ਕਤਲ ਕੇਸ ਦੇ ਮੁੱਖ ਗਵਾਹ ’ਤੇ ਜਾਨਲੇਵਾ ਹਮਲਾ

ਪਿੰਡ ਕੁੰਭੜਾ ਵਿੱਚ ਘਟਨਾ ਵਾਲੀ ਥਾਂ ’ਤੇ ਡੁੱਲਿਆ ਖੂਨ ਵਿਖਾਉਂਦੇ ਪਰਿਵਾਰ ਦੇ ਮੈਂਬਰ। (ਇਨਸੈੱਟ) ਗਵਾਹ ਬੀਰ ਸਿੰਘ।

ਦਰਸ਼ਨ ਸਿੰਘ ਸੋਢੀ ਐਸਏਐਸ ਨਗਰ (ਮੁਹਾਲੀ), 18 ਅਕਤੂਬਰ ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਵਿੱਚ ਕਰੀਬ ਚਾਰ ਸਾਲ ਪੁਰਾਣੇ ਨੌਜਵਾਨ ਦੀ ਹੱਤਿਆ ਮਾਮਲੇ ਦੇ ਮੁੱਖ ਗਵਾਹ ਬੀਰ ਸਿੰਘ (55) ਨੂੰ ਅੱਜ ਸਵੇਰੇ ਛੇ ਵਜੇ ਦੇ ਕਰੀਬ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਕੇਸ ਵਿੱਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਐੱਨਆਰਆਈ ਨੌਜਵਾਨ ਮਨੀਸ਼ ਪ੍ਰਭਾਕਰ ਤੇ ਉਹਦੇ ਸਾਥੀਆਂ ਨੇ ਬੀਰ ਸਿੰਘ ਨੂੰ ਉਹਦੇ ਘਰ ਦੇ ਬਾਹਰ ਤਿੰਨ ਗੋਲੀਆਂ ਮਾਰੀਆਂ। ਇਕ ਗੋਲੀ ਮੋਢੇ ’ਤੇ, ਇਕ ਸੱਜੀ ਵੱਖੀ ਅਤੇ ਤੀਜੀ ਗੋਲੀ ਲੱਤ ਉੱਤੇ ਲੱਗੀ ਹੈ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਲਲਕਾਰੇ ਮਾਰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਬੀਰ ਸਿੰਘ ਨੂੰ ਫੋਰਟਿਸ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਜਾਣਕਾਰੀ ਅਨੁਸਾਰ ਮਨੀਸ਼ ਨੇ ਆਪਣੇ ਸਾਥੀਆਂ ਮਿਲ ਕੇ ਪਹਿਲਾਂ ਬੀਰ ਸਿੰਘ ਨੂੰ ਗਵਾਹੀ ਦੇਣ ਤੋਂ ਰੋਕਣ ਲਈ ਡਰਾਇਆ ਧਮਕਾਇਆ ਵੀ ਤੇ ਲੱਖਾਂ ਰੁਪਏ ਦੇਣ ਦਾ ਲਾਲਚ ਵੀ ਦਿੱਤਾ, ਪਰ ਉਹ ਮੁੱਖ ਗਵਾਹ ਵਜੋਂ ਗਵਾਹੀ ਦੇਣ ’ਤੇ ਅੜਿਆ ਰਿਹਾ। ਡੀਐਸਪੀ (ਸਿਟੀ-2) ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਐੱਨਆਰਆਈ ਨੌਜਵਾਨ ਮਨੀਸ਼ ਪ੍ਰਭਾਕਰ ਅਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 307 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪੈੜ ਨੱਪਣ ਲਈ ਵੱਖ ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਜਾਣਕਾਰੀ ਅਨੁਸਾਰ 10 ਅਕਤੂਬਰ 2015 ਨੂੰ ਨਸ਼ੇ ਵਿੱਚ ਧੁੱਤ ਪਰਵਾਸੀ ਪੰਜਾਬੀ ਮਨੀਸ਼ ਪ੍ਰਭਾਕਰ ਨੇ ਆਪਣੇ ਦੋਸਤ ਹਰਪ੍ਰੀਤ ਸਿੰਘ (26) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਪਿੱਪਲੀ, ਜ਼ਿਲ੍ਹਾ ਬਰਨਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਸਬੰਧੀ ਪੁਲੀਸ ਨੇ ਮੌਕੇ ਦੇ ਗਵਾਹ ਬੀਰ ਸਿੰਘ ਵਾਸੀ ਕੁੰਭੜਾ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਮੁਨੀਸ਼ ਪ੍ਰਭਾਕਰ ਤੇ ਉਸ ਦੇ ਸਾਥੀਆਂ ਖ਼ਿਲਾਫ਼ ਥਾਣਾ ਫੇਜ਼-8 ਵਿੱਚ ਆਈਪੀਸੀ ਦੀ ਧਾਰਾ 302 ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਅਦਾਲਤ ਵਿੱਚ ਚੱਲ ਰਹੀ ਹੈ। ਹਾਲਾਂਕਿ ਹੱਤਿਆ ਕਾਂਡ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਪਰ ਬਾਅਦ ਵਿੱਚ ਉਹ ਜ਼ਮਾਨਤ ’ਤੇ ਰਿਹਾਅ ਹੋ ਗਏ। ਮੁਲਜ਼ਮਾਂ ਖ਼ਿਲਾਫ਼ ਚਲਾਨ ਪੇਸ਼ ਹੋ ਚੁੱਕਾ ਹੈ ਅਤੇ ਮੌਕੇ ਸਮੇਂ ਵਿੱਚ ਗਵਾਹਾਂ ਦੇ ਬਿਆਨ ਦਰਜ ਕਰਨ ਦੀ ਕਾਰਵਾਈ ਚੱਲ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All