ਇਕ ਹੋਰ ਬੁੱਲ੍ਹੇ ਸ਼ਾਹ

ਦਰਸ਼ਨ ਸਿੰਘ ਆਸ਼ਟ (ਡਾ.) ਗੱਲ ਕਈ ਵਰੇ ਪੁਰਾਣੀ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਲਮੀ ਪੰਜਾਬੀ ਕਾਨਫ਼ਰੰਸ ਚੱਲ ਰਹੀ ਸੀ। ਯੂਨੀਵਰਸਿਟੀ ਦੇ ਸੈਨੇਟ ਹਾਲ ਵਿਚ ਲਹਿੰਦੇ ਅਤੇ ਚੜ੍ਹਦੇ ਪੰਜਾਬਾਂ ਦੇ ਪੰਜਾਬੀ ਪ੍ਰੇਮੀਆਂ ਦਾ ਇਕੱਠ ਸੀ। ਇਕ ਇਕੱਠ ਇਸ ਹਾਲ ਦੇ ਸਾਹਮਣੇ ਲਾਅਨ ਵਿੱਚ ਵੀ ਜੁੜਿਆ ਹੋਇਆ ਸੀ। ਜਿਹੜਾ ਵੀ ਦੂਰੋਂ ਇਸ ਇਕੱਠ ਨੂੰ ਵੇਖਦਾ, ਝੱਟ ਉਥੇ ਆ ਪੁਜਦਾ। ਇਉਂ ਪਲਾਂ ਛਿਣਾਂ ਵਿਚ ਹੀ ਇਸ ਇਕੱਠ ਵਿਚ ਜੁੜੇ ਪੰਜਾਬੀ ਆਸ਼ਕਾਂ ਦੀ ਗਿਣਤੀ ਕਰਨੀ ਮੁਸ਼ਕਲ ਹੋ ਗਈ। ਇਸ ਇਕੱਠ ਦਾ ਮਰਕਜ਼ ਪਾਕਿਸਤਾਨ ਤੋਂ ਆਇਆ ਇਕ ਫੱਕਰ ਕਿਸਮ ਦਾ ਸ਼ਾਇਰ ਸੀ ਜੋ ਬਾਹਾਂ ਉਚੀਆਂ ਕਰਕੇ ਬੜੇ ਵਜ਼ਦ ਵਿਚ ਇਕ ਤੋਂ ਬਾਅਦ ਦੂਜਾ ਤੇ ਦੂਜੇ ਤੋਂ ਬਾਅਦ ਤੀਜਾ ਸ਼ਿਅਰ ਪੜ੍ਹ ਰਿਹਾ ਸੀ: ਕੋਠੀਆਂ ਕਾਰਾਂ ਵਾਲਿਆਂ ਦੇ ਨਾਲ, ਭੱਜ ਭੱਜ ਰਿਸ਼ਤੇ ਕੀਤੇ, ਝੁੱਗੀ ਦੇ ਵਿਚ ਵਸਦੀ ਭੈਣ ਨੂੰ, ਗਲ ਨਾਲ ਲਾ ਨਹੀਂ ਹੋਇਆ। ਬੇਦੋਸ਼ੇ ਤੇ ਬੇਅਪਰੋਚੇ, ਲੋਕ ਸੂਲੀ ਤੇ ਚੜ੍ਹਦੇ, ਦੇਸ ਮੇਰੇ ਵਿਚ ਅਸਲੀ ਕਾਤਲ, ਅਜੇ ਸਜ਼ਾ ਨਹੀਂ ਹੋਇਆ। ਇਹ ਸੀ ਪਾਕਿਸਤਾਨ ਦੇ ਸਾਹੀਵਾਲ ਸ਼ਹਿਰ ਦਾ ਬਸ਼ਿੰਦਾ ਲੋਕ-ਕਵੀ ਬਾਬਾ ਖੁਸ਼ੀ ਮੁਹੰਮਦ ਨਿਸਾਰ। ਲੋਕ ਮਨਾਂ ਨੂੰ ਧੂਹ ਪਾਉਣ ਵਾਲੀ ਉਹਦੀ ਸ਼ਾਇਰੀ ਨੇ ਪੁਲਿਸ ਅਫ਼ਸਰਾਂ ਤਕ ਨੂੰ ਇਉਂ ਕੀਲਿਆ ਹੋਇਆ ਸੀ ਜਿਵੇਂ ਬੀਨ ਵਜਾਉਣ ਵਾਲਾ ਸੱਪ ਨੂੰ ਕੀਲ ਲੈਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੂੰ ਦਰਜ਼ਨਾਂ ਗ਼ਜ਼ਲਾਂ, ਨਜ਼ਮਾਂ ਤੇ ਕਤਾਅ ਮੂੰਹ ਜ਼ਬਾਨੀ ਚੇਤੇ ਹਨ। ਮਜਾਲ ਹੈ ਕਿ ਕਲਾਮ ਦੀ ਅਦਾਇਗੀ ਸਮੇਂ ਕਿਤੇ ਅਟਕਾ ਆ ਜਾਵੇ ਜਾਂ ਕੋਈ ਸ਼ਿਅਰ ਜਾਂ ਲਫ਼ਜ਼ ਭੁੱਲ ਜਾਵੇ। ਤਾਲੀਮ ਦੀ ਦੇਵੀ ਸਰਸਵਤੀ ਉਸ 'ਤੇ ਪੂਰੀ ਤਰ੍ਹਾਂ ਖੁਸ਼ ਹੈ। ਬਾਬਾ ਖੁਸ਼ੀ ਮੁਹੰਮਦ ਨਿਸਾਰ ਦਾ ਇਕ ਉਸਤਾਦ ਬਜ਼ੁਰਗ ਸ਼ਾਇਰ ਹੈ। ਉਸ ਦੀ ਸ਼ਾਇਰੀ ਦਿਲਾਂ ਨੂੰ ਧੂਹ ਪਾਉਂਦੀ ਹੈ। ਫ਼ਖ਼ਰ ਜ਼ਮਾਨ ਦਾ ਆਖਣਾ ਸੀ, 'ਜਦੋਂ ਤਕ ਸਾਡੇ ਕੋਲ ਬਾਬਾ ਖੁਸ਼ੀ ਮੁਹੰਮਦ ਨਿਸਾਰ ਵਰਗੇ ਲੋਕ ਸ਼ਾਇਰ ਨੇ, ਕੌਣ ਆਖਦੈ ਪੰਜਾਬੀ ਜ਼ਬਾਨ ਦਾ ਆਉਣ ਵਾਲਾ ਕੱਲ੍ਹ ਖਤਰੇ ਵਿੱਚ ਹੈ ?' ਫ਼ਖ਼ਰ ਜ਼ਮਾਨ ਦਾ ਇਹ ਵੀ ਆਖਣਾ ਸੀ, 'ਪੰਜਾਬੀ ਸ਼ਾਇਰੀ ਨੂੰ ਪਿੰਡਾਂ ਦੇ ਲੋਕਾਂ ਦੇ ਘਰ ਘਰ ਤਕ ਪੁਚਾਉਣ ਵਿਚ ਨਿਸਾਰ ਦੀ ਸਖਤ ਘਾਲਣਾ ਹੈ ਤੇ ਮੈਨੂੰ ਖੁਸ਼ੀ ਹੈ ਕਿ ਉਹਨਾਂ ਨਾਲ ਆ ਕੇ ਬਾਬਾ ਜੀ ਨੇ ਉਹਨਾਂ ਦੇ ਸਮੁੱਚੇ ਜਥੇ ਦਾ ਮਾਣ ਵਧਾਇਆ ਹੈ। ' ਬਾਬਾ ਖੁਸ਼ੀ ਮੁਹੰਮਦ ਨਿਸਾਰ ਦਾ ਪਹਿਲਾ ਸ਼ਾਇਰੀ-ਮਜ਼ਮੂਆ 'ਹੌਂਸਲਿਆਂ ਦਾ ਪੰਧ' (1999) ਮੰਜ਼ਰ-ਇ-ਆਮ ਤੇ ਆਇਆ ਸੀ। ਇਸ ਸੰਗ੍ਰਹਿ ਨੇ ਪਾਕਿਸਤਾਨ ਦੀ ਪੰਜਾਬੀ ਸ਼ਾਇਰੀ ਵਿਚ ਇਕ ਕਿਸਮ ਦਾ ਭੁਚਾਲ ਹੀ ਲਿਆ ਦਿੱਤਾ ਸੀ। ਇਸ ਕਿਤਾਬ ਨਾਲ ਉਹਨਾਂ ਲੋਕਾਂ ਨੂੰ ਖ਼ੂਬ ਮਿਰਚਾਂ ਲੱਗੀਆਂ ਜਿਹੜੇ ਪੰਜਾਬੀ ਜ਼ੁਬਾਨ ਤੋਂ ਆਕੀ ਸਨ। ਇਸ ਬਾਰੇ ਖ਼ੁਦ ਨਿਸਾਰ ਆਖਦਾ ਹੈ ਕਿ ਉਹਨਾਂ ਲੋਕਾਂ ਨੂੰ ਆਪਣੀ ਚੌਧਰ ਦੇ ਮਹਿਲ ਡੋਲਦੇ ਨਜ਼ਰ ਆਉਣ ਲੱਗੇ। ਇਸ ਕਾਰਨ ਉਹ ਉਸ ਦੀ ਜਾਨ ਦੇ ਦੁਸ਼ਮਣ ਬਣ ਗਏ। ਇੱਥੋਂ ਤੱਕ ਕਿ ਵਿਰੋਧੀਆਂ ਵਲੋਂ ਇੱਕ ਦੂਹਰੇ ਖੂਨ ਦੀ ਸਾਜ਼ਿਸ਼ ਵਿਚ ਉਲਝਾਉਣ ਦੀ ਕੋਸ਼ਿਸ ਕੀਤੀ ਗਈ ਤੇ ਦੂਜਾ ਸਿਆਸੀ ਤਾਕਤ ਦੇ ਨਸ਼ੇ ਵਿਚ ਜ਼ੁਲਮ ਜਬਰ ਦਾ ਹਰ ਹਥਿਆਰ ਇਸ ਲੋਕ ਕਵੀ ਉਪਰ ਵਰਤਿਆ ਜਾਣ ਲੱਗਾ। ਸਕੇ ਸਬੰਧੀਆ ਤੇ ਹੋਰ ਮਿਲਣ ਗਿਲਣ ਵਾਲਿਆਂ ਉਪਰ ਵੀ ਬੰਦਸ਼ਾਂ ਆਇਦ ਕੀਤੀਆਂ ਗਈਆਂ ਪਰ ਰੱਬ ਦੇ ਬਾਲੇ ਹੋਏ ਦੀਵਿਆਂ ਅਤੇ ਚਾੜ੍ਹੇ ਹੋਏ ਸੂਰਜਾਂ ਨੂੰ ਅੱਜ ਤੱਕ ਕੋਈ ਜਾਬਰ ਨਾ ਹੀ ਬੁਝਾ-ਮਿਟਾ ਸਕਿਆ ਹੈ ਅਤੇ ਨਾ ਹੀ ਰੋਜ਼ੇ-ਕਿਆਮਤ ਤਕ ਕੋਈ ਬੁਝਾ-ਮਿਟਾ ਸਕੇਗਾ। ਐਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਉਹ ਅੰਦਰੋਂ ਬਾਹਰੋਂ ਖੁਸ਼ਬਾਸ਼ ਨਜ਼ਰ ਆਉਂਦਾ ਹੈ। ਪੰਜਾਬੀ ਸ਼ਾਇਰੀ ਨੂੰ ਲੋਕ ਮਨਾਂ ਦੀ ਹਾਣੀ ਬਣਾਉਣ ਲਈ ਬਾਬਾ ਨਿਸਾਰ ਨੇ ਬੜੀ ਘਾਲਣਾ ਘਾਲੀ ਹੈ। ਕੋਈ ਖਾਸ ਰਸਮਾਂ ਤਾਲੀਮ ਹਾਸਲ ਨਹੀਂ ਕੀਤੀ ਹੋਈ ਪਰ ਆਪਣੇ ਡੂੰਘੇ ਜੀਵਨ-ਅਨੁਭਵ ਸਦਕਾ ਅਨੇਕਾਂ ਅਖੌਤੀ ਡਿਗਰੀ-ਹੋਲਡਰਾਂ ਤੇ ਨਕਾਦੀਨ ਦੇ ਕੰਨ ਮਰੋੜ ਸਕਣ ਦੀ ਖੂਬੀ ਉਸ ਕੋਲ ਹੈ। ਪਾਕਿਸਤਾਨ ਦੇ ਪੰਜਾਬੀ ਲਿਖਾਰੀਆਂ ਵਿਚ ਇਸ ਬਹੁ-ਪੱਖੀ ਸ਼ਾਇਰ ਦਾ ਇਕ ਸਤਿਕਾਰਯੋਗ ਮਰਤਬਾ ਹੈ। ਪਾਕਿਸਤਾਨ ਦੀ ਜਾਣੀ ਪਛਾਣੀ ਪੰਜਾਬੀ ਸ਼ਖ਼ਸੀਅਤ ਪ੍ਰੋਫੈਸਰ ਗੁਲਾਮ ਮੁਸਤਫ਼ਾ ਖੋਖਰ ਨੇ ਉਸ ਨੂੰ 'ਜਗਤ ਦਰਦੀ ਬਾਬਾ' ਦਾ ਖ਼ਿਤਾਬ ਦਿੱਤਾ ਹੈ। ਇਸੇ ਤਰ੍ਹਾਂ ਕਿਸੇ ਹੋਰ ਨੇ ਉਸ ਨੂੰ 'ਸੱਚਾ ਸ਼ਾਇਰ' ਆਖ ਕੇ ਵਡਿਆਇਆ ਹੈ ਅਤੇ ਕਿਸੇ 'ਸਭਨਾਂ ਦਾ ਮਾਣ' ਕਿਹਾ ਹੈ। ਬਾਬਾ ਨਿਸਾਰ ਇਕ ਬਹੁ-ਪੱਖੀ ਸ਼ਾਇਰ ਹੈ। ਉਹਨੂੰ ਜਿੰਨਾ ਅਬੂਰ ਗ਼ਜ਼ਲਗੋਈ ਉਪਰ ਹਾਸਲ ਹੈ, ਉਨਾ ਹੀ ਨਜ਼ਮਗੋਈ ਉਪਰ ਵੀ। 'ਕਤਾਅ' ਉਸ ਦੀਆਂ ਮਨਭਾਉਂਦੀਆਂ ਵੰਨਗੀਆਂ ਵਿਚੋਂ ਇੱਕ ਹੈ। ਹੁਣੇ-ਹੁਣੇ ਬਾਬਾ ਨਿਸਾਰ ਵਲੋਂ ਖ਼ੁਦ ਛਾਪੇ ਇਕ ਹੋਰ ਸ਼ਾਇਰੀ-ਪਰਾਗੇ 'ਮੈਂ ਤਾਰੂ ਦਰਿਆਵਾਂ ਦਾ' (2005) ਵਿਚ ਇਹ ਵੰਨਗੀਆਂ ਭਰਪੂਰ ਮਾਤਰਾ ਵਿਚ ਉਪਲਬਧ ਹਨ। ਅਜੇ ਕੁਝ ਚਿਰ ਪਹਿਲਾ ਹੀ ਬਾਬਾ ਜੀ ਦਾ ਇਕ ਹੋਰ ਪਰਾਗਾ 'ਹੌਸਲਿਆਂ ਦਾ ਪੰਧ' ਮੰਜ਼ਰ ਏ ਆਮ ਤੇ ਆਇਆ ਸੀ ਜਿਸ ਦਾ ਪਹਿਲਾ ਐਡੀਸ਼ਨ ਬਹੁਤ ਘੱਟ ਸਮੇਂ ਵਿੱਚ ਮੁੱਕ ਗਿਆ ਸੀ। ਪੰਜਾਬੀ ਸ਼ਾਇਰੀ ਜਗਤ ਨੂੰ ਬਾਬਾ ਨਿਸਾਰ ਦੀ ਅਹਿਮ ਦੇਣ ਇਹ ਹੈ ਕਿ ਇਸ ਵਿਚ ਸਮੂਹਿਕ ਦਾਨਿਸ਼ਵਰੀਆਂ, ਲੋਕ-ਤੱਥਾਂ ਅਤੇ ਅਟੱਲ ਸੱਚਾਈਆਂ ਦਾ ਭਰਪੂਰ ਵਰਣਨ ਮਿਲਦਾ ਹੈ। ਉਸ ਦੀ ਕੋਈ ਵੀ ਗਜ਼ਲ ਜਾਂ ਨਜ਼ਮ ਇਸ ਵਸਫ਼ ਤੋਂ ਖਾਲੀ ਨਹੀਂ ਹੈ। ਇਹੀ ਕਾਰਨ ਹੈ ਕਿ ਜਦੋਂ ਪਾਠਕ ਇਸ ਬਜ਼ੁਰਗ ਸ਼ਾਇਰ ਦੀ ਕੋਈ ਲਿਖਤ ਪੜ੍ਹਦਾ ਹੈ ਤਾਂ ਉਹ ਉਹ ਦੀ ਉਂਗਲ ਫੜ ਕੇ ਇਸ ਤਰ੍ਹਾਂ ਰਸਤਾ ਦਿਖਾਉਂਦੀ  ਜਾਂਦੀ ਹੈ ਜਿਵੇਂ ਕੋਈ ਸਿਆਣਾ ਕਿਸੇ ਬਾਲ ਦੀ ਉਂਗਲ ਫੜ ਕੇ ਨਾਲ ਲੈ ਕੇ ਤੁਰਦਾ ਹੈ। ਕਲਾ ਪੱਖ ਤੋਂ ਇਸ ਵਿਚ ਨਵੀਨਤਾ ਹੈ ਅਤੇ ਤਾਜ਼ਗੀ ਵੀ। ਇਹ ਸ਼ਾਇਰੀ ਲੋਕ ਮਨਾਂ ਦੇ ਅੰਦਰ ਝਾਤੀ  ਪੁਆਉਂਦੀ ਹੈ ਅਤੇ ਸਿੱਟੇ ਕੱਢ ਕੇ ਆਪਣਾ ਮੁਕੱਦਸ ਫਰਜ਼ ਅਦਾ ਕਰਦੀ ਹੈ। ਸ਼ਾਇਰ ਦੀਆਂ ਛੋਟੀ ਬਹਿਰ ਗ਼ਜ਼ਲਾਂ ਦੇ ਹੇਠ ਲਿਖੇ ਕੁਝ ਸ਼ਿਅਰ ਮੇਰੀ ਇਸ ਗੱਲ ਨੂੰ ਹੀ ਪੁਖ਼ਤ ਕਰਦੇ ਹਨ : ਜਿਹੜੇ ਹੱਕ ਦਾ ਹੋਕਾ ਦਿੰਦੇ ਨੇ, ਨਹੀਂ ਖਾਂਦੇ ਖੌਫ਼ ਜੰਜੀਰਾਂ ਤੋਂ। .......... ਬੇਅਣਖੀ ਦੇ ਕੁੱਕੜ ਛੱਡ ਕੇ, ਖਾਂ ਗ਼ੈਰਤ ਦੀ ਦਾਲ ਰਿਹਾ ਵਾਂ। ............ ਮੁੱਲਾਂ ਤੋੜਿਆ ਮਾਣ ਰਿੰਦਾਂ ਦਾ, ਸਭ ਤੋਂ ਪਹਿਲਾਂ ਭੱਜ ਕੇ ਪੀਤੀ। ਨਿਸਾਰ ਮਨੁੱਖ ਨੂੰ ਆਪਣੀ ਸ਼ਾਇਰੀ ਰਾਹੀਂ ਨੇਕਨਾਮੀ ਵਾਲੀ ਸੱਚੀ-ਸੁੱਚੀ ਜ਼ਿੰਦਗੀ ਜੀਣ ਦਾ ਸੁਨੇਹਾ ਦਿੰਦਾ ਹੈ। ਉਹਦੀ ਸ਼ਾਇਰੀ ਵਿਚ ਵਾਰ-ਵਾਰ 'ਹਕ', 'ਇਨਸਾਫ਼', 'ਹਮਦਰਦੀ', 'ਚੰਗਿਆਈ', 'ਗ਼ੈਰਤ' ਅਤੇ 'ਈਮਾਨ' ਦਾ ਜ਼ਿਕਰ ਆਉਂਦਾ ਹੈ। ਉਸ ਦੇ ਇਸ ਸ਼ਿਅਰ ਵਿਚੋਂ ਵੀ ਉਸ ਦਾ ਜੀਵਨ ਪ੍ਰਤੀ ਨਜ਼ਰੀਆ ਪ੍ਰਗਟ ਹੁੰਦਾ ਹੈ : ਹੱਕ ਦਾ ਸੌਦਾ ਚੰਗਾ ਹੁੰਦਾ, ਹੱਕ ਤੇ ਰਵ੍ਹੀਂ ਨਿਸਾਰਾ, ਭਾਵੇਂ ਤੇਰੇ ਚਾਰ ਚੁਫੇਰੇ, ਪਰੀਆਂ ਕਰਨ ਕਲੋਲ। ਬਾਬਾ ਖੁਸ਼ੀ ਮੁਹੰਮਦ ਨਿਸਾਰ ਬੁੱਲ੍ਹੇ ਸ਼ਾਹ ਵਾਂਗ ਆਪਣੇ ਆਪੇ ਦੀ ਪਛਾਣ ਕਰਨ 'ਤੇ ਬਲ ਦਿੰਦਾ ਹੈ। ਲੋਕ-ਕਵੀ ਦੀ ਹੈਸੀਅਤ ਵਿਚ ਉਹਦੇ ਇਹ ਦੋ ਸ਼ਿਅਰ ਪੂਰੀ ਜ਼ਿੰਦਗੀ ਦਾ ਨਿਚੋੜ ਹੀ ਸਾਡੇ ਸਾਹਵੇਂ ਰੱਖ ਦਿੰਦੇ ਹਨ : ਅੰਦਰ ਜੰਗ ਹੋਈ, ਕਤਲ-ਇ-ਆਮ ਹੋਇਆ, ਬਾਹਰ ਜ਼ਰਾ ਜਿੰਨਾ ਪਿਆ ਸ਼ੋਰ ਵੀ ਨਈਂ। ਮਾਲਕ ਘਰ ਦੇ, ਘਰ ਨੂੰ ਸੰਨ੍ਹ ਮਾਰੀ, ਕੋਈ ਦੂਰ-ਦੁਰਾਡੇ ਦਾ ਚੋਰ ਵੀ ਨਈਂ। ਆਪੇ ਆਪਣਾ ਰਿਹਾ ਨੁਕਸਾਨ ਕਰਦਾ, ਅਕਲ ਏਸ ਨੂੰ ਜ਼ਰਾ ਤੇ ਭੋਰ ਵੀ ਨਈਂ। ਫੜਿਆ ਗਿਆ 'ਨਿਸਾਰਾ' ਤੇ ਪਤਾ ਲੱਗਾ, ਆਪਣਾ ਮਨ ਪਾਪੀ, ਕੋਈ ਹੋਰ ਵੀ ਨਈਂ। ਅੱਜ-ਕੱਲ੍ਹ ਬਾਬਾ ਨਿਸਾਰ ਸਾਹੀਵਾਲ ਸ਼ਹਿਰ ਦੇ ਮੋਰ ਵਾਲਾ ਚੌਂਕ ਵਿਚ ਆਪਣਾ ਨਿੱਜੀ ਛਾਪਾਖਾਨਾ 'ਸਾਹੀਵਾਲ ਪ੍ਰਿੰਟਿੰਗ ਪ੍ਰੈਸ' ਚਲਾ ਰਿਹਾ ਹੈ, ਜਿੱਥੋਂ ਮੁੱਲਵਾਨ ਪੰਜਾਬੀ ਸਾਹਿਤ ਛਾਪਿਆ ਗਿਆ ਹੈ ਅਤੇ ਛਾਪਿਆ ਜਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All