ਇਨਕਲਾਬੀ ਸਾਹਿਤਕਾਰ ਸੰਤੋਖ ਸਿੰਘ ਧੀਰ

ਇਨਕਲਾਬੀ ਸਾਹਿਤਕਾਰ ਸੰਤੋਖ ਸਿੰਘ ਧੀਰ

ਸਰੂਪ ਸਿੰਘ ਸਹਾਰਨ ਮਾਜਰਾ

ਉੱਘੇ ਸਾਹਿਤਕਾਰ ਸੰਤੋਖ ਸਿੰਘ ਧੀਰ ਦੋ ਦਸੰਬਰ 1920 ਨੂੰ ਪੇਂਡੂ ਬੇਜ਼ਮੀਨੇ ਮਜ਼ਦੂਰ ਦੇ ਘਰ ਪੈਦਾ ਹੋਏ। ਆਰਥਿਕ ਤੰਗੀਆਂ ਤੁਰਸ਼ੀਆਂ ਵਿੱਚ ਪੜ੍ਹੇ ਤੇ ਜਵਾਨ ਹੋਏ। ਉਨ੍ਹਾਂ ਨੇ ਗ਼ਰੀਬੀ ਤੇ ਦੱਬੇ ਕੁਚਲੇ ਲੋਕਾਂ ਨੂੰ ਨੇੜਿਓਂ ਦੇਖਿਆ ਸੀ। ਇਸੇ ਕਰਕੇ ਉਨ੍ਹਾਂ ਨੇ ਜੋ ਕੁਝ ਵੀ ਲਿਖਿਆ, ਇਨ੍ਹਾਂ ਲੋਕਾਂ ਦੇ ਹੱਕ ਵਿੱਚ ਹੀ ਲਿਖਿਆ। 1968 ਦੀਆਂ ਗਰਮੀਆਂ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਨੇ ਆਪਣੇ ਨੌਜਵਾਨ ਤੇ ਵਿਦਿਆਰਥੀ ਕਾਡਰ ਨੂੰ ਮਾਰਕਸਵਾਦ ਦੀ ਸਿੱਖਿਆ ਦੇਣ ਲਈ ਚੰਡੀਗੜ੍ਹ ਸੂਬਾ ਪਾਰਟੀ ਦਫ਼ਤਰ ਵਿੱਚ 21 ਦਿਨਾਂ ਦੀ ਸਿਖਲਾਈ ਦਾ ਪ੍ਰਬੰਧ ਕੀਤਾ। ਪੰਜਾਬ ਭਰ ਦੇ ਨੌਜਵਾਨ ਤੇ ਵਿਦਿਆਰਥੀ ਉਸ ਵਿੱਚ ਸ਼ਾਮਲ ਹੋਏ। ਰਾਤ ਨੂੰ ਗੀਤਾਂ, ਕਵਿਤਾਵਾਂ ਦਾ ਦੌਰ ਚੱਲਿਆ ਤਾਂ ਇੱਕ ਸਾਥੀ ਨੇ ਗੀਤ ਸੁਣਾਇਆ। ਇਹ ਗੀਤ ਸਭ ਨੇ ਬਹੁਤ ਪਸੰਦ ਕੀਤਾ। ਪੁੱਛਣ ’ਤੇ ਉਸ ਨੇ ਦੱਸਿਆ ਕਿ ਇਹ ਸੰਤੋਖ ਸਿੰਘ ਧੀਰ ਹੋਰਾਂ ਦੀ ਇੱਕ ਕਵਿਤਾ ਹੈ। ਇਸ ਗੀਤ ਦੇ ਬੋਲ ਇਉਂ ਸਨ: ਝੂਟਾ ਜਿਹਾ ਹੈ ਖਾਧਾ ਮਹਿਲਾਂ ਮੁਨਾਰਿਆਂ ਨੇ, ਅੱਜ ਪਰਤਿਆ ਹੈ ਪਾਸਾ ਛੰਨਾਂ ਤੇ ਢਾਰਿਆਂ ਨੇ। ਛਣਦੀ ਹੀ ਜਾ ਰਹੀ ਹੈ ਮੱਸਿਆ ਦੀ ਰਾਤ ਕਾਲੀ, ਸਿੰਨ੍ਹੇ ਨੇ ਤੀਰ ਲੱਖਾਂ ਰਲ ਕੇ ਸਿਤਾਰਿਆਂ ਨੇ। ਸਾਡੇ ਤਾਂ ਰਾਹ ਰੌਸ਼ਨ ਸਾਡੇ ਤਾਂ ਲੰਮੇ ਜੇਰੇ, ਸਾਨੂੰ ਤਾਂ ਕੀ ਸਤਾਉਣਾ ਹੁਸਨਾਂ ਦੇ ਲਾਰਿਆਂ ਨੇ। ਸੰਤੋਖ ਸਿੰਘ ਧੀਰ ਦੇ ਉਸ ਗੀਤ ਨੇ ਉਨ੍ਹਾਂ ਨਾਲ ਪ੍ਰਤੱਖ ਮੁਲਾਕਾਤ ਕਰਨ ਦੀ ਅੱਚਵੀ ਜਿਹੀ ਲਾ ਦਿੱਤੀ। ਆਖ਼ਰ ਉਸੇ ਸਾਲ ਦੋਰਾਹਾ ਜ਼ਿਲ੍ਹਾ ਪਾਰਟੀ ਕਾਨਫਰੰਸ ਵਿੱਚ ਉਨ੍ਹਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਮਗਰੋਂ ਮੈਨੂੰ ਹਰ ਜ਼ਿਲ੍ਹਾ ਕੌਂਸਲ ਮੀਟਿੰਗ ਵਿੱਚ ਉਨ੍ਹਾਂ ਨੂੰ ਮਿਲਣ ਦਾ ਮੌਕਾ ਹਾਸਲ ਹੁੰਦਾ ਰਿਹਾ। ਉਹ ਪਹਿਲਾਂ ਤੋਂ ਜ਼ਿਲ੍ਹਾ ਕੌਂਸਲ ਦੇ ਮੈਂਬਰ ਚਲੇ ਆ ਰਹੇ ਸਨ। ਇਸ ਲਈ ਉਹ ਸਿਰਫ਼ ਇਨਕਲਾਬੀ ਤੇ ਸੰਘਰਸ਼ਸ਼ੀਲ ਕਵਿਤਾਵਾਂ ਜਾਂ ਕਹਾਣੀਆਂ ਹੀ ਨਹੀਂ ਸਨ ਲਿਖਦੇ ਸਗੋਂ ਅਮਲੀ ਤੌਰ ’ਤੇ ਵੀ ਪਾਰਟੀ ਦੇ ਹਰ ਸੰਘਰਸ਼ ਵਿੱਚ ਹਿੱਸਾ ਲੈਂਦੇ ਸਨ। ਉਨ੍ਹਾਂ ਨੇ ਅਗਸਤ 1970 ਵਿੱਚ ਸੀ.ਪੀ.ਆਈ. ਵੱਲੋਂ ਚਲਾਏ ਗਏ ਜ਼ਮੀਨੀ ਘੋਲ ਦੇ ਤਿੰਨੇ ਐਕਸ਼ਨਾਂ ਵਿੱਚ ਬਾਕਾਇਦਾ ਹਿੱਸਾ ਲਿਆ। ਮੱਤਵਾੜਾ ਦੇ ਐਕਸ਼ਨ ’ਚ ਸੰਤੋਖ ਸਿੰਘ ਧੀਰ ਸਮੇਤ ਸਾਨੂੰ ਤਕਰੀਬਨ 30-35 ਵਾਲੰਟੀਅਰਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਕੇ ਸਾਹਨੇਵਾਲ ਹਵਾਲਾਤ ਵਿੱਚ ਬੰਦ ਕਰ ਦਿੱਤਾ ਅਤੇ ਰਾਤ ਭਰ ਉੱਥੇ ਰੱਖਿਆ। ਉੱਥੇ ਧੀਰ ਹੋਰਾਂ ਨੇ ਆਪਣੀ ਪ੍ਰਸਿੱਧ ਕਵਿਤਾ ‘ਹਵਾਲਾਤ’ ਲਿਖੀ ਜਿਸ ਦੀਆਂ ਕੁਝ ਪੰਗਤੀਆਂ ਇਉਂ ਹਨ: ਉਹ ਆਦਮ ਦੇ ਪੁੱਤ ਇਨਸਾਨ ਜੇ ਆਉਣਾ ਇਸ ਬੂਹੇ ਅੰਦਰ, ਸਿਰ ਦੇ ਉੱਤੇ ਸਿੰਗ ਸਜਾਅ ਇੱਕ ਪੂਛਲ ਦਾ ਕਰ ਪ੍ਰਬੰਧ। ਵਾਂਗ ਚੌਪਾਇਆ ਤੁਰਨਾ ਸਿੱਖ, ਖੁਰਲੀ ਉੱਤੇ ਪੱਠੇ ਖਾ। ਅਗਲੇ ਦਿਨ ਸਾਨੂੰ ਜੇਲ੍ਹ ਭੇਜ ਦਿੱਤਾ ਗਿਆ। ਉੱਥੇ ਵੀ ਸੰਤੋਖ ਸਿੰਘ ਧੀਰ ਬਹੁਤ ਸਾਰੀਆਂ ਕਵਿਤਾਵਾਂ ਲਿਖਦੇ ਅਤੇ ਸਾਨੂੰ ਸੁਣਾਉਂਦੇ ਰਹੇ। ਇਨ੍ਹਾਂ ਵਿੱਚੋਂ ਇੱਕ ਕਵਿਤਾ ਦਾ ਸਿਰਲੇਖ ਸੀ ‘ਘੋਲ’। ਉਸ ਦੀਆਂ ਕੁਝ ਸਤਰਾਂ ਇਉਂ ਹਨ: ਉੱਚੀਆਂ ਕੰਧਾਂ ਬੰਦ ਦਰਵਾਜ਼ੇ ਕਾਲੀਆਂ ਸੀਖਾਂ ਭਾਰੇ ਜਿੰਦਰੇ ਰੋਕਣ ਸੂਰਜ ਚੰਨ ਸਿਤਾਰੇ। ਪਰ ਇਹ ਸੂਰਜ ਚੰਨ ਸਿਤਾਰੇ ਨਿੱਤ ਨਿੱਤ ਟੱਪਣ ਉੱਚੀਆਂ ਕੰਧਾਂ ਨਿੱਤ ਨਿੱਤ ਭੰਨਣ ਬੰਦ ਦਰਵਾਜ਼ੇ। ਨਿੱਤ ਨਿੱਤ ਤੋੜਣ ਕਾਲੀਆਂ ਸੀਖਾਂ ਨਿੱਤ ਨਿੱਤ ਖੋਲ੍ਹਣ ਭਾਰੇ ਜਿੰਦਰੇ। ਉਨ੍ਹਾਂ ਨੇ ਵਿਵਾਦਤ ਨਾਵਲ ‘ਉਹ ਦਿਨ’ ਵੀ ਪ੍ਰਕਾਸ਼ਿਤ ਕੀਤਾ ਜਿਸ ਦੀ ਸੀ.ਪੀ.ਆਈ. ਅਤੇ ਅਗਾਂਹਵਧੂ ਸਹਿਤਕਾਰਾਂ ਵੱਲੋਂ ਬਹੁਤ ਜ਼ਿਆਦਾ ਆਲੋਚਨਾ ਹੋਈ। ਸਭ ਤੋਂ ਪਹਿਲਾਂ ਸੋਹਣ ਸਿੰਘ ਜੋਸ਼ ਨੇ ਤਿੱਖੀ ਆਲੋਚਨਾ ਕੀਤੀ। ਸਿੱਟੇ ਵਜੋਂ ਉਨ੍ਹਾਂ ਨੂੰ ਨਾਵਲ ਵਾਪਸ ਲੈਣਾ ਪਿਆ। ਉਹ ਆਪਣੇ ਵੇਲੇ ਦੇ ਪੰਜਾਬੀ ਦੇ ਇਨਕਲਾਬੀ ਤੇ ਸਿਰਮੌਰ ਸਾਹਿਤਕਾਰ ਸਨ। ਕਿਸੇ ਸਮੇਂ ਉਨ੍ਹਾਂ ਦੇ ਮੁਕਾਬਲੇ ਕਿਰਤੀਆਂ ਕਿਸਾਨਾਂ ਦੇ ਹੱਕ ਵਿੱਚ ਲਿਖਣ ਵਾਲਾ ਹੋਰ ਕੋਈ ਲੇਖਕ ਨਹੀਂ ਸੀ। ਨਾਵਲ ‘ਉਹ ਦਿਨ’ ਪ੍ਰਕਾਸ਼ਿਤ ਤੇ ਵਾਪਸ ਹੋਣ ਪਿੱਛੋਂ ਉਨ੍ਹਾਂ ਗਰਾਫ ਕੁਝ ਡਿੱਗ ਗਿਆ। ਇਸ ਤਰ੍ਹਾਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਰਥਿਕ ਦੇ ਨਾਲ ਨਾਲ ਸਾਹਿਤਕ ਰਚਨਾਵਾਂ ਦੇ ਪੱਖ ਤੋਂ ਵੀ ਉਤਰਾਅ ਚੜ੍ਹਾਅ ਆਉਂਦੇ ਰਹੇ। ਉਹ ਬੇਲਿਹਾਜ਼ ਆਲੋਚਕ ਵੀ ਸਨ। ਉਹ ਸਮਾਜ ਦੀਆਂ ਕਦਰਾਂ ਕੀਮਤਾਂ ਤੋਂ ਉਲਟ ਕੋਈ ਗੱਲ ਕਰਨ ਜਾਂ ਲਿਖਣ ਵਾਲਿਆਂ ਨੂੰ ਬਖ਼ਸ਼ਦੇ ਨਹੀਂ ਸਨ। ਉਹ ਸਿਰਫ਼ ਆਲੋਚਨਾ ਕਰਨ ਲਈ ਹੀ ਆਲੋਚਨਾ ਨਹੀਂ ਸਨ ਕਰਦੇ ਸਗੋਂ ਗ਼ਲਤੀ ਨੂੰ ਸੁਧਾਰਨ ਲਈ ਆਲੋਚਨਾ ਕਰਦੇ ਸਨ। ਦੂਜੇ ਸ਼ਬਦਾਂ ਵਿੱਚ ਆਖੀਏ ਤਾਂ ਉਹ ਉਸਾਰੂ ਆਲੋਚਕ ਸਨ। ਇਸੇ ਤਰ੍ਹਾਂ ਜ਼ਿਲ੍ਹਾ ਪਾਰਟੀ ਕੌਂਸਲ ਮੀਟਿੰਗ ਵਿੱਚ ਕਿਸੇ ਵਿਸ਼ੇ ’ਤੇ ਬੋਲਦਿਆਂ ਉਹ ਵਿਰੋਧੀਆਂ ਦੀ ਆਲੋਚਨਾ ਕਰਦੇ ਸਮੇਂ ਨਾਲ ਦੀ ਨਾਲ ਸੁਝਾਅ ਵੀ ਦਿੰਦੇ। ਸੰਤੋਖ ਸਿੰਘ ਧੀਰ ਥੋੜ੍ਹੇ ਸ਼ਬਦਾਂ ਵਿੱਚ ਬਹੁਤ ਕੁਝ ਕਹਿਣ ਦੇ ਸਮਰੱਥ ਸਨ। ਉਨ੍ਹਾਂ ਨੂੰ ਬਹੁਤ ਘੱਟ ਬੋਲ ਕੇ ਆਪਣੀ ਗੱਲ ਨੂੰ ਅਸਰਦਾਰ ਢੰਗ ਨਾਲ ਕਹਿਣ ਦੀ ਕਲਾ ਵੀ ਆਉਂਦੀ ਸੀ। ਆਮ ਤੌਰ ’ਤੇ ਸ਼ਾਂਤ ਰਹਿੰਦੇ, ਪਰ ਕਈ ਵਾਰੀ ਤਲਖ਼ੀ ਵੀ ਦਿਖਾਉਂਦੇ। ਜ਼ਿਲ੍ਹਾ ਕੌਂਸਲ ਵਿੱਚ ਉਹ ਸਾਹਿਤ ਸਭਾਵਾਂ ਨਾਲ ਸਬੰਧਿਤ ਸਬ-ਕਮੇਟੀ ਦੇ ਇੰਚਾਰਜ ਵੀ ਰਹੇ। ਉਹ ਪਾਰਟੀ ਅਤੇ ਆਪਣੇ ਕਿੱਤੇ ਨੂੰ ਪੂਰੀ ਤਰ੍ਹਾਂ ਸਮਰਪਿਤ ਸਨ। ਪਾਰਟੀ ਵਿੱਚ ਕਾਂਗਰਸ ਸਮਰਥਕਾਂ ਦੇ ਗਰੁੱਪ ਵਿੱਚ ਸਨ। ਜੇਕਰ ਕੋਈ ਕਾਂਗਰਸ ਦੀ ਤਿੱਖੀ ਆਲੋਚਨਾ ਕਰ ਦਿੰਦਾ ਤਾਂ ਥੋੜ੍ਹੀ ਦੇਰ ਲਈ ਗੁੱਸੇ ਵੀ ਹੋ ਜਾਂਦੇ ਸਨ। ਫਿਰ ਵੀ ਉਨ੍ਹਾਂ ਲਈ ਸਭ ਦੇ ਮਨਾਂ ਵਿੱਚ ਪਿਆਰ ਸਤਿਕਾਰ ਸੀ। ਸੰਤੋਖ ਸਿੰਘ ਧੀਰ ਦਾ ਉੱਘਾ ਸਹਿਤਕਾਰ ਹੋਣਾ ਇਸ ਦਾ ਕਾਰਨ ਨਹੀਂ ਸੀ ਸਗੋਂ ਇਸ ਲਈ ਕਿ ਉਹ ਬਹੁਤ ਹੀ ਨੇਕ, ਨਰਮ ਤੇ ਸਾਫ਼ ਦਿਲ ਇਨਸਾਨ ਅਤੇ ਕਮਿਊਨਿਸਟ ਸਨ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਕਿਰਤੀਆਂ ਕਿਸਾਨਾਂ ਦੇ ਹੱਕ ਵਿੱਚ ਲਿਖਦਿਆਂ ਅਤੇ ਵਿਚਰਦਿਆਂ ਹੀ ਲਾ ਦਿੱਤੀ। ਅੱਜ ਉਹ ਸਰੀਰਕ ਤੌਰ ’ਤੇ ਸਾਡੇ ਵਿੱਚ ਨਹੀਂ ਹਨ, ਪਰ ਉਨ੍ਹਾਂ ਦੀ ਰਚਨਾ ਅੱਜ ਵੀ ਸੇਧਗਾਰ ਹੈ।

ਸੰਪਰਕ: 098558-63288

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All