ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ

ਡਾ. ਲਖਵੀਰ ਸਿੰਘ ਨਾਮਧਾਰੀ

1899ਈ. ਵਿੱਚ ਲੁਧਿਆਣਾ ਦੇ ਅੰਗਰੇਜ਼ੀ ਡਿਪਟੀ ਕਮਿਸ਼ਨਰ ਵੱਲੋਂ ਕੀਤੇ ਗਏ 53 ਮੁਰੱਬਿਆਂ ਦੇ ਦਾਨ ਨੂੰ ਠੁਕਰਾਉਂਦੇ ਹੋਏ ਗੁਰੂ ਹਰੀ ਸਿੰਘ। -ਚਿੱਤਰ: ਮਹਿੰਦਰ ਸਿੰਘ

ਕੂਕਾ ਅੰਦੋਲਨ ਦੀ ਨੀਂਹ ਸਤਿਗੁਰੂ ਰਾਮ ਸਿੰਘ ਨੇ 1857 ਈ. ਨੂੰ ਵਿਸਾਖੀ ਵਾਲੇ ਦਿਨ ਰੱਖੀ। ਅੰਗਰੇਜ਼ਾਂ ਦੀ ਨਜ਼ਰ ਵਿੱਚ ਇਹ ਲਹਿਰ ਰੋੜਾਂ ਵਾਂਗ ਰੜਕਦੀ ਸੀ। ਅੰਗਰੇਜ਼ਾਂ ਖਿਲਾਫ਼ ਆਜ਼ਾਦੀ ਦੀ ਲੜਾਈ ਲੜਦਿਆਂ ਉਹ ਮਨਹੂਸ ਸਮੇਂ ਨੇ ਆ ਦਸਤਕ ਦਿੱਤੀ, ਜਦੋਂ ਸਰਕਾਰ ਵੱਲੋਂ ਨਾਮਧਾਰੀਆਂ ’ਤੇ ਢਾਹੇ ਜ਼ੁਲਮਾਂ ਦੀ ਹੱਦ ਹੋ ਗਈ। ਸਰਕਾਰ ਨੇ ਜਿੱਥੇ 1871 ਈ. ਵਿੱਚ ਅੰਮ੍ਰਿਤਸਰ, ਰਾਏਕੋਟ ਅਤੇ ਲੁਧਿਆਣਾ ਵਿੱਚ ਨਾਮਧਾਰੀ ਸੂਰਬੀਰਾਂ ਨੂੰ ਫਾਂਸੀਆਂ ’ਤੇ ਲਟਕਾ ਦਿੱਤਾ, ਉੱਥੇ 17-18 ਜਨਵਰੀ 1872 ਈ. ਨੂੰ ਮਲੇਰਕੋਟਲਾ ਦੇ ਰੱਕੜ ਵਿੱਚ ਬਿਨਾਂ ਮੁਕੱਦਮਾ ਚਲਾਏ 65 ਨਾਮਧਾਰੀ ਸਿੰਘਾਂ ਨੂੰ ਤੋਪਾਂ ਨਾਲ ਉਡਾ ਦਿੱਤਾ ਅਤੇ 12 ਸਾਲ ਦੇ ਬੱਚੇ ਬਿਸ਼ਨ ਸਿੰਘ ਦੇ ਤਲਵਾਰਾਂ ਨਾਲ ਟੋਟੇ-ਟੋਟੇ ਕਰ ਦਿੱਤੇ। ਕੂਕਾ ਅੰਦੋਲਨ ਦੇ ਮੋਢੀ ਸਤਿਗੁਰੂ ਰਾਮ ਸਿੰਘ ਨੂੰ ਉਨ੍ਹਾਂ ਦੇ ਸੂਬਿਆਂ ਸਮੇਤ ਜਲਾਵਤਨ ਕਰ ਦਿੱਤਾ। ਸਮੁੱਚੇ ਪੰਜਾਬ ਵਿੱਚ ਵੱਸਦੇ ਸਰਗਰਮ ਨਾਮਧਾਰੀਆਂ ਨੂੰ ਥਾਓਂ-ਥਾਈਂ ਜੇਲ੍ਹਾਂ ਵਿੱਚ ਡੱਕ ਦਿੱਤਾ। ਅੰਗਰੇਜ਼ਾਂ ਨੇ ਸ੍ਰੀ ਭੈਣੀ ਸਾਹਿਬ ਗੁਰਦੁਆਰੇ ਦਾ ਚੱਪਾ-ਚੱਪਾ ਛਾਣ ਮਾਰਿਆ। ਗੁਰਦੁਆਰੇ ਦੀ ਹਰ ਬੇਸ਼ਕੀਮਤੀ ਚੀਜ਼ ਅਤੇ ਇਤਿਹਾਸਕ ਸਮੱਗਰੀ ਜ਼ਬਤ ਕਰ ਕੇ ਪੁਲੀਸ ਚੌਕੀ ਲਿਜਾਈ ਗਈ, ਜੋ 1872 ਤੋਂ 1923 ਈ. ਤੱਕ 51 ਸਾਲ ਰਹੀ। ਨਾਮਧਾਰੀਆਂ ਦੇ ਕੀਰਤਨ ਕਰਨ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ, ਦਿਵਾਨ ਲਗਾਉਣ ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ । ਏਨੀਆਂ ਸਖ਼ਤੀਆਂ, ਜ਼ਬਰ ਦੀਆਂ ਹਨੇਰੀਆਂ ਅਤੇ ਝੱਖੜਾਂ ਦੇ ਬਾਵਜੂਦ ਵੀ ਗੁਰੂ ਹਰੀ ਸਿੰਘ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਸਰਕਾਰ ਦੀਆਂ ਨਜ਼ਰਾਂ ਤੋਂ ਉਹਲੇ ਨਿਰਵਿਘਨ ਚੱਲਦੇ ਰਹੇ। ਪਾਠ ਕਰਦੇ ਪਾਠੀ ਕਈ ਵਾਰ ਫੜੇ ਵੀ ਗਏ, ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ, ਪਰ ਪਾਠਾਂ ਦੀ ਨਿਰੰਤਰਤਾ ਜਾਰੀ ਰਹੀ। 1857 ਈ. ਤੋਂ 101 ਪਾਠ ਸਾਲਾਨਾ ਹੋਣ ਲੱਗੇ। ਅੰਗਰੇਜ਼ਾਂ ਨੂੰ ਬਾਹਰੀ ਰੂਪ ਵਿੱਚ ਲੱਗਦਾ ਸੀ ਕਿ ਕੂਕਾ ਅੰਦੋਲਨ ਕੁਚਲ ਦਿੱਤਾ ਗਿਆ ਹੈ ਪਰ ਗੁਰੂ ਹਰੀ ਸਿੰਘ ਦੀ ਸੰਜਮਤਾ, ਭਗਤੀ, ਤੀਖਣ ਬੁੱਧੀ ਅਤੇ ਸਹਿਜਤਾ ਨੇ ਆਜ਼ਾਦੀ ਦੀ ਇਸ ਮਸ਼ਾਲ ਨੂੰ ਬਲਦੀ ਹੀ ਨਹੀਂ ਰੱਖਿਆ ਸਗੋਂ ਇਹ ਜਵਾਲਾ ਪੰਜਾਬ ਤੋਂ ਲੈ ਕੇ ਨੇਪਾਲ, ਕਸ਼ਮੀਰ, ਰੰਗੂਨ (ਬਰ੍ਹਮਾ), ਮਰਗੋਈ ਹੁੰਦੀ ਹੋਈ ਰੂਸ ਦਰਬਾਰ ਤੱਕ ਜਾ ਪਹੁੰਚੀ, ਜਿਸ ਨੇ ਇਤਿਹਾਸਕ ਤੌਰ ’ਤੇ ਨਵੇਂ ਦਿਸਹੱਦੇ ਸਥਾਪਤ ਕੀਤੇ । ਸਤਿਗੁਰੂ ਰਾਮ ਸਿੰਘ ਦੇ ਪੂਰੇ ਪਰਿਵਾਰ ਅਤੇ ਗੁਰੂ ਹਰੀ ਸਿੰਘ ਨੂੰ ਉਨ੍ਹਾਂ ਦੀ ਰਿਹਾਇਸ਼ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਤੇ ਇਹ ਦਮਨਕਾਰੀ ਨੀਤੀ ਸਾਲਾਂ ਬੱਧੀ ਜਾਰੀ ਰਹੀ। ਭੈਣੀ ਸਾਹਿਬ ਗੁਰਦੁਆਰੇ ਅੰਦਰ ਦਰਸ਼ਨ ਕਰਨ ਲਈ ਕਾਫੀ ਸੰਗਤ ਆਉਂਦੀ ਪਰ ਸਰਕਾਰ ਵੱਲੋਂ ਇੱਕ ਦਿਨ ਵਿੱਚ ਇੱਕ-ਇੱਕ ਕਰ ਕੇ ਸਿਰਫ਼ 5 ਸਿੰਘਾਂ ਨੂੰ ਹੀ ਮਿਲਣ ਦੀ ਇਜ਼ਾਜਤ ਮਿਲਦੀ, ਉਹ ਵੀ ਕੁਝ ਮਿੰਟਾਂ ਲਈ ਹੀ। 1875 ਈ. ਵਿੱਚ ਸਰਕਾਰ ਨੇ 10 ਸਿੰਘਾਂ ਨੂੰ ਅੰਦਰ ਜਾਣ ਦੀ ਆਗਿਆ ਦੇ ਦਿੱਤੀ। ਇਸ ਸਮੇਂ ਗੁਰੂ ਹਰੀ ਸਿੰਘ ਨੇ ਬਾਬਾ ਦਰਬਾਰਾ ਸਿੰਘ ਨੂੰ ਸ੍ਰੀ ਭੈਣੀ ਸਾਹਿਬ ਦਾ ਮਹੰਤ ਥਾਪਿਆ ਅਤੇ ਗੁਰਦੁਆਰੇ ਦੇ ਸਰਕਾਰੇ ਦਰਬਾਰੇ ਕੰਮ ਦੀ ਜ਼ਿੰਮੇਵਾਰੀ ਸੌਂਪੀ । ਗੁਰੂ ਹਰੀ ਸਿੰਘ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ 9 ਸੂਬੇ ਅਤੇ ਨਾਇਬ ਸੂਬੇ ਸਥਾਪਤ ਕਰ ਦਿੱਤੇ, ਜੋ ਪੰਜਾਬ ਵਿੱਚ ਸੰਗਤ ਨੂੰ ਸ਼ਾਂਤ ਰਹਿਣ ਅਤੇ ਗੁਰਬਾਣੀ ਨਾਲ ਜੁੜਨ ਦਾ ਪ੍ਰਚਾਰ ਕਰਦੇ ਅਤੇ ਅੰਗਰੇਜ਼ ਤੋਂ ਗੁਪਤ ਰੂਪ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਲਈ ਗੁਰੂ ਹਰੀ ਸਿੰਘ ਦੇ ਸੰਦੇਸ਼ਾਂ ਦਾ ਵੀ ਵਿਖਿਆਨ ਕਰਦੇ। ਮਜ਼ਬੂਤ ਆਧਾਰ ਨਾਲ ਨਾਮਧਾਰੀ ਸ਼ਾਂਤ ਮੂਵਮੈਂਟ ਦੇ ਰੂਪ ਵਿੱਚ ਆਪਣੀ ਚਰਮ ਸੀਮਾਂ ਆਜ਼ਾਦੀ ਪ੍ਰਾਪਤੀ ਵੱਲ ਵਧਣ ਲੱਗੇ । 1857 ਈ. ਵਿੱਚ ਪੁਲੀਸ ਸੁਪਰਡੈਂਟ ਬਾਰਬਰਟਨ ਦੀ ਮੇਮ ਨੇ ਵਿਛੋੜੇ ਦੀ ਤੜਪ ਵੇਖ ਕੇ ਬਾਬਾ ਦਰਬਾਰਾ ਸਿੰਘ ਨੂੰ ਸਤਿਗੁਰੂ ਰਾਮ ਸਿੰਘ ਦਾ ਪਤਾ-ਟਿਕਾਣਾ ਵੀ ਦੱਸ ਦਿੱਤਾ। ਬਾਬਾ ਦਰਬਾਰਾ ਸਿੰਘ ਗੁਰੂ ਹਰੀ ਸਿੰਘ ਦੀਆਂ ਹਦਾਇਤਾਂ ਮੁਤਾਬਕ ਭੇਸ ਬਦਲ ਕੇ ਰੰਗੂਨ (ਬਰ੍ਹਮਾ) ਵਿੱਚ ਪਹੁੰਚ ਗਿਆ। ਉੱਥੇ ਸਤਿਗੁਰੂ ਰਾਮ ਸਿੰਘ ਨੂੰ ਰਾਜਸੀ ਕੈਦੀ ਵਜੋਂ ਬੰਗਲੇ ਵਿੱਚ ਨਜ਼ਰਬੰਦ ਰੱਖਿਆ ਹੋਇਆ ਸੀ। ਸਖ਼ਤ ਪਹਿਰਿਆਂ ਦੇ ਬਾਵਜੂਦ ਉਹ ਸਤਿਗੁਰੂ ਰਾਮ ਸਿੰਘ ਨੂੰ ਮਿਲਣ ਵਿੱਚ ਸਫ਼ਲ ਹੋ ਗਿਆ ਅਤੇ ਗੁਰੂ ਰਾਮ ਸਿੰਘ ਦਾ ਹੱਥ ਲਿਖਤ ਪੱਤਰ ਲਿਆ ਕੇ ਗੁਰੂ ਹਰੀ ਸਿੰਘ ਜੀ ਨੂੰ ਦਿੱਤਾ।

ਡਾ. ਲਖਵੀਰ ਸਿੰਘ ਨਾਮਧਾਰੀ

ਉਸ ਵੇਲੇ ਦੇ ਹਾਲਾਤ ਬਾਰੇ ‘ਪ੍ਰੀਫੇਸ ਕੂਕਾਜ਼ ਆਫ ਨੋਟਿਸ ਇਨ ਦਿ ਪੰਜਾਬ’ ਵਿੱਚ ਸਰਕਾਰੀ ਅਧਿਕਾਰੀਆਂ ਦੀ ਇਹ ਲਿਖਤ ਗੁਰੂ ਹਰੀ ਸਿੰਘ ਦੇ ਪ੍ਰਭਾਵ ਨੂੰ ਸਪੱਸ਼ਟ ਕਰਦੀ ਹੈ, ‘‘ਇਹ ਗੁਰੂ ਰਾਮ ਸਿੰਘ ਦਾ ਛੋਟਾ ਭਾਈ ਹੈ ਤੇ ਉਸ ਨੂੰ ਇਸ ਫਿਰਕੇ ਦਾ ਪ੍ਰਤੀਨਿਧ ਅਤੇ ਮੁਖੀ ਕਰਕੇ ਜਾਣਿਆ ਜਾਂਦਾ ਹੈ । ਉਹ ਨਵੇਂ ਕੂਕੇ ਬਣਾਉਂਦਾ ਹੈ ਅਤੇ ਉਹ ਗੁਰੂ ਰਾਮ ਸਿੰਘ ਵਾਲੇ ਸਾਰੇ ਕਾਰਜ ਨਿਭਾਉਂਦਾ ਹੈ। ਕੂਕਿਆਂ ਉੱਤੇ ਉਸ ਦਾ ਚੋਖਾ ਪ੍ਰਭਾਵ ਹੈ।’’ ਇਸ ਸਮੇਂ ਦੇ ਹਾਲਾਤ ਬਾਰੇ ਸਰਦਾਰ ਅਤਰ ਸਿੰਘ ਭਦੌੜ ਵੀ ਅੰਗਰੇਜ਼ਾਂ ਨੂੰ ਸੁਚੇਤ ਕਰਦਾ ਹੋਇਆ ਆਪਣੀ 1876 ਈ. ਦੀ ਰਿਪੋਰਟ ਵਿੱਚ ਲਿਖਦਾ ਹੈ, ‘‘ਜੇਕਰ ਕੂਕਿਆਂ ਦੇ ਫਿਰਕੇ ਨੂੰ ਹੁਣ ਨਾ ਦਬਾਇਆ ਗਿਆ ਤਾਂ ਇਸ ਦੇ ਵਿਚਾਰ ਵਧੇਰੇ ਜ਼ੋਰ-ਸ਼ੋਰ ਨਾਲ ਫੈਲ ਜਾਣਗੇ ਤੇ ਇਹ ਪਹਿਲੇ ਵਿਦਰੋਹ ਨਾਲੋਂ ਵੀ ਵਧੇਰੇ ਖਤਰਨਾਕ, ਹਿੰਸਕ, ਬਗਾਵਤ ਦੇ ਪੈਦਾ ਹੋਣ ਦਾ ਕਾਰਨ ਬਣੇਗਾ।” ਸਤਿਗੁਰੂ ਰਾਮ ਸਿੰਘ ਜੀ ਦੀ ਠੋਹੀ ਦਾ ਪਤਾ ਲੱਗਣ ਨਾਲ ਗੁਰੂ ਹਰੀ ਸਿੰਘ ਦੀ ਅਗਵਾਈ ਵਿੱਚ ਭੇਸ ਬਦਲ ਕੇ ਅਨੇਕਾਂ ਤਸ਼ੱਦਦ ਝੱਲ ਕੇ ਆਜ਼ਾਦੀ ਦੇ ਸੁਪਨੇ ਲੈਂਦੇ ਵੱਖ-ਵੱਖ ਸਮਿਆਂ ਵਿੱਚ 1885 ਈ. ਤੱਕ 96 ਨਾਮਧਾਰੀ ਆਪਣੇ ਮਹਿਬੂਬ ਸਤਿਗੁਰੂ ਕੋਲ ਪਹੁੰਚੇ ਗਏ। ਇਨ੍ਹਾਂ ਨੇ ਗੁਰੂ ਹਰੀ ਸਿੰਘ ਦੇ ਸੰਦੇਸ਼ ਉਨ੍ਹਾਂ ਤੱਕ ਪਹੁੰਚਾਏ ਅਤੇ ਸਤਿਗੁਰੂ ਰਾਮ ਸਿੰਘ ਜੀ ਦੀਆਂ ਲਿਖਤਾਂ ਗੁਰੂ ਹਰੀ ਸਿੰਘ ਕੋਲ ਲੈ ਕੇ ਆਏ, ਜਿਨ੍ਹਾਂ ਦੀ ਗਿਣਤੀ 64 ਹੈ। ਇਹਕਿਤਾਬੀ ਰੂਪ ਵਿੱਚ ਛਪੀ ਹੋਈ ਹੈ। ਇਨ੍ਹਾਂ ਲਿਖਤਾਂ ਨੂੰ ਇਤਿਹਾਸਕਾਰਾਂ ਨੇ ਹੁਕਮਨਾਮਿਆਂ ਦਾ ਨਾਂ ਦਿੱਤਾ ਹੈ। ਇਹ ਚਿੱਠੀ ਪੱਤਰਾਂ ਦਾ ਸਿਲਸਿਲਾ ਅੰਗਰੇਜ਼ਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਗੁਪਤ ਰੂਪ ਵਿੱਚ ਲੰਮਾ ਸਮਾਂ ਚੱਲਦਾ ਰਿਹਾ। ਅਨੇਕਾਂ ਵਾਰ ਭੇਸ ਬਦਲ ਕੇ ਜਾਂਦੇ ਸਿੰਘ ਫੜੇ ਗਏ, ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ, ਸਮੁੰਦਰਾਂ ਵਿੱਚ ਡੋਬ-ਡੋਬ ਕੇ ਮਾਰ ਦਿੱਤਾ, ਪਰ ਹੁਕਮਨਾਮਿਆਂ ਦਾ ਆਦਾਨ-ਪ੍ਰਦਾਨ ਜਾਰੀ ਰਿਹਾ। ਇਨ੍ਹਾਂ ਹੁਕਮਨਾਮਿਆਂ ਰਾਹੀਂ ਹੀ ਕੂਕਾ ਅੰਦੋਲਨ ਦਾ ਘੋਲ ਪੰਜਾਬ ਅਤੇ ਭਾਰਤ ਤੋਂ ਬਾਹਰ ਅੰਤਰਰਾਸ਼ਟਰੀ ਪੱਧਰ ਤੱਕ ਫੈਲਿਆ। ਕੂਕਾ ਅੰਦੋਲਨ ਦੇ ਰੂਸ ਨਾਲ ਸਬੰਧ: ਉਸ ਸਮੇਂ ਰੂਸ ਅਤੇ ਬਰਤਾਨੀਆਂ ਦੋਵੇਂ ਸ਼ਕਤਸ਼ਾਲੀ ਅਤੇ ਇੱਕ-ਦੂਜੇ ਦੇ ਵਿਰੋਧੀ ਸਮਾਰਾਜ ਸਨ। ਭਾਰਤ ’ਤੇ ਅੰਗਰੇਜ਼ਾਂ ਦਾ ਕਬਜ਼ਾ ਸੀ। ਦੂਜੇ ਪਾਸੇ ਰੂਸੀ ਸਾਮਰਾਜ ਮੱਧ-ਏਸ਼ੀਆ ’ਤੇ ਕਬਜ਼ਾ ਕਰ ਕੇ ਅਫਗਾਨਿਸਤਾਨ ਦੀਆਂ ਹੱਦਾਂ ਤੱਕ ਪਹੁੰਚ ਗਿਆ ਸੀ। ਸਰਹੱਦੀ ਵਿਵਾਦਾਂ ਕਰਕੇ ਭਾਰਤ ’ਤੇ ਕਾਬਜ਼ ਅੰਗਰੇਜ਼ ਅਤੇ ਰੂਸੀਆਂ ਦੀ ਦੁਸ਼ਮਣੀ ਚੱਲਦੀ ਰਹੀ ਤੇ ਕੂਕਾ ਅੰਦੋਲਨ ਦੀ ਵਿਚਾਰਧਾਰਾ ‘ਦੁਸ਼ਮਣ ਦਾ ਦੁਸ਼ਮਣ ਮਿੱਤਰ’ ਉੱਤੇ ਅਧਾਰਿਤ ਸੀ। ਇਸੇ ਵਿਚਾਰਧਾਰਾ ਅਧੀਨ ਸਤਿਗੁਰੂ ਰਾਮ ਸਿੰਘ ਦਾ ਸੁਨੇਹਾ ਗੁਰੂ ਹਰੀ ਸਿੰਘ ਦੀ ਅਗਵਾਈ ਵਿੱਚ ਰੂਸ ਦਰਬਾਰ ਵਿੱਚ ਪਹੁੰਚਾਉਣ ਦਾ ਔਖਾ ਕੰਮ ਸੂਬਾ ਗੁਰਚਰਨ ਸਿੰਘ ਨੇ ਕੀਤਾ। ਇਹ ਆਜ਼ਾਦੀ ਘੁਲਾਟੀਆ ਭੇਸ ਬਦਲ ਕੇ ਭਾਰਤ ਤੋਂ ਪੈਦਲ ਕੂਕਾ ਅੰਦੋਲਨ ਦਾ ਸੁਨੇਹਾ ਲੈ ਕੇ ਰੂਸੀ ਤੁਰਿਕਸਤਾਨ ਦੇ ਸਰਹੱਦੀ ਸ਼ਹਿਰ ਕੁਟਾਕਰਗਾਨ ਤੋਂ ਹੁੰਦਾ ਹੋਇਆ ਜਰਾਵਾਸਗਕਸ ਵਿੱਚ ਹੁਮਕਰਾਨ ਈਵਾਨੋਵ ਤੇ ਐੱਨ. ਏ ਕਰੋਲੋਕੋਵ ਕੋਲ ਰੂਸੀ ਦਰਬਾਰ ਪਹੁੰਚ ਗਿਆ। ਰੂਸੀ ਤੁਰਕਸਤਾਨਾਂ ਨੇ ਉਸ ਦੀ ਚਿੱਠੀ ਦੇ ਭਾਵਾਂ ਨੂੰ ਸਮਝ ਕੇ ਗੁਰਚਰਨ ਸਿੰਘ ਦਾ ਸਤਿਕਾਰ ਕੀਤਾ ਅਤੇ ਆਪਣੇ ਵੱਲੋਂ ਰੂਸੀ ਭਾਸ਼ਾ ਵਿੱਚ ਲਿਖਿਆ ਪੱਤਰ ਵੀ ਦਿੱਤਾ, ਜੋ ਅੱਜ ਵੀ ਪ੍ਰਸਿੱਧ ਲੇਖਕ ਬਲਰਾਜ ਸਾਹਨੀ ਦੇ ‘ਰੂਸੀ ਸਫ਼ਰਨਾਮੇ’, ਫੌਜਾ ਸਿੰਘ ਬਾਜਵਾ ਦੀ ਪੁਸਤਕ ‘ਕੂਕਾ ਮੂਵਮੈਂਟ’ ਅਤੇ ਨਾਮਧਾਰੀ ਲਿਖਤਾਂ ਵਿੱਚ ਦਰਜ ਹੈ। ਸੂਬਾ ਗੁਰਚਰਨ ਸਿੰਘ ਦੀ ਰੂਸ ਜਾਣ ਦੀ ਖਬਰ ਭਾਰਤ ਵਿੱਚ ਅੰਗਰੇਜ਼ ਸਰਕਾਰ ਦੇ ਕੰਨੀਂ ਪੈ ਗਈ ਤੇ ਸੂਹੀਆਂ ਰਾਹੀਂ ਗੁਰਚਰਨ ਸਿੰਘ ਨੂੰ ਵੀ ਪਤਾ ਲੱਗ ਗਿਆ। ਉਸ ਨੇ ਤੀਖਣ ਬੁੱਧੀ ਨਾਲ ਗੁਪਤ ਰਸਤਿਆਂ ਰਾਹੀਂ ਭਾਰਤ ਪਰਤ ਕੇ ਇਹ ਪੱਤਰ ਸਿਰਹਾਲੀ ਦੇ ਸ਼ਾਮ ਸਿੰਘ ਜ਼ਰੀਏ ਭੈਣੀ ਸਾਹਿਬ ਗੁਰੂ ਹਰੀ ਸਿੰਘ ਕੋਲ ਪਹੁੰਚਾ ਦਿੱਤਾ ਅਤੇ ਗੁਰਚਰਨ ਸਿੰਘ ਆਪਣੇ ਪਿੰਡ ਚੱਕ ਪਿਰਾਣਾ ਪਹੁੰਚ ਗਿਆ, ਜਿੱਥੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਭਾਰਤ-ਰੂਸ ਦੇ ਸਬੰਧਾਂ ਵਿੱਚ ਸੂਬਾ ਬਿਸ਼ਨ ਸਿੰਘ ਦਾ ਵੀ ਵੱਡਾ ਯੋਗਦਾਨ ਹੈ। ਇਨ੍ਹਾਂ ਸਬੰਧਾਂ ਨੂੰ 27 ਜੂਨ 1885 ਈ. ਦੀ ਜ਼ਿਲ੍ਹਾ ਲੁਧਿਆਣਾ ਦੇ ਪੁਲੀਸ ਕਪਤਾਨ ਦੀ ਰਿਪੋਰਟ ਇਸ ਤਰ੍ਹਾਂ ਪ੍ਰਤੱਖ ਕਰਦੀ ਹੈ, ‘‘ਬਿਸ਼ਨ ਸਿੰਘ ਕੋਲ ਰੂਸੀ ਇਲਾਕੇ ਵਿੱਚ 300-400 ਸੈਨਿਕ ਹਨ, ਜਿਹੜੇ ਅੰਗਰੇਜ਼ਾਂ ਖ਼ਿਲਾਫ਼ ਲੜਾਈ ਦੀ ਤਿਆਰੀ ਵਿੱਚ ਹਨ।” ਬਨਾਰਸੀ ਦਾਸ ਕੂਕਾ ਇੰਗਲੈਂਡ ਵਿੱਚ ਮਹਾਰਾਜਾ ਦਲੀਪ ਸਿੰਘ ਨਾਲ ਸੰਪਰਕ ਵਿੱਚ ਆਇਆ। ਮਹਾਰਾਜਾ ਦਲੀਪ ਸਿੰਘ ਇਸਾਈ ਧਰਮ ਤਿਆਗ ਕੇ ਮੁੜ ਸਿੱਖੀ ਜੀਵਨ ਵਿੱਚ ਪਰਤ ਆਇਆ ਸੀ। ਬਨਾਰਸੀ ਦਾਸ ਕੂਕਾ ਅਤੇ ਸੂਬਾ ਬਿਸ਼ਨ ਸਿੰਘ ਦੇ ਸਹਿਯੋਗ ਨਾਲ ਮਹਾਰਾਜਾ ਦਲੀਪ ਸਿੰਘ ਰੂਸ ਦੀਆਂ ਫ਼ੌਜਾਂ ਦੀ ਮਦਦ ਲੈ ਕੇ ਮੁੜ ਪੰਜਾਬ ਦੇ ਸਿੱਖ ਰਾਜ ਦੇ ਸੁਫਨੇ ਲੈਣ ਲੱਗਾ। ਮਹਾਰਾਜਾ ਦਲੀਪ ਸਿੰਘ ਨੇ ਰੂਸੀ ਫ਼ੌਜਾਂ ਲੈ ਕੇ ਭਾਰਤ ਆਉਣ ਲਈ 2.5 ਕਰੋੜ ਭਾਰਤੀਆਂ ਕੋਲੋਂ ਇੱਕ ਪੈਸਾ ਪ੍ਰਤੀ ਮਹੀਨਾ, ਪ੍ਰਤੀ ਵਿਅਕਤੀ ਅਤੇ ਪੰਜਾਬੀਆਂ ਕੋਲੋਂ ਇੱਕ ਆਨਾ ਪ੍ਰਤੀ ਵਿਅਕਤੀ ਚੰਦੇ ਦੀ ਮੰਗ ਕੀਤੀ ਪਰ ਗੁਰੂ ਹਰੀ ਸਿੰਘ ਦੀ ਅਗਵਾਈ ਵਿੱਚ ਨਾਮਧਾਰੀਆਂ ਤੋਂ ਬਿਨਾਂ ਭਾਰਤ ਦੀ ਕਿਸੇ ਵੀ ਸਿੱਖ ਜੱਥੇਬੰਦੀ ਜਾਂ ਕਿਸੇ ਵੀ ਸੰਸਥਾ ਨੇ ਉਸ ਦਾ ਸਾਥ ਨਹੀਂ ਦਿੱਤਾ। ਅੰਗਰੇਜ਼ਾਂ ਨੇ 1893 ਈ. ਤੱਕ 21 ਸਾਲ ਗੁਰੂ ਹਰੀ ਸਿੰਘ ਨੂੰ ਭੈਣੀ ਸਾਹਿਬ ਦੀ ਜੂਹ ਤੋਂ ਬਾਹਰ ਨਹੀਂ ਜਾਣ ਦਿੱਤਾ। 1893 ਤੋਂ ਬਾਅਦ ਗੁਰੂ ਹਰੀ ਸਿੰਘ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ 7 ਹੋਲੇ-ਮਹੱਲੇ ਕੀਤੇ। ਸਤਿਗੁਰੂ ਹਰੀ ਸਿੰਘ ਦੀ ਪ੍ਰਤਿਭਾ ਦੂਰ-ਦੂਰ ਤੱਕ ਫੈਲ ਗਈ। 1899 ਈ. ਦੇ ਭਿਆਨਕ ਕਾਲ ਸਮੇਂ ਰਾਜਸਥਾਨ ਬੀਕਨੇਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਉੱਜੜ ਕੇ ਆਏ ਢਿੱਡੋਂ ਭੁੱਖੇ ਬਾਗੜੀਆਂ ਨੂੰ ਭੈਣੀ ਸਾਹਿਬ ਨੇ ਢੋਈ ਦਿੱਤੀ। ਲੁਧਿਆਣਾ ਤੋਂ ਡਿਪਟੀ ਕਮਿਸ਼ਨਰ ਭੈਣੀ ਸਾਹਿਬ ਆਇਆ ਅਤੇ ਵਰਤਦੇ ਭੰਡਾਰੇ ਵੇਖ ਕੇ ਉਸ ਨੇ ਗੁਰੂ ਹਰੀ ਸਿੰਘ ਨੂੰ ਆਖਿਆ ਕਿ ਤੁਹਾਡੀ ਲੰਗਰ ਪ੍ਰਥਾ ਦੀ ਮਹਿਮਾ ਸੁਣ ਕੇ 53 ਮੁਰੱਬੇ (1300 ਏਕੜ) ਜ਼ਮੀਨ ਦੇਣ ਲਈ ਆਇਆ ਹਾਂ ਤਾਂ ਅੱਗਿਓਂ ਗੁਰੂ ਹਰੀ ਸਿੰਘ ਨੇ ਆਖਿਆ, ‘‘ਇਹ ਜ਼ਮੀਨਾਂ ਤਾਂ ਸਾਡੀਆਂ ਹੀ ਹਨ। ਦੇਣਾ ਹੈ ਤਾਂ ਵਲੈਤ ’ਚੋਂ ਦੇ। ਜਦੋਂ ਲਵਾਂਗੇ ਪੂਰਾ ਭਾਰਤ ਲਵਾਂਗੇ।” ਪੁਸਤਕ: ਸਤਿਗੁਰੂ ਬਿਲਾਸ (ਸੰਤੋਖ ਸਿੰਘ ਬਾਹੋਵਾਲ- ਪੰਨਾ: 225) ਕੂਕਾ ਅੰਦੋਲਨ ’ਚੋਂ ਹੋਰ ਆਜ਼ਾਦੀ ਲਹਿਰਾਂ ਨੇ ਜਨਮ ਲਿਆ ਅਤੇ 1947 ਨੂੰ ਦੇਸ਼ ਆਜ਼ਾਦ ਹੋਇਆ। ਗ਼ਦਰ ਪਾਰਟੀ ਦੇ ਮੋਢੀ ਬਾਬਾ ਸੋਹਨ ਸਿੰਘ ਭਕਨਾ ਲਿੱਖਦੇ ਹਨ, ‘‘ਮਹਾਂ ਜੀਵਨ ਦੀ ਦ੍ਰਿਸ਼ਟੀ ਮੈਂ ਨਾਮਧਾਰੀ ਸੰਗਤ ਤੋਂ ਹੀ ਪ੍ਰਾਪਤ ਕੀਤੀ ਹੈ। ਮੈਂ ਸਤਿਗੁਰੂ ਹਰੀ ਸਿੰਘ ਜੀ ਦਾ ਏਨਾ ਰਿਣੀ ਹਾਂ ਕਿ ਉਹ ਰਿਣ ਮੈਥੋਂ ਅਦਾ ਹੋ ਹੀ ਨਹੀਂ ਸਕਦਾ।”

ਸੰਪਰਕ: 98768-50680

ਜਦ ਰੂਸ ਪੰਜਾਬੇ ਆਵੈ, ਪੁਵੇ ਕਾਲ ਮੁਲਖ ਰੁਲ ਜਾਵੈ, ਦੁਨੀਆੰ ਮਰੇ ਅੰਨ ਕੇ ਹਾਵੈ, ਠਗ ਚੋਰ ਬਹੁ ਲੁਟ ਲੁਟ ਖਾਵੈ, ਬਚੇ ਸੋ ਜੋ ਗੁਰ ਸਰਨੀ ਆਵੈ, ਇਕ ਮਨ ਹੋਇ ਕੇ ਨਾਮ ਧਿਆਵੈ, ਓਸ ਅਕਾਲ ਦਾ।

ਸਤਿਗੁਰ ਫੇਰ ਪੰਜਾਬੇ ਆਵਣ, ਅਗਲੀਆਂ ਸਫ਼ਾਂ ਸਭਿ ਉਠਾਵਣ, ਨਵੇਂ ਹੋਰ ਨਿਸ਼ਾਨ ਝੁਲਾਵਣ, ਜਗ ਵਿਚ ਸ੍ਰੀ ਅਕਾਲ ਜਪਾਵਣ, ਅਸੁਰ ਸੰਘਾਰ ਕੇ।

ਦੋਹਰਾ: ਵਜਿਆ ਧੌਂਸਾ ਧਰਮ ਦਾ ਸਤਿਗੁਰ ਦੇ ਦਰਬਾਰ। ਧਰਮ ਚਲੇਗਾ ਜਗਤ ਵਿਚ ਬੋਲੇ ਸਭਿ ਅਕਾਲ। ਦੋਹਰਾ: ਚੰਦਾ ਸਿੰਘ ਸੂਰਮਾ ਰਹੇ ਸਹਾਰਨ ਦੀਵਾਨ ਸਿੰਘ ਕੇ ਪਾਸ। ਬਾਰਾਂ ਮਾਂਹ ਸਤਿਗੁਰੂ ਕਾ ਮਾਨੋ ਗੁਰੂ ਬਿਲਾਸ।

- ਨਾਮਧਾਰੀ ਕਵੀ ਚੰਦਾ ਸਿੰਘ

ਕਬਿਤ: ਭਜਨ ਕੰਨ ਮੈਂ ਸੁਣਾਨ, ਫੇਰ ਰਹਿਤ ਰਖਾਨ ਗੁਰ, ਸਿੰਘ ਅੰਮ੍ਰਿਤ ਛਕਾਨ, ਕੂਕਾ ਸਿੰਘ ਸੋ ਸਦਾਉਂਦਾ। ਗਊਆ ਸਹਾਈ ਪੰਧ, ਦੇਸ ਦੀ ਭਲਾਈ ਪੰਥ, ਕਢੇ ਦੇਸ ਤੇ ਫਰੰਗ ਰਾਜ ਆਪਣਾ ਕਰਾਉਂਦਾ। ਖੋਲੋ ਅੰਧਕਾਰ ਨੈਨ ਸਿੰਘ ਘਲੇ ਰੂਸ ਲੈਨ, ਸਿੰਘ ਰਾਜ ਤਾਜ ਲੈਨ ਏਹ ਸਬਕ ਸਿਖਾਉਂਦਾ। ਜੇਹੜੇ ਆਖਦੇ ਕਲਾਮ ਸੋਈ ਹੋਣ ਬੇਈਮਾਨ, ਮੂੰਹ ਕਾਲੇ ਨਰਕ ਜਾਣ ਕਵੀ ਸਿੰਘ ਹੈਂ ਸੁਣਾਉਂਦਾ।

- ਨਾਮਧਾਰੀ ਕਵੀ ਕਾਹਲਾ ਸਿੰਘ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

74ਵੇਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰ ਦੇ ਨਾਂ ਸੰਬੋਧਨ ’ਚ ਰ...

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸ਼ਹਿਰ

View All