ਆਪਣੀਆਂ ਕ੍ਰਿਤਾਂ ਨਾਲ ਅਮਰ ਹੈ ਸੰਤ ਰਾਮ ਉਦਾਸੀ

ਆਪਣੀਆਂ ਕ੍ਰਿਤਾਂ ਨਾਲ ਅਮਰ ਹੈ ਸੰਤ ਰਾਮ ਉਦਾਸੀ

ਮਹਾਨ ਸ਼ਖ਼ਸੀਅਤਾਂ ਦਾ ਵਡੱਪਣ ਹੋਰ ਗੱਲਾਂ ਤੋਂ ਬਿਨਾਂ ਇਸ ਗੱਲ ਵਿਚ ਵੀ ਨਜ਼ਰ ਆਉਂਦਾ ਹੈ ਕਿ ਉਹ ਆਪਣੀ ਮੌਤ ਮਗਰੋਂ ਵੀ ਆਪਣੀਆਂ ਕ੍ਰਿਤਾਂ ਰਾਹੀਂ ਅਤੇ ਵਿਚਾਰਾਂ ਰਾਹੀਂ ਜੀਵਤ ਮਨੁੱਖਤਾ ਦੀ ਲਗਾਤਾਰ ਸੇਵਾ ਕਰਦੇ ਰਹਿੰਦੇ ਹਨ। ਇਸ ਸੇਵਾ ਦੀ ਮਹੱਤਤਾ ਸਮਾਂ ਬੀਤਣ ਨਾਲ ਹੋਰ ਵੀ ਵਧਦੀ ਰਹਿੰਦੀ ਹੈ। ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਾਡੇ ਤੋਂ ਵਿੱਛੜਿਆਂ 31 ਵਰ੍ਹੇ ਹੋ ਚੱਲੇ ਹਨ। ਇਸ ਨਾਲ ਉਸਦੀ ਪ੍ਰਸਿੱਧੀ ਘਟੀ ਨਹੀਂ, ਸਗੋਂ ਲਗਾਤਾਰ ਵੱਧ ਰਹੀ ਹੈ। ਉਸਦਾ ਜਨਮ 20 ਅਪਰੈਲ,1939 ਨੂੰ ਮਾਤਾ ਧੰਨ ਕੌਰ ਤੇ ਪਿਤਾ ਮਿਹਰ ਸਿੰਘ ਦੇ ਘਰ ਪਿੰਡ ਰਾਏਸਰ, ਤਹਿਸੀਲ ਬਰਨਾਲਾ, ਜ਼ਿਲ੍ਹਾ ਸੰਗਰਰੂ ਵਿਚ ਹੋਇਆ। ਕੰਮੀਆਂ ਦੇ ਵਿਹੜੇ ਪੈਦਾ ਹੋਣ ਕਰਕੇ ਉਸਨੂੰ ਗ਼ਰੀਬੀ ਦਾ ਸੇਕ ਵਿਰਸੇ ਵਿਚ ਮਿਲਿਆ। ਉਸਨੇ ਮੁੱਢਲੀ ਵਿਦਿਆ ਆਪਣੇ ਪਿੰਡ ਰਾਏਸਰ ਤੋਂ, ਦਸਵੀਂ ਅਤੇ ਜੇ.ਬੀ.ਟੀ. ਪਿੰਡ ਬਖਤਗੜ੍ਹ ਤੋਂ ਪਾਸ ਕੀਤੀ। ਸ਼ੁਰੂ-ਸ਼ੁਰੂ ਵਿਚ ਉਸਨੇ ਧਾਰਮਿਕ ਅਤੇ ਪੇਂਡੂ ਸੱਭਿਆਚਾਰ ਬਾਰੇ ਕਵਿਤਾਵਾਂ ਲਿਖੀਆਂ। ਖੁਸ਼ ਹੈਸੀਅਤ ਟੈਕਸ ਮੋਰਚੇ ਸਮੇਂ ਕਿਸਾਨਾਂ ’ਤੇ ਹੋਏ ਤਸ਼ੱਦਦ ਤੋਂ ਪ੍ਰਭਾਵਿਤ ਹੋ ਕੇ ਉਦਾਸੀ ਦੀ ਸੋਚ ਨੇ ਵਿਗਿਆਨਕ ਮੋੜਾ ਖਾਧਾ। 1964 ਤੋਂ 1968 ਦੌਰਾਨ ਉਸਨੇ ਮਾਰਕਸ, ਏਂਗਲਜ਼, ਲੈਨਿਨ, ਗੋਰਕੀ, ਲੂਸ਼ਨ, ਜੂਲੀਅਸ ਫਿਊਚਕ, ਸੋਲੋਖੋਵ, ਤੁਰਗਨੇਵ ਅਤੇ ਤਾਲਸਤਾਏ ਆਦਿ ਲੇਖਕਾਂ ਦੀਆਂ ਕਿਰਤਾਂ ਦਾ ਅਧਿਐਨ ਕੀਤਾ ਅਤੇ ਉਨ੍ਹਾਂ ਨੂੰ ਵਿਗਿਆਨਕ ਢੰਗ ਨਾਲ ਘੋਖਿਆ। 1967 ਵਿਚ ਨਕਸਲਬਾੜੀ ਲਹਿਰ ਦੇ ਲਾਲ ਉਭਾਰ ਨੇ ਇਸ ਕਵੀ ਦਾ ਰੋਮ ਰੋਮ ਵਿੰਨ੍ਹ ਦਿੱਤਾ। 13 ਅਗਸਤ, 1971 ਨੂੰ ਸਾਹਿਤ ਸਭਾ, ਨਕੋਦਰ ਵੱਲੋਂ ਪੰਜਾਬ ਪੱਧਰ ਦਾ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਉਦਾਸੀ ਪੰਜਾਬ ਪੱਧਰ ਦੇ ਕਵੀ ਦੇ ਤੌਰ ’ਤੇ ਉੱਭਰਿਆ। ਉਹ ਨਕਸਲੀ ਸ਼ਹੀਦਾਂ ਦੀ ਯਾਦ ਵਿਚ ਸਟੇਜਾਂ ’ਤੇ ਕਵਿਤਾਵਾਂ ਗਾ ਕੇ ਹਜ਼ਾਰਾਂ ਲੋਕਾਂ ਨੂੰ ਕੀਲ ਲੈਂਦਾ। ਪੁਲੀਸ ਦੇ ਅਣ-ਮਨੁੱਖੀ ਤਸ਼ੱਦਦ ਤੋਂ ਬਾਅਦ ਵੀ ਉਦਾਸੀ ਦੀ ਕਲਮ ਜ਼ਬਰ ਵਿਰੁੱਧ ਲੜਦੀ ਰਹੀ। ਉਹ ਸਟੇਜਾਂ ਤੋਂ ਗੜਕਦੀ ਆਵਾਜ਼ ਵਿਚ ਗਾਉਂਦਾ ਰਿਹਾ : ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ। ਬਦਲੇ ਲਏ ਤੋਂ ਵੀ ਜਿਹੜੀ ਮੁੱਕਣੀ ਨਾ ਏਡੀ ਲੰਮੀ ਏ ਸਾਡੀ ਕਤਾਰ ਲੋਕੋ। ‘ਹਉਕੇ ਦੀ ਲਾਟ’ ਵਿਚ ਜਨਮੇ ਅਤੇ ‘ਡਾਂਗਾਂ ਦੀ ਅੱਗ’ ਸੇਕਣ ਵਾਲੇ ਇਸ ਕਵੀ ਦੀਆਂ ਕਵਿਤਾਵਾਂ ‘ਗੁਰੂੁ ਨਾਨਕ ਤੇ ਅੱਜ’, ‘ਜ਼ਫਰਨਾਮਾ’,‘ਚਮਕੌਰ ਦੀ ਗੜ੍ਹੀ’ ਵਿਚ ‘ਚੂੜੀਆਂ ਦਾ ਹੋਕਾ’ ਅਤੇ ‘ਮਜ਼ਦੂਰ ਦੀ ਕਲੀ’ ਅੱਜ ਵੀ ਕਿਰਤੀਆਂ ਦੇ ਬੁੱਲ੍ਹਾਂ ’ਤੇ ਹਨ। ਰਸਮੀ ਤੇ ਵਹਿਮੀ ਸਮਾਜ ਦਾ ਪਾਜ ਉਘੇੜਦੀ ਉਦਾਸੀ ਦੀ ਪਾਤਰ ਕੁੜੀ ਆਖਦੀ ਹੈ: ਇੱਕ ਤਲਵਾਰ ਮੇਰੀ ਡੋਲੀ ਵਿਚ ਰੱਖ ਦਿਓ ਹੋਰ ਵੀਰੋ ਦਿਓ ਨਾ ਵੇ ਦਾਜ। ਸਾਡੇ ਵੱਲ ਕਹਿਰੀ ਅੱਖ ਝਾਕ ਨਾ ਸਕੇ ਵੇ ਸਾਡਾ ਰਸਮੀ ਤੇ ਵਹਿਮੀ ਇਹ ਸਮਾਜ।

ਰਜਿੰਦਰਜੀਤ ਸਿੰਘ ਕਾਲਾਬੂਲਾ

ਉਦਾਸੀ ਕਾਲਜਾਂ ਅਤੇ ਪਿੰਡਾਂ ਦੀਆਂ ਸੱਥਾਂ ਵਿਚ ਜਾ ਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਲੋਟੂ ਨਿਜ਼ਾਮ ਵਿਰੁੱਧ ਲਾਮਬੰਦ ਕਰਦਾ ਅਤੇ ਕਿਰਤੀਆਂ ਨੂੰ ਇੱਕਮੁੱਠ ਹੋਣ ਦੀ ਪ੍ਰੇਰਨਾ ਦਿੰਦਾ : ਹਾੜੀਆਂ ਦੇ ਹਾਣੀਓ ਵੇ, ਸੌਣੀਆਂ ਦੇ ਸਾਥੀਓ ਵੇ ਕਰ ਲਵੋ ਦਾਤੀਆਂ ਤਿਆਰ। ਚੁੱਕੋ ਵੇ ਹਥੌੜਿਆਂ ਨੂੰ ਤੋੜੋ ਹਿੱਕ ਪੱਥਰਾਂ ਦੀ ਅੱਜ ਸਾਨੂੰ ਲੋੜੀਂਦੇ ਅੰਗਾਰ। ਸੰਤ ਰਾਮ ਉਦਾਸੀ ਨੇ ‘ਚੌਨੁਕਰੀਆਂ ਸੀਖਾਂ’, ‘ਲਹੂ ਭਿੱਜੇ ਬੋਲ’ ਅਤੇ ‘ਸੈਨਤਾਂ’ ਤਿੰਨ ਪੁਸਤਕਾਂ ਮਾਂ ਬੋਲੀ ਦੀ ਝੋਲੀ ਪਾਈਆਂ। ਉਸ ਨੇ ਆਪਣੀ ‘ਵਸੀਅਤ’ ਨਾਮਕ ਕਵਿਤਾ ਵਿਚ ਕਿਹਾ ਸੀ : ਮੇਰੀ ਮੌਤ ’ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ। 6 ਨਵੰਬਰ, 1986 ਨੂੰ ਮਨਵਾੜ ਦੀ ਧਰਤੀ ’ਤੇ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਸੋਚ ’ਤੇ ਪਹਿਰਾ ਦਿੰਦੇ ਹੋਏ ਲਿਖਾਰੀ ਸਭਾ ਬਰਨਾਲਾ ਨੇ ਪੁਸਤਕ ‘ਕੰਮੀਆਂ ਦਾ ਵਿਹੜਾ’ ਅਤੇ ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਟਰੱਸਟ ਨੇ ‘ਦਿੱਲੀਏ ਦਿਆਲਾ ਵੇਖ’ ਉਸ ਦੀ ਪਹਿਲੀ ਬਰਸੀ ’ਤੇ ਪਿੰਡ ਰਾਏਸਰ ਵਿਖੇ ਰਿਲੀਜ਼ ਕੀਤੀਆਂ ਸਨ। ਲੋਕ ਸੰਗੀਤ ਮੰਡਲੀ ਭਦੌੜ ਦੇ ਕਾਰਕੁੰਨ ਕੈਸੇਟਾਂ ਰਿਕਾਰਡ ਕਰਵਾ ਕੇ ਉਸ ਦੀ ਸੋਚ ਨੂੰ ਬਚਾਉਣ ਲਈ ਯਤਨਸ਼ੀਲ ਹਨ। ਸ੍ਰੀ ਰਜਿੰਦਰ ਰਾਹੀ ਚੱਕ ਭਾਈਕਾ (ਹੁਣ ਰਾਜਵਿੰਦਰ ਰਾਹੀ) ਨੇ ਉਨ੍ਹਾਂ ਦੇ ਜੀਵਨ ਅਤੇ ਰਚਨਾ ਬਾਰੇ ਕਿਤਾਬ ਸੰਪਾਦਿਤ ਕੀਤੀ ਹੈ। ਉਨ੍ਹਾਂ ਦੀ ਬੇਟੀ ਇਕਬਾਲ ਕੌਰ ਉਦਾਸੀ ਨੇ ਵੀ ਉਨ੍ਹਾਂ ਦੀ ਚੋਣਵੀ ਰਚਨਾ ਸੰਪਾਦਿਤ ਕੀਤੀ ਹੈ। ਉਸ ਵੱਲੋਂ ਅਤੇ ਸੰਤ ਰਾਮ ਉਦਾਸੀ ਯਾਦਗਾਰੀ ਟਰੱਸਟ ਵੱਲੋਂ ਹਰ ਸਾਲ ਉਨ੍ਹਾਂ ਦੀ ਯਾਦ ਵਿਚ ਸਮਾਗਮ ਕਰਵਾਇਆ ਜਾਂਦਾ ਹੈ। ਅੱਜ ਅਸੀਂ ਉਸ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਅਤੇ ਕਿਰਤੀਆਂ ਦੇ ਦੁੱਖ ਵਿਚ ਸ਼ਰੀਕ ਹੁੰਦੇ ਹੋਏ ਕਾਮਨਾ ਕਰਦੇ ਹਾਂ ਕਿ ਕੰਮੀਆਂ ਦੇ ਵਿਹੜੇ ਉਦਾਸੀ ਵਰਗੇ ਸੂਰਜ ਹੋਰ ਵੀ ਮਘਦੇ ਰਹਿਣ।

ਉਦਾਸੀ ਦੀ ਕਵਿਤਾ ਵਿਚਲੀ ਪ੍ਰੇਰਨਾ ਦੀ ਪਿੱਠ-ਭੂਮੀ ਵਿਚ ਸਿੱਖ ਇਤਿਹਾਸ ਦੀ ਆਪਣੀ ਇਕ ਵਿਲੱਖਣ ਥਾਂ ਹੈ। ਉਸਨੇ ਸਿੱਖ ਇਤਿਹਾਸ ਵਿਚੋਂ ਬਹੁਤ ਸਾਰੇ ਪ੍ਰਸੰਗਾਂ ਨੂੰ ਆਪਣੀ ਵਿਗਿਆਨਕ ਸੋਚ ਦੇ ਨਜ਼ਰੀਏ ਕਰਕੇ ਅਜੋਕੇ ਹਾਲਾਤ ਦੇ ਸੰਦਰਭ ਵਿਚ ਇਨਕਲਾਬੀ ਪੁੱਠ ਦੀ ਰੰਗਤ ਦਿੱਤੀ ਹੈ। ਉਦਾਸੀ ਨੇ ਸਿੱਖ ਇਤਿਹਾਸ ਦੇ ਪ੍ਰਸੰਗਾਂ ਨੂੰ ਆਪਣੀ ਕਵਿਤਾ ਵਿਚ ਪੇਸ਼ ਕਰਨ ਸਮੇਂ ਉਨ੍ਹਾਂ ਪਾਤਰਾਂ ਨੂੰ ਪਹਿਲ ਦਿੱਤੀ ਹੈ ਜਿਹੜੇ ਦਲਿਤ ਵਰਗਾਂ ਵਿਚੋਂ ਆਉਂਦੇ ਹਨ। *** ਉਦਾਸੀ ਨੇ ਕਿਸਾਨੀ ਦੀ ਦੁਰਦਸ਼ਾ ਅਤੇ ਉਸਦੀ ਮਜ਼ਦੂਰ ਜਮਾਤ ਨਾਲ ਏਕਤਾ ਦੇ ਸੰਕਲਪ ਨੂੰ ਇੰਜ ਪੇਸ਼ ਕੀਤਾ: ਗਲ ਲੱਗ ਕੇ ਸੀਰੀ ਦੇ ਜੱਟ ਰੋਵੇ ਬੁਹਲਾਂ ਵਿਚੋਂ ਨੀਰ ਵਗਿਆ। ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿਚੋਂ ਪੁੱਤ ਜੱਗਿਆ। *** ਉਦਾਸੀ ਪੰਜਾਬ ਦੇ ਸੰਤਾਪ ਦੇ ਕਾਰਨਾਂ ਨੂੰ ਭਲੀ ਭਾਂਤ ਜਾਣਦਾ ਹੈ। ਉਸਦਾ ਇਸ ਪ੍ਰਤੀ ਉਲਾਰੂ ਦ੍ਰਿਸ਼ਟੀਕੋਣ ਨਹੀਂ ਹੈ। ਉਹ ਤਾਂ ਦੋਸ਼ੀ ਧਿਰਾਂ ’ਤੇ ਉਂਗਲ ਧਰਦਾ ਹੈ। ਪੰਜਾਬੀ ਕੌਮ ਦੀ ਦੁਖਾਂਤਕ ਪ੍ਰਸਥਿਤੀ ਇਹ ਹੈ ਕਿ ਇਹ ਨਾ ਤਾਂ ਆਪਣੇ ਘਰ ਦੀ ਵਲਗਣ ਵਿਚ ਮਹਿਫੂਜ਼ ਹੈ ਅਤੇ ਨਾ ਹੀ ਘਰ ਦੀ ਵਲਗਣ ਤੋਂ ਬਾਹਰ। ਉਦਾਸੀ ਨੇ ਇਸ ਵੇਦਨਾ ਨੂੰ ਮਾਰਮਿਕ ਸ਼ਬਦਾਵਲੀ ਦਾ ਜਾਮ ਪਹਿਨਾਇਆ ਹੈ। ਹਰੇਕ ਪ੍ਰਗਤੀਵਾਦੀ ਸਾਹਿਤਕਾਰ ਜੰਗਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਦਾ ਹੈ, ਉਹ ਨਹੀਂ ਚਾਹੁੰਦਾ ਕਿ ਜੰਗ ਦੀਆਂ ਤਪਦੀਆਂ ਲੋਆਂ ਨਾਲ ਧਰਤੀ ਦਾ ਪਿੰਡਾ ਲੂਸਿਆ ਜਾਏ। ਕਿਉਂਕਿ ਜੰਗ ਵਿਚ ਨੁਕਸਾਨ ਤਾਂ ਸ਼ੋਸ਼ਿਤ ਵਰਗ ਦਾ ਹੀ ਹੁੰਦਾ ਹੈ, ਜਦੋਂਕਿ ਸ਼ੋਸ਼ਕ ਵਰਗ ਦੇ ਖ਼ਜ਼ਾਨੇ ਮਾਲਾਮਾਲ ਹੁੰਦੇ ਹਨ। ਉਦਾਸੀ ਨੇ ਆਪਣੀ ਕਵਿਤਾ ਵਿਚ ਜੰਗ ਪ੍ਰਤੀ ਨਫ਼ਰਤ ਨੂੰ ਇਕ ਪੰਜਾਬੀ ਮੁਟਿਆਰ ਦੀ ਭਾਵਨਾ ਰਾਹੀਂ ਪੇਸ਼ ਕੀਤਾ ਹੈ। ਉਦਾਸੀ ਦੇ ਗੀਤ ‘ਅਮਨ ਦੀ ਹੂਕ’ ਅਤੇ ‘ਬਸਰੇ ਦੀ ਲਾਮ’ ਅਮਨ ਦੀ ਲੋਚਾ ਅਤੇ ਜੰਗ ਬਾਰੇ ਲਿਖੇ ਗਏ ਹਨ। -ਬਿੱਕਰ ਸਿੰਘ ਸਿੱਧੂ ਸੰਪਰਕ: 98551-53989

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All