ਇਰਾਨ ਨੇ ਬਰਤਾਨੀਆ ਦੇ ਰਾਜਦੂਤ ਨੂੰ ਹਿਰਾਸਤ ’ਚ ਲਿਆ

ਇਰਾਨੀ ਵਿਦਿਆਰਥੀ ਤਹਿਰਾਨ ’ਚ ਰੋਸ ਮੁਜ਼ਾਹਰਾ ਕਰਦੇ ਹੋਏ। -ਫੋਟੋ: ਏਐਫ਼ਪੀ

ਤਹਿਰਾਨ, 12 ਜਨਵਰੀ ਇਰਾਨ ਦੀ ਰਾਜਧਾਨੀ ਤਹਿਰਾਨ ਵਿਚ ਸ਼ਨਿਚਰਵਾਰ ਨੂੰ ਯੂਕਰੇਨੀ ਜਹਾਜ਼ ਹਾਦਸੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਸਬੰਧੀ ਇਕ ਸਮਾਗਮ ਰੋਸ ਮੁਜ਼ਾਹਰੇ ਵਿਚ ਤਬਦੀਲ ਹੋ ਗਿਆ। ਪੁਲੀਸ ਨੇ ਇਸ ਸਮਾਗਮ ਵਿਚ ਹਿੱਸਾ ਲੈਣ ’ਤੇ ਬਰਤਾਨੀਆ ਦੇ ਰਾਜਦੂਤ ਰੌਬ ਮੈਕੇਅਰ ਨੂੰ ਹਿਰਾਸਤ ਵਿਚ ਲੈ ਲਿਆ। ਦੱਸਣਯੋਗ ਹੈ ਕਿ ਇਰਾਨੀ ਮਿਜ਼ਾਈਲ ਵੱਜਣ ਨਾਲ ਯੂਕਰੇਨ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ ਤੇ 176 ਜਣੇ ਮਾਰੇ ਗਏ ਸਨ। ਰੌਬ ਨੇ ਕਿਹਾ ਕਿ ਉਹ ਵਿਦਿਆਰਥੀਆਂ ਵੱਲੋਂ ਰੱਖੇ ਇਸ ਸ਼ਾਂਤੀਪੂਰਨ ਸਮਾਗਮ ਵਿਚ ਸ਼ਾਮਲ ਹੋਣ ਲਈ ਗਿਆ ਸੀ ਤੇ ਉਸ ਨੂੰ ਨਹੀਂ ਪਤਾ ਸੀ ਕਿ ਮਗਰੋਂ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਜਹਾਜ਼ ਹਾਦਸੇ ਦੇ ਮ੍ਰਿਤਕਾਂ ਵਿਚ ਕੁਝ ਬਰਤਾਨਵੀ ਵੀ ਸ਼ਾਮਲ ਸਨ। ਰਾਜਦੂਤ ਨੇ ਕਿਹਾ ਕਿ ਉਹ ਪੰਜ ਮਿੰਟ ਬਾਅਦ ਹੀ ਨਿਕਲ ਆਇਆ ਪਰ ਮਗਰੋਂ ਨਾਅਰੇਬਾਜ਼ੀ ਸ਼ੁਰੂ ਹੋ ਗਈ। ਰੌਬ ਨੇ ਕਿਹਾ ਕਿ ਉਸ ਨੂੰ ਕਰੀਬ ਅੱਧੇ ਘੰਟੇ ਬਾਅਦ ਹਿਰਾਸਤ ਵਿਚ ਲੈ ਲਿਆ ਗਿਆ। ਕੁਝ ਰਿਪੋਰਟਾਂ ਮੁਤਾਬਕ ਬਰਤਾਨਵੀ ਦੂਤ ’ਤੇ ਮੁਜ਼ਾਹਰੇ ਦਾ ਪ੍ਰਬੰਧ ਕਰਨ ਤੇ ਭੜਕਾਉਣ ਦਾ ਸ਼ੱਕ ਜਤਾਇਆ ਗਿਆ ਸੀ। ਰਾਜਦੂਤ ਨੂੰ ਇਰਾਨ ’ਚੋਂ ਕੱਢਣ ਦੀ ਮੰਗ ਵੀ ਕੀਤੀ ਗਈ ਹੈ। ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਇਹ ਸਮਾਗਮ ਅਮੀਰ ਕਬੀਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰੱਖਿਆ ਸੀ। ਅਮਰੀਕਾ ਨਾਲ ਟਕਰਾਅ ਦੌਰਾਨ ਗਲਤੀ ਨਾਲ ਯੂਕਰੇਨੀ ਜਹਾਜ਼ ਡੇਗਣ ਬਾਰੇ ਮੰਨੇ ਜਾਣ ਤੋਂ ਬਾਅਦ ਤਹਿਰਾਨ ’ਚ ਰੋਸ ਪ੍ਰਦਰਸ਼ਨਾਂ ਦੀ ਸੰਭਾਵਨਾ ਦੇ ਮੱਦੇਨਜ਼ਰ ਦੰਗਾ ਵਿਰੋਧੀ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਚੌਕ ਵਿਚ ਇਕ ਵੱਡਾ ਕਾਲਾ ਬੈਨਰ ਵੀ ਲਾਇਆ ਗਿਆ ਜਿਸ ’ਤੇ ਮ੍ਰਿਤਕਾਂ ਦੇ ਨਾਂ ਲਿਖੇ ਹੋਏ ਹਨ। ਲੋਕਾਂ ਨੇ ਚੋਟੀ ਦੇ ਆਗੂ ਅਯਾਤੁੱਲ੍ਹਾ ਅਲੀ ਖ਼ਮੇਨੀ ਸਣੇ ਹੋਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੁਲੀਸ ਨੇ ਇਸ ਮੌਕੇ ਅੱਥਰੂ ਗੈਸ ਦੀ ਵਰਤੋਂ ਕੀਤੀ। ਇਰਾਨ ਦੇ ਮੀਡੀਆ ਨੇ ਜਹਾਜ਼ ਹਾਦਸੇ ’ਤੇ ਧਿਆਨ ਕੇਂਦਰਤ ਕੀਤਾ ਹੈ ਤੇ ਜ਼ਿੰਮੇਵਾਰਾਂ ਤੋਂ ਮੁਆਫ਼ੀ ਅਤੇ ਅਸਤੀਫ਼ਾ ਮੰਗਿਆ ਹੈ। ਰੈਵੋਲਿਊਸ਼ਨਰੀ ਗਾਰਡਜ਼ ਨੇ ਅੱਜ ਸੰਸਦ ਨੂੰ ਜਨਰਲ ਸੁਲੇਮਾਨੀ ਦੀ ਹੱਤਿਆ, ਤਹਿਰਾਨ ਦੀ ਜਵਾਬੀ ਕਾਰਵਾਈ ਤੇ ਇਸੇ ਦੌਰਾਨ ਇਰਾਨੀ ਮਿਜ਼ਾਈਲ ਨਾਲ ਯੂਕਰੇਨੀ ਜਹਾਜ਼ ਡਿਗਣ ਦੀਆਂ ਘਟਨਾਵਾਂ ਬਾਰੇ ਜਾਣੂ ਕਰਵਾਇਆ ਹੈ। -ਏਐੱਫਪੀ

ਇਰਾਨ ਨੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕੀਤੀ: ਬਰਤਾਨੀਆ

ਲੰਡਨ: ਬਰਤਾਨੀਆ ਦਾ ਕਹਿਣਾ ਹੈ ਕਿ ਇਸ ਦੇ ਰਾਜਦੂਤ ਨੂੰ ‘ਬਿਨਾਂ ਕਿਸੇ ਕਾਰਨ ਜਾਂ ਸਫ਼ਾਈ’ ਦਿੱਤੇ ਹਿਰਾਸਤ ਵਿਚ ਲਿਆ ਗਿਆ। ਵਿਦੇਸ਼ ਮੰਤਰੀ ਡੌਮੀਨਿਕ ਰਾਬ ਨੇ ਕਿਹਾ ਕਿ ਇਹ ‘ਕੌਮਾਂਤਰੀ ਕਾਨੂੰਨਾਂ ਦੀ ਵੱਡੀ ਉਲੰਘਣਾ’ ਹੈ। ਡੌਮੀਨਿਕ ਨੇ ਕਿਹਾ ਕਿ ਇਰਾਨ ਚੌਰਾਹੇ ’ਤੇ ਖੜ੍ਹਾ ਹੈ, ਜਾਂ ਤਾਂ ਸਿਆਸੀ ਤੇ ਆਰਥਿਕ ਤੌਰ ’ਤੇ ਬਾਈਕਾਟ ਝੱਲੇ ਜਾਂ ਫਿਰ ਸ਼ਾਂਤੀ ਦਾ ਰਾਹ ਅਖ਼ਤਿਆਰ ਕਰੇ ਤੇ ਕੂਟਨੀਤੀ ਨਾਲ ਮਸਲਾ ਹੱਲ ਕਰੇ। ਇਰਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰਾਜਦੂਤ ਨੂੰ ਹਿਰਾਸਤ ’ਚ ਲੈਣ ਬਾਰੇ ਰਿਪੋਰਟ ਉਡੀਕੀ ਜਾ ਰਹੀ ਹੈ। ਯੂਰੋਪੀਅਨ ਯੂਨੀਅਨ ਨੇ ਇਰਾਨ ਨੂੰ ਤਣਾਅ ਘਟਾਉਣ ਲਈ ਪਹਿਲ ਕਰਨ ਦੀ ਅਪੀਲ ਕੀਤੀ ਹੈ।

ਰਾਜਦੂਤ ਨੂੰ ਵਿਦੇਸ਼ੀ ਨਾਗਰਿਕ ਸਮਝ ਗ੍ਰਿਫ਼ਤਾਰ ਕੀਤਾ ਗਿਆ: ਇਰਾਨ

ਤਹਿਰਾਨ: ਇਰਾਨ ਦੇ ਡਿਪਟੀ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਗ਼ਚੀ ਨੇ ਟਵੀਟ ਕੀਤਾ ਕਿ ਬਰਤਾਨੀਆ ਦੇ ਰਾਜਦੂਤ ਨੂੰ ਇਕ ‘ਗ਼ੈਰਕਾਨੂੰਨੀ ਇਕੱਠ’ ’ਚੋਂ ਵਿਦੇਸ਼ੀ ਨਾਗਰਿਕ ਵਜੋਂ ‘ਗ੍ਰਿਫ਼ਤਾਰ’ ਕੀਤਾ ਗਿਆ ਸੀ ਨਾ ਕਿ ਹਿਰਾਸਤ ’ਚ ਲਿਆ ਗਿਆ ਸੀ। ਪਰ ਸ਼ਨਾਖ਼ਤ ਹੋਣ ਮਗਰੋਂ 15 ਮਿੰਟ ਵਿਚ ਹੀ ਰਿਹਾਅ ਕਰ ਦਿੱਤਾ ਗਿਆ।

-ਏਐੱਫਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਫੈਡਰਲ ਢਾਂਚੇ ਨੂੰ ਲਗਾਤਾਰ ਲੱਗ ਰਹੀ ਢਾਹ

ਫੈਡਰਲ ਢਾਂਚੇ ਨੂੰ ਲਗਾਤਾਰ ਲੱਗ ਰਹੀ ਢਾਹ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All