਆਂ ਉਤਰੀਆਂ ਹੋਈਆਂ ਹਨ। ਹਾਇਕੂ ਦੀ ਰੂਹ ਸਮਝਣ ਲਈ ਇਨ੍ਹਾਂ ਦਾ ਮੁਢਲਾ ਗਿਆਨ ਜ਼ਰੂਰੀ ਸਮਝਿਆ ਜਾਂਦਾ ਹੈ। ਬੁੱਧ ਧਰਮ ਜਦੋਂ ਚੀਨ ਦੇ ਤਾਓਵਾਦੀ ਤੇ ਕਨਫਿਊਸ਼ਿਸਵਾਦੀ ਵਿਚਾਰਾਂ ਨਾਲ ਸਦੀਆਂ ਦੀ ਰਹਿਤਲ ’ਤੇ ਸੰਵਾਦ ਰਚਾਂਦਾ ਹੈ ਤਾਂ ਜਪਾਨੀ ਜ਼ੇਨ ਦਾ ਜਨਮ ਹੁੰਦਾ ਹੈ। ਜਪਾਨੀ ਜ਼ੇਨ ਬੁੱਧ ਦਰਸ਼ਨ ਦੀ ਇਕ ਵਿਸ਼ੇਸ਼ ਧਾਰਾ ਹੈ, ਜੋ ਕਿ ਧਰਤੀ ’ਚੋਂ ਪੈਦਾ ਹੋਈ ਹੈ। ਹਾਇਕੂ ਦਾ ਸਿੱਧਾ ਸਬੰਧ ਜ਼ੇਨ-ਧਾਰਾ, ਜ਼ੇਨ-ਚੇਤਨਾ, ਜ਼ੇਨ-ਫਕੀਰਾਂ ਤੇ ਜ਼ੇਨ ਦੀ ਜੀਵਨ-ਵਿਧੀ ਨਾਲ ਹੈ। J email: sodhiparminder0gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All