ਅੱਸੂ

ਦੇਸੀ ਮਹੀਨਿਆਂ ਦੀ ਲੜੀ ਤਹਿਤ ਸੰਗਰਾਂਦ ਵਾਲੇ ਿਦਨ, ਮਹੀਨੇ ਬਾਰੇ ਜਾਣਕਾਰੀ ਦਿੰਦਾ ਲੇਖ ਪੇਸ਼ ਹੈ। ਡਾ. ਹਰਪਾਲ ਸਿੰਘ ਪੰਨੂ ਐਤਕੀਂ ਅੱਸੂ ਮਹੀਨੇ ਬਾਰੇ ਵਾਕਿਫ਼ ਕਰਵਾ ਰਹੇ ਹਨ:

ਚਿੱਤਰਕਾਰ: ਸਿਧਾਰਥ

ਡਾ. ਹਰਪਾਲ ਸਿੰਘ ਪੰਨੂ

ਭਾਦੋਂ ਦਾ ਮਹੀਨਾ ਬੀਤਣ ਵਿਚ ਹੀ ਨਹੀਂ ਆਉਂਦਾ। ਹੁਮਸ, ਤੇਜ਼ ਧੁੱਪ, ਉੱਚੀਆਂ ਲੰਮੀਆਂ ਸੌਣੀ ਦੀਆਂ ਫ਼ਸਲਾਂ ਵਿਚ ਗੋਡੀ ਕਰਨੀ ਪੈਂਦੀ ਤਾਂ ਸਿਰ ਚਕਰਾਉਣ ਲੱਗਦਾ। ਚਰ੍ਹੀ, ਗੁਆਰਾ, ਕਮਾਦ, ਕਪਾਹ ਨਰਮਾ ਸਭ ਫ਼ਸਲਾਂ ਕੱਦਾਵਰ। ਭਾਦੋਂ ਦੇ ਮਹੀਨੇ ਕਪਾਹ ਨੂੰ ਫੁੱਲ ਲੱਗਦੇ ਹਨ। ਸ਼ਿਵ ਕੁਮਾਰ ਦੇ ਗੀਤ ਭਾਦੋਂ ਦੀ ਰੁੱਤ ਕਿਉਂ ਮੰਗਦੇ ਹਨ? ਜਦ ਪੈਣ ਕਪਾਹੀਂ ਫੁੱਲ ਵੇ ਧਰਮੀ ਬਾਬਲਾ। ਸਾਨੂੰ ਉਹ ਰੁੱਤ ਲੈ ਦਈਂ ਮੁੱਲ ਵੇ ਧਰਮੀ ਬਾਬਲਾ। ਕਵੀ ਅੱਸੂ ਦੀ ਮਿੱਠੀ ਕੋਸੀ ਰੁੱਤ ਮੰਗਦਾ ਤਾਂ ਭਲਾ ਹੁੰਦਾ। ਅੱਸੂ ਵਿਚ ਕਿੱਕਰਾਂ ਨੂੰ ਫੁੱਲ ਪੈਂਦੇ ਨੇ। ਪਹਿਲੀ ਵਾਰ ਧਰਤੀ ’ਤੇ ਜੇਠ ਹਾੜ੍ਹ ਵਿਚ ਤਾਰੇ ਤੋਂ ਕੋਈ ਅਜਨਬੀ ਉਤਰ ਕੇ ਕਿੱਕਰ ਦੇਖੇ, ਉਹ ਯਕੀਨ ਨਾ ਕਰੇ ਇਸ ਰੁੱਖ ’ਤੇ ਫੁੱਲ ਲੱਗ ਸਕਦੇ ਹਨ। ਸ਼ਾਇਰ ਕੁਲਵੰਤ ਸਿੰਘ ਗਰੇਵਾਲ ਦਾ ਮਾਹੀਆ ਹੈ: ਫੁੱਲ ਪੈ ਗਏ ਨੇ ਕਿੱਕਰਾਂ ਨੂੰ। ਸੂਲਾਂ ਵਾਂਗੂੰ ਵਿੰਨ੍ਹ ਜਾਂਦੇ, ਕੀ ਹੋ ਗਿਆ ਮਿੱਤਰਾਂ ਨੂੰ॥ ਭਾਦੋਂ ਮਹੀਨੇ ਮੱਛਰ ਮੱਖੀਆਂ ਤੰਗ ਕਰਦੇ ਹਨ। ਨਿੱਕੇ ਹੁੰਦੇ ਅਸੀਂ ਪੁੱਛਦੇ- ਮੱਛਰਾਂ ਦੇ ਡੰਗ ਏਨੇ ਤਿੱਖੇ ਕਿਵੇਂ ਹੋ ਜਾਂਦੇ ਨੇ ਮਾਂ? ਉਹ ਦੱਸਿਆ ਕਰਦੀ- ਤੁਸੀਂ ਲੁਹਾਰ ਦੀ ਆਹਰਨ ’ਤੇ ਜਾਂਦੇ ਹੋ, ਉੱਥੇ ਭੱਠੀ ਵਿਚ ਲਾਲ ਕਰਕੇ ਲੁਹਾਰ ਚਊ ਦਾ ਡੰਗ ਤਿੱਖਾ ਕਰਿਆ ਕਰਦੈ। ਇਸੇ ਤਰ੍ਹਾਂ ਭਾਦੋਂ ਵਿਚ ਧੁੱਪ ਦੀ ਭੱਠੀ ਵਿਚ ਤਪਾ ਕੇ ਮੱਛਰ ਡੰਗ ਤਿੱਖੇ ਕਰਦੇ ਨੇ। ਫਿਰ ਅਸੀਂ ਪੁੱਛਦੇ: ਕਦੋਂ ਛੁਟਕਾਰਾ ਹੋਊ ਮੱਛਰਾਂ ਤੋਂ? ਉਹ ਦੱਸਦੀ ਅੱਸੂ ਵਿਚ ਮੱਕੜੀ ਜਾਲੇ ਦਾ ਤਾਣਾ ਤਣੇਗੀ। ਉਸ ਦੇ ਜਾਲ ਵਿਚ ਮੱਛਰ ਫਸਣਗੇ। ਆਪਣੇ ਮਾਰਿਆਂ ਨਹੀਂ ਮਰਦੇ ਇਹ। ਕੁਦਰਤ ਭੇਜਦੀ ਹੈ, ਕੁਦਰਤ ਵਾਪਸ ਬੁਲਾ ਲੈਂਦੀ ਹੈ।

ਡਾ. ਹਰਪਾਲ ਸਿੰਘ ਪੰਨੂ

ਅੱਸੂ ਵਿਚ ਦੁਸਹਿਰਾ ਤੇ ਕੱਤੇ ਵਿਚ ਦੀਵਾਲੀ, ਦੋਵੇਂ ਤਿਉਹਾਰ ਈਦ ਅਤੇ ਕ੍ਰਿਸਮਿਸ ਦਿਨ ਜਿੱਡੇ ਵੱਡੇ। ਦੁਸਹਿਰੇ ਤੇ ਦੀਵਾਲੀ ਬਾਰੇ ਬੜਾ ਕੁਝ ਲਿਖਿਆ ਗਿਆ, ਪਰ ਜਦੋਂ ਗਿਆਨ ਪ੍ਰਕਾਸ਼ ਵਿਵੇਕ ਅਤੇ ਗੋਪੀ ਨਾਥ ਮਹੰਤੀ ਦੁਸਹਿਰੇ ਦੀਵਾਲੀ ਦੇ ਨਾਇਕਾਂ, ਆਪਣੇ ਵਡੇਰਿਆਂ ਨੂੰ ਯਾਦ ਕਰਦੇ ਹਨ, ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ। ਵਿਵੇਕ ਨੇ ਆਪਣੇ ਪਿੰਡ ਉੱਪਰ ਲੇਖ ਵਿਚ ਇਹ ਪੰਕਤੀਆਂ ਲਿਖੀਆਂ- ਮੇਰਾ ਪਿੰਡ ਚੁੱਪ ਚੁੱਪ ਰਹਿੰਦੈ। ਘੱਟ ਹਸਦੈ। ਸਾਲ ਵਿਚ ਦੋ ਤਿੰਨ ਵਾਰ ਤਿਉਹਾਰਾਂ ਦੇ ਦਿਨੀਂ ਹੱਸਦੈ। ਮੈਨੂੰ ਲੱਗਦਾ ਹੁੰਦੈ ਗੁਆਚੀ ਖੁਸ਼ੀ ਲੱਭਦਾ ਫਿਰਦੈ। ਗੁਆਚੀ ਖੁਸ਼ੀ ਲੱਭਣੀ ਓਨਾ ਔਖਾ ਕੰਮ ਜਿੰਨਾ ਔਖਾ ਡਿੱਗਿਆ ਹੰਝੂ ਚੁੱਕ ਕੇ ਦੁਬਾਰਾ ਅੱਖ ਵਿਚ ਪਾਉਣਾ। ਨੀਵੀਂ ਪਾਈ ਤੁਰਿਆ ਜਾਂਦਾ ਮੇਰਾ ਪਿੰਡ ਮੈਨੂੰ ਲੱਗਦਾ ਹੁੰਦੈ ਜਿਵੇਂ ਬਣਵਾਸ ਭੋਗਦਾ ਹੋਇਆ ਰਾਜਾ ਰਾਮਚੰਦ ਹੋਏ। ਗੋਪੀ ਨਾਥ ਮਹੰਤੀ ਦਾ ਉੜੀਆ ਨਾਵਲ ‘ਅੰਮ੍ਰਿਤ ਸੰਤਾਨ’ ਪੜ੍ਹੋ। ਮਹੰਤੀ ਜੰਗਲਾਤ ਅਫ਼ਸਰ ਸੀ, ਇੰਡੀਅਨ ਫਾਰੈਸਟ ਸਰਵਿਸਿਜ਼ ਵਿਚ। ਉਸਨੇ ‘ਕੰਧ’ ਨਾਮ ਦੇ ਜਾਂਗਲੀ ਕਬੀਲੇ ’ਤੇ ਛੇ ਸੌ ਪੰਨਿਆਂ ਦੀ ਕਿਤਾਬ ਲਿਖੀ। ਝੁੱਗੀਆਂ ਝੌਂਪੜੀਆਂ ਦੇ ਵਸਨੀਕ ਕੰਧਾਂ ਨੂੰ ਉਹ ਪੁੱਛਦਾ ਹੈ- ਤੁਹਾਡੇ ਝਗੜਿਆਂ ਦੇ ਫ਼ੈਸਲੇ ਕੌਣ ਕਰਦੈ? ਉੱਤਰ- ਸਾਡਾ ਸਰਦਾਰ। -ਸਰਦਾਰ ਕਿਵੇਂ ਚੁਣਦੇ ਹੋ? -ਚੁਣਦਾ ਕੌਣ ਹੈ? ਉਹ ਪੁਸ਼ਤੈਨੀ ਹੈ। ਲਉ ਅਹੁ ਆ ਰਿਹੈ ਸਾਡਾ ਸਰਦਾਰ ਸਰਬੂ। ਬਾਕੀ ਉਸੇ ਤੋਂ ਪੁੱਛੋ। ਮਹੰਤੀ ਕਹਿੰਦਾ -ਇਹ ਤਾਂ ਲੰਗੋਟੀਧਾਰੀ ਕੰਗਲਾ ਹੈ, ਤੁਹਾਡੇ ਵਰਗਾ। ਸਰਦਾਰ ਕੋਲ ਕੋਠੀ, ਘੋੜੀ, ਨੌਕਰ, ਧਨ ਹੁੰਦੈ। ਕੰਧ ਬੋਲੇ- ਧਨ ਦੌਲਤ ਕੋਠੀ ਇਹ ਕੀ ਚੀਜ਼ ਹੋਏ? ਹੁਕਮ ਵੱਡਾ ਹੁੰਦੈ। ਇਹ ਸਾਡਾ ਹਾਕਮ ਐ। ਮਹੰਤੀ- ਕਦੋਂ ਮਿਲੀ ਸਰਦਾਰੀ? ਸਰਬੂ- ਮਿਲੀ ਤਾਂ ਉਦੋਂ ਸੀ ਜਦੋਂ ਜ਼ਮੀਨ ਅਸਮਾਨ ਬਣੇ ਪਰ ਤ੍ਰੇਤੇ ਤਕ ਦਾ ਇਤਿਹਾਸ ਸਾਨੂੰ ਪਤੈ। ਬਣਵਾਸੀ ਰਾਮ ਲਛਮਣ ਨੇ ਇਸ ਜੰਗਲ ਵਿਚ ‘ਕੰਧ’ ਸਰਦਾਰ ਪਾਸੋਂ ਸ਼ਰਨਾਰਥੀਆਂ ਵਜੋਂ ਪਨਾਹ ਲਈ ਸੀ। ਧਨ ਕੁਬੇਰ ਜਦੋਂ ਉਨ੍ਹਾਂ ਦੀ ਔਰਤ ਚੁੱਕ ਕੇ ਲੈ ਗਿਆ ਅਸੀਂ ਹੀ ਤਾਂ ਲੰਕੇਸ਼ ਵਿਰੁੱਧ ਜੰਗ ਛੇੜੀ ਤੇ ਮਾਰਿਆ, ਪਰ ਤੁਹਾਨੂੰ ਪਤਾ ਈ ਐ ਧਨ ਕੁਬੇਰ ਮਰਿਆ ਨਹੀਂ ਕਰਦਾ, ਰੂਪ ਵਟਾਇਆ ਕਰਦਾ ਹੈ। ਹੁਣ ਧਨ ਕੁਬੇਰ ਨੇ ਸਾਡੀਆਂ ਜ਼ਮੀਨਾਂ ਖੋਹ ਲਈਆਂ, ਅਸੀਂ ਜੰਗਲਾਂ ਵਿਚ ਆ ਗਏ। ਉਹ ਜੰਗਲ ਕੱਟਦਾ ਕੱਟਦਾ ਆ ਰਿਹਾ ਹੈ। ਅਸੀਂ ਹਰ ਸਾਲ ਪਹਾੜੀ ਉੱਪਰ ਹੋਰ ਉੱਤੇ ਚੜ੍ਹ ਜਾਂਦੇ ਹਾਂ। ਧਨ ਕੁਬੇਰ ਲੋਹੇ ਦੀਆਂ ਪਟੜੀਆਂ ’ਤੇ ਚੜ੍ਹ ਚੜ੍ਹ ਸਾਡੇ ਵੱਲ ਵਧ ਰਿਹਾ ਹੈ। ਅਸੀਂ ਹੁਣ ਵੀ ਉਹੀ ਬਹਾਦਰ ਕੰਧ ਆਂ ਜਿਨ੍ਹਾਂ ਨੇ ਲੰਕੇਸ਼ ਧਨ ਕੁਬੇਰ ਮਾਰ ਲਿਆ ਸੀ। ਇਸ ਨਵੇਂ ਕੁਬੇਰ ਨੂੰ ਵੀ ਮਾਰ ਸਕਦੇ ਹਾਂ, ਪਰ ਹੁਣ ਸਾਡੇ ਕੋਲ ਸਾਡਾ ਰਾਮਚੰਦ ਨਹੀਂ ਨਾ। ਅਸੁਨਿ ਆਉ ਪਿਰਾ ਸਾ ਧਨ ਝੂਰਿ ਮੁਈ। ਤਾ ਮਿਲੀਐ ਪ੍ਰਭ ਮੇਲੇ ਦੂਜੇ ਭਾਇ ਖੁਈ। ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ। ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ। ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੇ ਜੋ ਮੀਠਾ। ਨਾਨਕ ਅਸੁਨਿ ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ॥ ਬਾਰਾਹ ਮਾਹਾ ਤੁਖਾਰੀ ਮ.1, ਗੁਰੂ ਗ੍ਰੰਥ ਪੰਨਾ 1108 (ਅੱਸੂ ਮਹੀਨਾ ਆ ਗਿਆ ਹੈ। ਹੇ ਪ੍ਰੀਤਮ ਦੁਖੀ ਇਸਤਰੀ ਨੂੰ ਮਿਲਣ ਆਓ। ਪ੍ਰਭ ਜੀ ਮਿਲਾਪ ਬਖਸ਼ਣਗੇ ਤਦ ਮਿਲਾਂਗੇ ਨਹੀਂ ਔਝੜ ਤਾਂ ਪੈ ਹੀ ਗਏ ਹਾਂ। ਪ੍ਰੀਤਮ ਤੋਂ ਵਿਛੁੜਨਾ ਵਿਨਾਸ਼ਕਾਰੀ ਹੈ। ਪਿਲਛੀ ਅਤੇ ਸਰਕੜੇ ਦੇ ਸਫੈਦ ਫੁੱਲ ਖਿੜ ਗਏ ਹਨ, ਭਾਵ ਬੁਢੇਪਾ ਆ ਗਿਆ ਹੈ। ਇਸ ਮਹੀਨੇ ਅੱਗੇ ਤਪਸ਼ ਹੈ, ਪਿੱਛੇ ਜਾੜਾ, ਇਸ ਸੰਕਟ ਵਿਚ ਦਿਲ ਧੀਰ ਨਹੀਂ ਧਰਦਾ। ਦਸੇ ਦਿਸ਼ਾਵਾਂ ਵਿਚ ਹਰਿਆਲੀ ਹੈ, ਫ਼ਲ ਸਹਿਜੇ ਸਹਿਜੇ ਪੱਕ ਕੇ ਮਿੱਠੇ ਹੋ ਜਾਣਗੇ। ਗੁਰੂ ਜੀ ਸਹਾਈ ਹੋਣ, ਪ੍ਰਭੂ ਨਾਲ ਮਿਲਾਪ ਹੋਵੇਗਾ।) ਸੰਪਰਕ: 94642-51454

ਵੱਖ ਵੱਖ ਪੰਜਾਬੀ ਕਵੀਆਂ ਨੇ ਅੱਸੂ ਨੂੰ ਇਸ ਤਰ੍ਹਾਂ ਯਾਦ ਕੀਤਾ ਹੈ- ਦੋਹਰਾ- ਅੱਸੂ ਲਿਖੂੰ ਸੰਦੇਸਰਾ, ਜੋ ਵਾਚੇ ਮੇਰਾ ਪੀਉ ਗਵਨ ਕੀਓ ਤੁਮ ਕਾਹੇ ਕੋ, ਮੇ ਤਨ ਕਲਮਲ ਜੀਉ। ਅੱਸੂ ਅਸਾਂ ਤੁਸਾਡੀ ਆਸੁ, ਜਿਗਰ ਮੁਢ ਪ੍ਰੇਮ ਦੀ ਲਾਸ ਧੁੱਖਣ ਹੱਡ ਸੁਕਾਏ ਮਾਸ, ਸਾਡੀ ਜਿੰਦ ਤੁਸਾਡੇ ਪਾਸ, ਸੂਲਾਂ ਸਾੜੀਆਂ। ਸੂਲਾਂ ਸਾੜੀ ਰਹੀ ਬਿਹਾਲ, ਮੁੱਠੀ ਤਦੋਂ ਨਾ ਗਈਆਂ ਨਾਲ ਉਲਟੀ ਪ੍ਰੇਮ ਨਗਰ ਦੀ ਚਾਲ, ਬੁਲ੍ਹਾ ਸ਼ਹੁ ਦੀ ਕਰਸਾਂ ਭਾਲ ਪਿਆਰੇ ਮਾਰੀਆਂ।। -ਬੁੱਲ੍ਹੇ ਸ਼ਾਹ ਹੁਣ ਅਸੂ ਆਂਸੂ ਚਲੀਆਂ, ਇਹ ਰਹਿਨ ਨਾ ਮੂਲੇ ਠੱਲ੍ਹੀਆਂ ਕੋਈ ਨਾਲੇ ਵਗਣ ਰੱਤ ਦੇ, ਮੈਂ ਰਹੀ ਦਿਲੇ ਨੂੰ ਮਤ ਦੇ, ਲਾ ਕਦਮ ਖਾਕ ਦਿਲਦਾਰ ਦੀ, ਜੋ ਠੱਲੇ ਜੋਸ਼ ਬਹਾਰ ਦੀ। ਪਏ ਹਰਫ਼ ਅਵੱਲੇ ਸਿੱਖਣੇ, ਮੈਂ ਦਫ਼ਤਰ ਕਿਤਨੇ ਲਿਖਣੇ, ਇਕ ਜਾਂਦਾ ਦੂਜਾ ਆਉਂਦਾ, ਇਕ ਬਾਲੇ ਅੱਗ ਬੁਝਾਂਵਦਾ, ਕਛ ਧੂੰ ਨਾ ਬਾਹਰ ਨਿਕਲੇ, ਕਿਆ ਖੁਸ਼ੀ ਹੈ ਇਸ ਨਾਰ ਦੀ। ਨਿੱਤ ਸਾੜਨ ਨੂੰ ਇਹ ਬੁਝਦੀ, ਇਹ ਪਾਣੀ ਪਾਇਆਂ ਨਾ ਸੁਝਦੀ, ਉਹ ਚੁਮਕੇ ਉਹ ਬੁਝਾਂਵਦਾ, ਨਿਤ ਸੂਲ ਹੱਡਾਂ ਨੂੰ ਖਾਂਵਦਾ, ਸਭ ਗੋਸ਼ਤ ਪੋਸਤ ਸਾੜਦੀ, ਫਿਰ ਆਹ ਹੱਡਾਂ ਨੂੰ ਸਾੜਦੀ। ਏਹ ਬੁਝ ਬੁਝ ਲੱਕ ਬੁਲਾਂਵਦੇ, ਇਹ ਬਲਦੀ ਨਾਹਿ ਬੁਝਾਂਵਦੇ, ਕਛੁ ਆਤਸ਼ ਪਾਸੋਂ ਭੀ ਰਹੇ, ਪਰ ਇਸ਼ਕੇ ਅਗੇ ਕੀ ਰਹੇ, ਇਹ ਹੱਡੀ ਪਈ ਨਾ ਛੱਡਦੀ, ਕੋਈ ਪਿਛਲੀ ਗੱਲ ਇਤਬਾਰ ਦੀ।। -ਖ਼ਵਾਜਾ ਫ਼ਰਦ ਫ਼ਕੀਰ

ਦੋਹਰਾ-ਅਸੂ ਆਂਸ ਤੋਤੀਆਂ, ਆਹੀ ਸਰਦ ਹਜ਼ਾਰ, ਤੱਤੀ ਠੰਢੀ ਸੁੱਖ ਨਹੀਂ, ਰਾਤੀ, ਦਿਹਾਂ, ਅੱਜ਼ਾਰ। ਝੂਲਨਾ- ਅਸੂ ਮਾਹ ਅਸਾਨ ਨਹੀਂ ਕਦੀ, ਰੋਵਾਂ ਤੇ ਕਦੀ ਉਸਾਸ ਭਰਾਂ। ਹੰਝੂ ਤੱਤੀਆਂ ਅਹੀ ਠੰਢੀਆਂ ਨੀ, ਰਾਤੀ ਦਿਹਾਂ ਏਵੇਂ ਪਈ ਮਰਾਂ ਡਰਾਂ, ਭੱਠ ਵਿਹੜੇ ਤੇ ਨਾਲ ਹਵੇਲੀਆਂ ਨੀ, ਮੈਂ ਤਾਂ ਭਾਹਿ ਲਾਏਨੀਆਂ ਦਰਾਂ ਘਰਾਂ। ਅਸੂ ਮਾਹ ਵਿਲਾਲਾ ਕਿਸਾਲਾ ਸਈਓ, ਜ਼ਰਾ ਭੋਰਾ ਨਾ ਕੋਈ ਮੈਂ ਧੀਰ ਧਰਾਂ। -ਸੱਯਦ ਸ਼ਾਹ ਮੁਰਾਦ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All