ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ- ਭਾਈ ਵੀਰ ਸਿੰਘ

ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਸਨ। ਪੰਜਾਬੀ ਕਵਿਤਾ ਨੂੰ ਆਧੁਨਿਕ ਲੀਹਾਂ ’ਤੇ ਪਾਉਣ ਅਤੇ ਕਾਵਿ-ਮੰਡਲ ਵਿਚ ਇਸ ਦਾ ਖਾਸ ਮੁਕਾਮ ਬਣਾਉਣ ਲਈ ਭਾਈ ਵੀਰ ਸਿੰਘ ਦਾ ਯੋਗਦਾਨ ਅਹਿਮ ਹੈ। ਆਪ ਨੇ ਸਿਰਫ਼ ਕਵਿਤਾ ਹੀ ਨਹੀਂ ਸਗੋਂ ਆਧੁਨਿਕ ਸਾਹਿਤ ਦੀਆਂ ਕਈ ਹੋਰ ਵਿਧਾਵਾਂ ਵਿਚ ਵੀ ਰਚਨਾ ਰਚੀ ਹੈ। ਛੋਟੀਆਂ ਕਵਿਤਾਵਾਂ ਅਤੇ ਮਹਾਂ-ਕਾਵਿ ਤੋਂ ਛੁੱਟ ਨਾਵਲ, ਨਾਟਕ, ਵਾਰਤਕ, ਇਤਿਹਾਸਕ ਜੀਵਨੀਆਂ, ਲੇਖਾਂ ਸਾਖੀਆਂ ਅਤੇ ਟਰੈਕਟ ਆਦਿ ਦੀ ਸਿਰਜਣਾ ਦੀ ਪਹਿਲਤਾ ਵੀ ਉਨ੍ਹਾਂ ਨੇ  ਕੀਤੀ। ਆਪ ਦੀ ਰਚਨਾਤਮਕ ਪ੍ਰਤਿਭਾ ਦਾ ਪ੍ਰੇਰਣਾ ਸਰੋਤ ਆਪ ਦਾ ਘਰੋਗੀ ਜੀਵਨ ਸੀ। ਆਪ ਦੀ ਕਵਿਤਾ ਰਹੱਸਵਾਦ ਅਤੇ ਅਧਿਆਤਮਵਾਦ ਨਾ ਲਬਰੇਜ਼ ਹੈ। ਭਾਈ ਵੀਰ ਸਿੰਘ ਨੂੰ ਵੀਹਵੀਂ ਸ਼ਤਾਬਦੀ ਦਾ ਭਾਈ ਗੁਰਦਾਸ ਵੀ ਕਿਹਾ ਜਾਂਦਾ ਹੈ। ਆਪ ਦੀਆਂ ਕਿਰਤਾਂ ਦੇ ਵਿਸ਼ੇ ਬੇਸ਼ੱਕ ਪੁਰਾਣੇ ਹਨ ਪਰ ਪੇਸ਼ਕਾਰੀ ਦੇ ਢੰਗ ਨਵੀਨ ਹਨ। ਇਹ ਸਭ ਗੱਲਾਂ ਆਪ ਨੂੰ ਪਰੰਪਰਾ ਨਾਲੋਂ ਵੱਖਰਾਉਂਦੀਆਂ ਹਨ ਅਤੇ ਆਧੁਨਿਕਤਾ ਨਾਲ ਜੋੜਦੀਆਂ ਹਨ। ਆਪ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ। ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਸ਼ਹਿਰ ਦੀ ਪਾਵਨ ਧਰਤੀ ਉਪਰ ਡਾਕਟਰ ਚਰਨ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ ਦੇ ਖਾਨਦਾਨ ਦਾ ਸਬੰਧ ਸਿੱਖ ਤਵਾਰੀਖ਼ ਦੀ ਨਾਮਵਰ ਹਸਤੀ ਦੀਵਾਨ ਕੌੜਾ ਮੱਲ ਨਾਲ ਸੀ। ਆਪ ਦੇ ਨਾਨਾ ਪੰਡਤ ਹਜ਼ਾਰਾ ਸਿੰਘ ਮਹਾਨ ਵਿਦਵਾਨ ਸਨ। ਭਾਈ ਵੀਰ ਸਿੰਘ ਨੇ ਮੈਟ੍ਰਿਕ ਦਾ ਇਮਤਿਹਾਨ ਜ਼ਿਲ੍ਹੇ ਭਰ ਵਿੱਚੋਂ ਅੱਵਲ ਰਹਿ ਕੇ ਪਾਸ ਕੀਤਾ। ਆਪ ਦਾ ਤਾਲੀਮੀ ਦੌਰ ਹੋਣਹਾਰ ਤਾਲਿਬ-ਇਲਮਾਂ ਵਾਲਾ ਰਿਹਾ। ਭਾਈ ਵੀਰ ਸਿੰਘ ਨੇ 1898 ਈਸਵੀ ਵਿਚ ਇਕ ਅਖ਼ਬਾਰ ਦੀ ਪ੍ਰਕਾਸ਼ਨਾ ਕੀਤੀ, ਜਿਸ ਦਾ ਨਾਮ ਖ਼ਾਲਸਾ ਸਮਾਚਾਰ ਰੱਖਿਆ। ਇਸ ਤੋਂ ਇਕ ਸਾਲ ਬਾਅਦ ਨਿਰਗੁਣਿਆਰਾ ਪੇਪਰ ਜਾਰੀ ਕੀਤਾ। ਆਪ ਨੇ ਭਾਵੇਂ ਵਿਸ਼ਵ ਵਿਦਿਆਲਿਆ ਦੀ ਉੱਚ ਵਿੱਦਿਆ ਗ੍ਰਹਿਣ ਨਹੀਂ ਕੀਤੀ ਫਿਰ ਵੀ ਆਪ ਨੇ ਸੰਸਕ੍ਰਿਤ, ਫਾਰਸੀ, ਉਰਦੂ, ਗੁਰਬਾਣੀ, ਸਿੱਖ ਤੇ ਹਿੰਦੂ ਦਰਸ਼ਨ ਦਾ ਖੂਬ ਮੁਤਾਲਿਆ ਕੀਤਾ। ਆਪ ਦੀ ਵਧੇਰੇ ਰਚਨਾ ਸਿੱਖੀ ਦੇ ਪ੍ਰਚਾਰ ਵਜੋਂ ਸੀ। ਇਸ ਸਮੇਂ ਅਹਿਮਦੀਆ ਅਤੇ ਆਰੀਆ ਸਮਾਜੀ ਲਹਿਰਾਂ ਉਰਦੂ ਤੇ ਹਿੰਦੀ ਭਾਸ਼ਾ ਰਾਹੀਂ ਪ੍ਰਚਾਰ ਕਰ ਰਹੀਆਂ ਸਨ। ਇੱਧਰ ਸਿੰਘ ਸਭਾ ਲਹਿਰ ਵੀ ਪੰਜਾਬੀ ਭਾਸ਼ਾ ਅਤੇ ਸਿੱਖ ਧਰਮ ਦੀ ਰਾਖੀ ਲਈ ਮੈਦਾਨ ਵਿਚ ਕੁੱਦ ਚੁੱਕੀ ਸੀ। ਭਾਈ ਵੀਰ ਸਿੰਘ ਦਾ ਇਸ ਲਹਿਰ ਪ੍ਰਤੀ ਬੇਸ਼ਕੀਮਤੀ ਯੋਗਦਾਨ ਹੈ। 1930 ਤਕ ਪੰਜਾਬੀ ਸਾਹਿਤ ਦੇ ਆਕਾਸ਼ ਵਿਚ ਭਾਈ ਸਾਹਿਬ ਸੂਰਜ ਵਾਂਗ ਮੱਘਦੇ ਰਹੇ। ਆਪ ਦੀਆਂ ਸਾਹਿਤਕ ਸੇਵਾਵਾਂ ਨੂੰ ਮੱਦੇਨਜ਼ਰ ਰੱਖ ਕੇ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ 1949 ਈਸਵੀ ਵਿਚ ਡਾਕਟਰ ਆਫ਼ ਓਰੀਐਂਟਲ ਲਰਨਿੰਗ ਦੀ ਡਿਗਰੀ ਪ੍ਰਦਾਨ ਕੀਤੀ। 1950 ਈਸਵੀ ਵਿਚ ਆਪ ਜੀ ਨੂੰ ਸਿੱਖ ਵਿੱਦਿਅਕ ਕਾਨਫਰੰਸ ਵਿਚ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ। ਆਪ ਦੀ ਪੁਸਤਕ ‘ਮੇਰੇ ਸਾਈਆਂ ਜੀਓ’ ਨੂੰ ਭਾਰਤ ਦੀ ਸਾਹਿਤ ਅਕਾਦਮੀ ਦਾ ਸਰਬ ਉੱਚ ਇਨਾਮ ਮਿਲਿਆ। 1952 ਈ. ਵਿਚ ਆਪ ਨੂੰ ਪੰਜਾਬ ਵਿਧਾਨ ਘਾੜਨੀ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਏਨਾ ਸਫਲ ਤੇ ਪ੍ਰਾਪਤੀਆਂ ਵਾਲਾ ਜੀਵਨ ਬਤੀਤ ਕਰਕੇ ਆਪ 1957 ਈਸਵੀ ਵਿਚ ਸਵਰਗਵਾਸ ਹੋ ਗਏ।

-ਰਮੇਸ਼ ਬੱਗਾ ਚੋਹਲਾ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਸ਼ਹਿਰ

View All