ਓਵਰ ’ਚ ਛੇ ਛੱਕੇ ਜੜਨ ਵਾਲਾ 7ਵਾਂ ਬੱਲੇਬਾਜ਼ ਬਣਿਆ ਕਾਰਟਰ

ਕ੍ਰਾਈਸਟਚਰਚ, 5 ਜਨਵਰੀ

ਸਾਥੀ ਖਿਡਾਰੀਆਂ ਨਾਲ ਖ਼ੁਸ਼ੀ ਸਾਂਝੀ ਕਰਦਾ ਹੋਇਆ ਲਿਓ ਕਾਰਟਰ।

ਨਿਊਜ਼ੀਲੈਂਡ ਦੇ ਬੱਲੇਬਾਜ਼ ਲਿਓ ਕਾਰਟਰ ਨੇ ਇੱਕ ਓਵਰ ਵਿੱਚ ਛੇ ਛੱਕੇ ਮਾਰ ਕੇ ਅੱਜ ਇਤਿਹਾਸ ਦੇ ਪੰਨਿਆਂ ’ਤੇ ਆਪਣਾ ਨਾਮ ਲਿਖਵਾ ਲਿਆ। ਉਹ ਭਾਰਤੀ ਖਿਡਾਰੀ ਰਵੀ ਸ਼ਾਸਤਰੀ ਅਤੇ ਯੁਵਰਾਜ ਸਿੰਘ ਵਾਂਗ ਇੱਕ ਓਵਰ ਵਿੱਚ ਛੇ ਛੱਕੇ ਜੜਨ ਵਾਲਾ ਵਿਸ਼ਵ ਦਾ ਸੱਤਵਾਂ ਕ੍ਰਿਕਟਰ ਬਣ ਗਿਆ। ਕਾਰਟਰ ਨੇ ਇਹ ਕਾਰਨਾਮਾ ਨਿਊਜ਼ੀਲੈਂਡ ਦੇ ਘਰੇਲੂ ਟੀ-20 ਟੂਰਨਾਮੈਂਟ ਸੁਪਰ ਸਮੈਸ਼ ਵਿੱਚ ਨਾਰਦਰਨ ਨਾਈਟ ਖ਼ਿਲਾਫ਼ ਆਪਣੀ ਟੀਮ ਕੈਂਟਰਬਰੀ ਕਿੰਗਜ਼ ਦੀ ਜਿੱਤ ਦੌਰਾਨ ਕੀਤਾ। 25 ਸਾਲ ਦੇ ਬੱਲੇਬਾਜ਼ ਨੇ ਸਪਿੰਨਰ ਐਂਟਨ ਦੇਵਸਿਚ ਦੇ ਓਵਰ ਵਿੱਚ ਛੇ ਵਾਰ ਛੱਕੇ ਜੜੇ। ਉਹ ਸਿਰਫ਼ 29 ਗੇਂਦਾਂ ਵਿਚ 70 ਦੌੜਾਂ ਬਣਾ ਕੇ ਨਾਬਾਦ ਰਿਹਾ, ਜਿਸ ਨਾਲ ਉਸਦੀ ਟੀਮ ਨੇ 220 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ। ਕਾਰਟਰ ਇਸ ਤਰ੍ਹਾਂ ਘਰੇਲੂ ਅਤੇ ਕੌਮਾਂਤਰੀ ਦੋਵਾਂ ਪੱਧਰਾਂ ’ਤੇ ਸਾਰੀਆਂ ਵੰਨਗੀਆਂ ਵਿੱਚ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਵਿਸ਼ਵ ਦਾ ਸੱਤਵਾਂ ਕ੍ਰਿਕਟਰ ਬਣ ਗਿਆ। ਇਹ ਕਾਰਨਾਮਾ ਕਰਕੇ ਉਹ ਗੈਰੀ ਸੋਬਰਜ਼, ਸ਼ਾਸਤਰੀ, ਹਰਸ਼ਲੇ ਗਿੱਬਸ, ਯੁਵਰਾਜ, ਵੋਰਸੈਸਟਰਸ਼ਾਇਰ ਦੇ ਰੋਸ ਵ੍ਹਾਈਟਲੀ ਅਤੇ ਅਫ਼ਗਾਨਿਸਤਾਨ ਦੇ ਹਜ਼ਰਤਉੱਲਾ ਜ਼ਜ਼ਈ ਦੇ ਕਲੱਬ ਵਿੱਚ ਸ਼ਾਮਲ ਹੋ ਗਿਆ। ਕਾਰਟਰ ਟੀ-20 ਕ੍ਰਿਕਟ ਵਿੱਚ ਘਰੇਲੂ ਅਤੇ ਕੌਮਾਂਤਰੀ ਪੱਧਰ ‘ਤੇ ਅਜਿਹਾ ਕਰਨ ਵਾਲਾ ਚੌਥਾ ਬੱਲੇਬਾਜ਼ ਬਣ ਗਿਆ। ਟੀ-20 ਵਿੱਚ ਇਹ ਉਪਲੱਬਧੀ ਹਾਸਲ ਕਰਨ ਵਾਲੇ ਹੋਰ ਬੱਲੇਬਾਜ਼ ਯੁਵਰਾਜ (2007), ਵ੍ਹਾਈਟਲੀ (2017) ਅਤੇ ਜ਼ਜ਼ਈ (2018) ਹਨ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All