ਆਈਲੈੱਟਸ ਦੀ ਸ਼ਰਤ ’ਤੇ ਵਿਆਹ

ਸੁਖਰਾਜ ਸਿੰਘ ਚਹਿਲ ਪੰਜਾਬ ਦੇ ਬਹੁ-ਗਿਣਤੀ ਵਾਸੀਆਂ ਦੀ ਚਾਹਤ ਅੱਜ ਦੇ ਸਮੇਂ ਵਿਚ ਵਿਦੇਸ਼ਾਂ ਵਿਚ ਵਸਣ ਦੀ ਹੈ। ਲਗਭਗ ਹਰ ਨੌਜਵਾਨ ਕਿਸੇ ਨਾ ਕਿਸੇ ਢੰਗ ਨਾਲ ਆਪਣਾ ਘਰ-ਬਾਰ ਛੱਡ ਕੇ ਸੱਤ ਸਮੁੰਦਰੋਂ ਪਾਰ ਵਸਣ ਲਈ ਕਾਹਲਾ ਹੈ। ਇੱਥੇ ਤਾਂ ਬੱਸ ਸਿਰਫ਼ ਉਹੀ ਲੋਕ ਰਹਿਣ ਲਈ ਮਜਬੂਰ ਹਨ, ਜਿਨ੍ਹਾਂ ਦਾ ਵਿਦੇਸ਼ ਜਾਣ ਲਈ ਕੋਈ ਜ਼ਰੀਆ ਨਹੀਂ ਬਣਦਾ। ਲੱਖਾਂ ਰੁਪਏ ਖ਼ਰਚ ਕੇ ਲੋਕ ਆਪਣਾ ਮੁਲਕ ਛੱਡਣ ਲਈ ਤਿਆਰ ਹਨ, ਕਿਉਂਕਿ ਉਹ ਇੱਥੋਂ ਦੇ ਸਿਸਟਮ ਤੋਂ ਪ੍ਰੇਸ਼ਾਨ ਹਨ। ਇਸ ਕਰਕੇ ਉਹ ਵਿਦੇਸ਼ਾਂ ਵਿਚ ਪਰਵਾਸ ਕਰਨ ਨੂੰ ਹੀ ਆਪਣਾ ਮਿਸ਼ਨ ਸਮਝ ਰਹੇ ਹਨ। ਇਹ ਸਾਡੇ ਦੇਸ਼ ਜਾਂ ਸੂਬੇ ਲਈ ਚੰਗਾ ਸੰਕੇਤ ਨਹੀਂ ਹੈ। ਲੋਕ ਵਿਦੇਸ਼ ਜਾਣ ਲਈ ਵੱਖਰੇ ਵੱਖਰੇ ਤਰੀਕੇ ਅਪਣਾਉਂਦੇ ਹਨ। ਪਹਿਲਾਂ ਜ਼ਿਆਦਾਤਰ ਲੋਕ ਗ਼ੈਰਕਾਨੂੰਨੀ ਢੰਗ ਨਾਲ ਵਿਦੇਸ਼ ਜਾਂਦੇ ਸਨ ਜਾਂ ਆਪਣੇ ਸਾਕ-ਸਬੰਧੀਆਂ ਰਾਹੀਂ ਜਹਾਜ਼ੇ ਚੜ੍ਹਦੇ ਸਨ। ਅੱਜ ਜ਼ਿਆਦਾਤਰ ਨੌਜਵਾਨ ਵਿਆਹਾਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੇ ਹਨ, ਜਿਸ ਕਾਰਨ ਹੁਣ ਲੜਕੀ ਵਾਲੇ ਆਪਣੀ ਧੀ ਨੂੰ ਆਈਲੈੱਟਸ ਕਰਵਾ ਦਿੰਦੇ ਹਨ ਤੇ ਚੰਗੇ ਬੈਂਡ ਆਉਣ ’ਤੇ ਉਸ ਦੇ ਵਿਆਹ ਲਈ ਲੜਕਾ ਦੇਖਿਆ ਜਾਂਦਾ ਹੈ ਅਤੇ ਇਹ ਸ਼ਰਤ ਰੱਖੀ ਜਾਂਦੀ ਹੈ ਕਿ ਵਿਆਹ ਅਤੇ ਵਿਦੇਸ਼ ਭੇਜਣ ’ਤੇ ਉਥੋਂ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਲੜਕੇ ਦੇ ਪਰਿਵਾਰ ਨੂੰ ਕਰਨਾ ਪਵੇਗਾ। ਵਿਦੇਸ਼ ਜਾਣ ਦੇ ਚਾਹਵਾਨ ਹੋਣ ਕਾਰਨ ਸਾਰੀਆਂ ਸ਼ਰਤਾਂ ਕਬੂਲ ਕੇ ਵਿਆਹ ਤੋਂ ਲੈ ਕੇ ਵਿਦੇਸ਼ੀ ਪੜ੍ਹਾਈ ਤੱਕ ਦੇ ਸਾਰੇ ਖ਼ਰਚੇ ਲੜਕੇ ਵਾਲੇ ਓਟਦੇ ਹਨ। ਹੁਣ ਇੱਥੇ ਰਹਿਣ ਵਾਲੀਆਂ ਲੜਕੀਆਂ ਦੀ ਮੰਗ ਘੱਟ ਹੈ ਤੇ ਜ਼ਿਆਦਾਤਰ ਲੋਕ ਆਈਲੈੱਟਸ ਵਾਲੀਆਂ ਨੂੰਹਾਂ ਹੀ ਭਾਲਦੇ ਹਨ। ਅਜਿਹੇ ਰਿਸ਼ਤਿਆਂ ਵਿਚ ਵਿਚੋਲਿਆਂ ਦੀ ਵੀ ਚਾਂਦੀ ਹੋ ਜਾਂਦੀ ਹੈ, ਕਿਉਂਕਿ ਉਹ ਰਿਸ਼ਤੇ ਕਰਵਾਉਣ ਦਾ ਮੋਟਾ ਕਮਿਸ਼ਨ ਵੀ ਲੈਂਦੇ ਹਨ। ਕਈ ਲੋਕ ਰਿਸ਼ਤਾ ਕਰਨ ਤੋਂ ਪਹਿਲਾਂ ਇਹ ਗੱਲ ਕਰਦੇ ਹਨ ਕਿ ਜੇਕਰ ਉਹ ਆਪਣੀ ਲੜਕੀ ਨੂੰ ਆਈਲੈੱਟਸ ਕਰਵਾਉਣ ਤਾਂ ਹੀ ਰਿਸ਼ਤੇ ਦੀ ਗੱਲ ਅੱਗੇ ਤੁਰੇਗੀ। ਅਜਿਹਾ ਵਰਤਾਰਾ ਦੇਖ ਕੇ ਮਾਪੇ ਆਪਣੀ ਲੜਕੀ ਨੂੰ ਆਈਲੈੱਟਸ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ। 60 ਤੋਂ 70 ਫ਼ੀਸਦੀ ਰਿਸ਼ਤੇ ਵਿਦੇਸ਼ੀ ਪਰਵਾਸ ’ਤੇ ਕੇਂਦਰਿਤ ਹੋ ਗਏ ਹਨ, ਜਿਸ ਕਰਕੇ ਹੁਣ ਇੱਧਰ ਰਹਿੰਦੇ ਲੜਕੇ-ਲੜਕੀਆਂ ਦੀ ਪੁੱਛ-ਪ੍ਰਤੀਤ ਘਟ ਗਈ ਹੈ। ਆਲਮ ਇਹ ਹੈ ਕਿ ਜਿੱਥੇ ਲੜਕੀਆਂ ਆਈਲੈੱਟਸ ਕਰਨ ਵਿਚ ਰੁਚੀ ਵਿਖਾ ਰਹੀਆਂ ਹਨ, ਉਥੇ ਸਰਦੇ-ਪੁੱਜਦੇ ਘਰਾਂ ਦੇ ਲੜਕੇ ਵੀ ਵਿਦੇਸ਼ ਜਾਣ ਲਈ ਉਤਾਵਲੇ ਹਨ। ਉਹ ਵੀ ਵਿਦੇਸ਼ ਰਹਿੰਦੀ ਕੁੜੀ ਜਾਂ ਫਿਰ ਇੱਧਰੋਂ ਆਈਲੈੱਟਸ ਵਾਲੀ ਲੜਕੀ ਦੀ ਭਾਲ ਕਰਦੇ ਹਨ। ਨੌਜਵਾਨਾਂ ਵਿਚ ਆਈਲੈੱਟਸ ਦੇ ਰੁਝਾਨ ਕਾਰਨ ਹੀ ਹੁਣ ਹਰ ਜਗ੍ਹਾ ਆਈਲੈੱਟਸ ਕੇਂਦਰਾਂ ਦੀ ਭਰਮਾਰ ਹੈ। ਜਿੱਥੇ ਦੇਖੋ ਆਈਲੈੱਟਸ ਸੈਂਟਰ ਹੀ ਨਜ਼ਰ ਪੈਂਦੇ ਹਨ। ਇਨ੍ਹਾਂ ਕੇਂਦਰਾਂ ਵਿਚ ਵਿਦਿਆਰਥੀਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਇਸ ਦੌਰਾਨ ਆਈਲੈੱਟਸ ਦੇ ਬੈਂਡ ਮੁੱਲ ਲੈਣ ਬਾਰੇ ਵੀ ਸੁਣਨ ਨੂੰ ਮਿਲਦਾ ਹੈ। ਕਈ ਵਾਰੀ ਕਿਸੇ ਦੇ ਆਈਲੈੱਟਸ ਵਿੱਚੋਂ ਬੈਂਡ ਘੱਟ ਆ ਜਾਂਦੇ ਹਨ ਤਾਂ ਕਈ ਏਜੰਟ ਪੈਸੇ ਲੈ ਕੇ ਬੈਂਡ ਦਿਵਾਉਣ ਦੀ ਗੱਲ ਵੀ ਆਖਦੇ ਹਨ। ਇਸ ਮਾੜੇ ਵਰਤਾਰੇ ਨੂੰ ਠੱਲ੍ਹਣ ਦੀ ਲੋੜ ਹੈ। ਦੂਜੇ ਪਾਸੇ, ਪਰਵਾਸ ਦਾ ਰੁਝਾਨ ਇਹ ਸਾਬਿਤ ਕਰਦਾ ਹੈ ਕਿ ਪੰਜਾਬ ਵਿਚ ਹੁਣ ‘ਸਭ ਅੱਛਾ’ ਨਹੀਂ ਹੈ। ਚੰਗੇ ਕਾਰੋਬਾਰੀ, ਚੰਗੀਆਂ ਜ਼ਮੀਨਾਂ ਜਾਇਦਾਦਾਂ ਤੇ ਸਰਕਾਰੀ ਨੌਕਰੀਪੇਸ਼ਾ ਲੋਕ ਵੀ ਆਪਣੇ ਧੀਆਂ-ਪੁੱਤਾਂ ਨੂੰ ਵਿਦੇਸ਼ ਭੇਜ ਰਹੇ ਹਨ। ਵੱਡੀ ਗਿਣਤੀ ਵਿਚ ਨੌਜਵਾਨਾਂ ਦਾ ਮੁਲਕ ਛੱਡ ਕੇ ਵਿਦੇਸ਼ ਜਾਣਾ ਸਰਕਾਰਾਂ ਦੀ ਕਾਰਗੁਜ਼ਾਰੀ ’ਤੇ ਵੀ ਸਵਾਲੀਆ ਚਿੰਨ੍ਹ ਲਾਉਂਦਾ ਹੈ, ਕਿਉਂਕਿ ਨੌਜਵਾਨਾਂ ਨੂੰ ਚੰਗੀ ਪੜ੍ਹਾਈ ਕਰਕੇ ਵੀ ਰੁਜ਼ਗਾਰ ਨਹੀਂ ਮਿਲਦਾ। ਜੇਕਰ ਮਿਲਦਾ ਹੈ ਤਾਂ ਤਨਖ਼ਾਹਾਂ ਨਿਗੂਣੀਆਂ ਮਿਲਦੀਆਂ ਹਨ ਤੇ ਕੰਮ ਵਧੇਰੇ ਲਿਆ ਜਾਂਦਾ ਹੈ। ਇਸ ਕਾਰਨ ਲੋਕ ਸੋਚਦੇ ਹਨ ਕਿ ਇੱਕ ਵਾਰ ਪੈਸੇ ਲਾ ਕੇ ਧੀਆਂ-ਪੁੱਤਾਂ ਨੂੰ ਬਾਹਰ ਭੇਜ ਦਿੱਤਾ ਤਾਂ ਉਨ੍ਹਾਂ ਦੀ ਜ਼ਿੰਦਗੀ ਸਰੁੱਖਿਅਤ ਹੋ ਜਾਵੇਗੀ। ਹੁਣ ਇਹ ਦੇਖਣਾ ਹੋਵੇਗਾ ਕਿ ਲੋਕਾਂ ਦੀ ਵਿਦੇਸ਼ ਜਾਣ ਦੀ ਰਫ਼ਤਾਰ ਹੋਰ ਤੇਜ਼ ਹੁੰਦੀ ਹੈ ਜਾਂ ਸਰਕਾਰਾਂ ਅਜਿਹੇ ਬਦਲਵੇਂ ਪ੍ਰਬੰਧ ਕਰਨਗੀਆਂ, ਜਿਸ ਨਾਲ ਨੌਜਵਾਨ ਵਰਗ ਮੁੜ ਤੋਂ ਆਪਣੇ ਮੁਲਕ ਵੱਲ ਮੂੰਹ ਕਰੇਗਾ। ਸੰਪਰਕ: 97810-48055

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਧਾਰਾ-370 ਹਟਾਉਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਕੀਤੇ ‘ਲੌਕ...

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

* ਮੌਤਾਂ ਦੀ ਗਿਣਤੀ ਵਧ ਕੇ 119 ਹੋਈ; * ਮੋਗਾ ਅਤੇ ਲੁਧਿਆਣਾ ਦੇ ਪੇਂਟ ਸ...

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਕੋਵਿਡ- 19 ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਅਹਿਦ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

* ਕੇਵਲ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ; * ਸਰਕਾਰ ਨੂੰ 2303...

ਸ਼ਹਿਰ

View All