ਇਲਮ, ਹਰਫ਼ ਦੀ ਮਾਂ ਹੁੰਦੇ ਹਨ ਅਧਿਆਪਕ

ਇਲਮ, ਹਰਫ਼ ਦੀ ਮਾਂ ਹੁੰਦੇ ਹਨ ਅਧਿਆਪਕ

School girl writing on the boardਅਧਿਆਪਕ ਜਦੋਂ ਆਦਰਯੋਗ ਤੇ ਆਦਰਸ਼ਕ ਨਾ ਰਹਿਣ ਉਦੋਂ ਬਦੀਆਂ, ਬਦਨਾਮੀਆਂ, ਬੁਰਾਈਆਂ ਦਾ ਹੜ੍ਹ ਆ ਜਾਂਦਾ ਹੈ। ਨੇਕੀ, ਨਿਹੁੰ, ਨਿਆਮਤਾਂ ਤੇ ਨੇਕਨੀਤੀਆਂ ਖ਼ਾਮੋਸ਼ ਹੋ ਜਾਂਦੀਆਂ ਹਨ। ਪਹਿਲਾ ਤੇ ਪੱਕਾ ਅਧਿਆਪਕ ਮਾਂ ਹੁੰਦੀ ਹੈ ਜੋ ਬੱਚੇ ਨੂੰ ਮੋਹਵੰਤ ਤੇ ਮੌਲਿਕ ਖਾਬਾਂ, ਖਿਆਲਾਂ ਤੇ ਖਾਕਸਾਰੀਆਂ ਦੀ ਗੁੜਤੀ ਦਿੰਦੀ ਹੈ ਤੇ ਅਧਿਆਪਕ ਇਨ੍ਹਾਂ ਬਹੁਮੁੱਲੀਆਂ ਬਰਕਤਾਂ ਨੂੰ ਗੂੜ੍ਹਾ ਤੇ ਗਹਿਰਾ ਕਰਨ ਲਈ ਨਰੋਈ ਸੇਧ ਤੇ ਸਿੱਖਿਆ ਦਿੰਦੇ ਹਨ। ਮਾਵਾਂ ਆਪਣੇ ਮਾਸੂਮ ਬੱਚਿਆਂ ਦੀ ਉਂਗਲ ਅਧਿਆਪਕ ਗੁਰੂਆਂ ਨੂੰ ਫੜਾ ਕੇ ਸੁਰਖ਼ਰੂ ਤੇ ਸੰਤੁਸ਼ਟ ਹੋ ਜਾਂਦੀਆਂ ਹਨ। ਅਧਿਆਪਕ ਮਾਸੂਮੀਅਤ ਨੂੰ ਉਠਣਾ-ਬੈਠਣਾ, ਤੁਰਨਾ-ਫਿਰਨਾ, ਖੇਡਣਾ, ਫੈਲਣਾ, ਮੌਲਣਾ ਤੇ ਖਿੜਂਨਾ ਸਿਖਾ ਕੇ ਮਾਨਵੀ ਗੁਰੂ ਹੋਣ ਦਾ ਖ਼ਿਤਾਬ ਹਾਸਲ ਕਰ ਲੈਂਦੇ ਹਨ। ਮੇਰੇ ਪ੍ਰਾਇਮਰੀ ਦੇ ਅਧਿਆਪਕ ਜਸਵੰਤ ਸਿੰਘ ਨੇ ਮੈਨੂੰ ਕਲਮ ਘੜਨੀ, ਉਂਗਲਾਂ ’ਚ ਫੜਨੀ ਅਤੇ ਫੱਟੀ ਪੋਚਣ ਤੇ ਲਿਖਣ ਦਾ ਅੱਖ਼ਰੀ ਮੁਹੱਬਤਨਾਮਾ ਆਪਣਾ ਬੱਚਾ ਸਮਝ ਕੇ ਸਿਖਾਇਆ। ਅੱਜ ਵੀ ਜਦੋਂ ਮੈਂ ਆਪਣੀ ਸੁੰਦਰ ਲਿਖਤ ਦੇਖਦਾ ਹਾਂ ਤਾਂ ਉਸ ਮਹਾਨ ਗੁਰੂ ਨੂੰ ਕੋਟ-ਕੋਟ ਸਤਿਕਾਰ ਦਿੰਦਾ ਹਾਂ। ਸਾਦੇ, ਸਹੀ, ਸੁੰਦਰ ਤੇ ਸੁਪਨਸ਼ੀਲ ਅਧਿਆਪਕ ਵਿਰਲੇ ਤੇ ਵੱਖਰੇ ਹੁੰਦੇ ਹਨ। ਅਜਿਹੇ ਅਧਿਆਪਕ ਕੋਲ ਪੜਦਾ ਬੱਚਾ, ਉਨ੍ਹਾਂ ਵਰਗਾ ਹੋਣਾ ਤੇ ਬਣਨਾ ਲੋਚਦਾ ਹੈ। ਬੱਚੇ ਨੂੰ ਅਧਿਆਪਕ ਜਦੋਂ ਅਨੋਖਾ ਤੇ ਆਲੋਕਾਰ ਲਗਣ ਲੱਗ ਪਵੇ ਤਾਂ ਸਮਝੋ ਬੱਚਾ ਪੜ੍ਹਨ ਦੀ ਮਹਾਨਤਾ ਨੂੰ ਸਮਝ ਗਿਆ ਹੈ। ਮੇਰੇ ਮਿਡਲ ਸਕੂਲ ਦੇ ਅਧਿਆਪਕ ਹਰਭਜਨ ਸਿੰਘ ਹੁੰਦਲ ਕਵੀ ਸਨ। ਮੈਨੂੰ ਕਵੀ ਹੋਣਾ ਚੰਗਾ ਲੱਗਣ ਲਗ ਪਿਆ ਤੇ ਹੌਲੀ-ਹੌਲੀ ਮੈਂ ਕਵੀ ਤੇ ਕਾਲਜ ਅਧਿਆਪਕ ਬਣ ਗਿਆ। ਅੱਜਕੱਲ੍ਹ ਦੇ ਬੱਚੇ ਅਧਿਆਪਕ ਬਣਨਾ ਨਹੀਂ ਚਾਹੁੰਦੇ। ਆਦਰਸ਼ਾਂ ਤੇ ਇਲਮਾਂ ਨਾਲੋਂ ਪੈਸਾ ਤੇ ਪਦਾਰਥ ਮਹਾਨ ਹੋ ਗਏ ਹਨ। ਪੈਸੇ ਤੇ ਪਦਾਰਥਾਂ ਦੇ ਲਾਲਚ ਤੇ ਲਾਲਸਾਵਾਂ ਨੇ ਮਾਵਾਂ ਵੀ ਪਹਿਲਾਂ ਵਰਗੀਆਂ ਨਹੀਂ ਰਹਿਣ ਦਿੱਤੀਆਂ।

ਪ੍ਰੋ. ਕੁਲਵੰਤ ਔਜਲਾ ਪ੍ਰੋ. ਕੁਲਵੰਤ ਔਜਲਾ

ਮੇਰੀ ਮਾਂ ਮੇਰੇ ਅਧਿਆਪਕਾਂ ਨੂੰ ਰੱਜ ਕੇ ਮੋਹ ਕਰਦੀ, ਦੁੱਧ ਪਿਆਉਂਦੀ ਤੇ ਲੱਸੀ ਭੇਜਦੀ ਸੀ ਤਾਂ ਕਿ ਉਸ ਦਾ ਬੱਚਾ ਅੱਖ਼ਰ ਸਿੱਖ ਕੇ ਆਪਣਾ ਭਵਿੱਖ ਸੰਵਾਰ ਲਵੇ। ਖਵਾਉਣਾ-ਪਿਆਉਣਾ ਲਾਲਚ ਜਾਂ ਰਿਸ਼ਵਤ ਨਹੀਂ, ਸਗੋਂ ਇਕ ਚੰਗੀ ਮਾਂ ਦੀ ਦਿਲੀ ਚਾਹਤ ਤੇ ਖ਼ਾਕਸਾਰ ਖ਼ਾਬ ਖਿਆਲੀ ਸੀ। ਕਾਲਜ ਅਧਿਆਪਨ ਦੇ ਮੇਰੇ ਪਹਿਲੇ ਪ੍ਰਿੰਸੀਪਲ ਗੁਰਚਰਨ ਸਿੰਘ ਕਿਹਾ ਕਰਦੇ ਸਨ ਕਿ ਵਿਦਿਆਰਥੀ ਅਧਿਆਪਕ ਦੀ ਰਚਨਾਤਮਿਕ ਜਾਇਦਾਦ ਹੁੰਦੇ ਹਨ। ਜਿੱਥੇ ਵੀ ਹੋਣ ਅਧਿਆਪਕ ਦਾ ਜਸ ਗਾਇਨ ਕਰਦੇ ਰਹਿੰਦੇ ਹਨ। ਦੁਨੀਆਂ ਦੀ ਸਭ ਤੋਂ ਵੱਡੀ ਜਾਇਦਾਦ ਅੱਖ਼ਰ ਗਿਆਨ ਹੈ ਜੋ ਅਮੁੱਕ ਤੇ ਅਥਾਹ ਹੈ। ਸਭ ਕੁਝ ਤਕਸੀਮ ਹੋ ਸਕਦਾ ਹੈ ਪਰ ਅੱਖ਼ਰ ਤਕਸੀਮ ਨਹੀਂ ਹੁੰਦੇ। ਅੱਖ਼ਰ ਅੱਜ ਇੰਨੇ ਬੇਦਿਲ ਤੇ ਬੇਅਸਰ ਕਿਉਂ ਹੋ ਗਏ ਹਨ? ਅਧਿਆਪਕ ਕਿਉਂ ਏਨਾ ਅਵਾਜ਼ਾਰ ਤੇ ਅਵੇਸਲਾ ਹੋ ਗਿਆ ਹੈੈ? ਸਿੱਖਿਆ ਦੇ ਮੰਦਰ ਵਪਾਰਖਾਨੇ ਹੋ ਗਏ ਹਨ। ਮਾਨਵੀ ਤਰਜੀਹਾਂ, ਤਮੰਨਾਵਾਂ ਤੇ ਤਰਜ਼ਾਂ ਬਦਲ ਗਈਆਂ ਹਨ। ਜਦੋਂ ਪਾਠਸ਼ਾਲਾਵਾਂ ਹੀ ਵਪਾਰਸ਼ਾਲਾਵਾਂ ਬਣ ਜਾਣ ਤਾਂ ਸਿੱਖਿਆ ਸੁਪਨੇ, ਸਿਰੜ ਤੇ ਸੰਘਰਸ਼ ਵੀ ਮਜਬੂਰ ਹੋ ਜਾਂਦੇ ਹਨ। ਇਕ ਖਾਸ ਕਿਸਮ ਦੀ ਮੋਹ ਹੀਣ, ਮਕਾਨਕੀ ਤੇ ਮਤਲਬੀ ਜਮਾਤ ਪੈਦਾ ਕੀਤੀ ਜਾ ਰਹੀ ਹੈ। ਤੱਪੜਾਂ ’ਤੇ ਬੈਠ ਕੇ ਤਪ ਕਰਨ ਵਾਲੇ ਤਪੱਸਵੀ ਤੇ ਤੇਜਸਵੀ ਬੱਚੇ ਵਕਤ ਦੀ ਅਮਾਨਵੀ ਮਹਾਂਮਾਰੀ ਨੇ ਨਸ਼ਈ, ਨਿਕੱਮੇ ਤੇ ਨਾਂਹਮੁਖੀ ਬਣਾ ਦਿੱਤੇ ਹਨ। ਵਿਸ਼ੇਸ਼ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਨ ਦੀ ਹੋੜ ਨੇ ਅਦਬੀ ਆਦਰਸ਼ਾਂ ਤੇ ਰਹਿਬਰੀ ਰਵਾਇਤਾਂ ਨੂੰ ਚਕਨਾਚੂਰ ਕਰ ਦਿੱਤਾ ਹੈ। ਖੋਖਲੀਆਂ ਤੇ ਖ਼ਾਬਹੀਣ ਜੜਾਂ ਦੇ ਸਹਾਰੇ ਸਦਾਬਹਾਰ ਹਰਿਆਵਲ ਨਹੀਂ ਉਗਾਈ ਜਾ ਸਕਦੀ। ਚਰਿੱਤਰ ਨਿਰਮਾਣਕਾਰ ਅਧਿਆਪਕਾਂ ਨੂੰ ਅਣਗੌਲੇ ਤੇ ਆਤੰਕਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਥੋੜ੍ਹੀਆਂ ਤਨਖਾਹਾਂ ਤੇ ਕੱਚੀਆਂ- ਪਿੱਲੀਆਂ ਨੌਕਰੀਆਂ ਨੇ ਅਧਿਆਪਕ ਨੂੰ ਅਸੰਤੁਸ਼ਟ ਤੇ ਅਵਾਜ਼ਾਰ ਬਣਾ ਦਿੱਤਾ ਹੈ। ਨਿਜ਼ਾਮ ਦੀ ਪਹਿਲੀ ਪ੍ਰਾਥਮਿਕਤਾ ਵਿਦਿਆ ਨਹੀਂ ਰਹੀ। ਵਿਦੇਸ਼ੀ ਪੂੰਜੀਵਾਦੀ ਮਾਡਲਾਂ ਦੀ ਰੀਸ ਨਾਲ ਬਾਹਰੀ ਸਜਾਵਟਾਂ ਤਾਂ ਸਿਰਜ ਲਈਆਂ ਗਈਆਂ ਹਨ ਪਰ ਅੰਦਰੂਨੀ ਰੂਹ ਤੇ ਰਾਗਦਾਰੀ ਗਵਾ ਲਈ ਹੈ। ਮੋਹਖੋਰੇ, ਮਾਨਵੀ ਤੇ ਮਹੀਨ ਅਧਿਆਪਕ ਆਟੇ ’ਚ ਲੂਣ ਦੇ ਬਰਾਬਰ ਰਹਿ ਗਏ ਹਨ। ਮੇਰੇ ਯੂਨੀਵਰਸਿਟੀ ਦੇ ਅਧਿਆਪਕ ਡਾ. ਰਵਿੰਦਰ ਰਵੀ ਜਦੋਂ ਬੋਲਦੇ ਹੁੰਦੇ ਸਨ ਤਾਂ ਅਸੀਂ ਸਾਹ ਰੋਕ ਕੇ ਸੁਣਦੇ ਹੁੰਦੇ ਸੀ। ਅਸੀਂ ਉਨ੍ਹਾਂ ਵਾਂਗੂੰ ਬੋਲਣਾ ਚਾਹੁੰਦੇ ਸੀ। ਸੋਚਦੇ ਸੀ ਕਿ ਜੇ ਅਸੀਂ ਅਧਿਆਪਕ ਲੱਗ ਗਏ ਤਾਂ ਅਸੀਂ ਉਨ੍ਹਾਂ ਵਾਂਗ ਬੋਲਿਆ ਤੇ ਪੜ੍ਹਾਇਆ ਕਰਾਂਗੇ। ਜਦੋਂ ਦੇਸ਼-ਧ੍ਰੋਹੀਆਂ ਨੇ ਉਨ੍ਹਾਂ ਦਾ ਕਤਲ ਕੀਤਾ ਤਾਂ ਅਸੀਂ ਇੰਜ ਰੋਏ ਜਿਵੇਂ ਸਾਡੀ ਇਲਮ ਹਰਫ ਦੀ ਮਾਂ ਮਰ ਗਈ ਹੋਵੇ।ਅਧਿਆਪਕ ਕਿਤਾਬ ਖੋਜਕਾਰ ਜਾਂ ਗਿਆਨਕਾਰ ਨਹੀਂ ਹੁੰਦਾ ਸਗੋਂ ਅੰਦਰੂਨੀ ਅਨੁਭੂਤੀ ਨਾਲ ਰਸੇ ਹੋਏ ਵੇਦਾਂ ਕਤੇਬਾਂ ਵਰਗਾ ਹੁੰਦਾ ਹੈ। ਉਸ ਕੋਲ ਖੁਦ ਕਮਾਇਆ ਅਨੁਭਵੀ ਖਜ਼ਾਨਾ ਹੁੰਦਾ ਹੈ। ਆਵੇਸ਼ ਵਿੱਚ ਆ ਕੇ ਕਲਾਸ ਰੂਮ ਵਿੱਚ ਅਧਿਆਪਕ ਅਕਸਰ ਅਜਿਹਾ ਕੁਝ ਬੋਲ ਜਾਂਦਾ ਜੋ ਕਿਤਾਬਾਂ ਵਿੱਚ ਨਹੀਂ ਹੁੰਦਾ। ਟਿਊਸ਼ਨਕਾਰੀ ਅਧਿਆਪਨ ਨਹੀਂ, ਵਪਾਰਕ ਸਿਲਸਿਲਾ ਹੈ। ਅਧਿਆਪਕ ਆਮ ਆਦਮੀ ਜਿਹਾ ਹੁੰਦਾ ਪਰ ਬੋਲਣ ਤੇ ਸਿਖਾਉਣ ਵੇਲੇ ਉਸ ਵਿੱਚ ਪੈਗੰਬਰੀ ਰੂਹ ਆ ਜਾਂਦੀ ਹੈ। ਪੈਗੰਬਰੀ ਬੋਲ ਅੰਦਰੂਨੀ ਜੁੰਬਸ਼ ਦੇ ਅੰਦਾਜ਼ ਵਿੱਚ ਸੁਣਨ ਵਾਲਿਆਂ ਦਾ ਆਤਮਿਕ ਪਰਿਵਰਤਨ ਕਰ ਦਿੰਦੇ ਹਨ। ਅਸੀਂ ਸਾਰੇ ਅਧਿਆਪਕਾਂ ਦੀ ਪੈਗੰਬਰੀ ਜੁੰਬਸ਼ ਨਾਲ ਪਰਿਵਰਤਿਤ ਤੇ ਪਾਕ ਹੋਈਆਂ ਰੂਹਾਂ ਹਾਂ। ਅਧਿਆਪਕ ਕਲਮਾਂ, ਕਿਤਾਬਾਂ ਤੇ ਕਾਪੀਆਂ ਬੀਜਦਾ ਅਤੇ ਇਨਸਾਨੀ ਮੁੱਲਾਂ ਤੇ ਮਾਅਨਿਆਂ ਨੂੰ ਉਗਾਉਂਦਾ ਹੈ। ਚੰਗੇ ਇਨਸਾਨ ਹੀ ਮਹਾਨ ਅਧਿਆਪਕ, ਇੰਜੀਨੀਅਰ, ਡਾਕਟਰ, ਲੇਖਕ, ਦਾਰਸ਼ਨਿਕ ਤੇ ਕਾਰੀਗਰ ਬਣ ਸਕਦੇ ਹਨ। ਜ਼ਿੰਦਗੀ ਨੂੰ ਮਾਨਣਾ, ਜਿਉਣਾ ਤੇ ਬਦਲਣਾ ਸਿਖਾਉਂਦਾ ਹੈ ਅਧਿਆਪਕ। ਅਧਿਆਪਕ ਦੀ ਪਹਿਲੀ ਤਰਜੀਹ ਆਦਰਸ਼ ਤੇ ਆਚਰਣ ਨਿਰਮਾਣਕਾਰੀ ਹੁੰਦੀ ਹੈ। ਸਾਰੇ ਅਧਿਆਪਕ ਇਕੋ ਜਿਹੇ ਨਹੀਂ ਹੁੰਦੇ। ਨਿਕੰਮੇ, ਨਾਂਹਮੁਖੀ ਤੇ ਨਾਲਾਇਕ ਅਧਿਆਪਕਾਾਂ ਦੀ ਬਹੁਤਾਤ ਹੈ। ਕੋਰੇ ਕਾਗਜ਼ਾਂ ’ਤੇ ਸੁੰਦਰ ਤੇ ਸੁਪਨਸ਼ੀਲ ਇਬਾਰਤਾਂ ਲਿਖਣ-ਲਿਖਵਾਉਣ ਵਾਲੇ ਅਧਿਆਪਕ ਹਮੇਸ਼ਾ ਥੋੜ੍ਹੇ ਰਹੇ ਹਨ। ਥੋੜ੍ਹਿਆਂ ਕਰਕੇ ਹੀ ਅਧਿਆਪਕ ਦੀ ਪਾਕੀਜ਼ਗੀ, ਪਕਿਆਈ, ਪਰਿਭਾਸ਼ਾ ਤੇ ਪਕੜ ਜ਼ਿੰਦਾ ਹੈ। ਅੱਖਰਾਂ ਦੇ ਆਲਣੇ ਸਦੀਵੀ, ਸਾਦੇ ਤੇ ਸੱਚੇ-ਸੁੱਚੇ ਹੁੰਦੇ ਹਨ। ਅੱਗ ਤੇ ਅਰਾਜਕਤਾ ਨੇ ਅੱਖਰਾਂ ਨੂੰ ਵੀ ਪਲੀਤ ਤੇ ਪਤਿੱਤ ਕਰ ਦਿੱਤਾ ਹੈ। ਰਿਸ਼ਵਤਾਂ ਤੇ ਲਿਹਾਜ਼ਦਾਰੀਆਂ ਨੇ ਅਧਿਆਪਕ ਦਿਵਸ ਮੌਕੇ ਦਿੱਤੇ ਜਾਣ ਵਾਲੇ ਸਨਮਾਨਾਂ ਨੂੰ ਵੀ ਕੁਰੀਤ ਕਰ ਦਿੱਤਾ ਹੈ। ਖ਼ੈਰਾਤ ਵਿੱਚ ਲਏ ਹੋਏ ਐਵਾਰਡ ਅਸਲੀ ਤੇ ਆਸਤਿਕ ਆਨੰਦ ਨਹੀਂ ਦਿੰਦੇ। ਕਰਮਸ਼ੀਲ ਤੇ ਕਰਤਾਰੀ ਲੋਕ ਸਤਿਕਾਰ ਤੇ ਸਨਮਾਨ ਮੰਗਣ ਨਹੀਂ ਜਾਂਦੇ। ਸੰਪਰਕ:08122-235343

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All