ਆਬਾਦਪੁਰਾ ਕਤਲ ਮਾਮਲਾ: ਪੁਲੀਸ ਨੇ ਦੋ ਹੋਰ ਮੁਲਜ਼ਮ ਫੜੇ

ਫੜੇ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ। -ਫੋਟੋ ਮਲਕੀਅਤ ਸਿੰਘ

ਪਾਲ ਸਿੰਘ ਨੌਲੀ ਜਲੰਧਰ, 14 ਫਰਵਰੀ ਸ੍ਰੀ ਗੁਰੂ ਰਵਿਦਾਸ ਜੈਅੰਤੀ ਸਬੰਧੀ ਸਮਾਗਮਾਂ ਦੌਰਾਨ ਨੌਜਵਾਨ ਸਰਬਜੀਤ ਚੀਮਾ ਦੇ ਹੋਏ ਕਤਲ ਦੇ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਸੀਪੀ ਗੁਰਮੀਤ ਸਿੰਘ ਤੇ ਏਸੀਪੀ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚ ਜੋਗੀ ਤੇ ਨੀਰਜ ਸ਼ਾਮਲ ਹਨ। ਉਨ੍ਹਾਂ ਕੋਲੋਂ ਵਰਤਿਆ ਗਿਆ ਤੇਜ਼ਧਾਰ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲੀਸ ਰਿਮਾਂਡ ਲਿਆ ਜਾ ਰਿਹਾ ਹੈ। ਰਿਮਾਂਡ ਦੌਰਾਨ ਹੀ ਹੋਰ ਪੁੱਛਗਿੱਛ ਕਰਕੇ ਮਾਮਲੇ ਦੀ ਅਸਲੀਅਤ ਬਾਰੇ ਪਤਾ ਲੱਗ ਸਕੇਗਾ। ਉਨ੍ਹਾਂ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 6 ਦੇ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਗਿੱਲ ਅਤੇ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਇਲਾਕੇ ਵਿਚੋਂ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ 9 ਫਰਵਰੀ ਦੀ ਰਾਤ ਨੂੰ ਸਰਬਜੀਤ ਚੀਮਾ ਪੁੱਤਰ ਜੋਤੀ ਲਾਲ ਵਾਸੀ ਅਬਾਦਪੁਰਾ ਆਪਣੇ ਦੋਸਤਾਂ ਨਾਲ ਸ੍ਰੀ ਗੁਰੂ ਰਵਿਦਾਸ ਜੈਅੰਤੀ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ ਤੇ ਉਸ ਦੇ ਗੁਆਂਢ ’ਚ ਰਹਿੰਦੇ ਦੋ ਸਕੇ ਭਰਾਵਾਂ ਨੀਰਜ ਤੇ ਸੂਰਜ ਨਾਲ ਕਿਸੇ ਗੱਲੋਂ ਬਹਿਸਬਾਜ਼ੀ ਹੋ ਗਈ ਸੀ। ਇਸ ਮਾਮੂਲੀ ਝਗੜੇ ਦੇ ਚੱਲਦਿਆਂ ਸੂਰਜ ਤੇ ਨੀਰਜ ਨੇ ਆਪਣੇ ਚਾਰ ਹੋਰ ਸਾਥੀਆਂ ਨਾਲ ਸਰਬਜੀਤ ਚੀਮਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ ਅਤੇ ਇਲਾਜ ਦੌਰਾਨ ਚੀਮਾ ਦੀ ਮੌਤ ਹੋ ਗਈ ਸੀ। ਇਸ ਘਟਨਾ ’ਚ ਸ਼ਾਮਲ ਛੇ ਜਣਿਆਂ ਵਿਰੁੱਧ 302 ਆਈਪੀਸੀ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲੀਸ ਨੇ ਹੁਣ ਤੱਕ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਕੇਸ ’ਚ ਦੋ ਮੁਲਜ਼ਮ ਅਜੇ ਵੀ ਲੋੜੀਂਦੇ ਹਨ।

ਪੈਟਰੋਲ ਪੰਪ ਤੋਂ ਲੁੱਟਾਂ ਖੋਹਾਂ ਕਰਨ ਦੇ ਦੋਸ਼ ਹੇਠ ਚਾਰ ਕਾਬੂ

ਫਗਵਾੜਾ (ਪੱਤਰ ਪ੍ਰੇਰਕ): ਸਿਟੀ ਪੁਲੀਸ ਨੇ ਸ਼ਰਾਬ ਦੇ ਠੇਕੇ ਤੇ ਪੈਟਰੋਲ ਪੰਪ ਤੋਂ ਲੁੱਟਾਂ ਕਰਨ ਦੇ ਦੋਸ਼ ਹੇਠ 4 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਐੱਸ.ਐੱਚ.ਓ. ਸਿਟੀ ਉਕਾਰ ਸਿੰਘ ਬਰਾੜ ਨੇ ਦੱਸਿਆ ਕਿ 26 ਦਸੰਬਰ 2019 ਨੂੰ ਇੱਕ ਲੁੱਟ-ਖੋਹ ਦੇ ਮਾਮਲੇ ’ਚ ਦੌਰਾਨ ਤਫ਼ਤੀਸ਼ ਇੰਸਪੈਕਟਰ ਮਨਜੀਤ ਸਿੰਘ ਨੇ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ। ਜਿਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੇ ਜਲੰਧਰ ਦਿਹਾਂਤੀ ਅਤੇ ਜਿਲ੍ਹਾ ਹੁਸ਼ਿਆਰਪੁਰ ’ਚ ਵੱਖ-ਵੱਖ ਸਮੇਂ ਸ਼ਰਾਬ ਦੇ ਠੇਕੇ ਤੋਂ ਪੈਟਰੋਲ ਪੰਪ ਲੁੱਟੇ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜਸਵੀਰ ਸਿੰਘ ਉਰਫ਼ ਮੇਜਰ ਪੁੱਤਰ ਸੁਖਵਿੰਦਰ ਸਿੰਘ ਵਾਸੀ ਗਤੀਬਖਸ਼ਾ, ਜਸਮੀਤ ਸਿੰਘ ਉਰਫ਼ ਜੱਸੀ ਪੁੱਤਰ ਭੁਪਿੰਦਰ ਸਿੰਘ ਵਾਸੀ ਗੜੀਬਖਸ਼ਾ, ਅਮਨਪ੍ਰੀਤ ਸਿੰਘ ਉਰਫ਼ ਸੋਨੂੰ ਪੁੱਤਰ ਰਜਵੰਤ ਸਿੰਘ ਵਾਸੀ ਘੋੜਾਵਾਹੀ, ਪ੍ਰਿਤਪਾਲ ਸਿੰਘ ਉਰਫ਼ ਲਾਡੀ ਪੁੱਤਰ ਰਸ਼ਪਾਲ ਸਿੰਘ ਵਾਸੀ ਕੰਧਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨਸ਼ਾ ਕਰਨ ਦੇ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਐੱਸ.ਐੱਚ.ਓ. ਨੇ ਦੱਸਿਆ ਕਿ ਮੁਲਜ਼ਮਾਂ ਪਾਸੋਂ ਵਾਰਦਾਤ ਕਰਨ ਸਮੇਂ ਵਰਤੀ ਜਾਂਦੀ ਸਵਿਫ਼ਟ ਕਾਰ ਵੀ ਬਰਾਮਦ ਕਰ ਲਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All