ਉੱਤਰ ਪ੍ਰਦੇਸ਼ ’ਚ ‘ਰਾਮ ਰਾਜ’ ਨਹੀਂ ਨੱਥੂਰਾਮ ਰਾਜ’: ਅਖਿਲੇਸ਼ ਯਾਦਵ

ਝਾਂਸੀ, 10 ਅਕਤੂਬਰ

ਲਖਨਊ ਵਿੱਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਮੀਡੀਆ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਪੀਟੀਆਈ

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ’ਚ ਹੁਕਮਰਾਨ ਭਾਜਪਾ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਸੂਬੇ ’ਚ ‘ਰਾਮ ਰਾਜ’ ਨਹੀਂ ਸਗੋਂ ‘ਨੱਥੂਰਾਮ ਰਾਜ’ ਹੈ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਉਹ ਇਕ ਦਿਨ ਪਹਿਲਾਂ ਪੁਲੀਸ ਮੁਕਾਬਲੇ ’ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ ਮਿਲ ਕੇ ਆਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਹਜੂਮੀ ਹਿੰਸਾ (ਲਿੰਚਿੰਗ) ਤੋਂ ਇਲਾਵਾ ਹੁਣ ਪੁਲੀਸ ਲਿੰਚਿੰਗ ਵੀ ਹੋ ਰਹੀ ਹੈ ਜੋ ਯੂਪੀ ’ਚ ਦੇਖੀ ਜਾ ਸਕਦੀ ਹੈ।’’ ਪੁਲੀਸ ਮੁਤਾਬਕ ਪੁਸ਼ਪੇਂਦਰ ਯਾਦਵ ਨੇ ਐਤਵਾਰ ਨੂੰ ਪੁਲੀਸ ਪਾਰਟੀ ’ਤੇ ਗੋਲੀਆਂ ਚਲਾਈਆਂ ਸਨ ਅਤੇ ਮੁਕਾਬਲੇ ਦੌਰਾਨ ਉਹ ਮਾਰਿਆ ਗਿਆ ਸੀ। ਦੂਜੇ ਪਾਸੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਪੁਲੀਸ ਸਟੇਸ਼ਨ ਇੰਚਾਰਜ ਨੂੰ ਰਿਸ਼ਵਤ ਦੇਣ ਤੋਂ ਇਨਕਾਰ ਕੀਤੇ ਜਾਣ ’ਤੇ ਫਰਜ਼ੀ ਮੁਕਾਬਲੇ ’ਚ ਪੁਸ਼ਪੇਂਦਰ ਨੂੰ ਮਾਰਿਆ ਗਿਆ ਹੈ। ਮੁਕਾਬਲੇ ਬਾਰੇ ਝਾਂਸੀ ਦੇ ਐੱਸਐੱਸਪੀ ਅਤੇ ਐੱਸਐੱਚਓ ਦੇ ਮੁੱਢਲੇ ਬਿਆਨ ਵੀ ਵੱਖੋ ਵੱਖਰੇ ਹਨ। ਅਖਿਲੇਸ਼ ਯਾਦਵ ਨੇ ਕਿਹਾ ਕਿ ਪੁਲੀਸ ਦੀ ਕਹਾਣੀ ’ਚ ਕਈ ਖਾਮੀਆਂ ਹਨ ਅਤੇ ਉਨ੍ਹਾਂ ਨੂੰ ਪੁਲੀਸ ਤੇ ਪ੍ਰਸ਼ਾਸਨ ’ਤੇ ਕੋਈ ਭਰੋਸਾ ਨਹੀਂ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All