ਕਰਫਿਊ ਪਾਸ ਲੈਣਾ ਹੋਇਆ ਮੁਹਾਲ, ਕੋਈ ਨਹੀਂ ਕਰ ਰਿਹਾ ਸੁਣਵਾਈ

ਕਰਫਿਊ ਪਾਸ ਲਈ ਪ੍ਰੇਸ਼ਾਨ ਹੋ ਰਹੇ ਲੋਕ। ਫੋਟੋ: ਪ੍ਰੀਤ

ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 24 ਮਾਰਚ ਕਰੋਨਾ ਦੀ ਵਜ੍ਹਾ ਕਰਕੇ ਲੱਗੇ ਕਰਫਿਊ ਨੇ ਕਈਆਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਪਰ ਪ੍ਰਸ਼ਾਸਨ ਉਨ੍ਹਾਂ ਦਾ ਦੁੱਖ ਨਹੀਂ ਸਮਝ ਰਿਹਾ। ਮੁਕਤਸਰ ਵਿਖੇ ਹਲਵਾਈ ਦਾ ਕੰਮ ਕਰਦਾ ਬਲਬੀਰ ਸਿੰਘ ਦਾ ਪਿੰਡ ਨੰਗਲ ਖੁਰਦ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਹੈ। ਉਹ ਆਪਣੇ ਘਰ ਜਾਣਾ ਚਾਹੁੰਦਾ ਹੈ ਕਿਉਂਕਿ ਉਸ ਦੀ ਮਾਤਾ ਦਾ ਦਿਹਾਂਤ ਹੋ ਗਿਆ ਹੈ। ਉਹ ਅੱਜ ਸਵੇਰੇ 9 ਵਜੇ ਦਾ ਡੀਸੀ ਦਫ਼ਤਰ ਦੇ ਬਾਹਰ ਖੜ੍ਹਾ ਹੈ ਪਰ ਕਿਸੇ ਅਧਿਕਾਰੀ ਨੇ ਉਸ ਦੀ ਗੱਲ ਨਹੀਂ ਸੁਣੀ। ਇਸੇ ਤਰ੍ਹਾਂ ਪੰਜਾਬ ਐਂਡ ਸਿੰਧ ਬੈਂਕ ਦੀ ਮੈਨੇਜਰ ਤਨਵੀ ਦਾ ਕਹਿਣਾ ਸੀ ਕਿ ਉਹ ਰਾਜਸਥਾਨ ਦੀ ਰਹਿਣ ਵਾਲੀ ਹੈ। ਹੁਣ ਬੈਂਕ ਬੰਦ ਹੋਣ ਕਰਕੇ ਉਹ ਆਪਣੇ ਘਰ ਜਾਣਾ ਚਾਹੁੰਦੀ ਹੈ। ਉਹ ਅਰਜ਼ੀ ਲੈ ਕੇ ਐਸ.ਡੀ.ਐਮ. ਤੇ ਏ.ਡੀ.ਸੀ. ਦੇ ਦਫਤਰ ਦੇ ਗੇੜੇ ਕੱਢ ਰਹੀ ਸੀ ਪਰ ਕਿਸੇ ਨੇ ਉਸ ਦੀ ਸੁਣਵਾਈ ਨਹੀਂ ਕੀਤੀ। ਮਜਬੂਰ ਹੋਈ ਬੈਂਕ ਮੈਨੇਜਰ ਰੋ ਰਹੀ ਸੀ। ਇਹੀ ਹਾਲਤ ਕਈ ਮਰੀਜ਼ਾਂ ਦਾ ਸੀ ਜਿਹੜੇ ਆਪਣੇ ਇਲਾਜ ਲਈ ਕਿਸੇ ਦੂਰ ਦੁਰਾਡੇ ਦੇ ਹਸਪਤਾਲ ‘ਚ ਜਾਣਾ ਚਾਹੁੰਦੇ ਸਨ। ਦੇਰ ਸ਼ਾਮ ਤੱਕ ਉਨ੍ਹਾਂ ਨੂੰ ਪਾਸ ਨਹੀਂ ਮਿਲੇ। ਇਸ ਦੌਰਾਨ ਏਡੀਸੀ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਨਿੱਜੀ ਤੌਰ ’ਤੇ ਕੁਝ ਨਹੀਂ ਕਰ ਸਕਦੇ। ਕਰਫਿਊ ਪਾਸ ਲੈਣ ਵਾਸਤੇ ਕੰਟਰੋਲ ਰੂਮ ਸੰਪਰਕ ਕੀਤਾ ਜਾਵੇ। ਪਰ ਕੰਟਰੋਲ ਰੂਮ ਵਾਲੇ ਸਿਵਾਏ ਅਰਜ਼ੀ ਫੜਨ ਦੇ ਪਾਸ ਜਾਰੀ ਕਰਨ ਬਾਰੇ ਕੁਝ ਨਹੀਂ ਸੀ ਦੱਸ ਰਹੇ। ਡਿਪਟੀ ਕਮਿਸ਼ਨਰ ਵੱਲੋਂ ਜਾਰੀ ਵਿਸ਼ੇਸ਼ ਹੁਕਮਾਂ ਅਨੁਸਾਰ ਦੋਧੀਆਂ ਅਤੇ ਡੇਅਰੀ ਮਾਲਕਾਂ ਵੱਲੋਂ ਘਰ-ਘਰ ਜਾ ਕੇ ਸਵੇਰੇ 9 ਵਜੇ ਤੱਕ ਹੀ ਦੁੱਧ ਦੀ ਸਪਲਾਈ ਦਿੱਤੀ ਜਾਵੇਗੀ। 9 ਵਜੇ ਤੋਂ ਬਾਅਦ ਦੋਧੀਆਂ ਦੇ ਚੱਲਣ-ਫਿਰਨ ਦੀ ਮਨਾਹੀ ਹੋਵੇਗੀ। ਇਸੇ ਤਰ੍ਹਾਂ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚਲੀਆਂ ਦਵਾਈਆਂ ਦੀਆਂ ਦੁਕਾਨਾਂ ਹੀ ਖੁੱਲ੍ਹਣਗੀਆਂ। ਬਜ਼ਾਰ ਵਿੱਚ ਹੋਰ ਕੋਈ ਦਵਾਈ ਦੀ ਦੁਕਾਨ ਨਹੀਂ ਖੋਲ੍ਹੀ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All