ਕਰੋਨਾਵਾਇਰਸ: ਇਕ ਮਰੀਜ਼ ਨੂੰ ਛੁੱਟੀ ਮਿਲੀ, ਦੋ ਦੀ ਹਾਲਤ ਸਥਿਰ

ਕੰਬੋਡੀਆ ਦੇ ਸਿਹਾਨੌਕਵਿਲੇ ਵਿੱਚ ਬੰਦਰਗਾਹ ’ਤੇ ਵੀਰਵਾਰ ਨੂੰ ਵੈਸਟਰਡਾਮ ਕਰੂਜ਼ ਜਹਾਜ਼ ਦੇ ਪਹੁੰਚਣ ਦਾ ਇੰਤਜ਼ਾਰ ਕਰਦਾ ਹੋਇਆ ਮੈਡੀਕਲ ਸਟਾਫ। ਇਸ ਕਰੂਜ਼ ਜਹਾਜ਼ ਨੂੰ ਕਰੋਨਾਵਾਇਰਸ ਦੇ ਡਰ ਕਾਰਨ ਪੰਜ ਏਸ਼ਿਆਈ ਮੁਲਕਾਂ ਨੇ ਆਪਣੀਆਂ ਬੰਦਰਗਾਹਾਂ ’ਤੇ ਰੋਕਣ ਦੀ ਇਜਾਜ਼ਤ ਨਹੀਂ ਦਿੱਤੀ। -ਫੋਟੋ: ਏਐੱਫਪੀ

ਨਵੀਂ ਦਿੱਲੀ, 13 ਫਰਵਰੀ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਹੈ ਕਿ ਕਰੋਨਾਵਾਇਰਸ ਤੋਂ ਪੀੜਤ ਮੈਡੀਕਲ ਦੇ ਤਿੰਨ ਵਿਦਿਆਰਥੀਆਂ ’ਚੋਂ ਇਕ ਨੂੰ ਕੇਰਲ ’ਚ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਕੀ ਦੇ ਦੋਵੇਂ ਮਰੀਜ਼ਾਂ ਦੇ ਸਰੀਰ ’ਚੋਂ ਵਾਇਰਲ ਦਾ ਅਸਰ ਘੱਟ ਹੋ ਰਿਹਾ ਹੈ। ਸ੍ਰੀ ਵਰਧਨ ਨੇ ਕਿਹਾ,‘‘ਦੋਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਛੇਤੀ ਨਾਲ ਤੰਦਰੁਸਤ ਹੋ ਰਹੇ ਹਨ। ਉਨ੍ਹਾਂ ਨੂੰ ਛੇਤੀ ਛੁੱਟੀ ਮਿਲ ਜਾਵੇਗੀ।’’ ਇਸ ਦੌਰਾਨ ਕਰੋਨਾਵਾਇਰਸ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ’ਤੇ ਬਣਾਈ ਗਈ ਉੱਚ ਪੱਧਰੀ ਕਮੇਟੀ ਦੀ ਦੂਜੀ ਬੈਠਕ ਹੋਈ। ਸਿਹਤ ਮੰਤਰੀ ਨੇ ਕਿਹਾ ਕਿ 2315 ਉਡਾਣਾਂ ’ਚ ਸਫ਼ਰ ਕਰਨ ਵਾਲੇ ਕੁੱਲ 2,51,447 ਵਿਅਕਤੀਆਂ ਦੀ ਜਾਂਚ ਹੋਈ ਹੈ। ਮੁਲਕ ’ਚ 15991 ਵਿਅਕਤੀਆਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਜਿਨ੍ਹਾਂ ’ਚੋਂ 497 ’ਚ ਕਰੋਨਾਵਾਇਰਸ ਦੇ ਲੱਛਣ ਮਿਲੇ ਅਤੇ ਉਨ੍ਹਾਂ ਨੂੰ ਵੱਖ ਵੱਖ ਥਾਵਾਂ ’ਤੇ ਰੱਖਿਆ ਗਿਆ ਜਦਕਿ 41 ਹੋਰਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮੰਤਰੀ ਨੇ ਕਿਹਾ ਕਿ ਭਾਰਤ ਨੇ ਮਾਲਦੀਵ ਦੇ ਸੱਤ ਵਿਅਕਤੀਆਂ ਸਮੇਤ 645 ਨੂੰ ਚੀਨ ਦੇ ਵੂਹਾਨ ਸ਼ਹਿਰ ਤੋਂ ਲਿਆ ਕੇ ਦੋ ਵਿਸ਼ੇਸ਼ ਕੈਂਪਾਂ ’ਚ ਰੱਖਿਆ ਹੈ। ਇਹ ਵਿਅਕਤੀ ਦੋ ਹਫ਼ਤਿਆਂ ਤੱਕ ਨਿਗਰਾਨੀ ਹੇਠ ਰਹਿਣਗੇ। ਭਾਰਤ ਨੇ ਮਾਲਦੀਵ, ਅਫ਼ਗਾਨਿਸਤਾਨ ਅਤੇ ਭੂਟਾਨ ਨੂੰ ਕਰੋਨਾਵਾਇਰਸ ਦੇ ਨਮੂਨੇ ਲੈਣ ਲਈ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਉਧਰ ਚੀਨ ’ਚ ਕਰੋਨਾਵਾਇਰਸ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 1,367 ਹੋ ਗਈ ਹੈ ਜਦਕਿ 60 ਹਜ਼ਾਰ ਲੋਕ ਇਸ ਤੋਂ ਪ੍ਰਭਾਵਿਤ ਹਨ। ਇਸ ਦੌਰਾਨ ਯੂਏਈ ’ਚ 36 ਵਰ੍ਹਿਆਂ ਦਾ ਭਾਰਤੀ ਕਰੋਨਾਵਾਇਰਸ ਤੋਂ ਪੀੜਤ ਮਿਲਿਆ ਹੈ। ਉਸ ਦਾ ਵੱਖਰੇ ਵਾਰਡ ’ਚ ਇਲਾਜ ਕੀਤਾ ਜਾ ਰਿਹਾ ਹੈ। ਕੋਲਕਾਤਾ ਹਵਾਈ ਅੱਡੇ ’ਤੇ ਦੋ ਵਿਅਕਤੀਆਂ ਨੂੰ ਕਰੋਨਾਵਾਇਰਸ ਦੇ ਸ਼ੱਕ ਹੇਠ ਵੱਖਰੇ ਵਾਰਡ ’ਚ ਰੱਖਿਆ ਗਿਆ ਹੈ। ਸਪਾਈਸ ਜੈੱਟ ਦੀ ਬੈਂਕਾਕ-ਦਿੱਲੀ ਉਡਾਣ ’ਤੇ ਇਕ ਵਿਅਕਤੀ ਨੂੰ ਕਰੋਨਾਵਾਇਰਸ ਦੇ ਸ਼ੱਕ ਕਾਰਨ ਹਸਪਤਾਲ ਦੇ ਵੱਖਰੇ ਵਾਰਡ ’ਚ ਦਾਖ਼ਲ ਕਰਵਾਇਆ ਗਿਆ ਹੈ। ਉਧਰ ਜਾਪਾਨ ਦੇ ਕੰਢੇ ’ਤੇ ਕਰੂਜ਼ ਜਹਾਜ਼ ’ਚ ਸਵਾਰ ਦੋ ਭਾਰਤੀਆਂ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਜਹਾਜ਼ ’ਚ ਸਵਾਰ 218 ਵਿਅਕਤੀ ਕਰੋਨਾਵਾਇਰਸ ਤੋਂ ਪੀੜਤ ਹਨ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All