ਈ-ਸਿਗਰਟ ਲਾਉਂਦੀ ਸਾਹ ਦੇ ਰੋਗ

ਨਿਊਯਾਰਕ: ਨਿਕੋਟੀਨ ਯੁਕਤ ਈ-ਸਿਗਰਟ ਸਾਹ ਨਾਲੀ (ਜਿਸ ਰਾਹੀਂ ਆਕਸੀਜਨ ਫੇਫੜਿਆਂ ਤੱਕ ਪੁੱਜੀ ਹੈ) ’ਚੋਂ ਰੇਸ਼ਾ ਸਾਫ਼ ਕਰਨ ’ਚ ਅੜਿੱਕਾ ਹੀ ਪੈਦਾ ਨਹੀਂ ਕਰਦੀ ਸਗੋਂ ਇਸ ਨੂੰ ਪੀਣ ਨਾਲ ਸਾਹ ਨਾਲੀ ’ਚ ਸੋਜ ਆਉਣ ਦਾ ਖ਼ਤਰਾ ਵੀ ਵਧ ਜਾਂਦਾ ਹੈ। ਅਮਰੀਕਾ ਦੇ ‘ਰੈਸਪਿਰੇਟਰੀ ਐਂਡ ਕ੍ਰਿਟੀਕਲ ਕੇਅਰ ਮੈਡੀਸਨ’ ਨਾਮੀ ਰਸਾਲੇ ’ਚ ਛਪੀ ਖੋਜ ਅਨੁਸਾਰ ਈ-ਸਿਗਰਟ ਦੇ ਇਕ ਸੂਟੇ ਨਾਲ ਸਾਹ ਨਾਲੀ ਵਿਚ ਐਨਾ ਨਿਕੋਟੀਨ ਜਮ੍ਹਾਂ ਹੋ ਜਾਂਦਾ ਹੈ, ਜਿੰਨਾ ਤੰਬਾਕੂ ਵਾਲੀ ਪੂਰੀ ਸਿਗਰਟ ਪੀਣ ਨਾਲ ਨਹੀਂ ਹੁੰਦਾ। ਯੂਨੀਵਰਸਿਟੀ ਆਫ ਕੈਂਸਾਸ ਦੇ ਪ੍ਰੋਫੈਸਰ ਮੈਟਾਹਾਇਸ ਸਾਲੇਥ ਅਨੁਸਾਰ, ‘‘ਸਵਾਲ ਇਹ ਹੈ ਕਿ ਕੀ ਵਾਸ਼ਪ ਯੁਕਤ ਨਿਕੋਟੀਨ ਕਾਰਨ ਸਾਹ ਨਾਲੀ ’ਚੋਂ ਰੇਸ਼ਾ ਸਾਫ਼ ਕਰਨ ਦੀ ਸਮਰੱਥਾ ’ਤੇ ਤੰਬਾਕੂ ਵਾਲੀ ਸਿਗਰਟ ਵਾਂਗ ਹੀ ਮਾੜਾ ਅਸਰ ਪੈਂਦਾ ਹੈ?’’ ਸਲਾਥੇ ਦਾ ਜਵਾਬ ’ਚ ਕਹਿਣਾ ਹੈ, ‘‘ਵਾਸ਼ਪ ਯੁਕਤ ਨਿਕੋਟੀਨ ਕਾਰਨ ਨਬਜ਼ ਦੀ ਚਾਲ ਪ੍ਰਭਾਵਿਤ ਹੁੰਦੀ ਹੈ, ਸਾਹ ਨਾਲੀ ਖੁਸ਼ਕ ਹੋ ਜਾਂਦੀ ਹੈ ਅਤੇ ਰੇਸ਼ਾ ਵਧੇਰੇ ਚਿਪਚਿਪਾ ਹੋ ਜਾਂਦਾ ਹੈ। ਇਹ ਤਬਦੀਲੀ ਸਾਹ ਨਾਲੀ ਵਾਸਤੇ ਮੁਸੀਬਤ ਖੜ੍ਹੀ ਕਰਦੀ ਹੈ, ਕਿਉਂਕਿ ਇਹ ਫੇਫੜਿਆਂ ਤੱਕ ਹਵਾ ਪਹੁੰਚਾਉਣ ਦਾ ਮੁੱਖ ਰਸਤਾ ਹੈ, ਜੋ ਖੁਦ ਨੂੰ ਲਾਗ ਤੇ ਹੋਰ ਨੁਕਸਾਨ ਤੋਂ ਬਚਾ ਕੇ ਰੱਖਦਾ ਹੈ।’’ ਆਮ ਤੌਰ ’ਤੇ ਈ-ਸਿਗਰਟ ਪੀਣੀ ਸ਼ੁਰੂ ਕਰਨ ਵਾਲੇ ਸਮਝਦੇ ਹਨ ਕਿ ਵਾਸ਼ਪ ਯੁਕਤ ਨਿਕੋਟੀਨ ਨੁਕਸਾਨਦੇਹ ਨਹੀਂ ਹੁੰਦੀ, ਪਰ ਅਸਲ ’ਚ ਅਜਿਹਾ ਨਹੀਂ ਹੈ। ਇਹ ਵੀ ਦੂਜੀ ਸਿਗਰਟ ਵਾਂਗ ਹੀ ਨੁਕਸਾਨ ਕਰਦੀ ਹੈ। ਸਾਇੰਸਦਾਨਾਂ ਦਾ ਮੰਨਣਾ ਹੈ ਕਿ ਜਦੋਂ ਸਾਹ ਨਾਲੀ ਦੇ ਸੈੱਲ ਨਿਕੋਟੀਨ ਯੁਕਤ ਵਾਸ਼ਪ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਦੀ ਲੇਸ ਜਾਂ ਰੇਸ਼ਾ ਹਟਾਉਣ ਦੀ ਸਮਰੱਥਾ ਘਟ ਜਾਂਦੀ ਹੈ। ਇਸ ਵਰਤਾਰੇ ਨੂੰ ‘ਮਿਉਕੋਸਿਲਰੀ ਡੀਸਫੰਕਸ਼ਨ’ ਕਿਹਾ ਜਾਂਦਾ ਹੈ। ‘ਮਿਉਕੋਸਿਲਰੀ ਡੀਸਫੰਕਸ਼ਨ’ ਅਜਿਹਾ ਲੱਛਣ ਹੈ, ਜਿਸ ਕਾਰਨ ਫੇਫੜਿਆਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਚਿੰਬੜ ਜਾਂਦੀਆਂ ਹਨ, ਜਿਨ੍ਹਾਂ ’ਚ ਦਮਾ, ਸਾਹ ਲੈਣ ’ਚ ਤਕਲੀਫ਼ ਹੋਣਾ ਅਤੇ ਸਾਹ ਨਾਲੀ ’ਚ ਲਾਗ ਲੱਗਣਾ ਆਦਿ ਸ਼ਾਮਲ ਹਨ। ਖੋਜਕਾਰ ਇਸ ਸਿੱਟੇ ’ਤੇ ਪੁੱਜੇ ਹਨ ਕਿ ਨਿਕੋਟੀਨ, ਬਿਜਲਈ ਅਣੂ (ਆਈਨ) ਟੀਆਰਪੀਏ-1 (ਟਰਾਂਜ਼ੈਂਟ ਰੀਸੈਪਟਰ ਪੋਟੈਂਨਸ਼ੀਅਲ-1) ਦੇ ਸੰਪਰਕ ਵਿਚ ਆਉਣ ਕਾਰਨ ਮਾੜਾ ਪ੍ਰਭਾਵ ਪਾਉਂਦਾ ਹੈ। ਜੇ ‘ਟੀਆਪੀਏ-1’ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਨਿਕੋਟੀਨ ਦਾ ਸਾਹ ਨਾਲੀ ਵਿਚੋਂ ਰੇਸ਼ਾ ਹਟਾਉਣ ’ਤੇ ਪੈਣ ਵਾਲਾ ਦੁਰਪ੍ਰਭਾਵ ਘਟ ਸਕਦਾ ਹੈ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All