ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ

ਭੁਵਨੇਸ਼ਵਰ, 28 ਮਈ ਪੁਲੀਸ ਨੇ ਅੱਜ ਦੱਸਿਆ ਹੈ ਕਿ ਕਰੋਨਾ ਮਹਾਮਾਰੀ ਨੂੰ ਖਤਮ ਕਰਨ ਲਈ ਉੜੀਸਾ ਦੇ ਕਟਕ ਜ਼ਿਲ੍ਹੇ ਦੇ ਮੰਦਰ ਦੇ ਅਹਾਤੇ ਵਿੱਚ ਪੁਜਾਰੀ ਨੇ 52 ਸਾਲਾ ਵਿਅਕਤੀ ਦੀ ਬਲੀ ਦੇ ਦਿੱਤੀ। ਮੁਲਜ਼ਮ ਸੰਸਾਰੀ ਓਝਾ (70) ਨੇ ਪੁਲੀਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਉਸ ਨੇ ਜੁਰਮ ਦਾ ਇਕਬਾਲ ਕਰ ਲਿਆ ਹੈ। ਅਠਗੜ੍ਹ ਦੇ ਸਬ-ਡਵੀਜ਼ਨਲ ਪੁਲੀਸ ਅਧਿਕਾਰੀ ਅਲੋਕ ਰੰਜਨ ਰੇਅ ਨੇ ਦੱਸਿਆ ਕਿ ਓਝਾ ਨੇ ਦਾਅਵਾ ਕੀਤਾ ਕਿ ਉਸ ਦੇ ਸੁਫਨੇ ਵਿੱਚ ਦੇਵੀ ਆਈ ਸੀ ਤੇ ਉਸ ਨੇ ਕਿਹਾ ਸੀ ਕਿ ਕਰੋਨਾ ਮਹਾਮਾਰੀ ਖਤਮ ਹੋ ਜਾਵੇਗੀ ਬਸ਼ਰਤੇ ਉਹ ਇਸ ਲਈ ਮਨੁੱਖੀ ਬਲੀ ਦੇਵੇ। ਇਹ ਘਟਨਾ ਬੁੱਧਵਾਰ ਦੀ ਰਾਤ ਨੂੰ ਨਰਸਿੰਘਪੁਰ ਥਾਣਾ ਖੇਤਰ ਦੇ ਬਨਧੌਦਾ ਪਿੰਡ ਦੇ ਬ੍ਰਾਹਮਣੀ ਦੇਵੀ ਮੰਦਰ ਦੀ ਹੈ। ਮ੍ਰਿਤਕ ਦੀ ਪਛਾਣ 52 ਸਾਲਾ ਸਰੋਜ ਕੁਮਾਰ ਪ੍ਰਧਾਨ ਵਜੋਂ ਹੋਈ ਹੈ। ਇਕ ਹੋਰ ਪੁਲੀਸ ਅਧਿਕਾਰੀ ਆਰਬੀ ਪਾਨੀਗੜ੍ਹੀ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਓਝਾ ਦਾ ਪ੍ਰਧਾਨ ਨਾਲ ਪਿੰਡ ਵਿੱਚ ਅੰਬ ਦੇ ਬਾਗ ਬਾਰੇ ਵਿਵਾਦ ਚੱਲ ਰਿਹਾ ਸੀ। ਬਲੀ ਲਈ ਵਰਤੀ ਕੁਹਾੜੀ ਬਰਾਮਦ ਕਰ ਲਈ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All