ਏਮਜ਼ ਹਸਪਤਾਲ ਅਤੇ ਹੋਸਟਲਾਂ ਦਾ ਕੰਮ ਠੱਪ

ਬਠਿੰਡਾ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੀ ਅਧੂਰੀ ਇਮਾਰਤ ਦਾ ਦ੍ਰਿਸ਼।

ਮਨੋਜ ਸ਼ਰਮਾ ਬਠਿੰਡਾ, 21 ਮਈ ਇਥੇ ਸੂਬੇ ਦੇ ਵੱਡੇ ਹਸਪਤਾਲ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਏਮਜ਼ ਅੰਦਰ ਚੱਲ ਰਿਹਾ ਉਸਾਰੀ ਕੰਮ ਪ੍ਰਭਾਵਿਤ ਹੋਣ ਦੇ ਹਾਲਾਤ ਪੈਦਾ ਹੋ ਗਏ ਹਨ। ਏਮਜ਼ ਦੀ ਉਸਾਰੀ ਲਈ ਕੰਮ ਕਰ ਰਹੇ ਵੱਡੀ ਗਿਣਤੀ ਮਜ਼ਦੂਰ ਆਪੋ ਆਪਣੇ ਸੂਬਿਆਂ ਨੂੰ ਪਰਵਾਸ ਕਰ ਗਏ ਹਨ। ਮਜ਼ਦੂਰ ਲੇਬਰ ਦੇ ਪਰਵਾਸ ਨੇ ਏਮਜ਼ ਅਥਾਰਟੀ ਦਾ ਫਿਕਰ ਵਧਾ ਦਿੱਤਾ ਹੈ। ਕੰਪਨੀ ਵੱਲੋਂ ਮਜ਼ਦੂਰਾਂ ਨੂੰ ਵਾਪਸ ਭੇਜਣ ਦਾ ਪ੍ਰਬੰਧ ਕਰਨਾ ਪਿਆ ਸੀ ਅਤੇ ਇਸ ਮੌਕੇ ਮਜ਼ਦੂਰਾਂ ਨੇ ਦੋਸ਼ ਲਗਾਏ ਸੀ ਕਿ ਏਮਜ਼ ਅੰਦਰ ਬਿਲਡਿੰਗਾਂ ਦੀ ਉਸਾਰੀ ਦਾ ਕੰਮ ਕਰਵਾ ਰਹੀ ਇੱਕ ਕੰਪਨੀ ਮਜ਼ਦੂਰਾਂ ਦੀ ਤਨਖਾਹ ਨਹੀਂ ਦੇ ਰਹੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਕਾਂਗਰਸ ਸਰਕਾਰ ’ਤੇ ਪਹਿਲਾਂ ਵੀ ਦੋਸ਼ ਲਗਾਉਦੇ ਰਹੇ ਹਨ ਕਿ ਸੂਬਾ ਸਰਕਾਰ ਏਮਜ਼ ਦੇ ਕੰਮਾਂ ਵਿਚ ਅੜਿੱਕਾ ਬਣ ਰਹੀ ਹੈ। ਇਸ ਤੋਂ ਪਹਿਲਾਂ ਏਮਜ਼ ਦਾ ਕੰਮ ਲੇਟ ਸ਼ੁਰੂ ਹੋਣ ਕਾਰਨ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਹੋਸਟਲ ਦਾ ਪ੍ਰਬੰਧ ਨਾ ਹੋਣ ਕਾਰਨ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਫੀ ਭੱਜ ਨੱਠ ਕੀਤੀ ਸੀ ਪਰ ਮੈਡੀਕਲ ਵਿਦਿਆਰਥੀਆਂ ਦਾ ਪਹਿਲੇ ਬੈਚ ਦੀ ਪੜ੍ਹਾਈ ਦਾ ਪ੍ਰਬੰਧ ਫਰੀਦਕੋਟ ਸਥਿੱਤ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵਿਖੇ ਕਰਨਾ ਪਿਆ ਸੀ। ਪਰ ਹੁਣ ਦੂਜੇ ਬੈਚ ਦੀਆਂ ਕਲਾਸਾਂ ਸਿਰ ’ਤੇ ਹਨ ਅਤੇ ਦੂਜਾ ਬੈਚ ਸਤੰਬਰ ਮਹੀਨੇ ਵਿਚ ਸ਼ੁਰੂ ਹੋਣ ਵਾਲਾ ਹੈ ਪਰ ਹਾਲੇ ਵੀ ਵਿਦਿਆਰਥੀਆਂ ਦੇ ਹੋਸਟਲ ਦਾ ਪ੍ਰਬੰਧ ਅਧੂਰਾ ਹੈ ਤੇ ਕਾਲਜ ਅਤੇ ਵਿਦਿਆਰਥੀਆਂ ਦੇ ਹੋਸਟਲਾਂ ਦਾ ਕੰਮ ਅੰਤਿਮ ਛੋਹਾਂ ’ਤੇ ਸੀ ਪਰ ਮਜ਼ਦੂਰ ਦੀ ਘਾਟ ਨੇ ਅੜਿੱਕਾ ਪੈਦਾ ਕਰ ਦਿੱਤਾ ਹੈ। ਏਮਜ਼ ਦੇ ਨੋਡਲ ਅਫ਼ਸਰ ਡਾ. ਸਮੀਰ ਅਗਰਵਾਲ ਦਾ ਕਹਿਣਾ ਹੈ ਕਿ ਬੇਸ਼ੱਕ ਕੋਵਿਡ-19 ਕਾਰਨ ਬਿਲਡਿੰਗਾਂ ਦਾ ਕੰਮ ਪ੍ਰਭਾਵਿਤ ਹੋਇਆ ਹੈ ਫੇਰ ਵੀ ਇਸ ਸਾਲ ਦੇ ਅਖੀਰ ਤੱਕ ਕਾਫੀ ਕੰਮ ਨੇਪਰੇ ਚਾੜ੍ਹ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਸਿਟੀ ਸਕੈਨ ਅਤੇ ਐਮ.ਆਰ.ਆਈ ਯੂਨਿਟ ਜਲਦੀ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਮੰਨਿਆ ਕਿ ਮਜ਼ਦੂਰਾਂ ਦੀ ਘਾਟ ਕਾਰਨ ਏਮਜ਼ ਅੰਦਰ ਬਣਨ ਵਾਲਾ 750 ਬੈੱਡ ਦਾ ਹਸਪਤਾਲ ਅਤੇ 20 ਓਪਰੇਸ਼ਨ ਥੀਏਟਰਾ ਦਾ ਕੰਮ ਪ੍ਰਭਾਵਿਤ ਹੋਵੇਗਾ। ਇਸ ਤੋਂ ਇਲਾਵਾ ਸੈਂਟਰਲ ਸਟਰਲਾਈਜੇਸ਼ਨ ਸਪਲਾਈ ਵਿਭਾਗ ਅਤੇ ਮੈਡੀਕਲ ਗੈਸਜ਼ ਯੂਨਿਟ ਦਾ ਕੰਮ ਵੀ ਡਿਲੇਅ ਹੋਵੇਗਾ। ਦੱਸਣਯੋਗ ਹੈ ਕਿ ਬਠਿੰਡਾ ਏਮਜ਼ ਅੰਦਰ ਪੱਛਮੀ ਬੰਗਾਲ ਤੋਂ ਲੈ ਕੇ ਬਿਹਾਰ, ਮੱਧ ਪ੍ਰਦੇਸ਼ ਦੀ ਪਰਵਾਸੀ ਲੇਬਰ ਕੰਮ ਕਰ ਰਹੀ ਸੀ। ਇਸ ਸਬੰਧੀ ਏਮਜ਼ ਅੰਦਰ ਆਪਣੀ ਨਿਗਰਾਨੀ ਹੇਠ ਕੰਮ ਕਰਵਾ ਰਹੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਉਹ ਹਾਲੇ ਕੁੱਝ ਨਹੀਂ ਕਹਿ ਸਕਦੇ ਕਿ ਕੰਮ ਕਦੋਂ ਸ਼ੁਰੂ ਹੋਵੇਗਾ ਪਰ ਉਨ੍ਹਾਂ ਮੰਨਿਆ ਕਿ ਬਿਲਡਿੰਗਾਂ ਦੇ ਕਾਫ਼ੀ ਕੰਮ ਅਧੂਰੇ ਪਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All