ਊਸ਼ਾ ਦੀ ਲਾਲੀ ਵਰਗਾ ਬਾਵਾ ਬਲਵੰਤ

ਭੁਪਿੰਦਰ ਉਸਤਾਦ

ਭਲਵਾਨੀ ਕੱਦ-ਕਾਠ, ਗੋਰੇ ਚਿੱਟੇ ਰੰਗ ਤੇ ਘੁੰਗਰਾਲੇ ਵਾਲਾਂ ਵਾਲਾ ਬਲਵੰਤ ਕਦੇ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਰਹਿੰਦਾ ਸੀ। ਉਹ ਤਰਨ ਤਾਰਨ ਦੇ ਪਿੰਡ ਨੇਸ਼ਟਾ ਵਿੱਚ 21 ਅਗਸਤ 1906 ਨੂੰ ਮਾਤਾ ਗਿਆਨ ਦੇਈ ਤੇ ਹਕੀਮ ਠਾਕੁਰ ਦੀਨਾ ਨਾਥ ਦੇ ਘਰ ਪੈਦਾ ਹੋਇਆ। ਢਾਈ ਕੁ ਜਮਾਤਾਂ ਪੰਜਾਬੀ ਲੰਡੇ ਪੜ੍ਹ ਕੇ ਨਾਲ ਮੁਨੀਮੀ ਦੀ ਵਿੱਦਿਆ ਹਾਸਲ ਕੀਤੀ ਪਰ ਸਵੈਮਾਨੀ ਮਨ ਦਾ ਮਾਲਕ, ਅਮਰੇ, ਖੇਸ, ਚਾਦਰਾਂ ਅਤੇ ਰੁਮਾਲਾਂ ਉੱਤੇ ਲੱਕੜੀ ਦੇ ਠੱਪਿਆਂ ਨਾਲ ਛਾਪੇ ਲਾਉਂਦਾ ਉਹ ਆਪਣੀ ਰੋਟੀ ਦਾ ਜੁਗਾੜ ਕਰਦਾ ਸੀ। ਕੰਮ ਕਰਦੇ-ਕਰਦੇ ਉਹ ਉਰਦੂ ਦੇ ਸ਼ਿਅਰ ਗੁਣਗੁਣਾਉਂਦੇ ਰਹਿੰਦੇ। ਇਸੇ ਗੁਣਗੁਣਾਹਟ ਵਿੱਚ ਕਦੇ-ਕਦੇ ਉਹ ਕਵਿਤਾ ਵੀ ਲਿਖ ਲੈਂਦੇ। ਦੋਸਤਾਂ-ਮਿੱਤਰਾਂ ਨਾਲ ਛਿੰਝਾਂ ਮੇਲਿਆਂ ਦੀ ਰੌਣਕ ਵਧਾਉਣੀ ਤੇ ਕਵੀਸ਼ਰੀ ਸੁਣਨਾ ਉਨ੍ਹਾਂ ਦਾ ਸ਼ੌਕ ਸੀ। ਇੱਕ ਵਾਰ ਉਹ ਦੋਸਤਾਂ ਨਾਲ ਰਾਮਲੀਲਾ ਦੇਖਣ ਗਏ। ਉੱਥੇ ਔਰਤਾਂ ਲਈ ਬੈਠਣ ਦੀ ਥਾਂ ਅਰਧ ਚੱਕਰ ਵਾਲੀ ਸਟੇਜ ਦੇ ਨਾਲ ਹੀ ਸੀ। ਔਰਤਾਂ ਦੇ ਪਿੱਛੇ ਆਦਮੀ ਖੜ੍ਹੇ ਹੁੰਦੇ ਸਨ। ਉਨ੍ਹਾਂ ਖੜ੍ਹੇ ਆਦਮੀਆਂ ਵਿੱਚ ਇਹ ਮੁਸਾਫ਼ਿਰ ਵੀ ਆਪਣੇ ਹਾਣੀਆਂ ਨਾਲ ਖੜ੍ਹਾ ਸੀ। ‘‘ਓ ਬਲਵੰਤ, ਉਹ ਦੇਖ ਲੱਖਪਤੀਆਂ ਦੀ ਧੀ ਸ਼ਾਇਦ ਤੈਨੂੰ ਲੱਭਦੀ ਹੈ?’’ ਨਾਲ ਦੇ ਸਾਥੀ ਨੇ ਮੁਸਾਫ਼ਿਰ ਦੇ ਕੰਨ ਵਿੱਚ ਹੌਲੀ ਜਿਹੇ ਕਹਿੰਦਿਆਂ ਹੱਥ ਨਾਲ ਓਧਰ ਨੂੰ ਇਸ਼ਾਰਾ ਕੀਤਾ। ਬਲਵੰਤ ਨੇ ਉਸ ਕੁੜੀ ਵੱਲ ਦੇਖਿਆ ਤਾਂ ਦੇਖਦਾ ਹੀ ਰਹਿ ਗਿਆ। ‘‘ਵਾਹ, ਇਹ ਤਾਂ ਚੌਦ੍ਹਵੀਂ ਦਾ ਚੰਦ ਜ਼ਮੀਨ ਉੱਤੇ ਉਤਰਿਆ ਹੋਇਆ ਹੈ,’’ ਆਪ-ਮੁਹਾਰੇ ਬਲਵੰਤ ਰਾਏ ਸ਼ਰਮਾ ਦੇ ਮੂੰਹੋਂ ਨਿਕਲਿਆ। ਦੱਸਣ ਵਾਲਾ ਆਪ ਤਾਂ ਰਾਮਲੀਲਾ ਦੇਖਣ ਲੱਗ ਪਿਆ ਪਰ ਬਲਵੰਤ ਰਾਏ ਦੀ ਨਜ਼ਰ ਉਸ ਕੁੜੀ ਦੇ ਚਿਹਰੇ ਤੋਂ ਨਾ ਹਟੀ। ਉਹ ਕੁੜੀ ਬਲਵੰਤ ਦੇ ਦਿਲ ਵਿੱਚ ਵਸ ਗਈ। ਬਲਵੰਤ ਉਸੇ ਦਾ ਹੋ ਕੇ ਰਹਿ ਗਿਆ। ਇਸ ਗੱਲ ਦੀ ਹਾਮੀ ਕੁਲਬੀਰ ਸਿੰਘ ਕਾਂਗ ਆਪਣੀ ਕਿਤਾਬ ‘ਦੁੱਧ ਦੇ ਦਰਿਆ’ ਵਿੱਚ ਕੁਝ ਇਸ ਤਰ੍ਹਾਂ ਭਰਦੇ ਹਨ: ਉਨ੍ਹਾਂ ਦਿਨਾਂ ਵਿੱਚ ਕਾਂਗਰਸ ਨੇ ਵਾਲੰਟੀਅਰਾਂ ਦੀ ਟਰੇਨਿੰਗ ਲਈ ਜਲ੍ਹਿਆਂਵਾਲੇ ਬਾਗ਼ ਵਿੱਚ ਕੈਂਪ ਲਾਇਆ। ਬਲਵੰਤ ਹੁਰਾਂ ਨੇ ਉਹ ਕੈਂਪ ਅਟੈਂਡ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੂੰ ਟਰੇਨਿੰਗ ਨਾਲ ਕੋਈ ਮਤਲਬ ਨਹੀਂ ਸੀ। ਉਹ ਸਿਰਫ਼ ਇਸ ਕਰਕੇ ਜਾਂਦੇ ਕਿ ਦੋ ਵਾਰ ਪ੍ਰੇਮਿਕਾ ਦੇ ਘਰ ਅੱਗਿਓਂ ਲੰਘਣ ਦਾ ਸਬੱਬ ਬਣਦਾ ਸੀ ਤੇ ਦੀਦਾਰ ਹੋਣ ਦੀ ਆਸ਼ਾ ਬਣੀ ਰਹਿੰਦੀ ਸੀ। ਕਈ ਲੋਕ ਬਲਵੰਤ ਨੂੰ ਘੁੰਗਰਾਲੇ ਵਾਲ ਹੋਣ ਕਰ ਕੇ ‘ਬਾਵਾ’ ਵੀ ਕਹਿੰਦੇ ਸਨ। ਬਾਅਦ ਵਿੱਚ ਇਹ ਦੋਵੇਂ ਨਾਂ ਇੱਕ ਹੋ ਕੇ ਬਾਵਾ ਬਲਵੰਤ ਬਣ ਗਿਆ। ਬਾਵਾ ਮੁਨਿਆਰਾਂ ਵਾਲੇ ਬਾਜ਼ਾਰ ਵਿੱਚ ਆਪਣੇ ਕੰਮ ’ਚ ਰੁੱਝੇ ਹੋਏ ਸਨ ਕਿ ਉਨ੍ਹਾਂ ਦੀ ਪ੍ਰੇਮਿਕਾ ਦਰਵਾਜ਼ੇ ’ਤੇ ਆ ਖੜ੍ਹੀ ਹੋਈ। ਬਾਵਾ ਨੂੰ ਬਾਕੀ ਦੁਨੀਆਂ ਭੁੱਲ ਗਈ। ਬਾਵਾ ਨੇ ਉਸ ਦਾ ਨਾਂ ਪਤਾ ਕਰ ਲਿਆ ਸੀ। ਕ੍ਰਿਸ਼ਨਾ ਰੁਮਾਲ ਲੈ ਕੇ ਆਈ ਸੀ ਛਪਵਾਉਣ ਲਈ। ਉਨ੍ਹਾਂ ਨੇ ਬੜੇ ਚਾਅ ਨਾਲ ਕ੍ਰਿਸ਼ਨਾ ਤੋਂ ਰੁਮਾਲ ਲੈ ਕੇ ਰੱਖ ਲਏ ਤੇ ਉਸ ਨੂੰ ਕੱਲ੍ਹ ਲੈ ਜਾਣ ਲਈ ਕਿਹਾ। ਉਨ੍ਹਾਂ ਨੇ ਸਾਰਾ ਕੰਮ ਛੱਡ ਕੇ ਪਹਿਲਾਂ ਕ੍ਰਿਸ਼ਨਾ ਦੇ ਰੁਮਾਲਾਂ ਉੱਤੇ ਬੜੀ ਰੀਝ ਨਾਲ ਛਪਾਈ ਕੀਤੀ ਤੇ ਬੜੇ ਪਿਆਰ ਨਾਲ ਉਨ੍ਹਾਂ ਨੂੰ ਸਹੇਜ ਕੇ ਰੱਖਿਆ ਤੇ ਕ੍ਰਿਸ਼ਨਾ ਦੀ ਉਡੀਕ ਹੋਣ ਲੱਗੀ। ਉਡੀਕਦਿਆਂ ਦੁਪਹਿਰਾ ਹੋ ਗਿਆ। ਜਦੋਂ ਉਹ ਆਈ ਤਾਂ ਬਾਵਾ ਬਲਵੰਤ ਨੇ ਰੁਮਾਲ ਆਪਣੇ ਦੋਵਾਂ ਹੱਥਾਂ ਉੱਤੇ ਰੱਖ ਕੇ ਇਸ ਤਰ੍ਹਾਂ ਪੇਸ਼ ਕੀਤੇ ਜਿਵੇਂ ਕਿਸੇ ਨੂੰ ਬਹੁਤ ਹੀ ਕੀਮਤੀ ਤੇ ਪਵਿੱਤਰ ਚੀਜ਼ ਪੇਸ਼ ਕੀਤੀ ਜਾਂਦੀ ਹੈ। ‘‘ਕਿੰਨੇ ਪੈਸੇ ਇਨ੍ਹਾਂ ਦੇ?’’ ਕ੍ਰਿਸ਼ਨਾ ਦੇ ਬੁੱਲ੍ਹ ਫਰਕੇ। ‘‘ਕੋਈ ਪੈਸਾ ਨਹੀਂ,’’ ਬਾਵਾ ਨੇ ਸਹਿਜ ਨਾਲ ਕਿਹਾ। ‘‘ਨਹੀਂ ਮੈਂ ਇਨ੍ਹਾਂ ਦੇ ਪੈਸੇ ਜ਼ਰੂਰ ਦੇਣੇ ਹਨ,’’ ਕ੍ਰਿਸ਼ਨਾ ਦੇ ਲਹਿਜ਼ੇ ਵਿੱਚ ਜ਼ਿੱਦ ਸੀ। ਉਸ ਨੇ ਪੈਸੇ ਵਾਲਾ ਹੱਥ ਮੁੱਠ ਖੋਲ੍ਹ ਕੇ ਬਾਵਾ ਬਲਵੰਤ ਦੇ ਅੱਗੇ ਕਰ ਦਿੱਤਾ। ਉਨ੍ਹਾਂ ਨੇ ਦੇਖਿਆ ਕਿ ਕ੍ਰਿਸ਼ਨਾ ਦੇ ਹੱਥ ਨੂੰ ਪਸੀਨਾ ਆਇਆ ਹੋਇਆ ਸੀ ਤੇ ਪਸੀਨੇ ਨਾਲ ਪੈਸਾ ਭਿੱਜਾ ਹੋਇਆ ਸੀ। ‘‘ਦੇਖੋ ਇਹ ਪੈਸਾ ਤੁਹਾਡੇ ਤੋਂ ਵਿਛੜਨਾ ਨਹੀਂ ਚਾਹੁੰਦਾ, ਇਸ ਕਰ ਕੇ ਰੋ ਰਿਹਾ ਹੈ।’’ ਪਰ ਕ੍ਰਿਸ਼ਨਾ ਨੇ ਕੋਈ ਜੁਆਬ ਨਾ ਦਿੱਤਾ, ਖੁੱਲ੍ਹਾ ਹੱਥ ਅਜੇ ਵੀ ਉਨ੍ਹਾਂ ਦੇ ਅੱਗੇ ਉਸੇ ਤਰ੍ਹਾਂ ਸੀ। ਬਹੁਤ ਚਿਰ ਜਦੋਂ ਹੱਥ ਪਿੱਛੇ ਨਾ ਹਟਿਆ ਤਾਂ ਬਾਵਾ ਬਲਵੰਤ ਨੇ ਪੈਸਾ ਚੁੱਕ ਲਿਆ ਤੇ ਇੱਕ ਕੱਪੜੇ ਵਿੱਚ ਬੰਨ੍ਹ ਕੇ ਕ੍ਰਿਸ਼ਨਾ ਦੀ ਯਾਦ ਵਜੋਂ ਆਪਣੀ ਸੰਦੂਕੜੀ ਵਿੱਚ ਰੱਖ ਲਿਆ। ਉਹ ਪੈਸਾ ਸਾਰੀ ਉਮਰ ਉੱਥੇ ਹੀ ਪਿਆ ਰਿਹਾ। ਜਦੋਂ ਤਕ ਬਾਵਾ ਬਲਵੰਤ ਅੰਮ੍ਰਿਤਸਰ ਰਹੇ। ਬਾਵਾ ਦੇ ਦੋਸਤਾਂ ਵਿੱਚ ਪ੍ਰਿੰ. ਸੁਜਾਨ ਸਿੰਘ, ਈਸ਼ਵਰ ਚਿੱਤਰਕਾਰ, ਡਾ. ਹਰਭਜਨ ਸਿੱਘ, ਚਿੱਤਰਕਾਰ ਅਬਦੁਰ ਰਹਿਮਾਨ ਚੁਗਤਾਈ ਤੇ ਅਮਰ ਸਿੰਘ ਆਦਿ ਸ਼ਾਮਲ ਸਨ। ਬਾਵਾ ਨੇ ਜੋ ਰਚਨਾ ਕੀਤੀ ਉਹ ਸਮੇਂ ਤੋਂ ਕਾਫ਼ੀ ਅੱਗੇ ਸੀ। ਇਸ ਗੱਲ ਦਾ ਜ਼ਿਕਰ ਪ੍ਰਿੰ. ਸੁਜਾਨ ਸਿੰਘ ਨੇ ਬਾਵਾ ਦੀ ਕਿਤਾਬ ‘ਬੰਦਰਗਾਹ’ ਦੀ ਭੂਮਿਕਾ ਵਿੱਚ ਖ਼ਾਸ ਤੌਰ ’ਤੇ ਕੀਤਾ ਹੈ। ਇਸੇ ਗੱਲ ਦਾ ਜ਼ਿਕਰ ਅਮਰ ਸਿੰਘ ਨੇ ‘ਮੁਕੱਦਮਾ’ ਸਿਰਲੇਖ ਹੇਠ ਕੀਤਾ ਹੈ। ਬਾਵਾ ਬਲਵੰਤ ਦੇ ਦਿਲ ਵਿੱਚ ਕ੍ਰਿਸ਼ਨਾ ਦੇ ਪਿਆਰ ਦਾ ਦਰਦ ਕੋਸਾ-ਕੋਸਾ ਕਾਇਮ ਸੀ। ਇੱਕ ਤਾਂ ਕ੍ਰਿਸ਼ਨਾ ਲੱਖਪਤੀਆਂ ਦੀ ਧੀ ਸੀ ਤੇ ਦੂਜਾ ਪ੍ਰੇਮ ਦਾ ਮਘਦਾ ਕੋਲਾ ਬਾਵਾ ਦੇ ਦਿਲ ਵਿੱਚ ਹੀ ਸੀ। ਇੱਕ ਵਾਰ ਬਾਵਾ ਦੁਕਾਨ ’ਤੇ ਬੈਠੇ ਕੰਮ ਕਰ ਰਹੇ ਸਨ, ਕਿਸੇ ਨੇ ਆ ਕੇ ਦੱਸਿਆ, ‘‘ਕ੍ਰਿਸ਼ਨਾ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਫਲਾਣੇ ਰਸਤੇ ਘਰ ਨੂੰ ਜਾ ਰਹੀ ਹੈ।’’ ਇਹ ਸੁਣਦਿਆਂ ਹੀ ਬਾਵਾ ਜੀ ਨੰਗੇ ਪੈਰੀਂ ਧੁੱਪ ਵਿੱਚ ਘੰਟਾ ਘਰ ਜਾ ਪਹੁੰਚੇ, ਦੀਦਾਰ ਕੀਤੇ। ਕ੍ਰਿਸ਼ਨਾ ਨੇ ਓਪਰਿਆਂ ਵਾਂਗੂ ਦੇਖਿਆ ਤੇ ਅੱਗੇ ਨਿਕਲ ਗਈ। ਬਾਵਾ ਵਿੱਚੋ-ਵਿੱਚ ਹੁੰਦੇ ਹੋਏ ਅਗਲੇ ਮੋੜ ’ਤੇ ਜਾ ਪਹੁੰਚੇ ਤੇ ਦੀਦਾਰ ਕੀਤੇ। ਕ੍ਰਿਸ਼ਨਾ ਨੇ ਫਿਰ ਕੋਈ ਹੁੰਗਾਰਾ ਨਾ ਭਰਿਆ ਤੇ ਅੱਗੇ ਲੰਘ ਗਈ। ਬਾਵਾ ਬਲਵੰਤ ਤੀਜੇ ਚੌਕ ਵਿੱਚ ਜਾ ਖੜ੍ਹੇ ਹੋਏ। ਕ੍ਰਿਸ਼ਨਾ ਨੇ ਉਲ੍ਹਾਮੇ ਦੀ ਨਜ਼ਰ ਨਾਲ ਦੇਖਿਆ ਜਿਵੇਂ ਕਹਿ ਰਹੀ ਹੋਵੇ, ਹੁਣ ਤਾਂ ਹੱਦ ਹੋ ਗਈ, ਬੜਾ ਢੀਠ ਹੈਂ, ਮੁੜ ਜਾ ਏਥੋਂ। ਬਾਵਾ ਜੀ ਨੇ ਨਿਰਾਸ਼ਾ ਵਿੱਚ ਉੱਥੋਂ ਵਾਪਸੀ ਕਰ ਲਈ ਪਰ ਇਸ ਨਿਰਾਸ਼ਾ ਦੇ ਅਹਿਸਾਸ ਨੇ ਬੰਦਰਗਾਹ ਨੂੰ ਜਨਮ ਦਿੱਤਾ ਜੋ ਉਨ੍ਹਾਂ ਦੀ ਸਭ ਤੋਂ ਵਧੀਆ ਰਚਨਾ ਸਾਬਤ ਹੋਈ। ਜਹਾਜ਼ ਵਾਲੇ! ਸਦਾ ਜੈ ਤੇਰੇ ਨਿਸ਼ਾਨਾਂ ਦੀ, ਜਹਾਜ਼ ਵਾਲੇ! ਸਦਾ ਜੈ ਤੇਰੇ ਬਾਦਬਾਨਾਂ ਦੀ। ਤੂੰ ਆਪਣੇ ਮੌਨ ਸਿਪਾਹੀਆਂ ਦੇ ਦਿਲਾਂ ’ਚ ਦਰਦ ਜਗਾ, ਕਹਿ ਦੇ ਕਹਿ ਦੇ ਸੁਪਨਕਾਰ ਤੂੰ ਹੈ ਸਭ ਤੋਂ ਜੁਦਾ। ਬਾਵਾ ਬਲਵੰਤ ਨੇ ਕ੍ਰਿਸ਼ਨਾ ਦੀ ਯਾਦ ਨਾਲ ਹੀ ਵਿਆਹ ਕਰਵਾ ਲਿਆ ਤੇ ਉਸ ਦੀ ਯਾਦ ਵਿੱਚ ਹੀ ਲਿਖਦੇ ਰਹੇ। ਬੇਸ਼ੱਕ ਕ੍ਰਿਸ਼ਨਾ ਉਨ੍ਹਾਂ ਨੂੰ ਫਿਰ ਕਦੇ ਨਹੀਂ ਮਿਲੀ। ਮਨ ਦੀ ਮਲਿਕਾ ਕਨੀਜ਼ ਨਈ ਰਹਿੰਦੀ, ਜਾਨ ਦਿਲ ਤੋਂ ਅਜ਼ੀਜ਼ ਨਈ ਰਹਿੰਦੀ। ਤੂੰ ਤੁਸੀਂ ਓ ਸੋ੍ਹਣਿਓਂ ਪਿਆਰ ਵਿੱਚ ਇਹ ਤਮੀਜ਼ ਨਈ ਰਹਿੰਦੀ। ਬਾਵਾ ਬਲਵੰਤ ਨੂੰ ਪਤਾ ਲੱਗਾ ਕਿ ਕ੍ਰਿਸ਼ਨਾ ਸ਼ਾਇਦ ਵਿਆਹ ਹੋ ਕੇ ਦਿੱਲੀ ਚਲੀ ਗਈ ਹੈ। ਬਾਵਾ ਨੇ ਵੀ ਅੰਮ੍ਰਿਤਸਰ ਛੱਡਿਆ ਤੇ ਦਿੱਲੀ ਆ ਡੇਰਾ ਲਾਇਆ। ਫਿਰ ਛੇਕ ਹੋਏ ਜੁੱਤੀਆਂ ਦੇ ਤਲਿਆਂ ਨਾਲ ਦਿੱਲੀ ਦੀਆਂ ਸੜਦੀਆਂ ਸੜਕਾਂ ਨਾਪੀਆਂ। ਬੇਸ਼ੱਕ ਦਿੱਲੀ ਵੀ ਕਾਫ਼ੀ ਦੋਸਤ ਬਣ ਗਏ ਸਨ ਪਰ ਉਨ੍ਹਾਂ ਦੇ ਰਹਿਣ ਦਾ ਟਿਕਾਣਾ ਸਾਰਿਆਂ ਨੂੰ ਨਹੀਂ ਸੀ ਪਤਾ। ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਵੀ ਕੋਈ ਪੱਕਾ ਟਿਕਾਣਾ ਨਹੀਂ ਸੀ। ਕਿਤੇ ਕਵਿਤਾ ਛਪੀ ਤੋਂ ਦੋ ਪੈਸੇ ਮਿਲ ਗਏ ਤਾਂ ਠੀਕ ਹੈ, ਦੋ-ਚਾਰ ਦਿਨ ਸੌਖੇ ਲੰਘ ਗਏ, ਨਾ ਮਿਲੇ ਤਾਂ ਵੀ ਅੱਲਾ ਬੇਲੀ। ਕਿਸੇ ਨੂੰ ਕਹਿਣਾ ਕੁਝ ਨਹੀਂ। ਯਾਰਾਂ ਦੋਸਤਾਂ ਨੇ ਆਪਣੇ ਵਸੀਲੇ ਨਾਲ ਪੈਨਸ਼ਨ ਲੁਆਈ ਸੀ ਪਰ ਉਸ ਨਾਲ ਵੀ ਗੁਜ਼ਾਰਾ ਮੁਸ਼ਕਿਲ ਹੀ ਹੁੰਦਾ ਸੀ। ਪਹਿਲਾਂ ਪਹਿਲ ਜਦੋਂ ਉਹ ਦਿੱਲੀ ਆਏ ਤਾਂ ਅਮਰ ਸਿੰਘ ਕੇਸਰੀ ਹੋਟਲ ਵਿੱਚ ਰਹਿੰਦਾ ਸੀ। ਉਸ ਕੋਲ ਵੀ ਇੱਕ ਹੀ ਮੰਜਾ ਸੀ। ਬਾਵਾ ਬਲਵੰਤ ਨੇ ਉੱਥੇ ਹੀ ਫ਼ਰਸ਼ ਉੱਤੇ ਚਾਦਰ ਵਿਛਾ ਲਈ। ਉੱਥੇ ਰੋਟੀ ਦੀ ਵੀ ਸਮੱਸਿਆ ਸੀ। ਇਸ ਕਰਕੇ ਉੱਥੋਂ ਡੇਰਾ ਚੁੱਕਿਆ ਤੇ ਇੱਕ ਪ੍ਰਕਾਸ਼ਕ ਰਘਵੀਰ ਸਿੰਘ ਦੇ ਗੁਦਾਮ ਵਿੱਚ ਇੱਕ ਮੰਜੀ ਦੀ ਥਾਂ ਮਿਲ ਗਈ। ਇੱਕ ਮੰਜੀ-ਬਿਸਤਰਾ, ਇੱਕ ਟਰੰਕ, ਇੱਕ ਸੁਰਾਹੀ ਅਤੇ ਇੱਕ ਸੰਦੂਕੜੀ ਉਨ੍ਹਾਂ ਦੀ ਸਾਰੀ ਜਾਇਦਾਦ ਸੀ। ਉੱਥੇ ਵੀ ਥੋੜ੍ਹਾ ਚਿਰ ਹੀ ਨਿਕਲਿਆ ਤਾਂ ਰੇਡੀਓ ਦੇ ਇੱਕ ਕੰਟਰੈਕਟ ਨੇ ਉੱਥੋਂ ਵੀ ਡੇਰਾ ਚੁਕਵਾ ਦਿੱਤਾ। ਹੋਈ ਇਸ ਤਰ੍ਹਾਂ ਕਿ ਕੁਝ ਸਾਲ ਪਹਿਲਾਂ ਕਿਸੇ ਕੰਟਰੈਕਟ ਕਰ ਕੇ ਬਾਵਾ ਬਲਵੰਤ ਦੀ ਰੇਡੀਓ ਸਟੇਸ਼ਨ ਵਾਲਿਆਂ ਨਾਲ ਤੂੰ-ਤੂੰ, ਮੈਂ-ਮੈਂ ਹੋ ਗਈ। ਉਨ੍ਹਾਂ ਨੇ ਸਹੁੰ ਖਾਧੀ ਕਿ ਉਹ ਅੱਗੋਂ ਇਨ੍ਹਾਂ ਨਾਲ ਕੋਈ ਵਾਸਤਾ ਨਹੀਂ ਰੱਖਣਗੇ। ਇਸ ਗੱਲ ਨੂੰ ਕਈ ਸਾਲ ਨਿਕਲ ਗਏ। ਬਾਵਾ ਦੀ ਪੈਸੇ ਵੱਲੋਂ ਹਾਲਤ ਢਿੱਲੀ ਹੀ ਸੀ ਤੇ ਰੇਡੀਓ ਸਟੇਸ਼ਨ ’ਤੇ ਅਨਾਊਂਸਰ ਅੰਮ੍ਰਿਤਾ ਪ੍ਰੀਤਮ ਸੀ। ਉਸ ਨੇ ਸੋਚਿਆ ਬਾਵਾ ਬਲਵੰਤ ਦੋ-ਚਾਰ ਕਵਿਤਾਵਾਂ ਪੜ੍ਹ ਜਾਣਗੇ ਤਾਂ ਉਨ੍ਹਾਂ ਦੀ ਕੁਝ ਮਦਦ ਹੋ ਜਾਏਗੀ। ਉਸ ਨੇ ਪਹਿਲਾਂ ਤਾਂ ਕਿਸੇ ਦੇ ਹੱਥ ਫਾਰਮ ਸਾਈਨ ਕਰਨ ਲਈ ਭੇਜਿਆ, ਬਾਵਾ ਨੇ ਮੋੜ ਦਿੱਤਾ। ਫਿਰ ਉਹ ਆਪ ਆਈ ਤਾਂ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਅੰਮ੍ਰਿਤਾ ਆਪ ਆ ਰਹੀ ਹੈ ਤਾਂ ਉਹ ਪਿਛਲੇ ਬੂਹਿਓਂ ਖਿਸਕ ਗਏ। ਇਸ ਤਰ੍ਹਾਂ ਉਹ ਟਿਕਾਣਾ ਵੀ ਖੁੱਸ ਗਿਆ। ਬਾਵਾ ਬਲਵੰਤ ਦਾ ਅਗਲਾ ਤੇ ਆਖ਼ਰੀ ਟਿਕਾਣਾ ਬਣਿਆ ਪ੍ਰੇਮਿਕਾ ਦੇ ਨਾਮ ਵਾਲੇ ਕ੍ਰਿਸ਼ਨ ਨਗਰ ਦੀ ਇੱਕ ਘਰ ਦੀ ਮਿਆਨੀ ਜਿਸ ਵਿੱਚ ਆਮ ਕੱਦ ਦਾ ਆਦਮੀ ਵੀ ਸਿੱਧਾ ਨਹੀਂ ਸੀ ਖੜ੍ਹਾ ਹੋ ਸਕਦਾ। ਇੱਕੋ ਮੰਜੀ ਉਸ ਵਿੱਚ ਬੜੇ ਯਤਨ ਨਾਲ ਡਾਹੀ ਗਈ ਸੀ। ਟਰੰਕ, ਸੰਦੂਕੜੀ ਵਗੈਰਾ ਮੰਜੀ ਦੇ ਹੇਠਾਂ ਰੱਖੇ ਸਨ। ਜਦੋਂ ਲਿਖਣ ਦਾ ਵੇਲਾ ਆਉਂਦਾ ਤਾਂ ਸੰਦੂਕੜੀ ਮੰਜੇ ਦੇ ਉੱਤੇ ਰੱਖ ਲਈ ਜਾਂਦੀ। ਇਸ ਮਿਆਨੀ ਦੇ ਮਾਲਕ ਬਹੁਤ ਭਲੇ ਸਨ। ਉਹ ਬਾਵਾ ਬਲਵੰਤ ਨੂੰ ਆਪਣੇ ਬਜ਼ੁਰਗਾਂ ਵਾਂਗੂ ਮੰਨਦੇ, ਇੱਜ਼ਤ ਤੇ ਸੇਵਾ ਕਰਦੇ ਸਨ। ਇਹ ਮਿਆਨੀ ਉਨ੍ਹਾਂ ਦਾ ਆਖਰੀ ਰੈਣ-ਬਸੇਰਾ ਬਣੀ। ਉਨ੍ਹਾਂ ਦੀ ਇੱਕ ਬੜੀ ਪਿਆਰੀ ਰਚਨਾ ਯਾਦ ਆ ਗਈ: ਊਸ਼ਾ ਦੀ ਲਾਲੀ ਦਾ ਹੋਇਆ ਹੈ ਉੱਚਾ ਸਿਰ ਏਨਾ ਕਿ ਸਿਰ ਝੁਕਾ ਕੇ ਪਏ ਤਾਜ਼ਦਾਰ ਲੰਘਦੇ ਨੇ। ਊਂਘਦੀ ਪਰਲੋ ਨੂੰ ਨਾ ਕਿਤੇ ਜਾਗ ਆ ਜਾਏ ਇਹ ਪੈਰ ਛੋਪਲੇ ਤੇਰਾ ਬਾਜ਼ਾਰ ਲੰਘਦੇ ਨੇ।

* ਮੋਬਾਈਲ: 98762-08542

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All