ਉੱਘਾ ਸੰਗੀਤਕਾਰ ਬਾਬਾ ਜੀ. ਏ. ਚਿਸ਼ਤੀ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ

ਮਨਦੀਪ ਸਿੰਘ ਸਿੱਧੂ

ਬਾਬਾ ਜੀ. ਏ. ਚਿਸ਼ਤੀ ਉਨ੍ਹਾਂ ਅਜ਼ੀਮ ਮੌਸੀਕਾਰਾਂ ’ਚ ਸ਼ੁਮਾਰ ਹਨ, ਜਿਨ੍ਹਾਂ ਨੇ ਫ਼ਨ-ਏ-ਮੌਸੀਕੀ ਵਿਚ ਬੇਹੱਦ ਸ਼ੋਹਰਤ ਹਾਸਲ ਕੀਤੀ। ਚਿਸ਼ਤੀ ਸਾਹਬ ਨਿਹਾਇਤ ਨਫ਼ੀਸ ਅਤੇ ਨੇਕ ਬੰਦੇ ਸਨ ਅਤੇ ਫ਼ਿਲਮ ਜਗਤ ਵਿਚ ਉਨ੍ਹਾਂ ਨੂੰ ਅਦਬ ਨਾਲ ‘ਬਾਬਾ ਜੀ’ ਕਹਿ ਕੇ ਬੁਲਾਇਆ ਜਾਂਦਾ ਸੀ ਜੋ ਉਨ੍ਹਾਂ ਦੇ ਨਾਮ ਨਾਲ ਪੱਕੇ ਤੌਰ ’ਤੇ ਜੁੜ ਕੇ ਉਹ ‘ਬਾਬਾ ਜੀ. ਏ. ਚਿਸ਼ਤੀ’ ਬਣ ਗਏ। ਮਕਬੂਲ ਸੰਗੀਤਕਾਰ ਗ਼ੁਲਾਮ ਅਹਿਮਦ ਚਿਸ਼ਤੀ ਉਰਫ਼ ਜੀ. ਏ. ਚਿਸ਼ਤੀ ਦੀ ਪੈਦਾਇਸ਼ 17 ਅਗਸਤ 1905 ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਗੁਣਾਚੌਰ (ਹੁਣ ਜ਼ਿਲ੍ਹਾ ਨਵਾਂ ਸ਼ਹਿਰ) ਦੇ ਮੁਸਲਿਮ ਪੰਜਾਬੀ ਪਰਿਵਾਰ ਹੋਈ। ਉਨ੍ਹਾਂ ਅੱਠਵੀਂ ਜਮਾਤ ਤੀਕਰ ਪੜ੍ਹਾਈ ਪਿੰਡ ਦੇ ਸਕੂਲ ਤੋਂ ਕੀਤੀ। ਬਾਲ ਵਰੇਸੇ ਹੀ ਉਨ੍ਹਾਂ ਨੂੰ ਸੰਗੀਤ ਨਾਲ ਬੇਪਨਾਹ ਉਲਫ਼ਤ ਹੋ ਗਈ। ਉਹ ਸਕੂਲ ਵਿਚ ਅਕਸਰ ਕਵਿਤਾਵਾਂ ਪੜ੍ਹਿਆ ਕਰਦੇ ਸਨ। ਇਕ ਦਿਨ ਲਾਹੌਰ ’ਚ ਉਨ੍ਹਾਂ ਦੀ ਮੁਲਾਕਾਤ ਨੁਮਾਇਆਂ ਉਰਦੂ ਡਰਾਮਾਨਿਗ਼ਾਰ ਆਗਾ ਹਸ਼ਰ ਕਸ਼ਮੀਰੀ ਨਾਲ ਹੋਈ। ਉਹ ਆਗਾ ਸਾਹਬ ਦੇ ਮੁਲਾਜ਼ਮ ਬਣ ਗਏ ਅਤੇ ਉਨ੍ਹਾਂ ਤੋਂ ਮੌਸੀਕੀ ਦੀ ਤਾਲੀਮ ਹਾਸਲ ਕੀਤੀ। ਆਗਾ ਸਾਹਬ ਦੇ ਵਫ਼ਾਤ ਪਾ ਜਾਣ ਤੋਂ ਬਾਅਦ ਕੋਲੰਬੀਆ ਗ੍ਰਾਮੋਫੋਨ ਰਿਕਾਰਡਿੰਗ ਕੰਪਨੀ ’ਚ ਸ਼ਾਮਲ ਹੋ ਕੇ ਉਨ੍ਹਾਂ ਨੇ ਜੱਦਣ ਬਾਈ ਅਤੇ ਅਮੀਰਬਾਈ ਕਰਨਾਟਕੀ ਦੇ ਕਈ ਗ਼ੈਰ-ਫ਼ਿਲਮੀ ਗੀਤਾਂ ਨੂੰ ਵੀ ਕੰਪੋਜ਼ ਕੀਤਾ। ਜੀ. ਏ. ਚਿਸ਼ਤੀ ਦੀ ਸੰਗੀਤ-ਨਿਰਦੇਸ਼ਨਾ ਹੇਠ ਰਿਲੀਜ਼ਸ਼ੁਦਾ ਪਹਿਲੀ ਹਿੰਦੀ ਫ਼ਿਲਮ ਮੂਨਲਾਈਟ ਪਿਕਚਰਜ਼, ਕਲਕੱਤਾ ਦੀ ਐੱਚ. ਆਰ. ਸੇਠੀ ਨਿਰਦੇਸ਼ਿਤ ‘ਦੀਨ-ਓ-ਦੁਨੀਆ’ (1936) ਸੀ। ਰਵੀ ਟਾਕੀਜ਼, ਲਾਹੌਰ ਦੀ ਫ਼ਿਲਮ ‘ਪਾਪ ਕੀ ਨਗਰੀ’ (1939) ਤੋਂ ਉਹ ਉਰਦੂ/ਹਿੰਦੀ ਫ਼ਿਲਮਾਂ ’ਚ ਆਏ ਸਨ। ਕਮਲਾ ਮੂਵੀਟੋਨ, ਲਾਹੌਰ ਦੀ ‘ਸੋਹਣੀ ਮਹੀਂਵਾਲ’ (1939) ਉਨ੍ਹਾਂ ਦੀ ਸੰਗੀਤ-ਨਿਰਦੇਸ਼ਿਤ ਪਹਿਲੀ ਪੰਜਾਬੀ ਫ਼ਿਲਮ ਸੀ। ਫ਼ਿਲਮਸਾਜ਼ ਦਲਸੁੱਖ ਐੱਮ. ਪੰਚੋਲੀ ਅਤੇ ਆਰ. ਐੱਲ. ਸ਼ੋਰੀ ਦੇ ਸਾਂਝੇ ਉੱਦਮ ਨਾਲ ਬਣੀ ਇਸ ਫ਼ਿਲਮ ਦੇ ਗੀਤ ਅਤੇ ਮੁਕਾਲਮੇ ਉਸਤਾਦ ਹਮਦਮ ਨੇ ਤਹਿਰੀਰ ਕੀਤੇ ਸਨ। ਫ਼ਿਲਮ ’ਚ ਚਿਸ਼ਤੀ ਨੇ ਵਲੀ ਸਾਹਬ ਦੇ ਲਿਖੇ 18 ਗੀਤਾਂ ਦਾ ਸੰਗੀਤ ਤਾਮੀਰ ਕੀਤਾ। ਮਾਸਟਰ ਬਸ਼ੀਰ (ਮਹੀਂਵਾਲ) ਤੇ ਅਲਮਾਸ ਬਾਈ (ਸੋਹਣੀ) ’ਤੇ ਫ਼ਿਲਮਾਏ ‘ਛੱਬੀ ਦੀਆਂ ਚੁੰਨੀਆਂ ਮੈਂ ਮਲ-ਮਲ ਧੋਨੀ ਆਂ’ (ਉਮਰਾਜ਼ੀਆ ਬੇਗ਼ਮ, ਸ਼ਮਸ਼ਾਦ ਬੇਗ਼ਮ), ‘ਮਹੀਂਵਾਲ ਹੁਣ ਛੇਤੀ ਆ’ ਤੇ ‘ਮੈਂ ਤੇਰੇ ਤੋਂ ਕੁਰਬਾਨ ਹੋਵਾਂ’ (ਅਲਮਾਸ ਬਾਈ, ਮਾਸਟਰ ਬਸ਼ੀਰ) ਆਦਿ ਗੀਤ ਬੇਹੱਦ ਮਕਬੂਲ ਹੋਏ। ਫਣੀ ਮਜ਼ੂਮਦਾਰ ਦੀ ਹਿਦਾਇਤਕਾਰੀ ’ਚ ਬਣੀ ਜਗਤ ਪਿਕਚਰਜ਼, ਕਲਕੱਤਾ ਦੀ ‘ਚੰਬੇ ਦੀ ਕਲੀ’ (1941) ਉਨ੍ਹਾਂ ਦੀ ਸੰਗੀਤ-ਨਿਰਦੇਸ਼ਿਤ ਦੂਜੀ ਪੰਜਾਬੀ ਫ਼ਿਲਮ ਸੀ। ਨਗ਼ਮਾਨਿਗ਼ਾਰ ਦੀਨਾ ਨਾਥ ਮਧੋਕ ਅਤੇ ਵਲੀ ਸਾਹਬ ਦੇ ਲਿਖੇ 8 ਗੀਤਾਂ ਦੀਆਂ ਚਿਸ਼ਤੀ ਸਾਹਬ ਨੇ ਲਾਜਵਾਬ ਧੁੰਨਾਂ ਮੁਰੱਤਿਬ ਕੀਤੀਆਂ। ਇਨ੍ਹਾਂ ਗੀਤਾਂ ਦੇ ਬੋਲ ਹਨ ‘ਇਕ ਜੋੜਾ ਪੱਖੀਆਂ ਦਾ ਹਾਏ, ਸਾਡੇ ਵੱਲੇ ਤੱਕ ਸੱਜਣਾ ਕੀ ਜਾਂਦਾ ਈ ਅੱਖੀਆਂ ਦਾ’, ‘ਚੰਬੇ ਦੀ ਕਲੀਏ ਨੀਂ’ (ਹਬੀਬ ਕਾਬਲੀ, ਲਤਾ), ‘ਮੈਂ ਕਿਸ ਕਿਸ ਨੂੰ ਪਰਚਾਵਾਂ’, ‘ਆਈ ਮਸਤਾਨੀ ਬਹਾਰ ਸਹੇਲੀ’, ‘ਸੱਜੀ ਅੱਖ ਤੱਤੜੀ ਦੀ ਫੜ੍ਹਕੇ’ ਅਤੇ ‘ਚੰਨਾ ਵੇ ਤੈਨੂੰ ਯਾਦ ਕਰਾਂ ਮੈਂ’ ਆਦਿ। ਇਸੇ ਸਾਲ ਨੁਮਾਇਸ਼ ਹੋਈ ਜਗਤ ਪਿਕਚਰਜ਼ ਦੀ ਬਰਕਤ ਰਾਮ ਮਹਿਰਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਮੁਬਾਰਕ’ (1941) ਵਿਚ ਉਨ੍ਹਾਂ ਦੀਆਂ ਤਰਜ਼ਾਂ ’ਤੇ ਗੀਤ ‘ਕਿਆ ਪਿਆਰਾ ਅਜਬ ਨਜ਼ਾਰਾ’, ‘ਰਾਤ ਅੰਧੇਰੀ ਮਾਹੀ ਵੇ’, ‘ਨਾ ਕਰ ਐਡੇ ਜ਼ੋਰ ਦਿਲਾ’ ਆਦਿ ਤੋਂ ਇਲਾਵਾ ਉਰਦੂ ਗ਼ਜ਼ਲ ‘ਦੁਨੀਆ-ਏ-ਮੁਹੱਬਤ ਕਾ ਸਾਮਾਨ’ (ਅੰਜਨਾ) ਵੀ ਬੜੀ ਪਸੰਦ ਕੀਤੀ ਗਈ। ਫ਼ਿਲਮਸਾਜ਼ ਤੇ ਹਿਦਾਇਤਕਾਰ ਆਰ. ਸੀ. ਤਲਵਾਰ ਦੇ ਜ਼ਾਤੀ ਬੈਨਰ ਤਲਵਾਰ ਪ੍ਰੋਡਕਸ਼ਨ, ਕਲਕੱਤਾ ਦੀ ਪੰਜਾਬੀ ਫ਼ਿਲਮ ‘ਪਰਦੇਸੀ ਢੋਲਾ’ (1941) ਉਨ੍ਹਾਂ ਦੀ ਸੰਗੀਤ-ਨਿਰਦੇਸ਼ਿਤ ਚੌਥੀ ਤੇ ਆਖ਼ਰੀ ਫ਼ਿਲਮ ਸੀ। ਵਲੀ ਸਾਹਬ, ਏ. ਐੱਸ. ਗਿਆਨੀ ਤੇ ਹਿੰਮਤ ਰਾਏ ਸ਼ਰਮਾ ਦੇ ਲਿਖੇ 15 ਗੀਤਾਂ ’ਚੋਂ ਚੰਦ ਮਸ਼ਹੂਰ ਜ਼ਮਾਨਾ ਗੀਤਾਂ ਦੇ ਬੋਲ ਹਨ ‘ਮੈਨੂੰ ਤਾਂ ਦੇਰ ਹੋ ਗਈ ਮੈਂ ਜਾਵਾਂ’, ‘ਮੈਂ ਕਿਸ ਲਈ ਔਸੀਆਂ ਪਾਉਨੀ ਆਂ’, ‘ਬਰਖਾ ਦੀ ਰਾਣੀ ਆਈ’ (ਰਮੋਲਾ, ਏ. ਐੱਸ. ਗਿਆਨੀ), ‘ਆ ਪੀਂਘ ਵਧਾ ਲਈਏ’ (ਏ. ਐੱਸ. ਗਿਆਨੀ, ਰਮੋਲਾ) ਆਦਿ ਤੋਂ ਇਲਾਵਾ ਰਮੋਲਾ ਦੀ ਗਾਈ ਤੇ ਉਸੇ ’ਤੇ ਫ਼ਿਲਮਾਈ ਲੋਰੀ ‘ਮਿੱਠੜੇ ਗੀਤ ਸੁਣਾਵਾਂ ਮੈਂ’ ਵੀ ਬੜੀ ਹਿੱਟ ਹੋਈ।

ਮਨਦੀਪ ਸਿੰਘ ਸਿੱਧੂ

1942 ਤੋਂ 1950 ਤਕ ਚਿਸ਼ਤੀ ਸਾਹਿਬ ਨੇ 11 ਭਾਰਤੀ ਹਿੰਦੀ ਫ਼ਿਲਮਾਂ ਦੇ ਗੀਤਾਂ ਦਾ ਸੰਗੀਤ ਤਾਮੀਰ ਕੀਤਾ। ਓਰੀਐਂਟਲ ਪਿਕਚਰਜ਼, ਬੰਬਈ ਦੀ ਫ਼ਿਲਮ ‘ਕਲੀਆਂ’ (1944), ਭਾਰਤ ਲੱਛਮੀ ਪਿਕਚਰਜ਼, ਕਲਕੱਤਾ ਦੀ ‘ਜ਼ਿੱਦ’ (1945), ਨਾਰੰਗ ਪ੍ਰੋਡਕਸ਼ਨਜ਼ ਲਾਹੌਰ ਦੀ ‘ਯਹ ਹੈ ਜ਼ਿੰਦਗੀ’ (1947) ਅਤੇ ਰਾਵਲ ਪ੍ਰੋਡਕਸ਼ਨਜ਼, ਕਲਕੱਤਾ ਦੀ ‘ਝੂਠੀ ਕਸਮੇਂ’ (1948) ਆਦਿ ਫ਼ਿਲਮਾਂ ਦੇ ਗੀਤਾਂ ਅੰਦਰ ਬਾਬਾ ਜੀ. ਏ. ਚਿਸ਼ਤੀ ਨੇ ਪੰਜਾਬ ਦੇ ਲੋਕ ਗੀਤਾਂ ਅਤੇ ਲੋਕ ਧੁੰਨਾਂ ਦੀ ਵਰਤੋਂ ਕਰਕੇ ਇਨ੍ਹਾਂ ਦੀ ਉਮਦਾ ਕੰਪੋਜੀਸ਼ਨ ਬਣਾਈ ਤਾਂ ਹੀ ਤਾਂ ਉਨ੍ਹਾਂ ਦੇ ਸੰਗੀਤ ’ਚ ਪੰਜਾਬੀ ਸੱਭਿਆਚਾਰ ਦੀ ਰਵਾਨੀ ਤੇ ਰਵਾਇਤ ਦੀ ਦਿਲਕਸ਼ ਅਦਾਇਗੀ ਬਾਖ਼ੂਬੀ ਝਲਕਦੀ ਹੈ। ਉਨ੍ਹਾਂ ਨੇ ਆਪਣੇ ਸੰਗੀਤ ਨੂੰ ਪੁਰਅਸਰ ਬਣਾਉਣ ਲਈ ਵਾਇਲਨ ਦੀ ਵੀ ਸੋਹਣੀ ਵਰਤੋਂ ਕੀਤੀ ਹੈ। ਮਕਬੂਲ ਮੌਸੀਕਾਰ ਖ਼ਿਆਮ ਵੀ ਸ਼ੁਰੂਆਤੀ ਦੌਰ ਵਿਚ ਉਨ੍ਹਾਂ ਦੇ ਸਹਾਇਕ ਰਹੇ ਹਨ। ਹਿਦਾਇਤਕਾਰ ਐੱਚ. ਐੱਸ. ਰਵੇਲ ਦੀ ਫ਼ਿਲਮ ‘ਦੋ ਬਾਤੇਂ’ (1949) ਅਤੇ ‘ਜਵਾਨੀ ਕੀ ਆਗ’ (1951/ਕੇ. ਪੀ. ਸੇਨ ਨਾਲ) ਅਤੇ ਐੱਸ. ਡੀ. ਨਾਰੰਗ ਨਿਰਦੇਸ਼ਿਤ ਫ਼ਿਲਮ ‘ਨਈ ਭਾਬੀ’ (1950/ਹਰਬਖ਼ਸ਼ ਸਿੰਘ ਨਾਲ) ’ਚ ਵੀ ਉਨ੍ਹਾਂ ਦਾ ਪਾਇਦਾਰ ਸੰਗੀਤ ਸੀ। ਦੇਸ਼ ਵੰਡ ਤੋਂ ਬਾਅਦ ਉਨ੍ਹਾਂ ਨੇ ਭਾਰਤ ਦੀ ਬਜਾਏ ਲਾਹੌਰ ਰਹਿਣਾ ਪਸੰਦ ਕੀਤਾ। ਪਾਕਿਸਤਾਨ ਵਿਚ ਉਨ੍ਹਾਂ ਨੇ ਦੋ ਉਰਦੂ ਫ਼ਿਲਮਾਂ ‘ਸੱਚਾਈ’ ਅਤੇ ‘ਸ਼ਾਹਿਦਾ’ (1949) ਦਾ ਸੰਗੀਤ ਮੁਰੱਤਿਬ ਕੀਤਾ। ਉਸ ਤੋਂ ਬਾਅਦ ਉਨ੍ਹਾਂ ਦੇ ਖ਼ੂਬਸੂਰਤ ਸੰਗੀਤ ਨਾਲ ਸਜੀ ਪਹਿਲੀ ਪੰਜਾਬੀ ਫ਼ਿਲਮ ਅਨੀਸ ਪਿਕਚਰਜ਼, ਲਾਹੌਰ ਦੀ ‘ਫੇਰੇ’ (1949) ਸੀ ਜੋ ਪਾਕਿਸਤਾਨ ਦੀ ਪਹਿਲੀ ਸਿਲਵਰ ਜੁਬਲੀ ਹਿੱਟ ਫ਼ਿਲਮ ਸੀ। ਇਸ ’ਚ ਸਵਰਨ ਲਤਾ ਤੇ ਨਜ਼ੀਰ ’ਤੇ ਫ਼ਿਲਮਾਏ ‘ਮੈਨੂੰ ਰੱਬ ਦੀ ਸਹੁੰ ਤੇਰੇ ਨਾਲ ਪਿਆਰ ਹੋ ਗਿਆ ਵੇ ਚੰਨਾ ਸੱਚੀਂ-ਮੁੱਚੀਂ’, ‘ਕੀ ਕੀਤਾ ਤਕਦੀਰੇ ਕਿਓਂ ਰੋਲ ਦਿੱਤੇ ਦੋ ਹੀਰੇ’ (ਮੁਨੱਵਰ ਸੁਲਤਾਨਾ), ‘ਸੱਪ ਦੀ ਤੋਰ ਤੁਰੀਏ ਨੀਂ ਕੁੜੀਏ’ (ਇਨਾਇਤ ਹੁਸੈਨ ਭੱਟੀ) ਤੋਂ ਇਲਾਵਾ ਰੁਮਾਨੀ ਗੀਤ ‘ਓ ਅੱਖੀਆਂ ਲਾਵੀਂ ਓ ਫਿਰ ਪਛਤਾਵੀਂ ਨਾ ਅਣਜਾਣਾ’ (ਮੁਨੱਵਰ ਸੁਲਤਾਨਾ, ਇਨਾਇਤ ਹੁਸੈਨ ਭੱਟੀ) ਨੇ ਗਲੀ-ਗਲੀ ਗੂੰਜਾਂ ਪਾ ਛੱਡੀਆਂ ਸਨ। ਬਾਅਦ ’ਚ ਇਸੇ ਮਕਬੂਲ ਤਰਜ਼ ਦੀ ਕਾਪੀ ਕੁਲਦੀਪ ਮਾਣਕ ਤੇ ਗੁਲਸ਼ਨ ਕੋਮਲ ਦਾ ਗਾਇਆ ਗੀਤ ‘ਨੀਂ ਕੁੜੀਏ ਹਾਣ ਦੀਏ ਦਿਲਾਂ ਦੀਆਂ ਜਾਣਦੀਏ’ ਵੀ ਬੜਾ ਪਸੰਦ ਕੀਤਾ ਗਿਆ। ਐਵਰਨਿਊ ਪਿਕਚਰਜ਼, ਲਾਹੌਰ ਦੀ ਦਾਊਦ ਚਾਂਦ ਨਿਰਦੇਸ਼ਿਤ ਫ਼ਿਲਮ ‘ਮੁੰਦਰੀ’ (1949) ’ਚ ਇਕ ਵਾਰ ਫਿਰ ਉਨ੍ਹਾਂ ਦੇ ਸੁਰੀਲੇ ਸੰਗੀਤ ’ਚ ਤਾਮੀਰ ਗੀਤ ‘ਚੰਨਾ ਚੰਨ ਚਾਨਣੀ ਮੌਸਮ ਏ ਬਹਾਰ ਦਾ’, ‘ਮੌਸਮ ਆਏ ਬਹਾਰਾਂ ਦੇ’ (ਮੁਨੱਵਰ ਸੁਲਤਾਨਾ, ਕਾਦਿਰ ਫਰੀਦੀ), ‘ਛਮ-ਛਮ ਖ਼ੁਸ਼ੀਆਂ ਦੇ ਮੀਂਹ ਵੱਸਦੇ’ (ਮੁਨੱਵਰ ਸੁਲਤਾਨਾ, ਨਸੀਮ ਅਖ਼ਤਰ, ਕੋਰਸ), ‘ਓ ਚੰਨ ਸਾਡਾ ਸਾਡੇ ਨਾਲ ਹੱਸ ਕੇ ਨੀਂ ਬੋਲਦਾ’, ‘ਪੱਲਾ ਮਾਰ ਕੇ ਬੁਝਾ ਗਈ ਦੀਵਾ’ (ਇਕਬਾਲ ਬੇਗ਼ਮ ਲਾਇਲਪੁਰੀ), ‘ਨੀਂ ਮੈਂ ਚੰਨ ਨੂੰ ਚਕੋਰ ਵਾਂਗੂੰ ਲੱਭਦੀ’ (ਮੁਨੱਵਰ ਸੁਲਤਾਨਾ) ਆਦਿ ਬੜੇ ਮਕਬੂਲ ਹੋਏ। ਅਨੀਸ ਪਿਕਚਰਜ਼, ਲਾਹੌਰ ਦੀ ਫ਼ਿਲਮ ‘ਲਾਰੇ’ (1950) ਵਿਚ ਉਨ੍ਹਾਂ ਦੇ ਸੰਗੀਤ ’ਚ ਉਨ੍ਹਾਂ ਦੇ ਲਿਖੇ ‘ਨਿਊ ਨੀਂ ਲਾਣਾ ਓਏ’ (ਮੁਨੱਵਰ ਸੁਲਤਾਨਾ, ਇਨਾਇਤ ਹੁਸੈਨ ਭੱਟੀ), ‘ਲਿਖੀਆਂ ਨਾ ਮੁੜੀਆਂ ਮੇਰੇ ਸੜ ਗਏ ਨੇ ਭਾਗ ਵੇ’, ‘ਵੇ ਮੈਂ ਬੋਲ-ਬੋਲ ਥੱਕੀ’ (ਮੁਨੱਵਰ ਸੁਲਤਾਨਾ), ‘ਬੇੜੀ ਦਾ ਪੂਰ ਤ੍ਰਿੰਝਣ ਦੀਆਂ ਕੁੜੀਆਂ ਸਬੱਬ ਨਾਲ ਹੋਣ ਕੱਠੀਆਂ’ (ਪੁਖਰਾਜ ਪੱਪੂ) ਆਦਿ ਤੋਂ ਇਲਾਵਾ ਨਜ਼ੀਰ ਤੇ ਸਵਰਨ ਲਤਾ ’ਤੇ ਫ਼ਿਲਮਾਇਆ ਭੰਗੜਾ ਗੀਤ ‘ਤੇਰੇ ਲੌਂਗ ਦਾ ਪਿਆ ਲਿਸ਼ਕਾਰਾ ਤੇ ਹਾਲੀਆਂ ਨੇ ਹਲ਼ ਡੱਕ ਲਏ’ (ਇਨਾਇਤ ਹੁਸੈਨ ਭੱਟੀ, ਮੁਨੱਵਰ ਸੁਲਤਾਨਾ) ਆਦਿ ਵੀ ਖ਼ੂਬ ਹਿੱਟ ਹੋਏ। ਫ਼ਿਲਮ ‘ਦੁੱਲਾ ਭੱਟੀ’ (1956) ’ਚ ਬਾਬਾ ਜੀ ਦੇ ਸੰਗੀਤ ’ਚ ਪਿਰੋਇਆ ‘ਵਾਸਤਾ ਈ ਰੱਬ ਦਾ ਤੂੰ ਜਾਵੀਂ ਵੇ ਕਬੂਤਰਾ’ (ਮੁਨੱਵਰ ਸੁਲਤਾਨਾ) ਸ਼ਾਹਕਾਰ ਗੀਤਾਂ ’ਚ ਸ਼ਾਮਲ ਹੈ। ਚਿਸ਼ਤੀ ਸਾਹਬ ਨੇ ਆਪਣੀ ਇੰਟਰਵਿਊ ਵਿਚ ਦੱਸਿਆ ਕਿ ਨੂਰਜਹਾਂ ਨਾਲ ਗੀਤਾਂ ਦੀਆਂ ਜ਼ਿਆਦਾਤਰ ਤਰਜ਼ਾਂ ਨੂੰ ਹਾਰਮੋਨੀਅਮ ਦੀ ਬਜਾਏ ਉਹ ਮਾਚਿਸ ਦੀ ਡੱਬੀ ’ਤੇ ਉਗਲਾਂ ਦੀ ਥਾਪ ਨਾਲ ਤਿਆਰ ਕਰਦੇ ਸਨ ਜੋ ਅੱਜ ਵੀ ਮਕਬੂਲ ਹਨ। ਉਨ੍ਹਾਂ ਨੂੰ 1989 ਵਿਚ ਕਲਾ ਦੇ ਖੇਤਰ ਵਿਚ ਪਾਏ ਅਹਿਮ ਯੋਗਦਾਨ ਲਈ ਪਾਕਿਸਤਾਨ ਦੇ ਰਾਸ਼ਟਰਪਤੀ ਨੇ ‘ਪਰਾਈਡ ਆਫ ਪ੍ਰਫਾਰਮੈਂਸ’ ਐਵਾਰਡ ਨਾਲ ਸਰਫ਼ਰਾਜ਼ ਕੀਤਾ। ਉਨ੍ਹਾਂ ਨੇ ਪਾਕਿਸਤਾਨ ਵਿਚ 25 ਪੰਜਾਬੀ ਅਤੇ ਤਕਰੀਬਨ 125 ਉਰਦੂ ਫ਼ਿਲਮਾਂ ਦਾ ਸੰਗੀਤ ਤਾਮੀਰ ਕਰਨ ਦੇ ਨਾਲ-ਨਾਲ ਗੀਤ ਵੀ ਲਿਖੇ। 25 ਦਸੰਬਰ 1994 ਨੂੰ 89 ਸਾਲ ਦੀ ਉਮਰ ’ਚ ਲਾਹੌਰ ਵਿਖੇ ਦਿਲ ਦਾ ਦੌਰਾ ਪੈਣ ਕਰ ਕੇ ਉਨ੍ਹਾਂ ਦਾ ਇੰਤਕਾਲ ਹੋ ਗਿਆ।

ਸੰਪਰਕ: 97805-09545

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All