ਉੱਘਾ ਬੁੱਤਤਰਾਸ਼ ਮਨਜੀਤ ਸਿੰਘ ਗਿੱਲ

ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਵਿਖੇ ਲੜਕੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਦੇਸ਼ ਭਗਤ ਪਾਰਕ ਦਾ ਬੋਰਡ ਲੱਗਾ ਨਜ਼ਰੀਂ ਆਉਂਦਾ ਹੈ। ਇਸ ਬੋਰਡ ਤੋਂ ਸੇਧ ਲੈ ਕੇ ਜਦੋਂ ਇਸ ਪਾਰਕ ਅੰਦਰ ਪ੍ਰਵੇਸ਼ ਕਰਦੇ ਹਾਂ ਤਾਂ ਦੇਸ਼ ਭਗਤਾਂ ਤੇ ਸੂਰਬੀਰ ਯੋਧਿਆਂ ਦੇ ਆਦਮਕੱਦ ਬੁੱਤ ਨਜ਼ਰੀਂ ਪੈਂਦੇ ਹਨ। ਖ਼ਾਲੀ ਜਗ੍ਹਾ 'ਤੇ ਰੁੱਖਾਂ, ਫੁੱਲਾਂ-ਪੌਦਿਆਂ ਦੀ ਹਰਿਆਵਲ ਵਿੱਚ ਦੇਸ਼ ਭਗਤਾਂ ਦੇ ਬੁੱਤ ਰੂਹ ਨੂੰ ਸਰਸ਼ਾਰ ਕਰ ਦਿੰਦੇ ਹਨ। ਇਹ ਪਾਰਕ ਹਾਲੇ ਨਿਰਮਾਣ ਅਧੀਨ ਹੈ। ਇਸ ਦਾ ਨਿਰਮਾਣ ਕਰ ਰਹੇ ਹਨ ਵਿਸ਼ਵ ਪੱਧਰ 'ਤੇ ਪ੍ਰਸਿੱਧੀ ਖੱਟਣ ਵਾਲੇ ਆਰਟਿਸਟ ਮਨਜੀਤ ਸਿੰਘ ਗਿੱਲ ਅਤੇ ਉਨ੍ਹਾਂ ਦੇ ਛੋਟੇ ਵੀਰ ਸੁਰਜੀਤ ਸਿੰਘ ਗਿੱਲ। ਬੁੱਤਤਰਾਸ਼ੀ ਨੂੰ ਆਪਣਾ ਇਸ਼ਟ ਮੰਨਣ ਵਾਲੇ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਬੁੱਤਤਰਾਸ਼ੀ ਹੀ ਇੱਕ ਅਜਿਹੀ ਕਲਾ ਹੈ ਜੋ ਹਰ ਕੌਮ ਤੇ ਨਸਲ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਹਿਜੇ ਹੀ ਰੂਪਮਾਨ ਕਰ ਸਕਦੀ ਹੈ। ਇਹ ਉਹ ਕਲਾ ਹੈ ਜੋ ਸਮਾਂ ਪੈਣ 'ਤੇ ਹੋਰ ਨਿੱਖਰਦੀ ਹੈ। ਮਨਜੀਤ ਸਿੰਘ ਦਾ ਜਨਮ ਪਿਤਾ ਕਰਨੈਲ ਸਿੰਘ ਗਿੱਲ ਅਤੇ ਮਾਤਾ ਸੁਰਿੰਦਰ ਕੌਰ ਦੇ ਘਰ ਘੱਲ ਕਲਾਂ ਵਿਖੇ ਹੋਇਆ। ਬਚਪਨ ਵਿੱਚ ਮਾਂ ਕੋਲ ਬੈਠ ਜਦੋਂ ਉਹ ਗਿੱਲੀ ਮਿੱਟੀ ਦੇ ਆਕਾਰ ਸਿਰਜਦੇ ਤਾਂ ਮਾਂ ਨਿੱਕੇ-ਨਿੱਕੇ ਹੱਥਾਂ ਦੀਆਂ ਸਿਰਜੀਆਂ ਆਕ੍ਰਿਤੀਆਂ ਦੇਖ ਕੇ ਹੈਰਾਨ ਰਹਿ ਜਾਂਦੀ। ਸਕੂਲ ਪੜ੍ਹਦਿਆਂ ਉਨ੍ਹਾਂ ਨੇ ਏਸ਼ੀਅਨ ਖੇਡਾਂ ਦਾ ਚਿੰਨ੍ਹ ਅੱਪੂ ਹਾਥੀ ਬਣਾਇਆ ਤਾਂ ਮੁੱਖ ਅਧਿਆਪਕ ਦਲੀਪ ਸਿੰਘ ਭੂਪਾਲ ਅਤੇ ਅਧਿਆਪਕ ਹਰਜੀਤ ਸਿੰਘ ਸੰਧੂ ਨੇ ਖ਼ੂਬ ਹੱਲਾਸ਼ੇਰੀ ਦਿੱਤੀ। ਇਹ ਅੱਪੂ ਹਾਥੀ ਉਨ੍ਹਾਂ ਦਾ ਕਲਾ ਦੀ ਦੁਨੀਆਂ ਵਿੱਚ ਪਹਿਲਾ ਕਦਮ ਸੀ। ਸਕੂਲ ਅਤੇ ਆਂਢ-ਗੁਆਂਢ ਤੋਂ ਮਿਲਦੀ ਪ੍ਰਸ਼ੰਸਾ ਤੋਂ ਉਤਸ਼ਾਹਿਤ ਹੋ ਕੇ ਉਨ੍ਹਾਂ ਦੇ ਮਨ ਅੰਦਰ ਕਲਪਨਾਵਾਂ ਨੂੰ ਯਥਾਰਥ ਵਿੱਚ ਬਦਲਣ ਦੀ ਤਾਂਘ ਉਸਲ਼ਵੱਟੇ ਲੈਣ ਲੱਗ ਪਈ। ਬਚਪਨ ਤੋਂ ਹੀ ਦੇਸ਼ ਭਗਤਾਂ ਦੀਆਂ ਕਹਾਣੀਆਂ, ਜੀਵਨੀਆਂ ਪੜ੍ਹ-ਸੁਣ ਕੇ ਉਨ੍ਹਾਂ ਨੰੂ ਅਤਿਅੰਤ ਸਕੂਨ ਮਿਲਦਾ ਅਤੇ ਉਹ ਉਨ੍ਹਾਂ ਦੇ ਚਿੱਤਰ ਘਰ ਦੇ ਖਿੜਕੀਆਂ-ਦਰਵਾਜ਼ਿਆਂ ਉੱਪਰ ਚਿਤਰਦੇ ਰਹਿੰਦੇ। ਫਿਰ ਇੱਕ ਦਿਨ ਉਨ੍ਹਾਂ ਨੇ ਇੱਧਰੋਂ ਉੱਧਰੋਂ ਚੀਜ਼ਾਂ ਇਕੱਠੀਆਂ ਕਰਕੇ ਕਰਤਾਰ ਸਿੰਘ ਸਰਾਭਾ ਦਾ ਬੁੱਤ ਬਣਾਇਆ। ਇਸ ਬੁੱਤ ਦੀ ਖ਼ਬਰ ਕਲਾ ਦੇ ਪਾਰਖੂ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਮਰਹੂਮ ਜਗਦੇਵ ਸਿੰਘ ਜੱਸੋਵਾਲ ਤਕ ਪਹੁੰਚੀ ਤਾਂ ਉਨ੍ਹਾਂ ਨੇ ਪ੍ਰਸ਼ੰਸਾ ਕਰਦਿਆਂ ਇੱਕ ਚਿੱਠੀ ਲਿਖੀ ਅਤੇ ਪ੍ਰੋ: ਮੋਹਨ ਸਿੰਘ ਦਾ ਬੁੱੱਤ ਤਿਆਰ ਕਰਨ ਲਈ ਕਿਹਾ। ਇਹ  ਬੁੱਤ ਆਰਤੀ ਚੌਂਕ ਲੁਧਿਆਣਾ ਵਿੱਚ ਲਾ ਦਿੱਤਾ ਗਿਆ। ਸਾਲ 1993 ਵਿੱਚ ਤਤਕਾਲੀ ਗਵਰਨਰ ਸ੍ਰੀ ਸੁਰਿੰਦਰ ਨਾਥ ਪੰਜਾਬੀ ਭਵਨ ਆਏ ਤਾਂ ਉਨ੍ਹਾਂ ਮਨਜੀਤ ਸਿੰਘ ਦੀ ਕਲਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਗੌਰਮਿੰਟ ਆਰਟ ਕਾਲਜ ਚੰਡੀਗੜ੍ਹ ਵਿੱਚ ਸਰਕਾਰੀ ਖ਼ਰਚੇ 'ਤੇ ਦਾਖਲਾ ਦਿਵਾ ਦਿੱਤਾ। ਮਨਜੀਤ ਸਿੰਘ ਦੀ ਜ਼ਿੰਦਗੀ ਵਿੱਚ ਇਹ ਇੱਕ ਅਜਿਹਾ ਮੋੜ ਸੀ ਜਿਸ ਨੇ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀ ਕਲਾ ਨੂੰ ਹੋਰ ਨਿਖਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਹੁਣ ਉਨ੍ਹਾਂ ਦੇ ਸਾਹਮਣੇ ਕਲਾ ਦਾ ਵਿਸ਼ਾਲ ਸੰਸਾਰ ਸੀ ਅਤੇ ਉਨ੍ਹਾਂ ਦੇ ਮਨ ਅੰਦਰ ਤੈਰਦੀਆ ਕਲਪਨਾਵਾਂ ਨੂੰ ਸਾਕਾਰ ਰੂਪ ਦੇਣ ਦਾ ਸਹੀ ਮੌਕਾ ਸੀ। ਉਨ੍ਹਾਂ ਨੇ ਨਾ ਦਿਨ ਦੇਖਿਆ ਤੇ ਨਾ ਰਾਤ ਅਤੇ ਆਪਣੇ ਕੰਮ ਵਿੱਚ ਜੁਟ ਗਏ। ਸਖ਼ਤ ਮਿਹਨਤ ਦੀ ਬਦੌਲਤ ਉਹ ਕਾਲਜ ਦੇ ਟਾਪਰ ਬਣੇ। ਚੰਡੀਗੜ੍ਹ ਵਰਕਸ਼ਾਪ ਵਿੱਚ ਕੰਮ ਕਰਦਿਆਂ ਮਨਜੀਤ ਸਿੰਘ ਨੇ ਹਿੰਦੀ ਘਿਫ਼ਲਮ 'ਹਮ ਆਪਕੇ ਹੈਂ ਕੌਣ' ਦੇ ਸੈੱਟ ਲਈ ਕੰਮ ਕੀਤਾ। ਮੁੰਬਈ ਦੇ ਤਾਜ ਹੋਟਲ ਵਿੱਚ ਉਨ੍ਹਾਂ ਦੀਆਂ ਕਲਾਕ੍ਰਿਤਾਂ ਦੀਆਂ ਪ੍ਰਦਰਸ਼ਨੀਆਂ ਲੱਗੀਆਂ। ਉਨ੍ਹਾਂ ਨੇ ਅਨੇਕਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ ਤੇ ਸਾਰਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸਾਲ 2008 ਵਿੱਚ ਹੋਈ ਇੰਡੋ ਸਵਿੱਸ ਦੋਸਤੀ ਕਾਨਫਰੰਸ ਦੌਰਾਨ ਲੱਗੀ ਪ੍ਰਦਰਸ਼ਨੀ ਵਿੱਚ ਸਵਿੱਟਜ਼ਰਲੈਂਡ ਦੇ ਰਾਜਦੂਤ ਨੇ ਮਨਜੀਤ ਸਿੰਘ ਨੰੂ ਪਹਿਲਾ ਇਨਾਮ ਦਿੱਤਾ। ਮਨਜੀਤ ਸਿੰਘ ਅਣਗਿਣਤ ਕਲਾਕ੍ਰਿਤਾਂ ਬਣਾ ਚੁੱਕੇ ਹਨ। ਉਨ੍ਹਾਂ ਦਾ ਛੋਟਾ ਵੀਰ ਸੁਰਜੀਤ ਸਿੰਘ ਗਿੱਲ ਵੀ ਇਸ ਕਲਾ ਵਿੱਚ ਨਿਪੰੁਨ ਹੈ। ਅੱਜ-ਕੱਲ੍ਹ ਦੋਵੇਂ ਭਰਾ ਦੇਸ਼ ਭਗਤ ਪਾਰਕ ਦਾ ਨਿਰਮਾਣ ਕਰਨ ਵਿੱਚ ਰੱੁਝੇ ਹੋਏ ਹਨ। ਦੋਵੇਂ ਭਰਾ ਹੀ ਮਿੱਟੀ ਵਿੱਚ ਜਾਨ ਪਾਉਣ ਦੀ ਸਮਰੱਥਾ ਰੱਖਦੇ ਹਨ। ਮਨਜੀਤ ਸਿੰਘ ਦੀਆਂ ਬਣਾਈਆਂ ਕਲਾਕ੍ਰਿਤਾਂ ਵਿੱਚੋਂ ਪ੍ਰੋ. ਮੋਹਨ ਸਿੰਘ ਦਾ ਬੁੱਤ, ਸ਼ਹੀਦ ਭਗਤ ਸਿੰਘ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਬੁੱਤ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਬੁੱਤ, ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਜੋ ਡਰਬੀ ਅਜਾਇਬ ਘਰ ਲੰਡਨ ਦੀ ਸ਼ਾਨ ਬਣਿਆ ਹੋਇਆ ਹੈ,ਮੁੱਖ ਹਨ। ਸ੍ਰੀ ਆਨੰਦਪੁਰ ਸਾਹਿਬ ਦੇ ਸਵਾਗਤੀ ਗੇਟਾਂ 'ਤੇ ਪੇਸ਼ ਕੀਤੀਆਂ ਝਾਕੀਆਂ ਵੀ ਮਨਜੀਤ ਸਿੰਘ ਦੀ ਕਲਾ ਦਾ ਪ੍ਰਤੱਖ ਪ੍ਰਮਾਣ ਹਨ। ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦਾ ਬਣਾਇਆ ਬੁੱਤ ਜਦੋਂ ਅੰਤਰਰਾਸ਼ਟਰੀ ਵਪਾਰ ਮੇਲੇ ਦਿੱਲੀ ਦੌਰਾਨ ਲੱਗੀ ਪ੍ਰਦਰਸ਼ਨੀ ਵਿੱਚ ਰੱਖਿਆ ਗਿਆ ਤਾਂ ਪ੍ਰੈੱਸ ਨੇ ਸਭ ਤੋਂ ਜ਼ਿਆਦਾ ਮਾਣ ਇਸ ਕਲਾਕ੍ਰਿਤ ਨੂੰ ਦਿੱਤਾ। ਮਨਜੀਤ ਸਿੰਘ ਵੱਲੋਂ ਬਣਾਇਆ ਗਿਆ ਜਮਜਮਾ ਤੋਪ ਦਾ ਮਾਡਲ ਪੁਲੀਸ ਅਕੈਡਮੀ ਫਿਲੌਰ ਦੀ ਸ਼ਾਨ ਵਧਾ ਰਿਹਾ ਹੈ। ਮਨਜੀਤ ਸਿੰਘ ਨੂੰ ਅਨੇਕਾਂ ਮਾਣ-ਸਨਮਾਨ ਮਿਲੇ ਹਨ। ਸਾਲ 1991 ਵਿੱਚ ਉਨ੍ਹਾਂ ਨੂੰ ਪ੍ਰੋ: ਮੋਹਨ ਸਿੰਘ ਸਨਮਾਨ ਨਾਲ ਨਿਵਾਜਿਆ ਗਿਆ ਅਤੇ 1992 ਵਿੱਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਵੱਲੋਂ ਦੀਦਾਰ ਸਿੰਘ ਸੰਧੂ ਐਵਾਰਡ ਦਿੱਤਾ ਗਿਆ। ਇਸ ਤੋਂ ਇਲਾਵਾ 1996 ਵਿੱਚ ਆਰਟ ਕਾਲਜ ਚੰਡੀਗੜ੍ਹ ਵੱਲੋਂ ਉਨ੍ਹਾਂ ਨੂੰ ਐਸ.ਐਲ ਪਰਾਸ਼ਰ ਐਵਾਰਡ ਦਿੱਤਾ ਗਿਆ। ਸੰਨ 1999 ਵਿੱਚ ਪੰਜਾਬ ਲਲਿਤ ਕਲਾ ਅਕੈਡਮੀ ਚੰਡੀਗੜ੍ਹ ਨੇ ਦੀਵਾਨ ਸਿੰਘ ਕਾਲੇਪਾਣੀ ਐਵਾਰਡ ਨਾਲ ਸਨਮਾਨਿਤ ਕੀਤਾ। ਸਾਲ 2008 ਨੂੰ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਵੱਲੋਂ ਚੱਪੜਚਿੜੀ ਦੇ ਸਥਾਨ 'ਤੇ ਬਾਬਾ ਬੰਦਾ ਸਿੰਘ ਬਹਾਦਰ ਐਵਾਰਡ ਦਿੱਤਾ ਗਿਆ। ਇਸੇ ਸਾਲ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ ਵੱਲੋਂ 10,000 ਨਕਦ ਇਨਾਮ ਨਾਲ ਸਨਮਾਨ ਹੋਇਆ। ਸਾਲ 2009 ਵਿੱਚ ਤਤਕਾਲੀ ਸਿਹਤ ਮੰਤਰੀ ਸੱਤਪਾਲ ਗੋਸਾਈ ਵੱਲੋਂ  50,000 ਰੁਪਏ ਦਾ ਇਨਾਮ ਦਿੱਤਾ ਗਿਆ। ਕਲਾ ਦੇ ਖੇਤਰ ਵਿੱਚ ਹੋਰ ਅੱਗੇ ਜਾਣ ਦੀ ਖ਼ਾਹਿਸ਼ ਰੱਖਣ ਵਾਲੇ ਮਨਜੀਤ ਸਿੰਘ ਫੁਰਸਤ ਦੇ ਪਲਾਂ ਵਿੱਚ ਹਾਰਮੋਨੀਅਮ ਦੀਆਂ ਸੁਰਾਂ ਛੇੜਦੇ ਹਨ। ਸ਼ਾਮ-ਸਵੇਰ ਕੀਰਤਨ ਕਰਨਾ, ਉਨ੍ਹਾਂ ਦੇ ਸੁਭਾਅ ਵਿੱਚ ਸ਼ਾਮਲ ਹੈ। ਤਬਲੇ ਦੀ ਸੰਗਤ ਛੋਟਾ ਵੀਰ ਸੁਰਜੀਤ ਸਿੰਘ ਕਰਦਾ ਹੈ। ਮਨਜੀਤ ਸਿੰਘ ਸਾਦਾ ਜੀਵਣ ਜਿਊਣਾ ਪਸੰਦ ਕਰਦੇ ਹਨ। ਕਲਾ ਨੰੂ ਪਿਆਰ ਕਰਨ ਵਾਲੇ ਇਹ ਦੋਵੇਂ ਵੀਰ ਸੂਰਜ ਦੀਆਂ ਪਹਿਲੀਆਂ ਕਿਰਨਾਂ ਦੇ ਨਾਲ ਆਪਣੀ ਕਿਰਤ ਵਿੱਚ ਜੁਟ ਜਾਂਦੇ ਹਨ ਅਤੇ ਰਾਤ ਨੂੰ ਪਤਾ ਨਹੀਂ ਕਿੰਨੇ ਵਜੇ ਤਕ ਉਨ੍ਹਾਂ ਦਾ ਕੰਮ ਚੱਲਦਾ ਰਹਿੰਦਾ ਹੈ। ਕਲਾ ਦੇ ਖੇਤਰ ਵਿੱਚ ਜੁਟੇ ਇਹ ਭਰਾ ਹੋਰ ਬੁਲੰਦੀਆਂ 'ਤੇ ਪਹੁੰਚਣ ਅਤੇ ਨਵੇਂ ਦਿਸਹੱਦਿਆਂ ਨੂੰ ਸਰ ਕਰਨ।

- ਸੁਖਜੀਤ ਕੌਰ ਜੈਮਲਵਾਲਾ ਸੰਪਰਕ: 95929-03099

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All