ਕਰਫ਼ਿਊ ਕਾਰਨ ਜਨ ਜੀਵਨ ਠੱਪ

ਕਰਫਿਊ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਪੁਲੀਸ ਕਰਮਚਾਰੀ ਤਾੜਨਾ ਕਰਦੇ ਹੋਏ।

ਹਰਪ੍ਰੀਤ ਕੌਰ ਹੁਸ਼ਿਆਰਪੁਰ, 24 ਮਾਰਚ ਕਰੋਨਾਵਾਇਰਸ ਦੇ ਫ਼ੈਲਾਅ ਨੂੰ ਰੋਕਣ ਲਈ ਲਗਾਇਆ ਕਰਫ਼ਿਊ ਦੂਜੇ ਵੀ ਜਾਰੀ ਰਹਿਣ ਨਾਲ ਜਨਜੀਵਨ ਪ੍ਰਭਾਵਿਤ ਰਿਹਾ। ਲੋਕ ਆਪਣੇ ਘਰਾਂ ’ਚ ਹੀ ਬੰਦ ਰਹੇ। ਨਾ ਬਾਜ਼ਾਰ ਖੁੱਲ੍ਹਿਆ ਅਤੇ ਨਾ ਹੀ ਕਿਸੇ ਕਿਸਮ ਦਾ ਕਾਰੋਬਾਰ ਹੋਇਆ। ਸਵੇਰ ਵੇਲੇ ਜ਼ਰੂਰ ਕੁੱਝ ਦੁਕਾਨਦਾਰਾਂ ਨੇ ਕਰਫ਼ਿਊ ਦੀ ਉਲੰਘਣਾ ਕੀਤੀ ਪਰ ਪਤਾ ਲੱਗਣ ’ਤੇ ਪ੍ਰਸ਼ਾਸਨ ਵਲੋਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ। ਪ੍ਰਸ਼ਾਸਨ ਵਲੋਂ ਸਵੇਰੇ 7 ਤੋਂ 9 ਵਜੇ ਤੱਕ ਦੁੱਧ ਸਪਲਾਇਰਾਂ ਨੂੰ ਛੋਟ ਦਿੱਤੀ ਗਈ ਸੀ ਪਰ ਇਹ ਹੁਕਮ ਜਨਤਾ ’ਚ ਸਹੀ ਤਰ੍ਹਾਂ ਸਰਕੂਲੇਟ ਨਾ ਹੋਣ ਕਾਰਨ ਭੰਬਲਭੂਸਾ ਬਣਿਆ ਰਿਹਾ। ਕੁੱਝ ਲੋਕ ਸੋਸ਼ਲ ਮੀਡੀਆ ’ਤੇ ਹੋਏ ਗਲਤ ਪ੍ਰਚਾਰ ਦੇ ਪ੍ਰਭਾਵ ਹੇਠ ਵੀ ਰਹੇ। ਕਈ ਲੋਕ ਇਹ ਮੰਨ ਕੇ ਘਰਾਂ ’ਚੋਂ ਬਾਹਰ ਨਿਕਲ ਆਏ ਕਿ ਕਰਫ਼ਿਊ ’ਚ ਸਾਰਿਆਂ ਨੂੰ ਛੋਟ ਦੇ ਦਿੱਤੀ ਗਈ ਹੈ। ਮੈਡੀਕਲ ਸਟੋਰ ਵੀ ਖੁੱਲ੍ਹ ਗਏ ਅਤੇ ਕਈ ਥਾਵਾਂ ’ਤੇ ਰਾਸ਼ਨ ਆਦਿ ਦੀਆਂ ਦੁਕਾਨਾਂ ਦੇ ਸ਼ਟਰ ਵੀ ਚੁੱਕੇ ਗਏ। ਪੁਲੀਸ ਦੀ ਸਖਤੀ ਕੇਵਲ ਮੁੱਖ ਸੜਕਾਂ ’ਤੇ ਹੀ ਦਿਖਾਈ ਦਿੱਤੀ। ਅੰਦਰੂਨੀ ਸੜਕਾਂ ਤੇ ਮੁਹੱਲਿਆਂ ’ਚ ਲੋਕ ਆਰਾਮ ਨਾਲ ਘੁੰਮਦੇ ਰਹੇ। ਲੋਕਾਂ ਦੀ ਆਵਾਜਾਈ ਨੂੰ ਵੇਖਦਿਆਂ 9 ਵਜੇ ਤੋਂ ਬਾਅਦ ਪੁਲੀਸ ਦੀਆਂ ਗਸ਼ਤ ਗੱਡੀਆਂ ਨੇ ਲੋਕਾਂ ਨੂੰ ਅੰਦਰ ਜਾਣ ਲਈ ਮਜਬੂਰ ਕੀਤਾ। ਗਊਸ਼ਾਲਾ ਬਾਜ਼ਾਰ ’ਚ ਕੁੱਝ ਦੁਕਾਨਾਂ ਦੁਪਹਿਰ ਵੀ ਖੁੱਲ੍ਹੀਆਂ ਸਨ ਜਿਨ੍ਹਾਂ ਨੂੰ ਐਸਡੀਐਮ ਨੇ ਮੌਕੇ ’ਤੇ ਪਹੁੰਚ ਕੇ ਬੰਦ ਕਰਾਇਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All