ਆਟੋ ਤੇ ਕਾਰ ਦੀ ਟੱਕਰ ਤੋਂ ਬਾਅਦ ਪੁਲੀਸ ਸਾਹਮਣੇ ਖੂਨੀ ਟਕਰਾਅ

ਹਸਪਤਾਲ ’ਚ ਜ਼ਖ਼ਮੀ ਆਟੋ ਚਾਲਕ ਜੇਰੇ ਇਲਾਜ।

ਰਵਿੰਦਰ ਰਵੀ ਬਰਨਾਲਾ, 12 ਜਨਵਰੀ ਅੱਜ ਇਸ ਸ਼ਹਿਰ ਦੀ ਧਨੌਲਾ ਰੋਡ ’ਤੇ ਮਾਮੂਲੀ ਗੱਲ ਕਾਰਨ ਆਟੋ ਚਾਲਕਾਂ ਤੇ ਕਾਰ ਸਵਾਰਾਂ ’ਚ ਤਲਵਾਰਾਂ ਚੱਲ ਗਈਆਂ, ਜਿਸ ਕਾਰਨ 4 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ ਗਿਆ। ਦੋ ਵਿਅਕਤੀਆਂ ਦੀ ਹਾਲਤ ਹੈ। ਧਨੌਲਾ ਰੋਡ ’ਤੇ ਅੰਡਰ ਰੇਲਵੇ ਬ੍ਰਿਜ ਹੇਠ ਆਟੋ ਤੇ ਕਾਰ ਦੀ ਟੱਕਰ ’ਚ ਦੋਵੇਂ ਧਿਰਾਂ ਦੇ ਇੱਕਠੇ ਹੋਏ ਵਿਅਕਤੀਆਂ ਨੇ ਤਲਵਾਰਾਂ ਨਾਲ ਇੱਕ-ਦੂਜੇ ’ਤੇ ਹਮਲਾ ਕਰ ਦਿੱਤਾ ਤੇ ਕੋਲ ਖੜ੍ਹੀ ਟਰੈਫ਼ਿਕ ਪੁਲੀਸ ਮੂਕ ਦਰਸ਼ਕ ਬਣੀ ਰਹੀ। ਇਸ ਹਮਲੇ ’ਚ ਆਟੋ ਚਲਾਕਾਂ ਦੇ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਤੇ ਕਾਰ ਸਵਾਰ ਦੇ ਹੱਕ ’ਚ ਆਏ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਲੋਕਾਂ ਨੇ ਦੱਸਿਆ ਕਿ ਕਾਰ ਚਾਲਕ ਨੇ ਆਟੋ ਚਾਲਕ ਨੂੰ ਉਸ ਦੀ ਗਲਤੀ ਹੋਣ ’ਤੇ ਕਾਰ ਦੇ ਨੁਕਸਾਨ ਦੀ ਪੂਰਤੀ ਕਿਹਾ ਪਰ ਆਟੋ ਚਾਲਕ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਤੇ ਕਾਰ ਚਾਲਕ ਦੀ ਕਾਫ਼ੀ ਕੁੱਟਮਾਰ ਕੀਤੀ। ਕਾਰ ਚਾਲਕ ਵੱਲੋਂ ਫੋਨ ’ਤੇ ਬੁਲਾਏ ਸਾਥੀਆ ਨੇ ਆਉਂਦੇ ਹੀ ਤਲਵਾਰਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਆਟੋ ਚਾਲਕਾਂ ’ਤੇ ਹਮਲਾ ਕਰ ਦਿੱਤਾ। ਹਸਪਤਾਲ ਵਿੱਚ ਜੇਰੇ ਇਲਾਜ ਆਟੋ ਚਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਟੋ ’ਚ ਔਰਤਾਂ ਨੂੰ ਛੱਡਣ ਜਾ ਰਿਹਾ ਸੀ ਕਿ ਅੱਗੇ ਜਾ ਰਹੀ ਕਾਰ ਸਵਾਰ ਵੱਲੋਂ ਅਚਾਨਕ ਬਰੇਕ ਲਾਉਣ ਕਾਰਨ ਆਟੋ ਦੀ ਉਸ ਨਾਲ ਟੱਕਰ ਹੋ ਗਈ। ਕਾਰ ਸਵਾਰ ਤੇ ਉਸ ਦੇ ਸਾਥੀਆ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਸ ਦਾ ਮੋਬਾਈਲ, ਨਕਦੀ ਤੇ ਹੋਰ ਸਾਮਾਨ ਖੋਹ ਲਿਆ। ਉਸ ਦੀ ਮਾਤਾ ਗੁਰਮੇਲ ਕੌਰ ਨੇ ਦੱਸਿਆ ਕਿ ਘਰ ’ਚ ਵਿਆਹ ਰੱਖਿਆ ਹੋਇਆ ਹੈ ਤੇ ਉਸ ਦਾ ਪੁੱਤ ਹਾਕੀ ਖਿਡਾਰੀ ਹੈ। ਉਹ ਕੁੱਝ ਦਿਨ ਪਹਿਲਾਂ ਹੀ ਆਟੋ ਚਲਾਉਣ ਲੱਗਾ ਹੈ। ਉਸ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਥਾਣਾ ਸਿਟੀ 2 ਦੇ ਇੰਚਾਰਜ ਰਣਜੀਤ ਸਿੰਘ ਨੇ ਕਿਹਾ ਕਿ ਕਾਰ ਤੇ ਆਟੋ ਚਾਲਕਾਂ ’ਚ ਹੋਈ ਟੱਕਰ ’ਤੇ ਮਾਮੂਲੀ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਇਹ ਖੂਨੀ ਝੜਪ ’ਚ ਬਦਲ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜ਼ਖ਼ਮੀਆਂ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾਵੇਗੀ।ਟਰੈਫਿਕ ਪੁਲੀਸ ਨੇ ਕਿਹਾ ਹੈ ਕਿ ਲੜਾਈ ਉਨ੍ਹਾਂ ਤੋਂ ਕਾਫੀ ਦੂਰ ਹੋਈ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All