ਐੱਨਆਰਸੀ ਦੇ ਨਾਮ ’ਤੇ ਅੱਗ ਨਾਲ ਨਾ ਖੇਡੇ ਭਾਜਪਾ: ਮਮਤਾ

ਅਸਾਮ ਵਿੱਚ ਐਨਆਰਸੀ ਲਾਗੂ ਕਰਨ ਖ਼ਿਲਾਫ਼ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਹੇਠ ਕੋਲਕਾਤਾ ਵਿੱਚ ਕੀਤੀ ਗਈ ਰੋਸੀ ਰੈਲੀ ਦਾ ਦ੍ਰਿਸ਼।-ਫੋਟੋ:ਪੀਟੀਆਈ

ਕੋਲਕਾਤਾ, 12 ਸਤੰਬਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਦੇ ਨਾਮ ’ਤੇ ਅੱਗ ਨਾਲ ਨਾ ਖੇਡੇ। ਉਨ੍ਹਾਂ ਕਿਹਾ ਕਿ ਉਹ ਸੂਬੇ ’ਚ ਬਾਹਰਲੇ ਵਿਅਕਤੀਆਂ ਦੀ ਪਛਾਣ ਦੀ ਕਦੇ ਵੀ ਇਜਾਜ਼ਤ ਨਹੀਂ ਦੇਵੇਗੀ। ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਭਾਜਪਾ ਆਗੂਆਂ ਨੂੰ ਚੁਣੌਤੀ ਦਿੱਤੀ ਕਿ ਉਹ ਪੱਛਮੀ ਬੰਗਾਲ ’ਚ ਕੌਮੀ ਨਾਗਰਿਕਤਾ ਰਜਿਸਟਰ ਦੇ ਨਾਮ ’ਤੇ ਕਿਸੇ ਵੀ ਇਕ ਨਾਗਰਿਕ ਨੂੰ ਛੂਹ ਕੇ ਦੇਖਣ। ਇਥੇ ਐੱਨਆਰਸੀ ਵਿਰੋਧੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਅਸੀਂ ਬੰਗਾਲ ’ਚ ਐੱਨਆਰਸੀ ਦੀ ਕਦੇ ਵੀ ਇਜਾਜ਼ਤ ਨਹੀਂ ਦੇਵਾਂਗੇ। ਅਸੀਂ ਉਨ੍ਹਾਂ ਨੂੰ ਧਰਮ ਅਤੇ ਜਾਤ ਦੇ ਆਧਾਰ ’ਤੇ ਲੋਕਾਂ ਨੂੰ ਵੰਡਣ ਦੀ ਮਨਜ਼ੂਰੀ ਨਹੀਂ ਦੇਵਾਂਗੇ। ਅਸੀਂ ਅਸਾਮ ’ਚ ਵੀ ਐੱਨਆਰਸੀ ਦਾ ਵਿਰੋਧ ਕਰਦੇ ਹਾਂ। ਉਨ੍ਹਾਂ ਪੁਲੀਸ ਦੀ ਵਰਤੋਂ ਕਰਕੇ ਅਸਾਮ ਦੇ ਲੋਕਾਂ ਨੂੰ ਚੁੱਪ ਕਰਵਾ ਦਿੱਤਾ ਹੈ ਪਰ ਉਹ ਬੰਗਾਲ ’ਚ ਇੰਜ ਨਹੀਂ ਕਰ ਸਕਦੇ ਹਨ।’’ ਇਸ ਦੌਰਾਨ ਸਿੰਥੀ ਤੋਂ ਸ਼ਿਆਮਬਾਜ਼ਾਰ ਤਕ ਵਿਰੋਧ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਮਮਤਾ ਬੈਨਰਜੀ ਨੇ ਕੀਤੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All