ਇੰਗਲੈਂਡ ’ਤੇ ਨਿਊਜ਼ੀਲੈਂਡ ਦਾ ਦਬਦਬਾ ਬਰਕਰਾਰ

ਹੈਮਿਲਟਨ, 1 ਦਸੰਬਰ

ਨਿਊਜ਼ੀਲੈਂਡ ਖ਼ਿਲਾਫ਼ ਸ਼ਾਟ ਖੇਡਦਾ ਹੋਇਆ ਜੋਅ ਰੂਟ। -ਫੋਟੋ: ਏਐੱਫਪੀ

ਕਪਤਾਨ ਜੋਅ ਰੂਟ ਅਤੇ ਰੋਰੀ ਬਰਨਸ ਦੇ ਸੈਂਕੜਿਆਂ ਦੀ ਬਦੌਲਤ ਇੰਗਲੈਂਡ ਨੇ ਵਾਪਸੀ ਕੀਤੀ, ਪਰ ਨਿਊਜ਼ੀਲੈਂਡ ਨੇ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਆਖ਼ਰੀ ਪਲਾਂ ਵਿੱਚ ਦੋ ਵਿਕਟਾਂ ਲੈ ਕੇ ਆਪਣਾ ਪੱਲੜਾ ਭਾਰੀ ਰੱਖਿਆ। ਰੂਟ ਨੇ ਲੈਅ ਵਿੱਚ ਵਾਪਸ ਕੀਤੀ ਅਤੇ ਉਹ 114 ਦੌੜਾਂ ਬਣਾ ਕੇ ਖੇਡ ਰਿਹਾ ਹੈ। ਬਰਨਸ ਨੇ ਫੀਲਡਰਾਂ ਦੀਆਂ ਗ਼ਲਤੀਆਂ ਦਾ ਫ਼ਾਇਦਾ ਉਠਾਉਂਦਿਆਂ 101 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਤੀਜੀ ਵਿਕਟ ਲਈ 177 ਦੌੜਾਂ ਦੀ ਭਾਈਵਾਲੀ ਵੀ ਕੀਤੀ। ਮੀਂਹ ਕਾਰਨ ਦਿਨ ਦੀ ਖੇਡ 16 ਓਵਰ ਪਹਿਲਾਂ ਖ਼ਤਮ ਕਰ ਦਿੱਤੀ ਗਈ, ਉਦੋਂ ਤੱਕ ਇੰਗਲੈਂਡ ਨੇ ਪੰਜ ਵਿਕਟਾਂ ਗੁਆ ਕੇ 269 ਦੌੜਾਂ ਬਣਾਈਆਂ ਸਨ। ਵਿਕਟਕੀਪਰ ਬੱਲੇਬਾਜ਼ ਓਲੀ ਪੋਪ ਚਾਰ ਦੌੜਾਂ ਬਣਾ ਕੇ ਕਪਤਾਨ ਦਾ ਸਾਥ ਦੇ ਰਿਹਾ ਹੈ। ਇੰਗਲੈਂਡ ਅਜੇ ਵੀ ਨਿਊਜ਼ੀਲੈਂਡ ਤੋਂ 106 ਦੌੜਾਂ ਪਿੱਛੇ ਹੈ, ਜਦੋਂਕਿ ਉਸ ਦੀਆਂ ਪੰਜ ਵਿਕਟਾਂ ਬਾਕੀ ਹਨ। ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿੱਚ 375 ਦੌੜਾਂ ਬਣਾਈਆਂ ਸਨ। ਇੰਗਲੈਂਡ ਨੇ ਦਿਨ ਦੀ ਸ਼ੁਰੂਆਤ ਦੋ ਵਿਕਟਾਂ ’ਤੇ 39 ਦੌੜਾਂ ਤੋਂ ਕੀਤੀ, ਜਿਸ ਮਗਰੋਂ ਰੂਟ ਅਤੇ ਬਰਨਸ ਨੇ ਸਕੋਰ ਨੂੰ 201 ਦੌੜਾਂ ਤੱਕ ਪਹੁੰਚਾਇਆ। ਬਰਨਸ ਨੇ ਮਿਲੇ ਜੀਵਨਦਾਨ ਦਾ ਪੂਰਾ ਫ਼ਾਇਦਾ ਚੁੱਕਿਆ। ਨਿਊਜ਼ੀਲੈਂਡ ਦੇ ਫੀਲਡਰਾਂ ਨੇ ਦਸ ਅਤੇ 19 ਦੌੜਾਂ ਦੇ ਸਕੋਰ ’ਤੇ ਉਸ ਦੇ ਕੈਚ ਛੱਡੇ, ਜਦਕਿ 87 ਦੌੜਾਂ ਦੇ ਸਕੋਰ ’ਤੇ ਉਸ ਨੂੰ ਰਨ ਆਊਟ ਕਰਨ ਦਾ ਮੌਕਾ ਵੀ ਗੁਆ ਦਿੱਤਾ। ਬਰਨਸ ਨੇ ਨੀਲ ਵੈਗਨਰ ਦੀ ਗੇਂਦ ’ਤੇ ਇੱਕ ਦੌੜ ਲੈ ਕੇ ਆਪਣਾ ਸੈਂਕੜਾ ਪੂਰਾ ਕੀਤਾ। ਹਾਲਾਂਕਿ, ਉਹ ਦੋ ਗੇਂਦਾਂ ਮਗਰੋਂ ਰਨ ਆਊਟ ਹੋ ਗਿਆ। ਜੀਤ ਰਾਵਲ ਦੇ ਥ੍ਰੋਅ ’ਤੇ ਬੀਜੇ ਵਾਟਲਿੰਗ ਨੇ ਉਸ ਨੂੰ ਆਊਟ ਕੀਤਾ। ਬੇਨ ਸਟੋਕਸ ਵੀ 26 ਦੌੜਾਂ ਬਣਾਉਣ ਮਗਰੋਂ ਟਿਮ ਸਾਊਦੀ (63 ਦੌੜਾਂ ਦੇ ਕੇ ਦੋ ਵਿਕਟਾਂ) ਦੀ ਗੇਂਦ ’ਤੇ ਰੋਸ ਟੇਲਰ ਨੂੰ ਕੈਚ ਦੇ ਬੈਠਾ। ਰੂਟ ਨੇ ਵੈਗਨਰ ਦੇ ਓਵਰ ਵਿੱਚ ਤਿੰਨ ਚੌਕਿਆਂ ਨਾਲ 259 ਗੇਂਦਾਂ ਵਿੱਚ ਆਪਣਾ 17ਵਾਂ ਟੈਸਟ ਸੈਂਕੜਾ ਪੂਰਾ ਕੀਤਾ। ਇੰਗਲੈਂਡ ਦੇ ਕਪਤਾਨ ਦੀ ਇਹ ਪਾਰੀ ਕਾਫ਼ੀ ਅਹਿਮ ਹੈ ਕਿਉਂਕਿ ਉਹ ਪਿਛਲੇ ਕੁੱਝ ਸਮੇਂ ਤੋਂ ਖ਼ਰਾਬ ਲੈਅ ਨਾਲ ਜੂਝ ਰਿਹਾ ਸੀ, ਜਿਸ ਕਾਰਨ ਇਹ ਸਵਾਲ ਉੱਠ ਰਿਹਾ ਸੀ ਕਿ ਕੀ ਕਪਤਾਨੀ ਦੇ ਵਾਧੂ ਬੋਝ ਕਾਰਨ ਉਸ ਦੀ ਕਾਰਗ਼ੁਜ਼ਾਰੀ ਪ੍ਰਭਾਵਿਤ ਹੋ ਰਹੀ ਹੈ। ਫਰਵਰੀ ਵਿੱਚ ਵੈਸਟ ਇੰਡੀਜ਼ ਖ਼ਿਲਾਫ਼ ਸੈਂਕੜਾ ਜੜਨ ਮਗਰੋਂ ਪਿਛਲੀਆਂ 15 ਟੈਸਟ ਪਾਰੀਆਂ ਵਿੱਚ ਇਹ ਰੂਟ ਦਾ ਸਰਵੋਤਮ ਸਕੋਰ ਹੈ। ਪਲੇਠਾ ਮੈਚ ਖੇਡ ਰਿਹਾ ਜ਼ੈਕ ਕਰੋਲੇ ਵੀ ਸਿਰਫ਼ ਇੱਕ ਦੌੜ ਬਣਾਉਣ ਮਗਰੋਂ ਵਟਲਿੰਗ ਨੂੰ ਕੈਚ ਦੇ ਬੈਠਾ। ਇਸ ਤੋਂ ਥੋੜ੍ਹੀ ਦੇਰ ਮਗਰੋਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਅਤੇ ਦਿਨ ਦੀ ਖੇਡ ਤੈਅ ਸਮੇਂ ਤੋਂ ਪਹਿਲਾਂ ਖ਼ਤਮ ਕਰਨੀ ਪਈ। -ਏਐੱਫਪੀ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All