ਇਪਟਾ ਪੰਜਾਬ

ਲੋਕ ਹਿਤੈਸ਼ੀ, ਸਾਫ਼-ਸੁਥਰੇ ਅਤੇ ਨਰੋਏ ਸੱਭਿਆਚਾਰ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਇਪਟਾ 70 ਸਾਲ ਪਹਿਲਾਂ 25 ਮਈ 1943 ਨੂੰ ਹੋਂਦ ਵਿੱਚ ਆਈ ਸੀ। ਇਸ ਦੇ ਪਹਿਲੇ ਪ੍ਰਧਾਨ ਐੱਚ.ਐਮ.ਜੋਸ਼ੀ ਸਨ। ਇਪਟਾ ਨੇ ਆਪਣੀ ਸਥਾਪਨਾ ਮੌਕੇ ਹੀ ਐਲਾਨ ਕਰ ਦਿੱਤਾ ਸੀ ਕਿ ਕਲਾ ਸਿਰਫ਼ ਕਲਾ ਲਈ ਨਹੀਂ ਬਲਕਿ ਲੋਕਾਂ ਲਈ ਹੈ। ਭਾਵੇਂ ਬੰਗਾਲ ਦਾ ਹਿਰਦਾ ਹਿਲਾਊ ਕਾਲ ਹੋਵੇ, ਆਜ਼ਾਦੀ ਦੀ ਲੜਾਈ ਜਾਂ ਕਿਸਾਨਾਂ-ਮਜ਼ਦੂਰਾਂ ਦਾ ਸੰਘਰਸ਼ ਹੋਵੇ, ਇਪਟਾ ਨੇ ਹਮੇਸ਼ਾਂ ਹੀ ਆਪਣੀ ਜ਼ਿੰਮੇਵਾਰੀ ਈਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ। ਹਿੰਦੀ ਫ਼ਿਲਮਾਂ ਦੇ ਸਿਰਮੌਰ ਹਸਤਾਖ਼ਰ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਨਰਗਿਸ ਦੱਤ, ਸ਼ਬਾਨਾ ਆਜ਼ਮੀ, ਏ.ਕੇ. ਹੰਗਲ, ਉਤਪਲ ਦੱਤ, ਦੁਰਗਾ ਖੋਟੇ, ਕੈਫ਼ੀ ਆਜ਼ਮੀ, ਸੰਜੀਵ ਕੁਮਾਰ, ਹੇਮੰਤ ਕੁਮਾਰ, ਮੰਨਾ ਡੇ, ਸਾਹਿਰ ਲੁਧਿਆਣਵੀ, ਮੁਲਕ ਰਾਜ ਆਨੰਦ, ਭੀਸ਼ਮ ਸਾਹਨੀ ਜਿਹੇ ਅਣਗਿਣਤ ਕੌਮਾਂਤਰੀ ਅਤੇ ਕੌਮੀ ਪ੍ਰਸਿੱਧੀ ਦੇ ਫਨਕਾਰ ਇਪਟਾ ਨਾਲ ਜੁੜੇ। ਇਪਟਾ ਦਾ ਪੰਜਾਬ ਵਿੱਚ ਮੁੱਢ ਸੰਨ 1961 ਨੂੰ ਤੇਰਾ ਸਿੰਘ ਚੰਨ ਨੇ ਸੁਰਿੰਦਰ ਕੌਰ, ਜਗਦੀਸ਼ ਫਰਿਆਦੀ, ਹਰਨਾਮ ਸਿੰਘ ਨਰੂਲਾ, ਜੋਗਿੰਦਰ ਬਾਹਰਲਾ, ਸ਼ੀਲਾ ਦੀਦੀ, ਹੁਕਮ ਚੰਦ ਖਲੀਲੀ ਅਤੇ ਅਮਰਜੀਤ ਗੁਰਦਾਸ ਪੁਰੀ ਦੇ ਸਰਗਰਮ ਸਹਿਯੋਗ ਨਾਲ ਬੰਨਿਆ ਸੀ। ਇਸ ਸੱਭਿਆਚਾਰਕ ਟੋਲੀ ਨੇ ਨਾਟਕਾਂ, ਨਾਟ-ਗੀਤਾਂ ਅਤੇ ਓਪੇਰਿਆਂ ਦੇ ਥਾਂ-ਥਾ ਮੰਚਨ ਰਾਹੀਂ ਪੰਜਾਬ ਦੇ ਸੱਭਿਆਚਾਰ ਵਿੱਚ ਇੱਕ ਸਿਫ਼ਤੀ ਤੇ ਇਨਕਲਾਬੀ ਤਬਦੀਲੀ  ਲਿਆਂਦੀ। ਜਿੱਥੇ ਕਿਤੇ ਵੀ ਇਹ ਟੋਲੀ ਆਪਣਾ ਪ੍ਰੋਗਰਾਮ ਕਰਨ ਜਾਂਦੀ, ਲੋਕਾਂ ਦਾ ਹਜੂਮ ਉਮੜ ਕੇ ਆ ਜਾਂਦਾ। ਇਪਟਾ ਦੀਆਂ ਸੱਭਿਆਚਾਰਕ ਸਰਗਰਮੀਆਂ ਲਗਾਤਾਰ 20-22 ਸਾਲ ਲਗਾਤਾਰ ਚੱਲੀਆਂ ਪਰ ਪੰਜਾਬ ਵਿੱਚ ਕਾਲੇ ਦੌਰ ਦੌਰਾਨ ਇਸ ਦੀ ਰਫ਼ਤਾਰ ਕੁਝ ਮੱਠੀ ਹੋ ਗਈ। ਸਾਲ 2005 ਵਿੱਚ ਇਪਟਾ ਨੇ ਕੈਫੀ ਆਜ਼ਮੀ ਨੂੰ ਸਮਰਪਿਤ ਚਾਰ ਰੋਜ਼ਾ ਲੋਕ ਹਿਤੈਸ਼ੀ ਸੱਭਿਆਚਾਰਕ ਸ਼ਾਮਾਂ ਦਾ ਆਯੋਜਨ ਟੈਗੋਰ ਥੀਏਟਰ, ਚੰਡੀਗੜ੍ਹ ਵਿਖੇ  ਕਰਵਾ ਕੇ ਰਫ਼ਤਾਰ ਫੜੀ। 2005 ਵਿੱਚ ਹੀਨਵੰਬਰ ਮਹੀਨੇ ’ਚ ਇਪਟਾ ਨੇ ਕੈਫੀ ਆਜ਼ਮੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਇੱਕ ਰੋਜ਼ਾ ਸੱਭਿਆਚਾਰਕ ਸ਼ਾਮ ਦਾ ਆਯੋਜਨ ਇਪਟਾ ਦੇ ਬਾਨੀ ਮੈਂਬਰਾਂ ਜਗਦੀਸ਼ ਫਰਿਆਦੀ, ਹਰਨਾਮ ਸਿੰਘ ਨਰੂਲਾ, ਸ੍ਰੀਮਤੀ ਸੁਰਿੰਦਰ ਕੌਰ, ਸ਼ੀਲਾ ਦੀਦੀ ਅਤੇ ਗੁਰਸ਼ਰਨ ਭਾਅ ਜੀ, ਡਾ. ਹਰਚਰਨ ਸਿੰਘ ਅਤੇ ਸੋਭਾ ਕੋਸਰ ਦੀ ਪ੍ਰਧਾਨਗੀ ਹੇਠ ਕੀਤਾ। ਸਾਲ 2005 ਵਿੱਚ ਲਖਨਊ (ਯੂ.ਪੀ.) ਵਿਖੇ 12 ਵੀਂ ਕੌਮੀ ਕਾਨਫਰੰਸ ਵਿਖੇ, ਤ੍ਰਿਚੂਰ (ਕੇਰਲਾ) ਵਿਖੇ ਸਾਲ 2006 ਵਿੱਚ ਡਬਲਿਊ.ਵਾਈ.ਪੀ.ਐੱਸ.ਟੀ. ਅਧੀਨ ਸੱਭਿਆਚਾਰਕ ਸ਼ਾਮਾਂ, ਸਾਲ 2007  ਵਿੱਚ ਆਗਰਾ ਵਿਖੇ ਸ਼ਹੀਦ ਭਗਤ ਸਿੰਘ ਨੂੰ ਸਪਰਿਪਤ ਸਮਾਗਮ ਅਤੇ ਸਾਲ 2007 ਵਿੱਚ ਹੈਦਰਾਬਾਦ (ਆਂਧਰਾ ਪ੍ਰਦੇਸ਼) ਵਿਖੇ ਹੋਈ ਨੈਸ਼ਨਲ ਵਰਕਸ਼ਾਪ ਵਿੱਚ ਇਪਟਾ ਪੰਜਾਬ ਦੇ ਕਾਰਕੁੰਨਾਂ ਨੇ ਭਰਵੀਂ ਸ਼ਿਰਕਤ ਕੀਤੀ। ਇਪਟਾ ਦੀ ਰਾਸ਼ਟਰੀ ਕਾਨਫੰਰਸ ਛੱਤੀਸਗੜ੍ਹ ਦੇ ਭਿਲਾਈ ਸ਼ਹਿਰ ਵਿਖੇ ਹੋਈ ਜਿਸ ਵਿੱਚ ਤਿੰਨ ਰੋਜ਼ਾ ਰਾਸ਼ਟਰੀ ਸੱਭਿਆਚਾਾਰਕ ਮਹਾਉਤਸਵ ਕਰਵਾਇਆ ਗਿਆ। ਇਸ ਵਿੱਚ ਪੂਰੇ ਭਾਰਤ ਤੋਂ 22 ਰਾਜਾਂ ਅਤੇ ਕੇਂਦਰ ਸ਼ਾਸਿਤ ਰਾਜਾਂ ਤੋਂ  ਇਪਟਾ ਦੀ ਸੋਚ ਨਾਲ ਸਹਿਮਤ ਲਗਪਗ 2500 ਕਲਾਕਾਰ ਪਹੁੰਚੇ। ਝਾਰਖੰਡ ਦੇ ਸ਼ਹਿਰ ਡਾਲਟਨਗੰਜ ਵਿਖੇ 23 ਮਾਰਚ ਨੂੰ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਵਿੱਚ ਇਪਟਾ ਪੰਜਾਬ ਦੇ ਕਾਰਕੁਨਾਂ ਨੇ  ਨਾਟਕਾਂ, ਕੋਰੀਓਗ੍ਰਾਫ਼ੀਆਂ ਅਤੇ ਓਪੇਰਿਆਂ ਰਾਹੀਂ ਹਾਜ਼ਰੀ ਲਗਵਾਈ। ਇਪਟਾ ਪੰਜਾਬ ਆਪਣੇ ਪੱਧਰ ’ਤੇ ਪੰਜਾਬੀ ਰੰਗਮੰਚ ਦੇ ਵਿਕਾਸ ਅਤੇ ਸੱਭਿਆਚਾਰਕ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਦੇ ਯਤਨ ਵੀ ਲਗਾਤਾਰਤਾ ਨਾਲ ਕਰ ਰਹੀ ਹੈ। ਇਸ ਸਬੰਧੀ ਲੰਮੇ ਸਮੇਂ ਤੋਂ ਪੰਜਾਬ ਦੀਆਂ ਪਿਛਲੀਆਂ 2007 ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਗੰਭੀਰ ਮਸਲਿਆਂ ਨੂੰ ਆਪੋ-ਆਪਣੇ ਚੋਣ-ਮਨੋਰਥ ਪੱਤਰਾਂ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ ਗਈ ਸੀ। ਪੰਜਾਬ ਵਿੱਚ ਲੱਚਰ, ਅਸ਼ਲੀਲ ਅਤੇ ਹਿੰਸਕ ਗੀਤਾਂ ਖ਼ਿਲਾਫ਼ ਭਰਾਤਰੀ ਜਥੇਬੰਦੀਆਂ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਉਪਾਸਕਾਂ ਦੇ ਸਹਿਯੋਗ ਨਾਲ ਧਰਨੇ ਮਾਰੇ ਜਾ ਰਹੇ ਹਨ। ਪੰਜਾਬ ਵੱਲੋਂ ਸੱਭਿਆਚਾਰਕ ਪ੍ਰਦੂਸ਼ਨ ਖ਼ਿਲਾਫ਼ ਛੇੜੀ ਗਈ ਮੁਹਿੰਮ ਨੂੰ ਤਸੱਲੀਬਖ਼ਸ਼ ਹੁੰਗਾਰਾ ਮਿਲਿਆ ਹੈ। ਇਪਟਾ ਪੰਜਾਬ ਨੂੰ ਮਾਝਾ,ਮਾਲਵਾ, ਦੁਆਬਾ ਅਤੇ ਪੁਆਧ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਇਕਾਈਆਂ ਵਿੱਚ ਕਨਵੀਨਰ ਅਤੇ ਕੋ-ਕਨਵੀਨਰ ਨਿਯੁਕਤ ਕੀਤੇ ਗਏ ਹਨ ਤਾਂ ਜੋ ਇਪਟਾ ਦੀ ਗਤੀਵਿਧੀਆਂ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਇਪਟਾ ਪੰਜਾਬ ਨਾਲ ਸਬੰਧਤ ਤਕਰੀਬਨ ਸਾਰੀਆਂ ਹੀ ਸੰਸਥਾਵਾਂ ਆਪੋ-ਆਪਣੇ ਪੱਧਰ ’ਤੇ ਨਾਟਕ ਦੇ ਖੇਤਰ ਤੇ ਨਰੋਏ ਵਿਰਸੇ ਦੇ ਪ੍ਰਸਾਰ ਲਈ ਯਤਨਸ਼ੀਲ ਹਨ। -ਸੰਜੀਵਨ ਸਿੰਘ *  ਮੋਬਾਈਲ: 94174-60656

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All