ਕਰੋਨਾਵਾਇਰਸ ਪੂਰੀ ਦੁਨੀਆ ਲਈ ਵੱਡਾ ਖ਼ਤਰਾ: ਡਬਲਿਯੂਐੱਚਓ

ਜਨੇਵਾ/ਪੇਈਚਿੰਗ, 11 ਫਰਵਰੀ ਡਬਲਿਯੂਐੱਚਓ ਵਲੋਂ ਅੱਜ ਕਰੋਨਾਵਾਇਰਸ ਨਾਲ ਨਜਿੱਠਣ ਲਈ ਕਰਵਾਈ ਕਾਨਫਰੰਸ ਮੌਕੇ ਇਸ ਦੇ ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਕਰੋਨਾਵਾਇਰਸ ਪੂਰੀ ਦੁਨੀਆ ਲਈ ‘ਬਹੁਤ ਵੱਡਾ ਖ਼ਤਰਾ’ ਹੈ। ਜਨੇਵਾ ਵਿੱਚ ਡਬਲਿਯੂਐੱਚਓ ਮੁਖੀ ਟੇਡਰੋਸ ਅਦਹਾਨੋਮ ਗੇਬ੍ਰੀਅਸਸ ਨੇ ਕਿਹਾ, ‘‘ਭਾਵੇਂ 99 ਫੀਸਦ ਕੇਸ ਚੀਨ ਵਿੱਚ ਹਨ ਅਤੇ ਇਹ ਉਸ ਮੁਲਕ ਲਈ ਹੰਗਾਮੀ ਸਥਿਤੀ ਹੈ, ਪਰ ਇਸ ਵਾਇਰਸ ਤੋਂ ਪੂਰੀ ਦੁਨੀਆ ਨੂੰ ਬਹੁਤ ਵੱਡਾ ਖ਼ਤਰਾ ਹੈ।’’ ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਨੂੰ ਦੁਨੀਆ ਦਾ ਨੰਬਰ ਇੱਕ ਦੁਸ਼ਮਣ ਮੰਨਿਆ ਜਾਵੇ। ਇਸ ਦੋ ਰੋਜ਼ਾ ਕਾਨਫਰੰਸ ਮੌਕੇ ਕਰੀਬ 400 ਵਿਗਿਆਨੀਆਂ ਵਲੋਂ ਇਸ ਵਾਇਰਸ ਦੇ ਫੈਲਣ, ਇਲਾਜ ਤੇ ਟੀਕਾਕਰਨ ਬਾਰੇ ਚਰਚਾ ਕੀਤੀ ਜਾਵੇਗੀ। ਇਸੇ ਦੌਰਾਨ ਚੀਨ ਵਿੱਚ ਫੈਲੇ ਕਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 1,000 ਤੋਂ ਟੱਪ ਗਈ ਹੈ ਜਦਕਿ ਇਸ ਦੇ 42,000 ਤੋਂ ਵੱਧ ਮਰੀਜ਼ ਸਾਹਮਣੇ ਆਏ ਹਨ। ਕੌਮੀ ਸਿਹਤ ਕਮਿਸ਼ਨ ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਦੱਸਿਆ ਕਿ ਸੋਮਵਾਰ ਨੂੰ ਕਰੋਨਾਵਾਇਰਸ ਦੇ 108 ਮਰੀਜ਼ਾਂ ਦੀ ਮੌਤ ਹੋ ਗਈ ਅਤੇ ਇਸ ਦੇ 2,478 ਨਵੇਂ ਕੇਸ ਸਾਹਮਣੇ ਆਏ ਹਨ। ਇਸ ਨਾਲ ਇਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,016 ’ਤੇ ਅੱਪੜ ਗਈ ਅਤੇ ਇਸ ਤੋਂ ਕੁੱਲ 42,638 ਲੋਕ ਪੀੜਤ ਹਨ। ਕਮਿਸ਼ਨ ਅਨੁਸਾਰ ਸੱਜਰੀਆਂ ਹੋਈਆਂ ਮੌਤਾਂ ’ਚੋਂ 103 ਹੁਬੇਈ ਸੂਬੇ ਵਿੱਚ ਹੋਈਆਂ ਹਨ ਜਦਕਿ ਪੇਈਚਿੰਗ, ਤਿਆਂਜਿਨ, ਹੇਲੌਂਗਜਿਆਂਗ, ਅਨਹੂਈ ਅਤੇ ਹੇਨਾਨ ਵਿੱਚ ਇੱਕ-ਇੱਕ ਮੌਤ ਹੋਈ ਹੈ। ਇਸ ਤੋਂ ਇਲਾਵਾ ਹੁਣ ਤੱਕ ਕਰੋਨਾਵਾਇਰਸ ਤੋਂ ਪੀੜਤ ਕੁੱਲ 3,996 ਮਰੀਜ਼ਾਂ ਨੂੰ ਸਿਹਤਯਾਬ ਹੋਣ ਕਾਰਨ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸੇ ਦੌਰਾਨ ਸੋਮਵਾਰ ਤੱਕ ਹਾਂਗਕਾਂਗ ਵਿੱਚ ਕਰੋਨਾਵਾਇਰਸ ਦੇ 42 ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ’ਚੋਂ ਇੱਕ ਦੀ ਮੌਤ ਹੋ ਗਈ ਹੈ।

-ਏਐੱਫਪੀ/ ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All