ਆਪਣੀ ਮੱਝ ਦਾ ਦੁੱਧ

ਜਰਨੈਲ ਸਿੰਘ ਮੱਲੇਆਣਾ ਭਲੇ ਵੇਲੇ

ਲਗਪਗ ਛੇ ਸੱਤ ਦਹਾਕੇ ਪਹਿਲਾਂ ਲੋਕਾਂ ਵਿਚ ਗ਼ਰੀਬ-ਗੁਰਬਿਆਂ, ਰਾਹੀਆਂ ਤੇ ਭੁੱਖੇ-ਪਿਆਸੇ ਲੋਕਾਂ ਪ੍ਰਤੀ ਸੇਵਾ ਦੀ ਭਾਵਨਾ ਬੜੀ ਪ੍ਰਬਲ ਹੁੰਦੀ ਸੀ। ਲੋੜਵੰਦਾਂ ਦੀ ਸੇਵਾ ਕਰਕੇ ਲੋਕ ਅੰਤ੍ਰੀਵ ਖ਼ੁਸ਼ੀ ਤੇ ਸੰਤੁਸ਼ਟੀ ਮਹਿਸੂਸ ਕਰਦੇ ਸਨ। ਉਸ ਵਕਤ ਆਵਾਜਾਈ ਦੇ ਸਾਧਨ ਵੀ ਬਹੁਤ ਘੱਟ ਸਨ। ਲੋਕ ਆਮ ਕਰਕੇ ਊਠਾਂ-ਘੋੜਿਆਂ ’ਤੇ ਜਾਂ ਪੈਦਲ ਹੀ ਸਫ਼ਰ ਕਰਦੇ ਸਨ। ਰਾਹੀਆਂ ਨੂੰ ਆਪਣੀ ਭੁੱਖ-ਪਿਆਸ ਮਿਟਾਉਣ ਲਈ ਗੁਰੂਘਰਾਂ ਜਾਂ ਕਿਸੇ ਦੇ ਘਰੋਂ ਅੰਨ-ਪਾਣੀ ਹਰ ਹਾਲਤ ਵਿਚ ਮਿਲ ਜਾਂਦਾ ਸੀ। ਰਾਹ ਜਾਂਦਿਆਂ ਕਿਸੇ ਘਰੋਂ ਛਾਹ ਵੇਲੇ (ਲੱਸੀਆਂ ਵੇਲੇ) ਲੱਸੀ ਮੰਗ ਕੇ ਪੀਣ ਦੀ ਤਾਂ ਆਮ ਹੀ ਰਵਾਇਤ ਸੀ। ਲੱਸੀ ਵੀ ਹਰ ਘਰੋਂ ਮਿਲ ਜਾਂਦੀ ਸੀ। ਜੇ ਘਰ ਲੱਸੀ ਨਾ ਵੀ ਹੋਵੇ ਤਾਂ ਲੋਕ ਆਂਢ-ਗੁਆਂਢੋਂ ਮੰਗ ਕੇ ਵੀ ਪਿਆ ਦਿੰਦੇ ਸਨ। ਕਈਆਂ ਨੇ ਤਾਂ ਇਸ ਤਰ੍ਹਾਂ ਲੱਸੀ ਪੀਣ ਦੇ ਸਬੰਧ ਵਿਚ ਟੋਟਕੇ ਵੀ ਜੋੜ ਰੱਖੇ ਸਨ। ਕਹਿੰਦੇ ਹਨ, ਇਕ ਵਾਰ ਕੋਈ ਰਾਹੀ ਕਿਸੇ ਮਾਈ ਦੇ ਘਰ ਲੱਸੀ ਪੀਣ ਬੈਠ ਗਿਆ। ਅੱਗੇ ਲੱਸੀ ਚਾਟੀ ਵਿਚ ਘੱਟ ਸੀ। ਮਾਈ ਨੇ ਲੱਸੀ ਵਿਚ ਪਾਣੀ ਰਲਾ ਕੇ ਗਲਾਸ ਭਰ ਕੇ ਉਸ ਨੂੰ ਫੜਾ ਦਿੱਤਾ, ਪਰ ਉਸ ਦੀ ਪਿਆਸ ਅਜੇ ਬੁਝੀ ਨਹੀਂ ਸੀ। ਮਾਈ ਨੇ ਬਚੀ ਹੋਈ ਲੱਸੀ ਵਿਚ ਥੋੜ੍ਹਾ ਪਾਣੀ ਹੋਰ ਰਲਾ ਕੇ ਕਿਹਾ, ‘‘ਲੈ ਪੁੱਤ ਲੜਾਈ ਤੇ ਲੱਸੀ ਦਾ ਕੀ ਹੈ, ਜਿੰਨੀ ਮਰਜ਼ੀ ਵਧਾ ਲੈ।’’ ਹੁਣ ਲੱਸੀ ਘੱਟ ਤੇ ਪਾਣੀ ਵੱਧ ਦਿਸਦਾ ਸੀ। ਰਾਹੀ ਇਹ ਕਹਿੰਦਾ ਹੋਇਆ ਕਿ ‘‘ਚੱਕ ਦੇ ਬਗੌੜ (ਬੱਗੋਂ) ਬੁੜ੍ਹੀਏ, ਲੱਸੀ ਅਗਲੇ ਘਰਾਂ ਤੋਂ ਪੀਣੀ’’ ਅੱਗੇ ਤੁਰ ਪਿਆ। ਸੋ ਉਨ੍ਹਾਂ ਵੇਲਿਆਂ ਵਿਚ ਕਿਸੇ ਦੇ ਘਰੋਂ ਰੋਟੀ-ਪਾਣੀ ਨਾ ਮਿਲਣ ਦੀ ਤਵੱਕੋ ਹੀ ਨਹੀਂ ਸੀ ਕੀਤੀ ਜਾਂਦੀ। ਮੈਨੂੰ ਵੀ ਇਸ ਤਰ੍ਹਾਂ ਸੇਵਾ ਕਰਨ ਤੇ ਕਰਾਉਣ ਦਾ ਮੌਕਾ ਮਿਲਦਾ ਰਿਹਾ ਹੈ। ਅਪਰੈਲ 1961 ਵਿਚ ਮੈਨੂੰ ਛੇ ਮਹੀਨੇ ਦੇ ਆਧਾਰ ’ਤੇ ਸਰਕਾਰੀ ਸਕੂਲ, ਝੁੰਬਾ ਭਾਈ, ਬਲਾਕ ਗਿੱਦੜਬਾਹਾ (ਫਿਰੋਜ਼ਪੁਰ) ਵਿਖੇ ਜੇ.ਬੀ.ਟੀ. ਟੀਚਰ ਵਜੋਂ ਆਰਡਰ ਮਿਲੇ ਸਨ। ਮੈਂ ਬਠਿੰਡੇ ਤੋਂ ਮਲੋਟ ਵਾਲੀ ਬੱਸ ਬੈਠ ਕੇ ਝੁੰਬੇ ਦੇ ਨਜ਼ਦੀਕ ਪਿੰਡ ਬੱਲੂਆਣੇ ਦੀ ਟਿਕਟ ਲੈ ਲਈ। ਸੜਕ ਪਿੰਡ ਤੋਂ ਕੁਝ ਫ਼ਰਕ ਨਾਲ ਸੀ। ਮੈਂ ਉੱਥੇ ਉਤਰ ਗਿਆ। ਗਰਮੀ ਬਹੁਤ ਸੀ। ਮੈਨੂੰ ਪਿਆਸ ਵੀ ਬਹੁਤ ਲੱਗੀ ਹੋਈ ਸੀ। ਗਰਮੀ ਤੇ ਪਿਆਸ ਨਾਲ ਮੇਰਾ ਬੁਰਾ ਹਾਲ ਸੀ। ਉਸ ਇਲਾਕੇ ਵਿਚ ਉਸ ਵਕਤ ਨਲਕੇ ਤੇ ਖੂਹ ਬਹੁਤ ਹੀ ਘੱਟ ਲੱਗਦੇ ਸਨ। ਧਰਤੀ ਹੇਠਲਾ ਪਾਣੀ ਬੜਾ ਡੂੰਘਾ ਸੀ। ਆਮ ਕਰਕੇ ਪਿੰਡ ਵਿਚ ਮਸਾਂ ਇਕ ਹੀ ਖੂਹ ਹੁੰਦਾ ਸੀ। ਮਹਿਰੇ-ਸਿੱਖ ਖੂਹ ਜਾਂ ਕੱਸੀ ਦਾ ਪਾਣੀ ਹੀ ਘਰਾਂ ਵਿਚ ਭਰਦੇ ਸਨ। ਮੈਂ ਬੱਲੂਆਣੇ ਦੇ ਰਾਹ ਪੈ ਗਿਆ। ਇਕ ਮਹਿਰਾ ਸਿੱਖ, ਬਲਦ ਵਾਲੀ ਰੇੜ੍ਹੀ ਉਪਰ, ਟੈਂਕੀ ਵਿਚ ਸੂਏ ਤੋਂ ਪਾਣੀ ਭਰ ਕੇ ਪਿੰਡ ਨੂੰ ਜਾ ਰਿਹਾ ਸੀ। ਗਰਮੀ ਤੇ ਪਿਆਸ ਨਾਲ ਵਿਆਕੁਲ ਹੋਇਆਂ ਮੈਂ ਉਸ ਨੂੰ ਕਿਹਾ, ‘‘ਬਾਈ ਪਾਣੀ ਤਾਂ ਪਿਲਾ ਦੇ।’’ ਉਸ ਨੇ ਮੈਨੂੰ ਪੁੱਛਿਆ, ‘‘ਤੂੰ ਕਿੱਥੇ ਜਾਣਾ ਹੈ?’’ ਮੈਂ ਕਿਹਾ, ‘‘ਝੁੰਬੇ।’’ ਕਹਿੰਦਾ ਬੋਲਿਆ, ‘‘ਇਉਂ ਪਾਣੀ ਨਹੀਂ ਪੀਤਾ ਜਾਣਾ। ਮੇਰਾ ਘਰ ਝੁੰਬੇ ਦੇ ਰਾਹ ’ਤੇ ਹੀ ਹੈ। ਚੱਲ ਮੈਂ ਤੈਨੂੰ ਘੜੇ ਦਾ ਸਾਫ਼ ਪਾਣੀ ਪਿਲਾ ਦਿੰਦਾ ਹਾਂ।’’ ਮੈਂ ਉਸ ਦੇ ਮਗਰ ਤੁਰ ਪਿਆ। ਉਸ ਦੇ ਘਰ ਅੱਗੇ ਕਿੱਕਰਾਂ ਦੀ ਛਾਵੇਂ ਦੋ ਬੰਦੇ ਮੰਜਿਆਂ ’ਤੇ ਬੈਠੇ ਸਨ। ਉਹ ਮੈਨੂੰ ਉਨ੍ਹਾਂ ਕੋਲ ਬਿਠਾ ਕੇ ਪਾਣੀ ਲੈਣ ਚਲਾ ਗਿਆ। ਉਨ੍ਹਾਂ ਬੰਦਿਆਂ ’ਚੋਂ ਇਕ ਨੇ ਮੈਨੂੰ ਪੁੱਛਿਆ, ‘‘ਕਾਕਾ, ਕਿੱਥੇ ਜਾਣਾ ਹੈ?’’ ਮੈਂ ਕਿਹਾ, ‘‘ਝੁੰਬੇ ਸਕੂਲ ਵਿਚ ਜਾਣਾ ਹੈ।’’ ‘‘ਤੇਰਾ ਪਿੰਡ ਕਿਹੜਾ ਹੈ?’’ ਮੈਂ ਕਿਹਾ, ‘‘ਬਹੁਤ ਦੂਰ ਹੈ ਜੀ, ਤਹਿਸੀਲ ਮੋਗਾ ਵਿਚ ਹੈ।’’ ਕਹਿੰਦਾ, ‘‘ਫੇਰ ਵੀ ਕਿਹੜਾ ਹੈ?’’ ਮੈਂ ਕਿਹਾ, ‘‘ਬੱਧਣੀ-ਲੋਪੋਂ ਕੋਲ ਮੱਲੇਆਣਾ।’’ ਮੈਂ ਸੋਚਦਾ ਸੀ ਬਈ ਇੰਨੀ ਦੂਰ ਇਨ੍ਹਾਂ ਨੂੰ ਸਾਡੇ ਪਿੰਡਾਂ ਦਾ ਕਿਵੇਂ ਪਤਾ ਹੋ ਸਕਦਾ ਹੈ। ਮੈਥੋਂ ਸੁਣ ਕੇ ਨਾਲ ਦੇ ਬੰਦੇ ਨੂੰ ਕਹਿੰਦਾ, ‘‘ਉੱਥੇ ਤਾਂ ਆਪਾਂ ਦੁਪਹਿਰਾ ਕੱਟਿਆ ਸੀ।’’ ਮੈਨੂੰ ਕਹਿੰਦਾ, ‘‘ਕਿਸ ਪਾਸੇ ਹੈ ਤੇਰਾ ਘਰ ਤੇ ਕਿਸ ਦਾ ਮੁੰਡਾ ਹੈ ਤੂੰ?’’ ਮੈਂ ਕਿਹਾ, ‘‘ਚੜ੍ਹਦੇ ਪਾਸੇ ਹੈ ਤੇ ਸਾਡੇ ਘਰ ਅੱਗੇ ਵੀ ਇਸ ਤਰ੍ਹਾਂ ਕਿੱਕਰਾਂ ਹਨ। ਮੇਰੇ ਬਾਪੂ ਦਾ ਨਾਂ ਜੁਗਿੰਦਰ ਸਿੰਘ ਹੈ।’’ ਕਹਿੰਦਾ, ‘‘ਚਿਰ ਹੋ ਗਿਆ ਇਸ ਘਰੋਂ ਤਾਂ ਅਸੀਂ ਰੋਟੀ ਖਾਧੀ ਸੀ। ਬੱਲਿਆ, ਤੂੰ ਮੈਨੂੰ ਓਹੀ ਮੰਡਾ ਲੱਗਦੈਂ ਜਿਸ ਨੇ ਸਾਨੂੰ ਬੜੇ ਪ੍ਰੇਮ ਨਾਲ ਰੋਟੀ ਖੁਆਈ ਸੀ।’’ ਮੈਨੂੰ ਵੀ ਹੁਣ ਕੁਝ ਕੁ ਯਾਦ ਆ ਗਿਆ ਸੀ। ਮੈਂ ਕਿਹਾ, ‘‘ਉਨ੍ਹਾਂ ਕੋਲ ਤਾਂ ਊਠ ਸਨ।’’ ਕਹਿੰਦਾ, ‘‘ਅਸੀਂ ਹੁਣ ਵੀ ਊਠ ਰੱਖਦੇ ਹਾਂ।’’ ਮਹਿਰਾ ਪਾਣੀ ਲੈ ਆਇਆ ਸੀ। ਉਸ ਬੰਦੇ ਨੇ ਮਹਿਰੇ ਨੂੰ ਕਿਹਾ, ‘‘ਖੁਆਜਿਆ, ਜਾਹ ਚਾਹ ਬਣਾ ਕੇ ਲਿਆ।’’ ਮੈਂ ਪਾਣੀ ਪੀ ਕੇ ਕਿਹਾ, ‘‘ਜੀ, ਮੈਂ ਤਾਂ ਸਕੂਲ ਟਾਈਮ ਦੇ ਵਿਚ ਵਿਚ ਹਾਜ਼ਰੀ ਦੇਣੀ ਹੈ।’’ ਮੈਨੂੰ ਕਹਿੰਦਾ, ‘‘ਕੁਝ ਨਹੀਂ ਹੋਣ ਦਿੰਦੇ ਤੇਰੀ ਹਾਜ਼ਰੀ ਨੂੰ। ਭਾਈ ਮਹਿੰਦਰ ਸਿੰਘ (ਸਰਪੰਚ) ਮੇਰਾ ਦੋਸਤ ਹੈ। ਹੁਣ ਤਾਂ ਅਸੀਂ ਪਾਸਿਓਂ ਊਠ ਖੋਲ੍ਹਣ ਚੱਲੇ ਹਾਂ। ਕੱਲ੍ਹ ਨੂੰ ਮੈਂ ਤੈਨੂੰ ਸਕੂਲ ਮਿਲਾਂਗਾ।’’ ਖੁਆਜਾ ਚਾਹ ਲੈ ਆਇਆ। ਚਾਹ ਪੀਂਦਿਆਂ ਵੀ ਉਸ ਨੇ ਗੱਲ ਜਾਰੀ ਰੱਖੀ। ਕਹਿੰਦਾ, ‘‘ਪੁੱਤਰਾ, ਉਦੋਂ ਤੂੰ ਛੋਟਾ ਜਿਹਾ ਸੀ।’’ ਮੈਂ ਕਿਹਾ, ‘‘ਹਾਂ ਜੀ, ਤੁਸਾਂ ਮੈਨੂੰ ਇੱਕ ਰੁਪਿਆ ਵੀ ਦਿੱਤਾ ਸੀ।’’ ਠਹਾਕਾ ਮਾਰ ਕੇ ਹੱਸ ਕੇ ਕਹਿੰਦਾ, ‘‘ਬੱਲੇ ਓਏ ਛੋਟੂ, ਤੂੰ ਤਾਂ ਬਈ ਓਹੀ ਛੋਟੂ ਹੈਂ। ਆਹ ਤਾਂ ਬਈ ਤੇਰੇ ਸਬੱਬੀਂ ਮੇਲੇ ਹੋ ਗਏ। ਚੰਗਾ ਬਈ ਖੁਆਜਿਆ, ਜਾਹ ਸਾਡੇ ਮਾਸਟਰ ਨੂੰ ਰੇਲ ਲਾਈਨ ਤੋਂ ਅੱਗੇ ਰਾਹ ਪਾ ਕੇ ਆ। ਫੇਰ ਕੱਲ੍ਹ ਨੂੰ ਮਿਲਦੇ ਹਾਂ ਇਸ ਨੂੰ।’’ ਝੁੰਬੇ ਨੂੰ ਤੁਰੇ ਜਾਂਦਿਆਂ ਇਨ੍ਹਾਂ ਨੂੰ ਰੋਟੀ ਖੁਆਉਣ ਦਾ ਸਾਰਾ ਦ੍ਰਿਸ਼ ਮੇਰੀ ਅੱਖਾਂ ਅੱਗੇ ਦੀ ਲੰਘ ਰਿਹਾ ਸੀ। ਮੈਂ ਉਸ ਵਕਤ ਚੌਥੀ-ਪੰਜਵੀਂ ਜਮਾਤ ਵਿਚ ਹੋਵਾਂਗਾ। ਗਰਮੀ ਦੀ ਰੁੱਤ ਸੀ। ਇਨ੍ਹਾਂ ਨੇ ਸਾਡੇ ਦਰਵਾਜ਼ੇ ਅੱਗੇ ਸਾਡੀ ਵਿਹਲੀ ਪਈ ਥਾਂ ਵਿਚ ਦਰੱਖਤਾਂ ਹੇਠਾਂ ਚਾਰ-ਪੰਜ ਊਠ ਬੰਨ੍ਹ ਲਏ ਸਨ। ਇੱਕ ਊਠ ਉਪਰੋਂ ਇਨ੍ਹਾਂ ਨੇ ਆਪਣਾ ਸਾਮਾਨ (ਰਾਸ਼ਨ ਪਾਣੀ) ਉਤਾਰ ਲਿਆ। ਇਨ੍ਹਾਂ ਵਿਚੋਂ ਇੱਕ ਜਣਾ, ਸਾਥੋਂ ਮੰਜਾ ਤੇ ਪਾਣੀ ਲੈਣ ਆਇਆ। ਅਸੀਂ ਮੰਜੇ ਦਿੱਤੇ ਤੇ ਇੱਕ ਘੜਾ ਪਾਣੀ ਦਾ ਭਰ ਕੇ ਦੇ ਦਿੱਤਾ। ਫਿਰ ਇੱਕ ਬੰਦਾ ਰੋਟੀ ਪਕਵਾਉਣ ਲਈ ਸਾਨੂੰ ਆਟਾ ਦੇਣ ਆਇਆ। ਮੇਰੇ ਬਾਪੂ ਨੂੰ ਕਹਿੰਦਾ, ‘‘ਸਰਦਾਰ ਜੀ, ਜੇ ਸਾਡੀਆਂ ਰੋਟੀਆਂ ਲੁਹਾ ਦਿਉ।’’ ਮੇਰਾ ਬਾਪੂ ਕਹਿੰਦਾ, ‘‘ਜੀ ਸਦਕੇ ਲੁਹਾ ਦਿੰਦੇ ਹਾਂ। ਇਹ ਕਿੱਡੀ ਕੁ ਗੱਲ ਹੈ। ਪਰ ਅਸੀਂ ਆਟਾ ਨਹੀਂ ਲੈਣਾ। ਇਹ ਤੂੰ ਆਪਦਾ ਮੋੜ ਕੇ ਲੈ ਜਾ।’’ ਉਸ ਕਿਹਾ, ‘‘ਸਾਡੇ ਕੋਲ ਆਟਾ ਵਾਧੂ ਹੈ, ਕੱਲ੍ਹ ਨੂੰ ਅਸੀਂ ਪਿੰਡ ਪਹੁੰਚ ਜਾਣਾ ਹੈ। ਸੋ ਆਟਾ ਤੁਸੀਂ ਜ਼ਰੂਰ ਰੱਖ ਲਓ।’’ ਉਹ ਮੱਲੋ-ਮੱਲੀ ਆਟਾ ਰੱਖ ਗਿਆ। ਮੇਰੀ ਮਾਂ ਤੇ ਵੱਡੀ ਭੈਣ ਰੋਟੀਆਂ ਪਕਾਉਣ ਲੱਗ ਪਈਆਂ। ਮੈਨੂੰ ਬਾਪੂ ਨੇ ਆਲੂ ਉਬਾਲਣ ਨੂੰ ਕਿਹਾ ਤਾਂ ਜੋ ਸਬਜ਼ੀ ਬਣ ਜਾਵੇ। ਕਹਿੰਦਾ, ‘‘ਹੋਰ ਇਹ ਕਾਹਦੇ ਨਾਲ ਖਾਣਗੇ ਵਿਚਾਰੇ।’’ ਰੋਟੀਆਂ ਪੱਕ ਗਈਆਂ ਤੇ ਸਬਜ਼ੀ ਵੀ ਬਣ ਗਈ। ਬਾਪੂ ਨੇ ਉਨ੍ਹਾਂ ਨੂੰ ਆਵਾਜ਼ ਦਿੱਤੀ ਤੇ ਉਹੀ ਬੰਦਾ ਫੇਰ ਰੋਟੀਆਂ ਲੈ ਗਿਆ। ਮੈਂ ਲੱਸੀ ਦਾ ਜੱਗ ਫੜਾ ਆਇਆ। ਉਨ੍ਹਾਂ ਰੋਟੀ ਪਾਧੀ ਤੇ ਆਰਾਮ ਕੀਤਾ। ਦਿਨ ਢਲਦੇ ਸਾਡਾ ਸਾਮਾਨ ਘਰੇ ਰੱਖਣ ਆਏ ਤਾਂ ਬਾਪੂ ਨੇ ਕਿਹਾ, ‘‘ਹੁਣ ਚਾਹ ਬਣਦੀ ਹੈ। ਚਾਹ ਪੀ ਕੇ ਜਾਇਓ।’’ ਚਾਹ ਪੀ ਕੇ ਉਨ੍ਹਾਂ ਦੇ ਆਗੂ ਨੇ ਆ ਕੇ ਕਿਹਾ, ‘‘ਚੰਗਾ ਬਈ ਬਾਈ, ਅਸੀਂ ਚਲਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੀ ਬਹੁਤ ਸੇਵਾ ਕੀਤੀ ਹੈ। ਪਰਮਾਤਮਾ ਤੁਹਾਨੂੰ ਰੰਗਭਾਗ ਲਾਵੇ। ਕਮਾਈਆਂ ਵਿਚ ਬਰਕਤ ਪਾਵੇ।’’ ਮੇਰਾ ਬਾਪੂ ਕਹਿੰਦਾ, ‘‘ਬੰਦਾ ਕਿਸ ਦਾ ਵਿਚਾਰਾ ਹੈ। ਆਪਾਂ ਸਭ ਉਸ ਦਾ ਦਿੱਤਾ ਖਾਂਦੇ ਹਾਂ। ਵਿਧਾਤਾ ਨੂੰ ਹਰ ਇੱਕ ਦਾ ਫ਼ਿਕਰ ਹੈ।’’ ਜਾਣ ਲੱਗੇ ਉਸ ਬੰਦੇ ਨੇ ਮੱਲੋ-ਮੱਲੀ ਮੈਨੂੰ ਇੱਕ ਰੁਪਇਆ ਦਿੱਤਾ ਤੇ ਮੈਨੂੰ ਸ਼ਾਬਾਸ਼ੇ ਦਿੱਤੀ। ਉਹ ਮੈਨੂੰ ਥਾਪੀਆਂ ਦਿੰਦੇ ਊਠਾਂ ’ਤੇ ਚੜ੍ਹ ਗਏ ਸਨ। ਕਹਾਵਤ ਹੈ, ਆਪਣੀ ਮੱਝ ਦਾ ਦੁੱਧ 40 ਕੋਹ ਤੋਂ ਵੀ ਪੀ ਲਈ ਲਈਦਾ ਹੈ। ਇਸ ਦਾ ਮਤਲਬ ਪਹਿਲਾਂ ਮੇਰੀ ਸਮਝ ਤੋਂ ਬਾਹਰ ਸੀ, ਪਰ ਇਸ ਘਟਨਾ ਸਦਕਾ ਇਹ ਮੇਰੇ ਜ਼ਿਹਨ ਵਿਚ ਚੰਗੀ ਤਰ੍ਹਾਂ ਬੈਠ ਚੁੱਕਾ ਹੈ ਕਿ ਜ਼ਰੂਰ ਪੀਤਾ ਜਾ ਸਕਦਾ ਹੈ। ਅੱਜ ਤਾਂ ਮੈਨੂੰ ਮੇਰੀ ਮੱਝ ਦਾ ਦੁੱਧ 40 ਤੋਂ ਵੀ ਦੁੱਗਣੀ 80-90 ਕੋਹ ਤੋਂ, ਉਹ ਵੀ ਊਠਾਂ ਵਾਲਿਆਂ ਦੇ ਘਰੋਂ ਮਿਲ ਗਿਆ ਸੀ। ਮੈਨੂੰ ਅਥਾਹ ਖ਼ੁਸ਼ੀ ਸੀ ਕਿ ਮੇਰੀ ਇਸ ਮੂਲੋਂ ਹੀ ਓਪਰੇ ਇਲਾਕੇ ਵਿਚ ਪਛਾਣ ਬਣ ਗਈ ਹੈ। ਇਹ ਕਲਿਆਣਕਾਰੀ ਸਮਾਜ ਦੀ ਇਕ ਨਿਗੂਣੀ ਜਿਹੀ ਝਲਕ ਸੀ। ਅਸਲ ਵਿਚ ਰਾਜ ਹੀ ਸਮਾਜ ਦਾ ਸੂਚਕ ਹੁੰਦਾ ਹੈ। ਯਥਾ ਰਾਜਾ ਤਥਾ ਪਰਜਾ ਦੀ ਧਾਰਨਾ ਮੁਤਾਬਿਕ ਉਸ ਵਕਤ ਰਾਜਨੀਤੀ ਵਿਚ ਵੀ ਹਾਲੇ ਸਮਾਜ ਸੇਵਾ ਦੀ ਭਾਵਨਾ ਮੌਜੂਦ ਸੀ। ਰਾਜਨੀਤਕ ਆਗੂਆਂ ਵਿਚ ਜਨਤਾ ਪ੍ਰਤੀ ਜਵਾਬਦੇਹੀ ਦਾ ਡਰ ਹੁੰਦਾ ਸੀ। ਲੋਕਾਂ ਵਿਚ ਵੀ ਨੈਤਿਕਤਾ ਪੱਖੋਂ ਨਰੋਏ ਤੇ ਪਰਉਪਕਾਰੀ ਸਮਾਜ ਦੇ ਸੰਸਕਾਰ ਸਨ। ਜਨਤਾ ਵਿਚ ਗੁਰੂ ਨਾਨਕ ਦੇ ਫਲਸਫ਼ੇ- ਕਿਰਤ ਕਰਨ, ਵੰਡ ਛਕਣ, ਰੀਤ ਨਾਲੋਂ ਲੋਕਾਂ ਪ੍ਰਤੀ ਪ੍ਰੀਤ ਤੇ ਸਰਬੱਤ ਦੇ ਭਲੇ ਦਾ ਸੰਕਲਪ ਸੀ। ਹੁਣ ਸਿਸਟਮ ਬਦਲ ਰਿਹਾ ਹੈ। ਪੂੰਜੀਵਾਦ ਆਪਣੇ ਸਿਖ਼ਰ ਵੱਲ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਸਿੱਟੇ ਵਜੋਂ ਸਰਬੱਤ ਦਾ ਨਾਸ਼ ਕਰਕੇ ਕਾਰਪੋਰੇਟਰੀ-ਕਾਰੋਬਾਰੀਆਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਅਖੌਤੀ ਬਾਬਿਆਂ ਵੱਲੋਂ ਭੁੱਖਿਆਂ ਲਈ ਲੰਗਰ ਤੇ ਕਾਰ ਸੇਵਾ ਦੇ ਨਾਮ ’ਤੇ ਭੋਲੇ-ਭਾਲੇ ਲੋਕਾਂ ਦੀ ਧਾਰਮਿਕ ਸ਼ਰਧਾ ਨੂੰ ਵਰਤ ਕੇ ਲੱਖਾਂ ਰੁਪਏ ਕਮਾਏ ਜਾ ਰਹੇ ਹਨ। ਰੱਜੇ-ਪੁੱਜੇ ਤੇ ਨਾ ਚਾਹੁੰਦੇ ਹੋਏ ਲੋਕਾਂ ਨੂੰ ਵੀ ਘੇਰ-ਘੇਰ ਕੇ ਖੁਆ-ਪਿਆ ਕੇ ਲੰਗਰਾਂ ਨੂੰ ਕਮਾਈ ਦਾ ਸਾਧਨ ਬਣਾਇਆ ਜਾ ਰਿਹਾ ਹੈ। ਦੂਜੇ ਪਾਸੇ ਕਰੋੜਾਂ ਹੀ ਰੁਜ਼ਗਾਰ ਵਿਹੁੂਣੇ ਲੋਕ ਭੁੱਖਮਰੀ ਦਾ ਸ਼ਿਕਾਰ ਹਨ। ਸੋ, ਅਖ਼ੀਰ ਇਹ ਢਾਂਚਾ ਬਦਲਣ ਲਈ ਲੋਕਾਂ ਨੂੰ ਇਕੱਠੇ ਹੋ ਕੇ ਲੜਨਾ ਹੀ ਪੈਣਾ ਹੈ। ਬੜੀ ਵੱਡੀ ਜੱਦੋਜਹਿਦ ਦੀ ਲੋੜ ਹੈ। ਹੁਣ ਤਾਂ ਫਿਰ ਹੀ ਕਿਤੇ ਆਪਣੀ ਮੱਝ ਦਾ ਦੁੱਧ ਨਸੀਬ ਹੋਵੇਗਾ। ਸੰਪਰਕ: 84375-29875

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All