ਉਸ ਸਮੇਂ ਦੀਆਂ ਲਿਖਤਾਂ

ਜੱਲਿਆਂ ਵਾਲਾ ਬਾਗ

ਹੀਰਾ ਸਿੰਘ ਦਰਦ

ਹੀਰਾ ਸਿੰਘ ਦਰਦ

(ਰਾਵਲਪਿੰਡੀ ਕਾਂਗ੍ਰੈਸ ਦੇ ਜਲਸੇ ਵਿਚ ਪੜ੍ਹੀ ਜੋ ਜੱਲਿਆਂ ਵਾਲੇ ਬਾਗ ਦੇ ਸਾਕੇ ਸਬੰਧੀ ਹੋਯਾ ਸੀ, 1919 ਈ:) ਫੁੱਟੀ ਇਕ ਕਰੂੰਬਲੀ ਮੁਦਤ ਪਿੱਛੋਂ, ਓਹ ਭੀ ਖਿਜ਼ਾਂ ਦੀ ਅੱਖ ਵਿਚ ਖਾਰ ਬਨ ਗਈ। ਝੱਖੜ ਰੌਲਟ ਦਾ ਓਸ ਝੁਲਾ ਦਿੱਤਾ, ਡਾਢੀ ਜਿੰਦਗੀ ਫੇਰ ਲਾਚਾਰ ਬਨ ਗਈ। ਖੜਖੜਾਹਟ ਕੀਤੀ ਜਦੋਂ ਪੱਤਿਆਂ ਨੇ, ਉਸ ਦੇ ਵਾਸਤੇ ਜਰਮਨ ਦੀ ਵਾਰ ਬਨ ਗਈ। ਦੁਖੀ ਦਿਲ ਦੀ ਹੰਝੁ ਇਕ ਕਿਰੀ ਅੱਖੀਓਂ, ਸਮਝੋ ਓਸ ਲਈ ਤੇਜ਼ ਕਟਾਰ ਬਨ ਗਈ। ਗੁੱਸੇ ਨਾਲ ਮਸ਼ੀਨਾਂ ਦੀ ਬਾੜ ਝਾੜੀ, ਉਲਟੀ ਬਾਗ ਦੀ ਦੁਗਨੀ ਬਹਾਰ ਬਨ ਗਈ। ਨਾਲ ਕਹਿਰ ਦੀ ਅੱਗ ਦੇ ਸਾੜਿਆ ਸੂ, ਐਪਰ ਖਾਕ ਥੀਂ ਨਵੀਂ ਗੁਲਜ਼ਾਰ ਬਨ ਗਈ। ਉਸ ਨੇ ਸੋਚਿਆ ਮਿਟਸੀ ਨਿਸ਼ਾਨ ਮੇਰਾ, ਇਹ ਤਾਂ ਸਦਾ ਲਈ ਇਕ ਯਾਦਗਾਰ ਬਨ ਗਈ। ਦੋਸ਼ੀ ਸਮਝ ਕੇ ਜ਼ਾਲਮ ਨੇ ਕਤਲ ਕੀਤਾ, ਦੁਨੀਆਂ ਲਈ ਸ਼ਹੀਦੀ ਮਜ਼ਾਰ ਬਨ ਗਈ।

ਸਿਆਪਾ ਡਾਇਰ ਦਾ

ਮੁਹੰਮਦ ਹੁਸੈਨ ਅਰਸ਼ਦ, ਅੰਮ੍ਰਿਤਸਰੀ

ਲਾਸ਼ਾਂ ਦਾ ਤੂੰ ਢੇਰ ਲਗਾਇਆ ਤਰਸ ਦਿਲੇ ਵਿਚ ਮੂਲ ਨਾ ਆਇਆ ਮਦਨ ਮੋਹਨ ਨੂੰ ਮਾਰ ਮੁਕਾਇਆ ਬੱਸ ਨਹੀਂ ਕੁਛ ਮੇਰੇ, ਲੱਗੇ ਗੋਲੀ ਡਾਇਰ ਓ ਤੇਰੇ ਜੱਲ੍ਹਿਆਂ ਵਾਲੇ ਬਾਗ਼ ’ਤੇ ਜ਼ੁਲਮ ਕਮਾਇਆ। ਆਸੇ ਪਾਸੇ ਲੁੱਕ ਛਿਪ ਬਹਿੰਦੇ ਗੋਲੀਆਂ ਤੇਰੀਆਂ ਸੀਨੇ ਸਹਿੰਦੇ ਆਖਰ ਮਰ ਮਰ ਲੰਬੇ ਪੈਂਦੇ ਮੌਤ ਨੇ ਪਾ ਲਏ ਘੇਰੇ, ਲੱਗੇ ਗੋਲੀ ਡਾਇਰ ਓ ਤੇਰੇ ਜੱਲ੍ਹਿਆਂ ਵਾਲੇ ਬਾਗ਼ ’ਤੇ ਜ਼ੁਲਮ ਕਮਾਇਆ। ਏਹੀ ਦਿਲ ਦੀਆਂ ਦਿਲ ਵਿਚ ਮੇਰੇ ਬਦਲੇ ਲੈਣੇ ਡਾਇਰ ਤੇਰੇ ਇਹ ਦੁਆ ਹੈ ਸ਼ਾਮ ਸਵੇਰੇ ਮੌਲਾ ਮੇਰੇ ਦਿਨਾਂ ਨੂੰ ਫੇਰੇ, ਲੱਗੇ ਗੋਲੀ ਡਾਇਰ ਓ ਤੇਰੇ ਜੱਲ੍ਹਿਆਂ ਵਾਲੇ ਬਾਗ਼ ’ਤੇ ਜ਼ੁਲਮ ਕਮਾਇਆ। ਹਿੰਦੂ, ਮੁਸਲਿਮ ਹੋ ਗਏ ’ਕੱਠੇ ਨਾਲੇ ਖਾਲਸਾ ਭਾਈ ਰਲ ਕੇ ਖਿਦਮਤ ਹਿੰਦ ਦੀ ਕਰਦੇ ਗਾਂਧੀ ਦੇ ਬਣ ਕੇ ਚੇਰੇ, ਲੱਗੇ ਗੋਲੀ ਡਾਇਰ ਓ ਤੇਰੇ ਜੱਲ੍ਹਿਆਂ ਵਾਲੇ ਬਾਗ਼ ’ਤੇ ਜ਼ੁਲਮ ਕਮਾਇਆ। ਆਰਜ਼ੂ ਦਿਲ ਦੀ ਇਹ ਹੈ ਮੇਰੀ ਹੱਥ ਮੇਂ ਕੰਗਨਾ ਪੈਰੀਂ ਬੇੜੀ ਨਾਲੇ ਸਿਹਰਾ ਬੰਨ੍ਹ ਕੇ ਜੀ ਇਕ ਦਿਨ ਲੈਣੇ ਫੇਰੇ, ਲੱਗੇ ਗੋਲੀ ਡਾਇਰ ਓ ਤੇਰੇ ਜੱਲ੍ਹਿਆਂ ਵਾਲੇ ਬਾਗ਼ ’ਤੇ ਜ਼ੁਲਮ ਕਮਾਇਆ। ਆਜ਼ਜ਼ ਗ਼ੁਲਾਮ ਰਸੂਲ ਪੁਕਾਰੇ ਦਿਨ ਰਾਤੀਂ ਸ਼ਾਮ ਸਵੇਰੇ ਲੱਗੇ ਗੋਲੀ ਡਾਇਰ ਓ ਤੇਰੇ ਜੱਲ੍ਹਿਆਂ ਵਾਲੇ ਬਾਗ਼ ’ਤੇ ਜ਼ੁਲਮ ਕਮਾਇਆ।

(ਪੇਸ਼ਕਸ਼: ਗੁਰਦੇਵ ਸਿੰਘ ਸਿੱਧੂ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All