ਇਤਿਹਾਸਕ ਦਸਤਾਵੇਜ਼ ‘ਦਹਿਸ਼ਤ 1947’

ਸ.ਪ. ਸਿੰਘ (ਡਾ.)

ਭਾਰਤੀ ਇਤਿਹਾਸ ਵਿਚ ਅਗਸਤ 1947 ਨੂੰ ਇਕ ਨਵੇਂ ਦੇਸ਼ ਦੇ ਜਨਮ ਦੇ ਨਾਲ-ਨਾਲ ਹਿੰਦੋਸਤਾਨ ਨੂੰ ਬਰਤਾਨਵੀ ਰਾਜ ਤੋਂ ਮੁਕਤੀ ਤੇ ਆਜ਼ਾਦੀ ਦੀ ਪ੍ਰਾਪਤੀ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਪਰ ਇਸ ਸਾਕਾਰਾਤਮਕ ਪ੍ਰਸਥਿਤੀ ਦੇ ਵਿਪਰੀਤ ਇਸ ਨੂੰ ਦੇਸ਼ ਦੀ ਵੰਡ ਵਿਸ਼ੇਸ਼ ਕਰ ਪੰਜਾਬ ਤੇ ਬੰਗਾਲ ਦੀ ਵੰਡ ਦੇ ਰੂਪ ਵਿਚ ਵੀ ਦੇਖਿਆ ਜਾਂਦਾ ਹੈ। ਪੰਜਾਬ ਲਈ 1947 ਦਾ ਸਾਲ ਵੰਡ ਦੇ ਪ੍ਰਤੀਕ ਤੱਕ ਹੀ ਸੀਮਤ ਨਾ ਰੱਖਦਿਆਂ ਨਹੀਂ ਦੇਖਿਆ ਜਾ ਸਕਦਾ ਸਗੋਂ ਇਸ ਸਮੇਂ ਪੈਦਾ ਹੋਏ ਦਹਿਸ਼ਤ ਦੇ ਮਾਹੌਲ ਵਿਚ ਫ਼ਿਰਕੂ ਫਸਾਦਾਂ ਦਾ ਘਿਨਾਉਣਾ ਰੂਪ ਵੀ ਦੇਖਣ ਨੂੰ ਮਿਲਦਾ ਹੈ ਜਿਸ ਵਿਚ ਲੱਖਾਂ ਹਿੰਦੂ, ਸਿੱਖ, ਮੁਸਲਮਾਨ ਕਤਲ ਹੋਏ। ਇਸ ਖ਼ੂਨ ਦੀ ਹੋਲੀ ਨੇ ਭਾਰਤ ਤੇ ਪਾਕਿਸਤਾਨ ਦੀ ਆਜ਼ਾਦੀ ਦੇ ਅਰਥਾਂ ਨੂੰ ਨਵਾਂ ਰੂਪ ਪ੍ਰਦਾਨ ਕੀਤਾ ਜਿਸ ਦਾ ਨਮੂਨਾ ਵਿਸ਼ਵ ਭਰ ਵਿਚ ਕਿਤੇ ਨਹੀਂ ਮਿਲਦਾ। ਇਸ ਵਿਚ ਲੱਖਾਂ ਲੋਕਾਂ ਦੇ ਕਤਲੇਆਮ ਦੇ ਨਾਲ-ਨਾਲ ਲੱਖਾਂ ਲੋਕਾਂ ਦਾ ਆਪਣੀ ਜੱਦੀ ਪੁਸ਼ਤੀ ਭੋਇੰ ਤੋਂ ਬੇਦਖਲ ਹੋਣਾ ਆਪਣੇ ਆਪ ਵਿਚ ਦਰਦਨਾਕ ਸਥਿਤੀ ਹੈ। ਇਸ ਦਹਿਸ਼ਤ ਤੇ ਦਰਦਨਾਕ ਸਥਿਤੀ ਦਾ ਵਰਨਣ ਇਤਿਹਾਸਕਾਰਾਂ ਤੇ ਸਾਹਿਤਕਾਰਾਂ ਨੇ ਆਪੋ-ਆਪਣੇ ਅਨੁਭਵ ਦੇ ਆਧਾਰ ’ਤੇ ਕੀਤਾ ਹੈ। ਅੰਗਰੇਜ਼ੀ, ਪੰਜਾਬੀ, ਹਿੰਦੀ ਤੇ ਉਰਦੂ ਵਿਚ ਇਸ ਵਰਤਾਰੇ ਨੂੰ ਵੱਖ-ਵੱਖ ਰੂਪਾਂ ਵਿਚ ਪੇਸ਼ ਕੀਤਾ ਗਿਆ ਜਿਨ੍ਹਾਂ ਵਿਚ ਖੁਸ਼ਵੰਤ ਸਿੰਘ, ਭੀਸ਼ਮ ਸਾਹਨੀ, ਖ਼ਵਾਜਾ ਅਹਿਮਦ ਅੱਬਾਸ, ਸਆਦਤ ਹਸਨ ਮੰਟੋ, ਨਾਨਕ ਸਿੰਘ, ਕਰਤਾਰ ਸਿੰਘ ਦੁੱਗਲ, ਅੰਮ੍ਰਿਤਾ ਪ੍ਰੀਤਮ ਆਦਿ ਦੀਆਂ ਰਚਨਾਵਾਂ ਨੇ ਉਸ ਸਮੇਂ ਦੀਆਂ ਘਟਨਾਵਾਂ, ਪਲਾਂ ਨੂੰ ਸਾਹਿਤਕ ਰੂਪ ਵਿਚ ਕਲਮਬੱਧ ਕੀਤਾ। ਆਮ ਤੌਰ ’ਤੇ ਇਸ ਸਮੇਂ ਦੀਆਂ ਰਚਨਾਵਾਂ ਵਿਚ ਉਦੋਂ ਦੀਆਂ ਘਟਨਾਵਾਂ ਨੂੰ ਦੂਰ ਤੋਂ ਦੇਖਿਆ ਤੇ ਅਨੁਭਵ ਕੀਤਾ ਗਿਆ ਤੇ ਇਨ੍ਹਾਂ ਨੂੰ ਕਲਾਤਮਕ ਰੂਪ ਦਿੱਤਾ ਗਿਆ ਹੈ। ਇਸ ਸਮੇਂ ਦੇ ਬਿਰਤਾਂਤ, ਗਲਪ ਰਚਨਾਵਲੀ ਜਿਹੜੀ ਅਜੇ ਆਮ ਪਾਠਕਾਂ ਤੋਂ ਉਹਲੇ ਰਹੀ ਹੈ ਉਸ ਸਬੰਧੀ ਚਰਚਾ ਕਰਨੀ ਸਮੇਂ ਦੀ ਲੋੜ ਹੈ। ਇਹ ਪੁਸਤਕ ਬਰਜਿੰਦਰ ਕੌਰ ਢਿੱਲੋਂ ਦੁਆਰਾ ਰਚਿਤ ‘ਦਹਿਸ਼ਤ 1947’ ਹੈ ਜਿਸ ਨੂੰ ਸਹੀ ਸੰਦਰਭ ਵਿਚ ਪੜ੍ਹਣ ਤੇ ਵਾਚਣ ਦੀ ਲੋੜ ਹੈ। ਬਰਜਿੰਦਰ ਕੌਰ ਢਿੱਲੋਂ ਨੇ ਇਸ ਪੁਸਤਕ ਨੂੰ ਹੱਡਬੀਤੀ ਕਰਾਰ ਦਿੱਤਾ ਹੈ ਕਿਉਂਕਿ ਇਹ ਰਵਾਇਤੀ ਸਾਹਿਤਕ ਰੂਪ ਦੀ ਕਿਸੇ ਸ਼੍ਰੇਣੀ ਦੀ ਪ੍ਰੰਪਰਾਗਤ ਕਸੌਟੀ ’ਤੇ ਪੂਰੀ ਨਹੀਂ ਉਤਰਦੀ। ਅਸਲ ਵਿਚ ਇਹ ਤੱਥਾਂ, ਖਿੱਤਿਆਂ, ਪਾਤਰਾਂ ਤੇ ਸਥਾਨ ਦੇ ਆਧਾਰ ’ਤੇ ਇਕ ਅਜਿਹੀ ਰਚਨਾ ਹੈ ਜੋ ਸੁਤੰਤਰ ਰੂਪ ਵਿਚ ਸਵੈ-ਜੀਵਨੀ ਮੂਲਕ ਗਲਪ ਰਚਨਾ ਹੋ ਨਿੱਬੜੀ ਹੈ। ਇਸ ਵਿਚ ਵੰਡ ਸਮੇਂ ਦੀ ਦਰਦਨਾਕ ਸਥਿਤੀ ਦਾ ਵਰਨਣ ਹੀ ਨਹੀਂ ਸਗੋਂ ਇਹ ਮਨੁੱਖੀ ਮਨ ਦੇ ਅੰਤਰੀਵੀ ਡਰ ਨੂੰ ਤੀਖਣਤਾ ਨਾਲ ਅਨੁਭਵ ਕਰਦੀ ਰਚਨਾ ਹੈ ਜੋ 1947 ਦੇ ਦਹਿਸ਼ਤ ਭਰੇ ਸਮੇਂ ਦੌਰਾਨ ਹੰਡਾਏ ਪਲਾਂ ਨੂੰ ਚਿਤਰਿਤ ਕਰਦੀ ਹੈ। ‘ਦਹਿਸ਼ਤ 1947’ ਰਚਨਾ ਦੇ ਸ਼ੁਰੂ ਵਿਚ ਪਿਛੋਕੜ ਵਜੋਂ ਲਾਇਲਪੁਰ, ਗੁੱਜਰਾਂਵਾਲੇ ਤੇ ਲਾਹੌਰ ਨੂੰ ਆਧਾਰ ਭੂਮੀ ਵਜੋਂ ਪੇਸ਼ ਕੀਤਾ ਹੈ। ਇਸ ਵਿਚ ਅਪਰੈਲ 1947 ਤੋਂ ਪੈਦਾ ਹੋ ਰਹੀ ਫ਼ਿਰਕੂ ਕੁੜੱਤਣ ਨੂੰ ਮਹਿਸੂਸ ਤਾਂ ਕੀਤਾ ਜਾ ਰਿਹਾ ਸੀ, ਪਰ ਅਗਸਤ 1947 ਤੱਕ ਇਸ ਦੇ ਕਰੂਪ ਨੂੰ ਅਨੁਭਵ ਨਹੀਂ ਸੀ ਕੀਤਾ ਗਿਆ। ਇਹ ਰਚਨਾ ਸਦੀਆਂ ਤੋਂ ਇਕੱਠੇ ਰਹਿ ਰਹੇ ਭਾਈਚਾਰੇ ਦੇ ਪਿਆਰ ਤੇ ਆਪਸੀ ਮਿਲਵਰਤਣ ਨੂੰ ਕੁੜੱਤਣ ਤੇ ਨਫ਼ਰਤ ਵਿਚ ਬਦਲਣ ਦੀ ਪ੍ਰਕਿਰਿਆ ਦਾ ਵਰਨਣ ਕਰਦੀ ਹੈ।

ਸ.ਪ. ਸਿੰਘ (ਡਾ.)

ਇਸ ਵਰਨਣ ਵਿਚ ਹਰ ਉਸ ਪਲ ਨੂੰ ਬਾਹਰੀ ਤੇ ਅੰਦਰੂਨੀ ਪੱਧਰ ’ਤੇ ਚਿਤਰਿਆ ਗਿਆ ਹੈ ਜਿਸ ਵਿਚੋਂ ਲੇਖਿਕਾ ਖ਼ੁਦ ਗੁਜ਼ਰੀ ਹੈ। ਮੌਤ ਦੇ ਸਾਏ ਹੇਠ ਇਕ ਪਰਿਵਾਰ, ਜਿਸ ਵਿਚ ਇਕ ਔਰਤ ਤੇ ਉਸ ਦੇ ਬੱਚੇ ਹਰ ਪ੍ਰਕਾਰ ਦੇ ਸੰਕਟ ਵਿਚੋਂ ਗੁਜ਼ਰ ਰਹੇ ਸਨ, ਦੇ ਅਹਿਸਾਸ ਨੂੰ ਅਨੁਭਵ ਅਤੇ ਚਿਤਰਤ ਕਰਨਾ ਆਪਣੇ ਆਪ ਵਿਚ ਇਕ ਨਿਵੇਕਲਾ ਯਤਨ ਹੈ। ‘ਦਹਿਸ਼ਤ 1947’ ਜਾਗੀਰਦਾਰੀ ਪਰੰਪਰਾ ਨਾਲ ਸਬੰਧਿਤ ਇਕ ਅਜਿਹੇ ਪਰਿਵਾਰ ਦੀ ਗਾਥਾ ਹੈ ਜਿਸ ਵਿਚ ਇਕ ਪੁੱਤਰ ਸਰਕਾਰੀ ਰਸੂਖ਼ ਹਾਸਲ ਕਰਨ ਲਈ ਪੁਲੀਸ ਦੀ ਨੌਕਰੀ ਕਰਦਿਆਂ, ਜੀਵਨ ਵਿਚ ਪ੍ਰਾਪਤੀ ਦੇ ਅਹਿਸਾਸ ਨਾਲ ਜੀਵਨ ਜਿਉਂਦਿਆਂ ਅਚਨਚੇਤ ਫ਼ਿਰਕੂ ਫਸਾਦਾਂ ਵਿਚ ਮਾਰਿਆ ਜਾਂਦਾ ਹੈ ਤੇ ਪਿੱਛੇ ਉਸ ਦੀ ਪਤਨੀ ਤੇ ਬੱਚੇ ਇਕੱਲੇ ਰਹਿ ਜਾਂਦੇ ਹਨ। ਪਰਿਵਾਰ ਦੇ ਇਸ ਸੰਕਟ ਵਿਚ ਦੋਸਤਾਂ-ਮਿੱਤਰਾਂ ਦੇ ਕਿਰਦਾਰ, ਫ਼ਿਰਕੂਪੁਣੇ ਦੀ ਝਲਕ ਦੇਖਦਿਆਂ, ਅੰਤਾਂ ਦੇ ਦੁੱਖ ਝਲਦਿਆਂ ’ਕੱਲੀ ਕਾਰੀ ਔਰਤ ਬੱਚਿਆਂ ਨਾਲ ਹਾਲਾਤ ਦੇ ਥਪੇੜੇ ਸਹਿੰਦੀ, ਦਰ-ਦਰ ਭਟਕਦੀ, ਮੌਤ ਤੇ ਜੀਵਨ ਨੂੰ ਨੇੜਿਉਂ ਦੇਖਦੀ, ਦਹਿਸ਼ਤੀ ਮਾਹੌਲ ਵਿਚ ਧੱਕੇ ਖਾਂਦੀ ਅੰਮ੍ਰਿਤਸਰ ਪਹੁੰਚਦੀ ਹੈ। ਇਸ ਔਰਤ ਅਤੇ ਬੱਚਿਆਂ ਨੇ ਜ਼ੁਲਮ ਅਤੇ ਕਤਲੇਆਮ ਦੀ ਦਰਦਨਾਕ ਸਥਿਤੀ ਨੂੰ ਦੇਖਿਆ ਹੀ ਨਹੀਂ ਸਗੋਂ ਆਪਣੇ ਪਿੰਡੇ ’ਤੇ ਹੰਢਾਇਆ ਹੈ। ਉਸ ਦਰਦਨਾਕ ਸਥਿਤੀ ਦੀ ਟੀਸ ਔਰਤ ਤੇ ਉਸ ਦੇ ਬੱਚਿਆਂ ਦੇ ਮਨਾਂ ਵਿਚ ਸਮੋਈ ਰਹਿੰਦੀ ਹੈ। ਸਮਾਂ ਪਾ ਕੇ ਜੀਵਨ ਦੇ ਸਾਰੇ ਸੁੱਖ ਮਾਣਦਿਆਂ ਕੈਨੇਡਾ ਵਿਚ ਜੀਵਨ ਬਤੀਤ ਕਰਦੀ ਹੋਈ, ਧੀ ਸੱਠ ਸਾਲ ਤੱਕ ਉਸ ਦਰਦਨਾਕ ਸਥਿਤੀ, ਘਟਨਾਵਾਂ ਤੇ ਦਹਿਸ਼ਤ ਨੂੰ ਭੁੱਲ ਨਹੀਂ ਸਕੀ। ‘ਦਹਿਸ਼ਤ 1947’ ਮਨ ਵਿੱਚ ਵਸੀ ਇਸ ਦਹਿਸ਼ਤ ’ਤੇ ਆਧਾਰਿਤ ਰਚਨਾ ਹੈ ਜਿਸ ਨੂੰ ਪਰਿਵਾਰ ਦੀ ਇਕ ਮੈਂਬਰ ਬਰਜਿੰਦਰ ਕੌਰ ਢਿੱਲੋਂ ਨੇ ਆਪਣੀ ਹੱਡਬੀਤੀ ਦੇ ਰੂਪ ਵਿਚ ਪੇਸ਼ ਕੀਤਾ ਹੈ। ਉਸ ਸਮੇਂ ਉਸ ਦੀ ਉਮਰ ਸਿਰਫ਼ ਦਸ ਸਾਲ ਸੀ। ‘ਦਹਿਸ਼ਤ 1947’ ਵੰਡ ਸੰਬੰਧੀ ਰਚੀਆਂ ਗਈਆਂ ਅਨੇਕਾਂ ਪੁਸਤਕਾਂ ਵਿਚੋਂ ਇਕ ਵੱਖਰੀ ਪਛਾਣ ਰੱਖਦੀ ਹੈ। ਇਹ ਉਹ ਰਚਨਾ ਹੈ ਜਿਸ ਨੂੰ ਰਚਨਾਕਾਰ ਨੇ ਵੰਡ ਸਮੇਂ ਦੀ ਦਰਦਨਾਕ ਸਥਿਤੀ ਨੂੰ ਦੂਰ ਤੋਂ ਦੇਖ ਕੇ ਅਨੁਭਵ ਹੀ ਨਹੀਂ ਕੀਤਾ ਸਗੋਂ ਦਸ ਸਾਲ ਦੀ ਛੋਟੀ ਉਮਰ ਵਿਚ ਹੰਢਾਇਆ ਹੈ। ਇਸ ਤੋਂ ਵੀ ਵਧੇਰੇ ਭਾਵਪੂਰਤ ਗੱਲ ਇਹ ਹੈ ਕਿ ਇਸ ਦਹਿਸ਼ਤ ਦੇ ਸੰਤਾਪ ਨੂੰ ਇਕ ਮਹੀਨੇ ਦੇ ਲਗਭਗ ਸਰੀਰਕ ਤੌਰ ’ਤੇ ਸਹਿਣ ਕੀਤਾ ਹੈ ਤੇ ਉਸ ਮਗਰੋਂ ਸੱਠ ਸਾਲ ਜ਼ਿਹਨੀ ਤੌਰ ’ਤੇ ਉਸ ਨੂੰ ਹੰਢਾਉਂਦਿਆਂ ਮਾਨਸਿਕ ਸੰਤੁਲਨ ਕਾਇਮ ਕਰਕੇ ਇਸ ਰਚਨਾ ਨੂੰ ਜਨਮ ਦਿੱਤਾ ਹੈ। ਇਸ ਰਚਨਾ ਵਿਚ ਭਾਵੁਕਤਾ, ਵਲਵਲਿਆਂ ਜਾਂ ਨਫ਼ਰਤ ਦਾ ਉਲਾਰ ਨਹੀਂ ਜਿਸ ਕਾਰਨ ਇਸ ਵਿਚ ਪ੍ਰਗਟਾਈ ਗਈ ਚੀਸ ਦੀ ਤੀਖਣਤਾ ਡੂੰਘਾ ਪ੍ਰਭਾਵ ਛੱਡਣ ਦੇ ਸਮਰੱਥ ਹੈ। ਇਸ ਸਥਿਤੀ ਨੂੰ ਲੇਖਿਕਾ ਨੇ ਆਪਣੇ ਸ਼ਬਦਾਂ ਵਿਚ ਦਰਸਾਇਆ ਹੈ ਕਿ ਇਹ ਕਹਾਣੀ ਉਨ੍ਹਾਂ ਬੱਚਿਆਂ ਦੀ ਹੈ, ਜਿਹੜੇ ਪਾਕਿਸਤਾਨ ਵਿਚੋਂ ਤਾਂ ਬਚ ਕੇ ਆ ਗਏ ਸਨ ਪਰ ਉਸ ਵੇਲੇ ਦੇ ਭਿਆਨਕ ਅੱਤਿਆਚਾਰਾਂ ਨੂੰ ਨਹੀਂ ਭੁੱਲ ਸਕੇ ਤੇ ਇਹ ਅੱਤਿਆਚਾਰ ਉਨ੍ਹਾਂ ਦੀ ਆਤਮਾ ਨੂੰ ਦਿਨ-ਰਾਤ, ਕਦੇ ਅੱਗ ਦੇ ਸ਼ੋਅਲੇ ਬਣਕੇ ਤੇ ਕਦੀ ਮਰਨ ਵਾਲਿਆਂ ਦੀਆਂ ਚੀਕਾਂ ਦਾ ਰੂਪ ਧਾਰਨ ਕਰਕੇ, ਸੱਪ ਵਾਂਗੂੰ ਡੱਸਦੇ ਰਹਿੰਦੇ ਹਨ। ਇਸ ਕਰਕੇ ਹੀ ਇਹ ਰਚਨਾ ਯਥਾਰਥ ਦੀ ਸਿਖਰ ਛੂੰਹਦੀ ਪ੍ਰਤੀਤ ਹੁੰਦੀ ਹੈ। ਇਹ ਪੁਸਤਕ ਇਕ ਇਤਿਹਾਸਕ ਦਸਤਾਵੇਜ਼ ਹੈ ਜੋ ਬੀਤਦੇ ਸਮੇਂ ਦੇ ਨਾਲ-ਨਾਲ ਹੋਰ ਵਧੇਰੇ ਮਹੱਤਵਪੂਰਨ ਤੇ ਸਾਂਭਣਯੋਗ ਹੁੰਦੀ ਜਾਵੇਗੀ। * ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ। ਸੰਪਰਕ: 98142-25278

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All