ਇੱਛਾਵਾਂ ਦੇ ਦਮਨ ਦਾ ਦੁਖਾਂਤ

ਪਰਮਜੀਤ ਢੀਂਗਰਾ

ਪੁਸਤਕ ਪੜਚੋਲ

ਸਾਹਿਤ ਦਾ ਵੱਡਾ ਸਰੋਕਾਰ ਸਮਕਾਲੀ ਦਵੰਦਾਂ ਨੂੰ ਫੜਨਾ ਅਤੇ ਉਨ੍ਹਾਂ ਦੀ ਚੀਰਫਾੜ ਕਰਕੇ ਪਾਠਕ ਨੂੰ ਹਲੂਣਾ ਦੇਣਾ ਹੁੰਦਾ ਹੈ। ਅੱਜ ਸਾਹਿਤ ਅਨੇਕਾਂ ਭ੍ਰਾਂਤੀਆਂ ਦਾ ਸ਼ਿਕਾਰ ਹੈ। ਇਹਦਾ ਵੱਡਾ ਕਾਰਨ ਸਮਾਜ ਦੀ ਤੋਰ ਹੈ। ਜਦੋਂ ਸਮਾਜ ਵਿਚ ਸਿਹਤਮੰਦ ਵਾਤਾਵਰਣ ਨਾ ਹੋਵੇ ਤਾਂ ਸਾਹਿਤ ਉਹਦਾ ਸਿਰਫ਼ ਪੇਸ਼ਕਾਰ ਬਣ ਕੇ ਰਹਿ ਜਾਂਦਾ ਹੈ। ਅਜਿਹੀ ਪੇਸ਼ਕਾਰੀ ਪਾਠਕ ਨੂੰ ਕੋਈ ਸਦੀਵੀ ਸੁਨੇਹਾ ਦੇਣ ਦੇ ਸਮਰੱਥ ਨਹੀਂ ਹੁੰਦੀ। ਲੇਖਕ ਨੇ ਸਮਕਾਲੀ ਵਿਰੋਧਾਂ ਵਿਚੋਂ ਇਕ ਚਿੰਤਨ ਪੈਦਾ ਕਰਨਾ ਹੁੰਦਾ ਹੈ ਤਾਂ ਜੋ ਪਾਠਕ ਦੀ ਸਮਝ ਨੂੰ ਮਜ਼ਬੂਤ ਕੀਤਾ ਜਾ ਸਕੇ। ਦੁਨੀਆ ਦਾ ਵਿਲੱਖਣ ਸਾਹਿਤ ਏਸੇ ਕਰਕੇ ਸਰਬਕਾਲੀ ਸਮਿਆਂ ਦਾ ਸੱਚ ਬਣ ਕੇ ਉੱਭਰਿਆ ਤੇ ਉਹ ਅੱਜ ਵੀ ਸੰਵਾਦ ਰਚਾਉਣ ਦੇ ਸਮਰੱਥ ਹੈ। ਰਚਨਾ ਦਾ ਸੰਵਾਦੀ ਲੱਛਣ ਉਹਨੂੰ ਪ੍ਰਾਣਵੰਤ ਬਣਾਉਂਦਾ ਹੈ, ਪਰ ਇਹਦੇ ਲਈ ਜ਼ਰੂਰੀ ਹੈ ਕਿ ਸਾਹਿਤ ਵਡੇਰੇ ਸਰੋਕਾਰਾਂ ਦੀ ਪਿੱਠ ਭੂਮੀ ਵਿਚ ਲੋਕ ਮਾਨਸ ਦੇ ਗਿਆਨ ਨੂੰ ਵਸੀਹ ਕਰਨ ਦਾ ਸਾਧਨ ਬਣੇ। ਜਿੱਥੋਂ ਤੱਕ ਪੰਜਾਬੀ ਗਲਪ ਦਾ ਸਬੰਧ ਹੈ ਤੇ ਵਿਸ਼ੇਸ਼ ਕਰਕੇ ਨਾਵਲਾਂ ਦਾ ਇਹ ਸਮਕਾਲੀ ਯਥਾਰਥ ਦੀ ਗੱਲ ਤਾਂ ਕਰਦੇ ਹਨ, ਸਰੋਕਾਰਾਂ ਨੂੰ ਛੂਹ ਕੇ ਉਨ੍ਹਾਂ ਨੂੰ ਆਧਾਰ ਦੇਣ ਦੀ ਕੋਸ਼ਿਸ਼ ਵੀ ਕਰਦੇ ਹਨ, ਪਰ ਸਰਬਕਾਲੀ ਸੱਚ ਬਣਨ ਤੋਂ ਉੱਕ ਜਾਂਦੇ ਹਨ। ਲੋਕ ਮਾਨਸਿਕਤਾ ਵਿਚ ਬੜੀਆਂ ਗੁੰਝਲਾਂ ਪਈਆਂ ਹਨ, ਪਰ ਕੀ ਉਨ੍ਹਾਂ ਗੁੰਝਲਾਂ ਦੇ ਹੱਲ ਸਾਹਿਤ ਵਿਚ ਪਏ ਹਨ ਇਹ ਵੱਡਾ ਸਵਾਲ ਹੈ। ਨਾਵਲ ਸਮਕਾਲ ਦੀ ਪੇਸ਼ਕਾਰੀ ਕਰਕੇ ਇਸ ਨੂੰ ਵਿਚ ਵਿਚਾਲੇ ਛੱਡ ਦਿੰਦਾ ਹੈ ਜਾਂ ਫਿਰ ਭਵਿੱਖ ’ਤੇ ਕੋਈ ਸਵਾਲੀਆ ਚਿੰਨ੍ਹ ਵੀ ਲਾਉਂਦਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਪਾਠਕ ਨਾਵਲ ਨੂੰ ਮਨੋਰੰਜਨ ਲਈ ਪੜ੍ਹਦਾ ਹੈ, ਗਿਆਨ ਲਈ ਜਾਂ ਫਿਰ ਉਸ ਤੋਂ ਕੋਈ ਸੇਧ ਪ੍ਰਾਪਤ ਕਰਨ ਲਈ। ਇਨ੍ਹਾਂ ਸਵਾਲਾਂ ਦੇ ਸਨਮੁਖ ਅਸੀਂ ਬਲਦੇਵ ਸਿੰਘ ਰਚਿਤ ਨਾਵਲ ‘ਵਿਰਲਾਂ ਵਿਚੋਂ ਝਾਕਦੀ ਜ਼ਿੰਦਗੀ’ (ਕੀਮਤ: 150 ਰੁਪਏ; ਲੋਕਗੀਤ ਪ੍ਰਕਾਸ਼ਨ, ਮੁਹਾਲੀ) ਪੜ੍ਹਦੇ ਹਾਂ ਤਾਂ ਜ਼ਿੰਦਗੀ ਦੀਆਂ ਕਈ ਪਰਤਾਂ ਉਧੜਦੀਆਂ ਹਨ। ਅੱਜ ਪੰਜਾਬ ਜਿਹੜੀਆਂ ਸਮੱਸਿਆਵਾਂ ਵਿਚ ਉਲਝ ਕੇ ਨਿਵਾਣਾਂ ਵਲ ਜਾ ਰਿਹਾ ਹੈ ਉਹਦੇ ਬਾਰੇ ਲੇਖਕ ਕੋਲ ਆਪਣਾ ਗਿਆਨ ਹੈ। ਇਸ ਤੋਂ ਅੱਗੇ ਲੇਖਕ ਨਹੀਂ ਜਾਂਦਾ, ਇਹ ਸ਼ਾਇਦ ਉਹਦੀ ਗਲਪੀ ਸੀਮਾ ਹੈ। ਨਾਵਲ ਦੀ ਬੁਨਿਆਦੀ ਕਥਾ ਸੱਤੀ ਅਤੇ ਕੌਰੇ ਦੀ ਜ਼ਿੰਦਗੀ ’ਤੇ ਟਿਕੀ ਹੋਈ ਹੈ। ਸੱਤੀ ਜੱਟ ਸ਼੍ਰੇਣੀ ਦਾ ਪਾਤਰ ਹੈ, ਪਰ ਉਹ ਸ਼ਾਇਦ ਨਿਮਨ ਤੋਂ ਵੀ ਨਿਮਨਤਾ ਦਾ ਸ਼ਿਕਾਰ ਹੈ ਕਿਉਂਕਿ ਥੋੜ੍ਹੀ ਭੋਇੰ ਕਰਕੇ ਉਹ ਆਰਥਿਕ ਕੰਗਾਲੀ ਵਿਚ ਪਿਸਦਾ ਹੈ। ਇਸ ਪਿੱਛੇ ਦਾਜ ਦੀ ਕੁਰੀਤੀ ਦੀ ਲਾਹਨਤ ਪਈ ਹੈ। ਉਹਦਾ ਪਿਓ ਥੋੜ੍ਹੀ ਜ਼ਮੀਨ ਵਿਚੋਂ ਕੁਝ ਵੇਚ ਕੇ ਧੀ ਦੇ ਸਹੁਰਿਆਂ ਦੀ ਦਾਜ ਦੀ ਮੰਗ ਪੂਰੀ ਕਰਦਾ ਹੈ। ਨਤੀਜਾ ਪਿਛਲਾ ਟੱਬਰ ਆਰਥਿਕ ਖੋਰੇ ਵਿਚ ਘਿਰ ਜਾਂਦਾ ਹੈ। ਦੂਜੇ ਪਾਸੇ ਕੌਰਾ ਦਲਿਤ ਸ਼੍ਰੇਣੀ ਦਾ ਪਾਤਰ ਹੈ। ਉਹਦੇ ਕੋਲ ਗੁਆਉਣ ਲਈ ਵੈਸੇ ਹੀ ਕੁਝ ਨਹੀਂ, ਮਿਹਨਤ ਮਜ਼ਦੂਰੀ ਹੀ ਉਹਦਾ ਆਸਰਾ ਹੈ। ਇਨ੍ਹਾਂ ਦੋਹਾਂ ਪਾਤਰਾਂ ਰਾਹੀਂ ਲੇਖਕ ਦੱਸਣਾ ਚਾਹੁੰਦਾ ਹੈ ਕਿ ਨਿਮਨ ਕਿਸਾਨੀ ਦੀ ਦਸ਼ਾ ਵੀ ਦਲਿਤਾਂ ਵਰਗੀ ਹੋ ਗਈ ਹੈ। ਉਨ੍ਹਾਂ ਦੇ ਆਰਥਿਕ ਵਸੀਲੇ ਖੋਹੇ ਜਾ ਰਹੇ ਹਨ। ਕਾਰਪੋਰੇਟਾਂ ਨੇ ਕਿਸਾਨਾਂ ਨੂੰ ਭੂਮੀਹੀਣ ਕਰ ਤੇ ਕਿਰਤੀਆਂ ਨੂੰ ਉਨ੍ਹਾਂ ਦੀ ਕਿਸਮਤ ਦੇ ਭਰੋਸੇ ਲੇਬਰ ਚੌਕਾਂ ਵਿਚ ਛੱਡ ਦਿਤਾ ਹੈ। ਇਨ੍ਹਾਂ ਦੋਹਾਂ ਵਰਗਾਂ ਨੇ ਮਿਲ ਕੇ ਜਿਸ ਭਵਿੱਖ ਦੀ ਨਿਸ਼ਾਨਦੇਹੀ ਕਰਨੀ ਸੀ ਉਹ ਨਾਵਲ ਵਿਚੋਂ ਗ਼ੈਰਹਾਜ਼ਰ ਹੈ। ਅਸਲ ਵਿਚ ਵਿਸ਼ਵ ਮੰਦੀ ਤੇ ਕਾਰਪੋਰੇਟਾਂ ਦੇ ਫੈਲਦੇ ਤੰਦੂਆ ਜਾਲ ਨੇ ਇਨਕਲਾਬੀ ਤਾਕਤਾਂ ਨੂੰ ਸਾਹ-ਸੱਤਹੀਣ ਕਰ ਦਿਤਾ ਹੈ। ਇਨਕਲਾਬ ਸ਼ਬਦ ਹੌਲੀ ਹੌਲੀ ਲੋਕ ਸਿਮਰਤੀ ਵਿਚ ਧੁੰਧਲਾ ਪੈ ਰਿਹਾ ਹੈ। ਇਹਦਾ ਵੱਡਾ ਕਾਰਨ ਬਾਜ਼ਾਰਵਾਦ ਦੀ ਧੁੰਦ ਹੈ। ਇਹ ਜ਼ਰੂਰ ਹੈ ਕਿ ਇਤਿਹਾਸ ਵਿਚੋਂ ਇਨਕਲਾਬੀ ਤਾਕਤਾਂ ਨੂੰ ਨਾ ਤਾਂ ਖਾਰਜ ਕੀਤਾ ਜਾ ਸਕਦਾ ਹੈ ਤੇ ਨਾ ਹੀ ਛੁਟਿਆਇਆ ਜਾ ਸਕਦਾ ਹੈ। ਇਸ ਨਾਵਲ ਵਿਚ ਵੀ ਮਾਸਟਰ ਜਗਤਾਰ ਅਜਿਹੀ ਹੀ ਮਸ਼ਾਲ ਚੁੱਕੀ ਲੋਕਾਂ ਚੇਤੰਨ ਕਰ ਰਿਹਾ ਹੈ। ਉਹਦੇ ਘਰ ਵਿਚਲੀਆਂ ਮੀਟਿੰਗਾਂ ਤੋਂ ਇਨਕਲਾਬੀ ਪੈਂਤੜੇ ਤੇ ਕੁਝ ਕਰ ਗੁਜ਼ਰਨ ਦੀ ਸੂਹ ਮਿਲਦੀ ਹੈ, ਪਰ ਵਾਪਰਦਾ ਕੁਝ ਨਹੀਂ। ਸ਼ਾਇਦ ਵਾਪਰਨ ਦਾ ਅਜੇ ਵੇਲਾ ਨਹੀਂ ਆਇਆ। ਇਹਦਾ ਕਾਰਨ ਇਹ ਵੀ ਹੈ ਕਿ ਲੇਖਕ ਉਸ ਵਿਚਾਰਧਾਰਕ ਪੈਂਤੜੇ ਤੋਂ ਵਿੱਥ ’ਤੇ ਖੜਾ ਨਜ਼ਰ ਆਉਂਦਾ ਹੈ। ਇਹੀ ਵਿੱਥ ਇਨਕਲਾਬੀ ਧਿਰਾਂ ਨੇ ਥਾਪੀ ਸੀ ਜਿਸ ਕਰਕੇ ਸਮਾਜ ਵਿਚ ਕੋਈ ਇਨਕਲਾਬੀ ਵਰਤਾਰਾ ਨਹੀਂ ਵਾਪਰ ਸਕਿਆ। ਦੋਹਾਂ ਪਾਤਰਾਂ ਦੀ ਬੁਨਿਆਦੀ ਸਮੱਸਿਆ ਕੁਝ ਨੁਕਤਿਆਂ ’ਤੇ ਸਿਮਟੀ ਹੋਈ ਹੈ। ਪਹਿਲੀ ਇਹ ਕਿ ਦੋਵੇਂ ਜਮਾਤੀ ਹਨ। ਘਰੇਲੂ ਥੁੜ੍ਹਾਂ ਤੇ ਤੰਗੀਆਂ ਦੇ ਬਾਵਜੂਦ ਸੱਤੀ ਕਾਲਜ ਤਾਂ ਗਿਆ ਪਰ ਕਿਸੇ ਲੇਖੇ ਨਹੀਂ ਲੱਗ ਸਕਿਆ, ਦੂਜਾ ਉਨ੍ਹਾਂ ਕੋਲ ਨਾ ਤਾਂ ਕੋਈ ਜੱਦੀ ਜਾਇਦਾਦ ਹੈ ਨਾ ਰੁਜ਼ਗਾਰ ਦੇ ਪੱਕੇ ਵਸੀਲੇ। ਕੌਰਾ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਹੈ, ਪਰ ਮਜ਼ਦੂਰੀ ਦਾ ਕੰਮ ਵੀ ਕਦੇ ਮਿਲਦਾ ਹੈ ਕਦੇ ਨਹੀਂ। ਓਧਰ ਸੱਤੀ ਔਖਾ ਸੌਖਾ ਮੌਲ ’ਤੇ ਗਾਰਡ ਵਜੋਂ ਭਰਤੀ ਹੋ ਜਾਂਦਾ ਹੈ, ਪਰ ਓਥੇ ਲੰਬੀ ਡਿਊਟੀ ਦੇ ਬਾਵਜੂਦ ਉਹਨੂੰ ਨਿਗੂਣੀ ਤਨਖਾਹ ਮਿਲਦੀ ਹੈ। ਤੀਜੀ ਸਮੱਸਿਆ ਵਿਆਹ ਦੀ ਹੈ। ਦੋਵੇਂ ਪਕੇਰੀ ਉਮਰ ਵਿਚ ਪਹੁੰਚ ਗਏ ਹਨ ਪਰ ਘਰ ਗ੍ਰਹਿਸਤੀ ਵਜੋਂ ਕੋਰੇ ਹਨ। ਦੋਵਾਂ ਦੇ ਮਨ ਵਿਚ ਦੱਬੀਆਂ ਖਾਹਸ਼ਾਂ ਹਨ। ਕਾਲਜ ਦੇ ਮੁੱਢਲੇ ਸਾਲਾਂ ਦੀਆਂ ਯਾਦਾਂ, ਜਵਾਨੀ ਦੇ ਸੁਪਨੇ, ਔਰਤ ਦੀ ਤਲਿਸਮੀ ਹੋਂਦ ਉਨ੍ਹਾਂ ਨੂੰ ਤੜਫਾਉਂਦੀ ਹੈ। ਔਰਤ ਉਨ੍ਹਾਂ ਲਈ ਇਕ ਵਰਜਿਤ ਫਲ ਵਾਂਗ ਹੈ ਕਿਉਂਕਿ ਘਰ ਗ੍ਰਹਿਸਤੀ ਚਲਾਉਣ ਲਈ ਆਰਥਿਕਤਾ ਜਰਜਰੀ ਹੈ। ਪਰ ਇੱਛਾਵਾਂ, ਸੁਪਨੇ, ਲੋੜਾਂ ਮਨ ’ਤੇ ਭਾਰੂ ਹਨ, ਔਰਤ ਦਾ ਜਾਦੂ ਉਨ੍ਹਾਂ ਨੂੰ ਕੀਲਦਾ ਹੈ। ਆਰਥਿਕ ਥੁੜ੍ਹ ਵਿਆਹ ਦੇ ਰਸਤੇ ਦੀ ਵੱਡੀ ਰੁਕਾਵਟ ਬਣ ਕੇ ਉਭਰਦੀ ਹੈ। ਇਸ ਦੇ ਹੱਲ ਲਈ ਦੋਵੇਂ ਫ਼ੈਸਲਾ ਕਰਦੇ ਹਨ ਕਿ ਕਿਉਂ ਨਾ ਮੁੱਲ ਦੀ ਤੀਵੀਂ ਲਿਆਂਦੀ ਜਾਵੇ। ਮੁੱਲ ਦੀ ਤੀਵੀਂ ਦਾ ਮੋਟਿਫ ਵਿਸ਼ੇਸ਼ ਕਰਕੇ ਮਲਵਈ ਗਲਪ ਵਿਚ ਵੱਡੇ ਪੱਧਰ ’ਤੇ ਮਿਲਦਾ ਹੈ। ਕੁਦੇਸਣਾਂ ਦਾ ਇਕ ਵੱਡਾ ਤਾਣਾ-ਬਾਣਾ ਪੰਜਾਬੀ ਸਮਾਜ ਦਾ ਅੰਗ ਰਿਹਾ ਹੈ। ਕੌਰਾ ਇਕ ਭਈਏ ਨਾਲ ਮਸਲਾ ਤੈਅ ਕਰਕੇ ਉਹਨੂੰ ਭਈਆ ਰਾਣੀ ਲਿਆਉਣ ਲਈ ਮੁੱਲ ਦੇਣ ਲਈ ਤਿਆਰ ਹੈ। ਦੋਵੇਂ ਇਹ ਵੀ ਫ਼ੈਸਲਾ ਕਰਦੇ ਹਨ ਕਿ ਉਹ ਮਿਥਾਂ ਵਾਂਗ ਦੋਹਾਂ ਦੀ ਸਾਂਝੀ ਬਹੂ ਹੋਵੇਗੀ। ਏਥੇ ਵੀ ਆਰਥਿਕਤਾ ਰੋੜ੍ਹਾ ਅਟਕਾਉਂਦੀ ਹੈ ਕਿ ਭਈਏ ਨੂੰ ‘ਮੁੱਲ’ ਦੇਣ ਲਈ ਰਕਮ ਨਹੀਂ। ਕੌਰਾ ਢੱਠੇ ਘਰ ਦੀਆਂ ਲਟੈਨਾਂ ਵੇਚ ਕੇ ਇਕ ਪਾਸੇ ਰਕਮ ਦਾ ਪ੍ਰਬੰਧ ਕਰਦਾ ਹੈ। ਦੂਸਰੇ ਪਾਸੇ ਲੰਮੇ ਸਮੇਂ ਤੋਂ ਬਿਨਾਂ ਜੰਦਰੇ ਵਾਲੇ ਘਰ ਨੂੰ ਸੁਆਰ ਕੇ ਜਿੰਦਰਾ ਲਾਉਂਦਾ ਹੈ। ਔਰਤ ਵਰਗੀ ਕੀਮਤੀ ‘ਸ਼ੈਅ’ ਤਾਂ ਜੰਦਰੇ ਵਿਚ ਰੱਖੀ ਜਾ ਸਕਦੀ ਹੈ, ਨਹੀਂ ਤਾਂ ਹਾਰੀ ਸਾਰੀ ਅੰਦਰ ਵੜ ਸਕਦਾ ਹੈ। ਮੁੱਲ ਦੀ ਤੀਵੀਂ ਨਾਲ ਦੋਵੇਂ ਇਕ ਡਰਾਮਾ ਕਰਕੇ ਅੱਧੇ ਅੱਧੇ ਨੰਦ ਪੜ੍ਹਾ ਲੈਂਦੇ ਹਨ, ਪਰ ਸੱਤੀ ਆਪਣੇ ਨੈਤਿਕ ਮੁੱਲ ’ਤੇ ਖੜ੍ਹ ਕੇ ਸਿਧਾ ਕਹਿ ਦੇਂਦਾ ਹੈ ਕਿ ਔਰਤ ਦੀ ਵੰਡ ਨਹੀਂ ਹੋ ਸਕਦੀ ਤੇ ਨਾ ਉਹ ਸਾਂਝੀ ਜਾਇਦਾਦ ਬਣ ਸਕਦੀ ਹੈ। ਓਧਰ ਜੰਦਰੇ ਦੇ ਬਾਵਜੂਦ ਇਕ ਦਿਨ ਭਈਆ ਰਾਣੀ ਸਾਰਾ ਪੈਸਾ ਟਕਾ ਲੈ ਕੇ ਪੱਤਰਾ ਵਾਚ ਜਾਂਦੀ ਹੈ ਹਾਲਾਂਕਿ ਕੌਰਾ ਉਹਦਾ ਪੂਰਾ ਖਿਆਲ ਰੱਖਦਾ ਹੈ ਤੇ ਉਹਦੀ ਹਰ ਲੋੜ ਪੂਰੀ ਕਰਦਾ ਹੈ। ਇਸ ਨਾਲ ਉਹ ਫਿਰ ਪਹਿਲਾਂ ਵਾਲੀ ਸਥਿਤੀ ਵਿਚ ਆ ਜਾਂਦਾ ਹੈ। ਦਾਰੂ ਉਨ੍ਹਾਂ ਲਈ ਸੰਜੀਵਨੀ ਹੈ। ਹਰ ਦੁੱਖ, ਸੁੱਖ, ਔਕੜ, ਮੁਸੀਬਤ ਵੇਲੇ ਉਹ ਇਹਦਾ ਸੇਵਨ ਕਰਦੇ ਹਨ। ਸ਼ਾਇਦ ਇਹ ਨਿਮਨ ਧਿਰਾਂ ਜਦੋਂ ਸੰਘਰਸ਼ ਤੋਂ ਵਿਚਲਿਤ ਹੋ ਜਾਂਦੀਆਂ ਹਨ ਤਾਂ ਪਿਆਲੇ ਦੀ ਓਟ ਵਿਚ ਚਲੀਆਂ ਜਾਂਦੀਆਂ ਹਨ। ਪੰਜਾਬ ਵਿਚਲਾ ਇਹ ਵਰਤਾਰਾ ਨਾਕਾਰਾਤਮਕ ਹੱਦ ਤੱਕ ਪਹੁੰਚ ਚੁੱਕਾ ਹੈ। ਇਸਦੇ ਨਾਲ ਹੀ ਲੇਖਕ ਪੰਜਾਬ ਵਿਚਲੀ ਨਸ਼ਿਆਂ ਦੀ ਮਾਰ ਨੂੰ ਪੇਸ਼ ਕਰਦਾ ਹੈ। ਦੋ ਹੋਰ ਸਮੱਸਿਆਵਾਂ ਇਸ ਨਾਵਲ ਵਿਚ ਦ੍ਰਿਸ਼ਟੀ ਗੋਚਰ ਹੁੰਦੀਆਂ ਹਨ। ਇਕ ਤਾਂ ਜੁਆਲਾ ਸਿੰਘ ਦਾ ਟੱਬਰ ਜੋ ਪੰਜਾਬ ਵਿਚ ਜ਼ਮੀਨੀ ਲਾਲਸਾ ਕਰਕੇ ਪੈਦਾ ਹੋਇਆ ਇਕ ਨਵਾਂ ਵਰਗ ਹੈ, ਜਿਸਦਾ ਕੰਮ ਗ਼ਰੀਬਾਂ ਦੀਆਂ ਜ਼ਮੀਨਾਂ ਹੜੱਪਣਾ ਹੈ ਤੇ ਨਾਲ ਹੀ ਉਹ ਨਸ਼ਿਆਂ ਦਾ ਕਾਰੋਬਾਰ ਵੀ ਕਰਦੇ ਹਨ। ਇਸੇ ਕਰਕੇ ਜੁਆਲਾ ਸਿੰਘ ਤੇ ਉਹਦੇ ਨਸ਼ੇੜੀ ਮੁੰਡੇ ਵੀਰ ਕੌਰ ਦੀ ਚਾਰ ਕਿੱਲੇ ਪੈਲੀ ਨੱਪ ਲੈਂਦੇ ਹਨ। ਸੱਤੀ ਜਦੋਂ ਵੀਰ ਕੌਰ ਦੀ ਮਦਦ ਲਈ ਬਹੁੜਦਾ ਹੈ ਤਾਂ ਉਹ ਉਹਦੇ ਭੁਲੇਖੇ ਉਹਦੇ ਭਰਾ ਬਲੰਤੇ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦੇਂਦੇ ਹਨ। ਵੀਰ ਕੌਰ ਇਸ ਅਹਿਸਾਨ ਦਾ ਬਦਲਾ ਚੁਕਾਉਣ ਲਈ ਆਪਣੇ ਪੇਕਿਓਂ ਵਡੇਰੀ ਉਮਰ ਨੂੰ ਢੁਕੇ ਸੱਤੀ ਲਈ ਪੁੰਨ ਦਾ ਸਾਕ ਲੈ ਕੇ ਆਉਂਦੀ ਹੈ, ਪਰ ਅਚਾਨਕ ਇਕ ਮੋੜ ਆਉਂਦਾ ਹੈ। ਏਸੇ ਸਮੇਂ ਭਈਆ ਰਾਣੀ ਭੱਜ ਜਾਂਦੀ ਹੈ। ਭਈਆ ਰਾਣੀ ਨੂੰ ਲੱਭਣ ਦੇ ਚੱਕਰ ਵਿਚ ਸੱਤੀ ਦਾ ਸਾਕ ਹੋਣ ਤੋਂ ਪਹਿਲਾਂ ਹੀ ਟੁੱਟ ਜਾਂਦਾ ਹੈ। ਇਸ ਤਰ੍ਹਾਂ ਕੌਰੇ ਦੀ ਔਰਤ ਪ੍ਰਤੀ ਜਿਗਿਆਸਾ ਜਿੱਥੇ ਮੁੱਲ ਤਾਰ ਕੇ ਸ਼ਾਂਤ ਹੁੰਦੀ ਹੈ ਓਥੇ ਦੂਜੇ ਪਾਸੇ ਇਕ ਹੋਰ ਘਟਨਾ ਰਾਹੀਂ ਸੱਤੀ ਨੂੰ ਔਰਤ ਭੋਗਣ ਲਈ ਮਿਲਦੀ ਹੀ ਨਹੀਂ ਸਗੋਂ ਉਹਨੂੰ ਬਹੁਤ ਸਾਰੇ ਪੈਸੇ ਦੇਣ ਲਈ ਵੀ ਤਿਆਰ ਹੁੰਦੀ ਹੈ। ਉਹ ਔਰਤ ਦੀ ਅਭਿਲਾਖਾ ਤਾਂ ਪੂਰੀ ਕਰ ਦੇਂਦਾ ਹੈ, ਪਰ ਪੈਸੇ ਲੈਣ ਤੋਂ ਇਨਕਾਰ ਕਰਕੇ ਇਕ ਵਾਰ ਫੇਰ ਨੈਤਿਕ ਮੁੱਲਾਂ ਦਾ ਪਹਿਰੇਦਾਰ ਬਣਦਾ ਹੈ। ਇਸ ਸਮੱਸਿਆ ਦਾ ਅਰੰਭ ਹੁਸਨਪ੍ਰੀਤ ਦੀ ਆਮਦ ਨਾਲ ਸ਼ੁਰੂ ਹੁੰਦਾ ਹੈ। ਉਹ ਤੇ ਸੱਤੀ ਇਕੋ ਕਾਲਜ ਵਿਚ ਪੜ੍ਹਦੇ ਸਨ। ਪਰ ਦੋਹਾਂ ਦੀ ਆਰਥਿਕ ਸਥਿਤੀ ਵਿਚ ਜ਼ਮੀਨ ਆਸਮਾਨ ਦਾ ਫ਼ਰਕ ਹੈ। ਹੁਸਨਪ੍ਰੀਤ ਵੱਡੇ ਖਾਨਦਾਨ ਦੀ ਧਨਾਢ ਕੁੜੀ ਹੈ ਤੇ ਉਹਦਾ ਵਿਆਹ ਵੀ ਇਕ ਸਰਦੇ ਪੁੱਜਦੇ ਅਮੀਰ ਘਰ ਵਿਚ ਹੋ ਜਾਂਦਾ ਹੈ। ਅੰਨ੍ਹਾ ਪੈਸਾ ਤੇ ਜ਼ਮੀਨ ਜਾਇਦਾਦ ਹੋਣ ਦੇ ਬਾਵਜੂਦ ਉਹਦਾ ਪਤੀ ਨਸ਼ਿਆਂ ਦਾ ਆਦੀ ਹੈ ਤੇ ਸਰੀਰਕ ਤੌਰ ’ਤੇ ਇਸ ਕਾਬਲ ਨਹੀਂ ਕਿ ਔਲਾਦ ਪੈਦਾ ਕਰ ਸਕੇ। ਹੁਸਨਪ੍ਰੀਤ ਨੂੰ ਏਡੀ ਵੱਡੀ ਜਾਇਦਾਦ ਲਈ ਇਕ ਵਾਰਸ ਦੀ ਲੋੜ ਹੈ। ਭਾਵੇਂ ਡਾਕਟਰੀ ਤਕਨੀਕਾਂ ਰਾਹੀਂ ਉਹ ਬੱਚਾ ਪੈਦਾ ਕਰ ਸਕਦੀ ਹੈ, ਪਰ ਉਹ ਚਾਹੁੰਦੀ ਹੈ ਕਿ ਸਾਰਾ ਕੁਝ ਕੁਦਰਤੀ ਤਰੀਕੇ ਨਾਲ ਹੋਵੇ। ਉਹਦੀ ਮੁਲਾਕਾਤ ਇਕ ਦਿਨ ਅਚਾਨਕ ਮੌਲ ਵਿਚ ਗਾਰਡ ਦੀ ਡਿਊਟੀ ’ਤੇ ਖੜੇ ਸੱਤੀ ਨਾਲ ਹੁੰਦੀ ਹੈ। ਦੋਵੇਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਨ ਲਈ ਇਕ ਦੂਜੇ ਨਾਲ ਸੰਪਰਕ ਕਾਇਮ ਕਰਦੇ ਹਨ। ਹੁਸਨਪ੍ਰੀਤ ਉਹਦੇ ਅੱਗੇ ਸਰੀਰਕ ਸੰਬੰਧ ਬਣਾਉਣ ਦੀ ਖਾਹਿਸ਼ ਪ੍ਰਗਟ ਕਰਦੀ ਹੈ ਤਾਂ ਜੋ ਉਹ ਇਸ ਘਰ ਲਈ ਵਾਰਸ ਪੈਦਾ ਕਰ ਸਕੇ, ਪਰ ਉਹ ਆਪਣੇ ਅਸੂਲਾਂ ’ਤੇ ਖੜ੍ਹਾ ਇਸ ਅਨੈਤਿਕ ਚਾਹਤ ਤੋਂ ਡਰ ਜਾਂਦਾ ਹੈ। ਫਿਰ ਦੂਸਰੇ ਮੌਕੇ ’ਤੇ ਉਹਦੀ ਖਾਹਸ਼ ਪੂਰੀ ਕਰ ਦੇਂਦਾ ਹੈ, ਪਰ ਉਹਦੇ ਪੈਸੇ ਲੈਣ ਤੋਂ ਇਨਕਾਰ ਕਰ ਦੇਂਦਾ ਹੈ। ਸਮੁੱਚੇ ਰੂਪ ਵਿਚ ਇਸ ਨਾਵਲ ਦਾ ਤਾਣਾਬਾਣਾ ਬੜਾ ਗੁੰਝਲਦਾਰ ਹੈ। ਬਲਦੇਵ ਸਿੰਘ ਦੀ ਵੱਡੀ ਖ਼ੂਬੀ ਇਹ ਹੈ ਕਿ ਉਹਦੇ ਕੋਲ ਸਮਰੱਥ ਗਲਪੀ ਭਾਸ਼ਾ ਤੇ ਨਾਵਲੀ ਢਾਂਚੇ ਦੀ ਉਸਾਰੀ ਦੀ ਸੂਝ-ਬੂਝ ਹੈ। ਆਪਣੀ ਗੱਲ ਕਹਿਣ ਦੇ ਢੰਗ ਰਾਹੀਂ ਉਹ ਸੰਦੇਸ਼ ਨੂੰ ਫੈਲਾਉਂਦਾ ਵੀ ਹੈ, ਪਰ ਨਾਲ ਨਾਲ ਉਨ੍ਹਾਂ ’ਤੇ ਸਵਾਲ ਵੀ ਖੜ੍ਹੇ ਕਰਦਾ ਹੈ। ਸਮਕਾਲੀ ਸਥਿਤੀਆਂ ਇਸ ਨਾਵਲ ਵਿਚ ਕਿਤੇ ਕਿਤੇ ਬੜੀਆਂ ਉੱਭਰਵੀਆਂ ਹਨ। ਸਮਕਾਲ ਨੂੰ ਫੜਨਾ ਭਾਵੇਂ ਕਠਿਨ ਹੁੰਦਾ ਹੈ ਕਿਉਂਕਿ ਇਹ ਬੜੀ ਤੇਜ਼ੀ ਨਾਲ ਬਦਲ ਜਾਂਦਾ ਹੈ, ਪਰ ਇਨ੍ਹਾਂ ਵਿਚਲੇ ਤੱਤ ਸਾਰ ਵਿਚੋਂ ਲੇਖਕ ਆਪਣੀ ਦ੍ਰਿਸ਼ਟੀ ਉਸਾਰ ਲੈਂਦਾ ਹੈ। ਇਹ ਦ੍ਰਿਸ਼ਟੀ ਹੀ ਕਿਸੇ ਗਲਪਕਾਰ ਦੀ ਪ੍ਰਾਪਤੀ ਹੁੰਦੀ ਹੈ। ਇਸ ਨਾਵਲ ਵਿਚਲੀ ਦਿਲਚਸਪੀ ਉਤਸੁਕਤਾ, ਸਸਪੈਂਸ ਤੇ ਸਰੋਕਾਰ ਨਿਸ਼ਚੇ ਹੀ ਪਾਠਕ ਨੂੰ ਚੁਣੌਤੀ ਦੇਣ ਦੇ ਸਮਰੱਥ ਹਨ।

ਸੰਪਰਕ: 94173-58120

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All