ਉਨਾਓ: ਸਖ਼ਤ ਸੁਰੱਖਿਆ ਹੇਠ ਬਲਾਤਕਾਰ ਪੀੜਤ ਸਪੁਰਦ-ਏ-ਖ਼ਾਕ

ਉਨਾਓ ’ਚ ਜਬਰ-ਜਨਾਹ ਪੀੜਤਾ ਦੀ ਦੇਹ ਨੂੰ ਭਾਰੀ ਸੁਰੱਖਿਆ ਹੇਠ ਦਫ਼ਨਾਉਣ ਲਈ ਲੈ ਕੇ ਜਾਂਦੇ ਹੋਏ ਪਰਿਵਾਰਕ ਮੈਂਬਰ। -ਫੋਟੋ: ਪੀਟੀਆਈ

ਉਨਾਓ, 8 ਦਸੰਬਰ ਉਨਾਓ ਬਲਾਤਕਾਰ ਪੀੜਤ 23 ਸਾਲਾ ਲੜਕੀ ਦੀਆਂ ਅੰਤਿਮ ਰਸਮਾਂ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਨਿਭਾਈਆਂ ਗਈਆਂ। ਉਸਨੂੰ ਉਸ ਦੇ ਪਰਿਵਾਰ ਦੇ ਖੇਤਾਂ ਵਿੱਚ ਸਪੁਰਦ-ਏ- ਖ਼ਾਕ ਕਰ ਦਿੱਤਾ ਗਿਆ। ਇੱਥੇ ਹੀ ਉਸ ਦੇ ਪੁਰਖ਼ਿਆਂ ਦੀਆਂ ਕਬਰਾਂ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸਰਕਾਰੀ ਅਧਿਕਾਰੀ ਹਾਜ਼ਰ ਸਨ ਅਤੇ ਭਾਰੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਇਸ ਮੌਕੇ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਸਵਾਮੀ ਪ੍ਰਸਾਦ ਮੌਰੀਆ ਅਤੇ ਕਮਲ ਰਾਨੀ ਵਰੁਣ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਪੀੜਤ ਲੜਕੀ ਦੇ ਪਰਿਵਾਰ ਨਾਲ ਖੜ੍ਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਯਕੀਨੀ ਬਣਾਉਣਗੇ। ਦੂਜੇ ਪਾਸੇ ਸਮਾਜਵਾਦੀ ਪਾਰਟੀ ਦੇ ਐੱਮਐੱਲਸੀ ਸੁਨੀਲ ਸਿੰਘ ਸਾਜਨ ਨੇ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਸੂਬੇ ਵਿੱਚ ਲੜਕੀਆਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਅਤੇ ਉਨ੍ਹਾਂ ਦੀਆਂ ਐੱਫਆਈਆਰਜ਼ ਦਰਜ ਨਹੀਂ ਹੋ ਰਹੀਆਂ। ਉਨ੍ਹਾਂ ਨੇ ਯੋਗੀ ਅਦਿੱਤਿਆਨਾਥ ਸਰਕਾਰ ਦੇ ਅਸਤੀਫ਼ੇ ਦੀ ਮੰਗ ਕੀਤੀ। ਇਸ ਦੌਰਾਨ ਹੀ ਕਾਂਗਰਸ ਆਗੂ ਅਤੇ ਸਾਬਕਾ ਸੰਸਦ ਮੈਂਬਰ ਅਨੂੰ ਟੰਡਨ ਨੇ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਲੜਕੀ ਦੀ ਮੌਤ ਅਜਾਈਂ ਨਹੀਂ ਜਾਣੀ ਚਾਹੀਦੀ ਅਤੇ ਉਸ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪੀੜਤ ਲੜਕੀ ਜਿਸ ਨੂੰ ਅੱਗ ਲਾ ਦਿੱਤੀ ਸੀ, ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਚੱਲ ਵਸੀ ਸੀ ਅਤੇ ਉਸ ਦੀ ਲਾਸ਼ ਐਂਬੂਲੈਂਸ ਰਾਹੀਂ ਉਸ ਦੇ ਜ਼ੱਦੀ ਪਿੰਡ ਲਿਆਂਦੀ ਗਈ ਸੀ। ਇਸ ਤੋਂ ਪਹਿਲਾਂ ਦਿਨ ਵੇਲੇ ਬਲਾਤਕਾਰ ਪੀੜਤ ਲੜਕੀ ਦੇ ਪਰਿਵਾਰਕ ਮੈਂਬਰ ਲਖਨਊ ਦੇ ਡਿਵੀਜ਼ਨਲ ਕਮਿਸ਼ਨਰ ਮੁਕੇਸ਼ ਮੇਸ਼ਰਾਮ ਤੇ ਹੋਰ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਅੰਤਿਮ ਸੰਸਕਾਰ ਕਰਨ ਲਈ ਸਹਿਮਤ ਹੋ ਗਏ। ਸ੍ਰੀ ਮੇਸ਼ਰਾਮ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਇੱਕ ਘਰ ਦਿੱਤਾ ਜਾਵੇਗਾ। ਇਸ ਕੇਸ ਵਿੱਚ ਗਵਾਹ ਲੜਕੀ ਦੀਆਂ ਭੈਣਾਂ ਨੂੰ ਵੀ ਗਵਾਹੀ ਹੋਣ ਤੱਕ ਸੁਰੱਖਿਆ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਮੰਗ ਕਰਨ ’ਤੇ ਪਰਿਵਾਰ ਦੇ ਜੀਆਂ ਨੂੰ ਹਥਿਆਰ ਦਾ ਲਾਇਸੈਂਸ ਵੀ ਕਾਨੂੰਨ ਅਨੁਸਾਰ ਮੁਹੱਈਆ ਕਰਵਾਇਆ ਜਾਵੇਗਾ।ਇਸ ਤੋਂ ਪਹਿਲਾਂ ਮ੍ਰਿਤਕ ਲੜਕੀ ਦੀ ਭੈਣ ਨੇ ਦਿਨ ਸਮੇਂ ਕਿਹਾ ਸੀ ਕਿ ਉਹ ਉਦੋਂ ਤੱਕ ਲੜਕੀ ਦੀਆਂ ਅੰਤਿਮ ਰਸਮਾਂ ਨਹੀਂ ਨਿਭਾਉਣਗੇ ਜਦੋਂ ਤੱਕ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ ਪਿੰਡ ਨਹੀਂ ਆਉਣਗੇ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ। ਪੀੜਤ ਦੀ ਭੈਣ ਨੇ ਪਰਿਵਾਰ ਦੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਵੀ ਮੰਗ ਕੀਤੀ ਹੈ। -ਪੀਟੀਆਈ

‘ਜਦੋਂ ਜਬਰ-ਜਨਾਹ ਹੋ ਜਾਵੇਗਾ ਤਦ ਆਵੀਂ’ ਲਖਨਊ: ਉੱਤਰ ਪ੍ਰਦੇਸ਼ ’ਚ ਉਨਾਓ ਜ਼ਿਲ੍ਹੇ ਦੇ ਪਿੰਡ ਹਿੰਦੂਪੁਰ ਦੀ ਔਰਤ ਨੇ ਪੁਲੀਸ ’ਤੇ ਦੋਸ਼ ਲਾਇਆ ਹੈ ਕਿ ਜਦੋਂ ਉਹ ਜਬਰ-ਜਨਾਹ ਦੀ ਕੋਸ਼ਿਸ਼ ਦੀ ਸ਼ਿਕਾਇਤ ਦਰਜ ਕਰਾਉਣ ਲਈ ਗਈ ਤਾਂ ਉਥੋਂ ਉਸ ਨੂੰ ਬੇਤੁਕਾ ਜਿਹਾ ਜਵਾਬ ਮਿਲਿਆ। ਇਕ ਅਖ਼ਬਾਰ ਦੀ ਰਿਪੋਰਟ ਮੁਤਾਬਕ ਪੁਲੀਸ ਨੇ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰਦਿਆਂ ਉਸ ਨੂੰ ਕਿਹਾ, ‘‘ਜਦੋਂ ਜਬਰ-ਜਨਾਹ ਹੋ ਜਾਵੇਗਾ ਤਾਂ ਆਵੀਂ।’’ ਇਹ ਘਟਨਾ ਉਸੇ ਉਨਾਓ ਜ਼ਿਲ੍ਹੇ ’ਚ ਵਾਪਰੀ ਹੈ ਜਿਥੇ ਜਬਰ-ਜਨਾਹ ਪੀੜਤਾ ਨੂੰ ਪਿਛਲੇ ਹਫ਼ਤੇ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ ਅਤੇ ਸ਼ੁੱਕਰਵਾਰ ਰਾਤ ਉਸ ਦੀ ਮੌਤ ਹੋ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨਾਓ ਅਤੇ ਬਿਹਾਰ ਪੁਲੀਸ ਸਟੇਸ਼ਨਾਂ ’ਚ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੱਕ ਉਹ ਚੱਕਰ ਲਾਉਂਦੀ ਰਹੀ ਪਰ ਕਿਸੇ ਨੇ ਵੀ ਉਸ ਦੇ ਕੇਸ ’ਤੇ ਧਿਆਨ ਨਹੀਂ ਦਿੱਤਾ। ਔਰਤ ਨੇ ਕਿਹਾ ਕਿ ਪਿੰਡ ਦੇ ਤਿੰਨ ਮੁਲਜ਼ਮਾਂ ਰਾਮ ਮਿਲਨ, ਗੁਡੂ ਅਤੇ ਰਾਮ ਬਾਬੂ ਨੇ ਕੁਝ ਮਹੀਨੇ ਪਹਿਲਾਂ ਉਸ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਕਿਹਾ ਕਿ ਤਿੰਨੋਂ ਵਿਅਕਤੀਆਂ ਨੇ ਰਾਹ ’ਚ ਰੋਕ ਉਸ ਦੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ ਅਤੇ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ। ਉਹ ਕਿਸੇ ਤਰ੍ਹਾਂ ਨਾਲ ਉਨ੍ਹਾਂ ਕੋਲੋਂ ਬਚੀ ਅਤੇ 1090 ਨੰਬਰ ’ਤੇ ਫੋਨ ਕੀਤਾ। ਉਨ੍ਹਾਂ 100 ਨੰਬਰ ’ਤੇ ਫੋਨ ਕਰਨ ਲਈ ਕਿਹਾ ਪਰ ਫਰਿਆਦ ਕਿਸੇ ਨੇ ਨਹੀਂ ਸੁਣੀ। ਔਰਤ ਨੇ ਦੱਸਿਆ ਕਿ ਉਨਾਓ ’ਚ ਉਸ ਨੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਤਾਂ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਘਟਨਾ ਵਾਪਰਨ ਵਾਲੇ ਇਲਾਕੇ ’ਚ ਸ਼ਿਕਾਇਤ ਦੇਣ ਲਈ ਕਿਹਾ। ਉਸ ਨੇ ਦੱਸਿਆ ਕਿ ਮੁਲਜ਼ਮ ਅਕਸਰ ਘਰ ’ਚ ਆ ਕੇ ਧਮਕੀਆਂ ਦਿੰਦੇ ਹਨ ਕਿ ਜੇਕਰ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਉਂਜ ਪੁਲੀਸ ਨੇ ਸਾਰੇ ਕੇਸ ਦੀ ਜਾਣਕਾਰੀ ਹੋਣ ਤੋਂ ਪੱਲਾ ਝਾੜ ਲਿਆ ਹੈ। ਆਈਜੀ ਐੱਸ ਕੇ ਭਗਤ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਅਜਿਹੀ ਸ਼ਿਕਾਇਤ ਲੈ ਕੇ ਉਨ੍ਹਾਂ ਕੋਲ ਕੋਈ ਵੀ ਨਹੀਂ ਆਇਆ ਹੈ। -ਰਾਇਟਰਜ਼

ਕਾਂਗਰਸ ਕਾਰਕੁਨਾਂ ਵਿਰੁੱਧ ਕੇਸ ਦਰਜ ਲਖਨਊ: ਉੱਤਰ ਪ੍ਰਦੇਸ਼ ਪੁਲੀਸ ਨੇ ਸ਼ਨਿੱਚਰਵਾਰ ਨੂੰ ਉਨਾਓ ਕਾਂਡ ਨੂੰ ਲੈ ਕੇ ਲਖਨਊ ਵਿੱਚ ਸਰਕਾਰ ਵਿਰੁੱਧ ਮੁਜ਼ਾਹਰਾ ਕਰਨ ਵਾਲੇ ਕਾਂਗਰਸੀ ਵਰਕਰਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਸੂਤਰਾਂ ਅਨੁਸਾਰ ਸਾਬਕਾ ਮੰਤਰੀ ਜਿਤਿਨ ਪ੍ਰਸਾਦ, ਸੰਸਦ ਮੈਂਬਰ ਪੀਐੱਲ ਪੂਨੀਆ, ਐੱਮਐੱਲਸੀ ਦੀਪਕ ਪੂਨੀਆ ਤੇ ਪਾਰਟੀ ਬੁਲਾਰੇ ਰਾਜੀਵ ਤਿਆਗੀ ਸਣੇ ਕਰੀਬ ਸੌ ਕਾਰਕੁਨਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All