ਐਨ.ਡੀ.ਏ. ਦੀ ਪ੍ਰੀਖਿਆ ਲਈ ਸਿਖਲਾਈ ਕੈਂਪ ਸ਼ੁਰੂ

ਪੱਤਰ ਪ੍ਰੇਰਕ ਤਲਵਾੜਾ, 23 ਜੂਨ ਪੰਜਾਬ ’ਚ ਵੱਧ ਰਹੀ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਤੇ ਭਾਰਤੀ ਫੌਜ ’ਚ ਪੰਜਾਬੀ ਨੌਜਵਾਨਾਂ ਦੀ ਘਟ ਰਹੀ ਗਿਣਤੀ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੈਨਿਕ ਭਲਾਈ ਤੇ ਰੁਜ਼ਗਾਰ ਵਿਭਾਗ ਨਾਲ ਮਿਲ ਕੇ ਸੂਬੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ’ਚ ਪੜ੍ਹ ਰਹੇ ਹੋਣਹਾਰ ਵਿਦਿਆਰਥੀਆਂ ਨੂੰ  ਨੈਸ਼ਨਲ  ਡਿਫੈਂਸ ਅਕਾਦਮੀ (ਐਨ.ਡੀ.ਏ.) ਦੀ ਲਿਖਤੀ ਪ੍ਰੀਖਿਆ ਦੀ ਮੁਫਤ ਕੌਚਿੰਗ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੱਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਚੁਣਿਆ ਗਿਆ ਜਿਸ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸੈਕਟਰ ਇਕ  ਤਲਵਾੜਾ ਵੀ ਸ਼ਾਮਲ ਹੈ। ਸੂਬਾ ਸਰਕਾਰ ਦੇ ਫੈਸਲੇ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸੈਕਟਰ ਇਕ ’ਚ ਇਸ ਕੋਚਿੰਗ ਕੈਂਪ ਦਾ ਵਿਧੀਵਤ ਉਦਘਾਟਨ ਫੌਜ ਦੇ ਕਰਨਲ ਵਰਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਕਰਨਲ ਵਰਿੰਦਰ ਸਿੰਘ ਨੇ ਫੌਜ ਦੀ ਜ਼ਿੰਦਗੀ ਤੇ ਰੋਮਾਂਚ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਨੀਆ ’ਚ ਫੌਜ ਹੀ ਅਜਿਹਾ ਕਿੱਤਾ ਹੈ, ਜੋ ਅਨੁਸ਼ਾਸਨ, ਆਪਸੀ-ਭਾਈਚਾਰਕ ਸਾਂਝ ਆਦਿ ਦਾ ਮਿਸ਼ਰਣ ਹੈ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਐਨ.ਡੀ.ਏ. ਦੀ ਪ੍ਰੀਖਿਆ ਅਤੇ ਭਾਰਤੀ ਫੌਜ ਦੇ ਅਹਿਮ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਦਵਿੰਦਰ ਸਿੰਘ ਸੰਧਰ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਅਨੁਸਾਰ ਇਹ ਕੋਚਿੰਗ ਕੈਂਪ ਬਲਾਕ ਤਲਵਾੜਾ ਦੇ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਲਾਜ਼ਮੀ ਤੇ ਮੁਫਤ ਹੈ। ਕੋਚਿੰਗ ਕੈਂਪ ਛੁੱਟੀਆਂ ਵਿਚ ਸਵੇਰੇ 9 ਤੋਂ 11 ਵਜੇ ਤਕ ਅਤੇ ਸਕੂਲ ਸਮੇਂ ਦੌਰਾਨ ਦੁਪਹਿਰ ਦੋ ਵਜੇ ਤੋਂ ਚਾਰ ਵਜੇ ਤਕ ਲਗਾਇਆ ਜਾਵੇਗਾ ਜਿਸ ਵਿਚ ਵਿਦਿਆਰਥੀਆਂ ਨੂੰ ਹਿਸਾਬ, ਕੈਮਿਸਟਰੀ, ਫਿਜ਼ਿਕਸ ਤੇ ਬਾਇਓਲੋਜੀ ਆਦਿ ਵਿਸ਼ਿਆਂ ਨਾਲ ਸਬੰਧਤ ਜਾਣਕਾਰੀ ਦਿੱਤੀ ਜਾਵੇਗੀ। ਦੋ ਮਹੀਨੇ ਚੱਲਣ ਵਾਲੇ ਇਸ ਕੈਂਪ ਦਾ ਨਿਰੀਖਣ ਸਮੇਂ-ਸਮੇਂ ’ਤੇ ਫੌਜ ਦੇ ਉੱਚ  ਅਧਿਕਾਰੀਆਂ ਵੱਲੋਂ ਕੀਤਾ ਜਾਵੇਗਾ।

ਐਨ.ਡੀ.ਏ. ਦੀ ਪ੍ਰੀਖਿਆ ਲਈ ਸਿਖਲਾਈ ਕੈਂਪ ਸ਼ੁਰੂ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All