ਉੱਘੇ ਲੇਖਕ ਸੁਖਬੀਰ ਨਹੀਂ ਰਹੇ

ਉੱਘੇ ਲੇਖਕ ਸੁਖਬੀਰ ਨਹੀਂ ਰਹੇ

ਮੁੰਬਈ ਦੇ ਹਸਪਤਾਲ ’ਚ ਹੋਇਆ ਦੇਹਾਂਤ

ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 23 ਫਰਵਰੀ

ਪੰਜਾਬੀ ਦੇ ਉੱਘੇ ਕਵੀ, ਨਾਵਲਕਾਰ ਅਤੇ ਲੇਖਕ ਸੁਖਬੀਰ ਨਹੀਂ ਰਹੇ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਬੀਤੀ ਰਾਤ ਮੁੰਬਈ ਦੇ  ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 87 ਵਰ੍ਹਿਆਂ ਦੇ ਸਨ। ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਕਵਿਤਾਵਾਂ, ਨਾਵਲਾਂ ਅਤੇ ਕਹਾਣੀਆਂ ਦੀਆਂ ਕਈ ਕਿਤਾਬਾਂ ਪਾਈਆਂ। ਉਹ ਅਜਿਹੇ ਲੇਖਕ ਸਨ ਜਿਨ੍ਹਾਂ ਨੇ ਪੰਜਾਬੀ ਸ਼ੈਲੀ ਵਿੱਚ ਕਈ ਤਜਰਬੇ ਕੀਤੇ। ਉਹ ਸਦਾ ਹੀ ਇਨਾਮ  ਲੈਣ ਦੇ ਖ਼ਿਲਾਫ਼ ਰਹੇ ਤੇ ਆਖ਼ਰੀ ਸਾਹਾਂ ਤੱਕ ਕੋਈ ਇਨਾਮ ਜਾਂ ਐਵਾਰਡ ਪ੍ਰਵਾਨ ਨਹੀਂ ਕੀਤਾ। ਉਹ ਪੰਜਾਬ ਤੋਂ ਬਾਹਰ ਰਹਿੰਦੇ ਹੋਏ ਪੰਜਾਬੀ ਦੇ ਕੁਲਵਕਤੀ ਲੇਖਕ ਸਨ। ਉਨ੍ਹਾਂ ਨੇ ਆਪਣੀ ਰੋਜ਼ੀ ਰੋਟੀ ਚਲਾਉਣ ਲਈ ਹਿੰਦੀ ਤੇ ਮਰਾਠੀ ਵਿੱਚ ਵੀ ਪੱਤਰਕਾਰੀ ਕੀਤੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਕਵਿਤਾਵਾਂ ਲਿਖੀਆਂ। ਆਪਣੀਆਂ ਕਵਿਤਾਵਾਂ ਵਿੱਚ ਪੇਂਟਿੰਗਾਂ ਦੇ ਮਾਡਲਾਂ ਨੂੰ ਆਧਾਰ ਬਣਾਇਆ। ਉਨ੍ਹਾਂ ਦੀ ਪਹਿਲੀ ਕਵਿਤਾਵਾਂ ਦੀ ਕਿਤਾਬ ‘ਨੈਣ ਨਕਸ਼’ ਆਈ। ਉਸ ਤੋਂ ਬਾਅਦ ‘ਪੈੜਾਂ’, ‘ਲਫਜ਼ ਤੇ ਲੀਕਾਂ’ ਤੇ  ਅਖੀਰ ਵਿੱਚ ‘ਲਹੂ ਲਿਬੜੇ ਪੈਰ’ । ਉਨ੍ਹਾਂ ਨੇ ਕੁਲ ਪੰਜ ਨਾਵਲ ਲਿਖੇ ਜਿਨ੍ਹਾਂ ਵਿੱਚ ‘ਪਾਣੀ ਤੇ ਪੁਲ’, ‘ਰਾਤ ਦਾ ਚਿਹਰਾ’, ‘ਸੜਕਾਂ ਤੇ ਕਮਰੇ’, ‘ਗਰਦਸ਼’ ਅਤੇ ‘ਅੱਧੇ ਪੌਣੇ’ ਸ਼ਾਮਲ ਹਨ। ਉਨ੍ਹਾਂ ਨੇ ਕਹਾਣੀਆਂ ਦੀਆਂ ਕਈ ਪੁਸਤਕਾਂ ਲਿਖੀਆਂ। ‘ਰੁਕੀ ਹੋਈ ਰਾਤ’ ਉਨ੍ਹਾਂ ਦਾ ਆਖਰੀ ਕਹਾਣੀ ਸੰਗ੍ਰਹਿ ਸੀ। ਉਨ੍ਹਾਂ ਦੀਆਂ ਲਿਖਤਾਂ ਨੇ ਪਾਠਕਾਂ ’ਤੇ ਅਮਿੱਟ ਛਾਪ ਛੱਡੀ। ਸੁਖਬੀਰ ਨੇ ਹਿੰਦੀ ਵਿੱਚ ਕਾਫੀ ਕੁਝ ਲਿਖਿਆ ਤੇ ਉਹ ਤਕੜੇ ਅੁਨਵਾਦਕ ਵੀ ਸਨ। ਉਨ੍ਹਾਂ ਨੇ ਕਈ ਪੁਸਤਕਾਂ ਪੰਜਾਬੀ ਤੇ ਹਿੰਦੀ ਵਿੱਚ ਅੁਨਵਾਦ ਕੀਤੀਆਂ। ਪੰਜਾਬੀ ਸਾਹਿਤ ਸਭਾ ਦਿੱਲੀ ਦੇ ਡਾਇਰੈਕਟਰ ਡਾ. ਕਰਨਜੀਤ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਮੌਤ ਨਾਲ ਪੰਜਾਬੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਘਾਟੇ ਦੀ ਪੂਰਤੀ ਹੋਣੀ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬੀ ਦੇ ਦੋ ਸਭ ਤੋਂ ਵੱਧ ਪੜ੍ਹੇ ਹੋਏ ਲੇਖਕਾਂ ਵਿੱਚੋਂ ਇੱਕ ਸਨ। ਨਵਤੇਜ ਅਤੇ ਸੁਖਬੀਰ ਨੂੰ ਪੰਜਾਬੀ ਦੇ ਦੋ ਸਭ ਤੋਂ ਵੱਧ ਪੜ੍ਹੇ ਲੇਖਕਾਂ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ,ਬੇਟਾ ਤੇ ਬੇਟੀ ਹਨ। ਟ੍ਰਿਬਿਉਨ ਨਿਊਜ਼ ਸਰਵਿਸ; ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਡਾ. ਐੱਸ ਤਰਸੇਮ ਨੇ ਕਿਹਾ ਕਿ ਸੁਖਬੀਰ ਦੇ ਦੇਹਾਂਤ ਨਾਲ ਉਨ੍ਹਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਉਨ੍ਹਾਂ ਦਾ ਸਰਪ੍ਰਸਤ ਮਿੱਤਰ ਸੀ ਜਿਨ੍ਹਾਂ ਕਾਰਨ ਉਹ ਆਪਣੀਆਂ ਆਰਥਿਕ ਤੇ ਸਰੀਰਕ ਔਕੜਾਂ ਦੇ ਬਾਵਜੂਦ ਸਾਹਿਤ ਸਿਰਜਣਾ ਦੇ ਪਿੜ ਵਿੱਚ ਤੁਰਦੇ ਰਹੇ। ਉਨ੍ਹਾਂ ਕਿਹਾ ਕਿ ਸੁਖਬੀਰ ਦੇ ਦੇਹਾਂਤ ਨਾਲ ਕੇਵਲ ਪੰਜਾਬੀ ਸਾਹਿਤ ਨੂੰ ਹੀ ਨਹੀਂ ਸਗੋਂ ਸਮੁੱਚੇ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All