ਅੱਜ ਵੀ ਕੋਈ ਪੂਰਾ ਪਰਿਵਾਰ ਪੰਜਾਬੀ ਫ਼ਿਲਮ ਦੇਖਣ ਨਹੀਂ ਜਾਂਦਾ: ਬਾਬੂ ਸਿੰਘ ਮਾਨ

ਅਜੀਤਪਾਲ ਜੀਤੀ

ਪੰਜਾਬੀ ਗੀਤਕਾਰੀ ਵਿੱਚ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਦਾ ਹਾਲੇ ਤਕ ਕੋਈ ਬਦਲ ਨਜ਼ਰ ਨਹੀਂ ਆ ਰਿਹਾ। ਉਸ ਦੀ ਅੱਧੀ ਸਦੀ ਤੋਂ ਪੂਰੀ ਚੜ੍ਹਾਈ ਹੈ।  ਉਸ ਨੇ ਨਾ ਤਾਂ ਕਦੇ ਆਪਣੀ ਦਾੜ੍ਹੀ ਵਿੱਚ ਵਾਲ ਚਿੱਟਾ ਨਜ਼ਰ ਆਉਣ ਦਿੱਤਾ ਹੈ ਤੇ ਨਾ ਹੀ ਗੀਤਾਂ ਵਿੱਚ ਥਕਾਵਟ। ਉਸ ਦੇ ਹਰ ਗੀਤ ਵਿੱਚ ਰੁਮਕਦੇ ਪੁਰੇ ਦੇ ਬੁੱਲੇ ਵਰਗੀ ਸਰਸਰਾਹਟ ਹੁੰਦੀ ਹੈ। ਬਾਬੂ ਸਿੰਘ ਮਾਨ ਦੇ ਅਨੇਕ ਗੀਤ, ਲੋਕ ਗੀਤਾਂ ਦਾ ਰੁਤਬਾ ਹਾਸਲ ਕਰ ਚੁੱਕੇ ਹਨ। ਪੰਜਾਹ ਸਾਲ ਦੇ ਸਫ਼ਰ ਵਿੱਚ ਉਹ ਕਦੇ ਵੀ ਥੱਕਿਆ ਜਾਂ ਹਾਰਿਆ ਨਹੀਂ। ਉਸ ਨੇ ਨਾ ਕਦੇ ਆਪਣੇ ਖਾਣ-ਪੀਣ ’ਤੇ ਪਾਬੰਦੀਆਂ ਲਗਾਈਆਂ ਹਨ ਤੇ ਨਾ ਜਿਊਣ ’ਤੇ। ਉਨ੍ਹਾਂ ਨਾਲ ਹੋਈ ਮੁਲਾਕਾਤ ਦੇ ਮੁੱਖ ਅੰਸ਼ ਪਾਠਕਾਂ ਲਈ ਪੇਸ਼ ਹਨ- ਤੁਹਾਨੂੰ ਪਹਿਲੀ ਵਾਰ ਕਦੋਂ ਲੱਗਿਆ ਕਿ ਤੁਸੀਂ ਗੀਤ ਲਿਖ ਸਕਦੇ ਹੋ? - ਮੇਰੀ ਸ਼ੁਰੂਆਤ ਗੀਤਾਂ ਤੋਂ ਨਹੀਂ ਹੋਈ। ਸਭ ਤੋਂ ਪਹਿਲਾਂ ਮੈਂ ਕੁਝ ਕਵਿਤਾਵਾਂ ਲਿਖੀਆਂ ਅਤੇ ਆਪਣੇ ਪ੍ਰੋਫੈਸਰ ਨਰੂਲਾ ਸਾਹਿਬ ਨੂੰ ਦਿਖਾਈਆਂ। ਨਰੂਲਾ ਜੀ  ਮੈਨੂੰ ਕਹਿੰਦੇ ਕਿ ਜਿਹੜੀਆਂ ਕਵਿਤਾਵਾਂ ਤੂੰ ਲਿਖੀਆਂ ਨੇ, ਇਹ ਤੇਰੇ ਕਿਸੇ ਕੰਮ ਨਹੀਂ ਆਉਣੀਆਂ। ਉਨ੍ਹਾਂ ਮੈਨੂੰ ਪ੍ਰੇਰਿਤ ਕੀਤਾ ਕਿ ਜੋ ਤੂੰ ਦੇਖਦਾ ਹੈਂ, ਉਹ ਲਿਖਿਆ ਕਰ। ਮੈਂ ਇਹ ਗੱਲ ਪੱਲੇ ਬੰਲ੍ਹ ਲਈ। ਕਵਿਤਾਵਾਂ ਪਾੜ ਕੇ ਸੁੱਟ ਦਿੱਤੀਆਂ ਅਤੇ ਗੀਤਾਂ ਦੁਆਲੇ ਹੋ ਗਿਆ। ਮੈਂ ਪਿੰਡ ਵਿੱਚ ਰਹਿੰਦਾ ਸੀ ਅਤੇ ਪਾਤਰ ਮੇਰੇ ਆਲੇ-ਦੁਆਲੇ ਘੁੰਮਦੇ ਸਨ। ਮੈਂ ਉਸ ਵੇਲੇ ਵੀ ਸੱਚ ਜਾਂ ਸੱਚ ਦੇ ਨੇੜੇ ਰਹਿ ਕੇ ਲਿਖਣ ਦੀ ਕੋਸ਼ਿਸ਼ ਕੀਤੀ। ਲੋਕਾਂ ਦੀ ਬੋਲੀ ਤੇ ਲੋਕਾਂ ਦੀ ਗੱਲ ਨੂੰ ਮੈਂ ਆਪਣੀ  ਲੇਖਣੀ ਦੀ ਚਾਸ਼ਣੀ ਵਿੱਚ ਰੰਗ ਕੇ ਗੀਤ ਲਿਖਣੇ ਸ਼ੁਰੂ ਕੀਤੇ। 1964 ਵਿੱਚ ਮੇਰੀ ਪਹਿਲੀ ਕਿਤਾਬ ‘ਗੀਤਾਂ ਦਾ ਵਣਜਾਰਾ’ ਛਪੀ ਅਤੇ ਇਸ ਦੇ ਨਾਲ ਹੀ ਕਲਾਕਾਰ ਮੇਰੇ ਕੋਲ ਗੀਤ ਲੈਣ ਲਈ ਆਉਣ ਲੱਗ ਪਏ। ਅੱਜ ਤਕ ਮੈਂ ਕਦੇ ਵੀ ਸੋਚ ਕੇ ਗੀਤ ਨਹੀਂ ਲਿਖਿਆ। ਬਸ, ਜੋ ਮੈਂ ਦੇਖਿਆ, ਉਸ ਨੂੰ ਕਾਗ਼ਜ਼ ’ਤੇ ਉਤਾਰ ਦਿੱਤਾ। ਤੁਸੀਂ ਆਪਣੇ ਕਿਸੇ ਸਮਕਾਲੀ ਗੀਤਕਾਰ ਤੋਂ ਵੀ ਪ੍ਰਭਾਵਿਤ ਹੋਏ? - ਉਸ ਵੇਲੇ ਮੈਨੂੰ ਨੰਦ ਲਾਲ ਨਰੂਪੁਰੀ ਚੰਗਾ ਲੱਗਿਆ ਸੀ। ਗੁਰਦੇਵ ਸਿੰਘ ਮਾਨ ਵੀ ਮੈਨੂੰ ਚੰਗੇ ਲੱਗੇ। ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ, ਧਨੀ ਰਾਮ ਚਾਤ੍ਰਿਕ ਬੜੇ ਵਧੀਆ ਲੱਗੇ। ਇਹ ਮੇਰੇ ਪ੍ਰੇਰਨਾ ਸਰੋਤ ਹਨ। ਉਂਜ ਪੜ੍ਹਿਆ ਮੈਂ ਸਾਰੇ ਸ਼ਾਇਰਾਂ ਨੂੰ ਹੈ। ਹੋ ਸਕਦੈ ਕਿ ਸਾਹਿਤ ਦਾ ਮੇਰੇ ਅਚੇਤ ਮਨ ’ਤੇ ਤਾਂ ਅਸਰ ਪਿਆ ਹੋਵੇ ਪਰ ਸੁਚੇਤ ਰੂਪ ਵਿੱਚ ਮੈਂ ਕਿਸੇ ਤੋਂ ਪ੍ਰਭਾਵਿਤ ਹੋ ਕੇ ਨਹੀਂ ਲਿਖਿਆ, ਨਹੀਂ ਤਾਂ ਮੈਂ ਹੂਬਹੂ ਉਨ੍ਹਾਂ ਦੀ ਨਕਲ ਕਰ ਜਾਣੀ ਸੀ। ਮੈਂ ਉਰਦੂ ਸਾਹਿਤ ਵੀ ਬਹੁਤ ਪੜ੍ਹਿਆ ਜਿਸ ਨੇ ਮੇਰੀ ਸ਼ਾਇਰੀ ਵਿੱਚ ਨਿਖਾਰ ਲਿਆਂਦਾ। ਉਰਦੂ ਪੜ੍ਹੇ ਬਿਨਾਂ ਸ਼ਾਇਰ ਨੂੰ ਸੂਖਮਤਾ ਦਾ ਅਹਿਸਾਸ ਨਹੀਂ ਹੋ ਸਕਦਾ। ਪਹਿਲਾ ਗੀਤ ਕਿਹੜਾ ਰਿਕਾਰਡ ਹੋਇਆ ਸੀ? - ਮੇਰਾ ਪਹਿਲਾ ਗੀਤ ਸੁਰਿੰਦਰ ਕੌਰ ਤੇ ਹਰਚਰਨ ਗਰੇਵਾਲ ਨੇ ਗਾਇਆ ਸੀ ‘ਆ ਗਿਆ ਵਣਜਾਰਾ’, ਜੋ ਪੂਰਾ ਹਿੱਟ ਹੋਇਆ। ਉਸ ਵੇਲੇ ਸੁਰਿੰਦਰ ਕੌਰ ਵੱਡਾ ਨਾਂ ਸੀ। ਇਹ 1964 ਵਿੱਚ ਰਿਕਾਰਡ ਹੋਇਆ ਸੀ ਅਤੇ ਇਹ ਐਚਐਮਵੀ ਕੰਪਨੀ ਨੇ ਰਿਕਾਰਡ ਕੀਤਾ ਸੀ। ਤੁਹਾਨੂੰ ਜ਼ਿਆਦਾ ਹਰਮਨਪਿਆਰਤਾ ਸਦੀਕ ਤੇ ਰਣਜੀਤ ਤੋਂ ਮਿਲੀ? - ਨਹੀਂ, ਮੈਨੂੰ ਪ੍ਰਸਿੱਧੀ ਜਾਂ ਨਾਮ ਲਈ ਕਦੇ ਭੱਜਣਾ ਨਹੀਂ ਪਿਆ। ਉਸ ਵੇਲੇ ਲਿਖਣ ਵਾਲੇ ਬਹੁਤੇ ਨਹੀਂ ਹੁੰਦੇ ਸਨ। ਪੂਰੇ ਸਾਲ ਵਿੱਚ ਮਸਾਂ 20 ਗੀਤ ਰਿਕਾਰਡ ਹੁੰਦੇ ਸਨ, ਜਿਨ੍ਹਾਂ ਵਿੱਚੋਂ ਮੇਰੇ ਇਕੱਲੇ ਦੇ 16 ਗੀਤ ਹੁੰਦੇ ਸਨ। ਉਂਜ ਮੇਰੀ ਸਦੀਕ ਨਾਲ ਨੇੜਤਾ ਹੋ ਗਈ ਸੀ। ਇਸ ਕਰਕੇ ਮੇਰਾ ਇਨ੍ਹਾਂ ਨਾਲ ਜ਼ਿਆਦਾ ਲਗਾਓ ਹੋ ਗਿਆ ਸੀ। ਹੁਣ ਮੇਰੀ ਨੇੜਤਾ ਹਰਭਜਨ ਨਾਲ ਹੈ। ਕਿਸੇ ਵੇਲੇ ਦਿਲਸ਼ਾਦ ਨਾਲ ਸੀ ਤੇ ਕਦੇ ਸੁਖਵਿੰਦਰ ਨਾਲ ਵੀ ਰਹੀ। ਮੈਂ ਐਲਬਮ ਦਾ ਸੁਭਾਅ ਬਣਾ ਕੇ ਚਲਦਾ ਹਾਂ। ਮੈਂ ਜਦੋਂ ਵੀ ਕੋਈ ਕੰਮ ਕਰਦਾ ਹਾਂ ਤਾਂ ਪੂਰੇ ਪ੍ਰਾਜੈਕਟ ਦਾ ਕਰਤਾ ਮੈਂ ਹੀ ਹੁੰਦਾ ਹਾਂ ਅਤੇ ਆਪਣੀ ਮਰਜ਼ੀ ਨਾਲ ਐਲਬਮ ’ਚ ਰੰਗ ਭਰਦਾ ਹਾਂ। ਸਦੀਕ ਨਾਲ ਫ਼ਰਕ ਕਿਉਂ ਪੈ ਗਿਆ? - ਅਸਲ ਵਿੱਚ ’84 ਵਿੱਚ ਪੰਜਾਬ ਦੇ ਹਾਲਾਤ ਹੀ ਐਨੇ ਮਾੜੇ ਹੋ ਗਏ ਸਨ ਕਿ ਗਾਉਣਾ-ਵਜਾਉਣਾ ਬੰਦ ਹੋ ਗਿਆ ਸੀ। ਕਿਤਾਬਾਂ ਵੀ ਵਿਕਣੋਂ ਬੰਦ ਹੋ ਗਈਆਂ ਸਨ। ਫੇਰੇ ਮੈਂ ਬੰਬੇ ਚਲਾ ਗਿਆ ਅਤੇ ਉੱਥੇ ਨਵੀਂ ਗੁੱਡੀਆਂ-ਨਵੇਂ ਪਟੋਲੇ ਮਿਲ ਗਏ। ਹੋਰ ਕੋਈ ਖ਼ਾਸ ਵਜ੍ਹਾ ਨਹੀਂ ਸੀ। ਫਿਰ ਫ਼ਿਲਮਾਂ ਵਿੱਚ ਲੱਗ ਗਏ। ‘ਰਾਣੋ’ ਤੇ ‘ਸੈਦਾ ਜੋਗਣ’ ਬਣਾਈਆਂ। ਫਿਰ ਸਦੀਕ ਪੰਜਾਬ ਸੀ ਤੇ ਮੈਂ ਬੰਬੇ। ਇਸ ਦੌਰਾਨ ਲਿਖਣ ਦਾ ਕੰਮ ਘਟ ਗਿਆ। ਕੁਝ ਸਾਲ ਤਾਂ ਲਿਖਿਆ ਹੀ ਨਹੀਂ। ਸਾਡੀ ਦੂਰੀ ਦੀ ਹੋਰ ਕੋਈ ਖ਼ਾਸ ਵਜ੍ਹਾ ਨਹੀਂ ਸੀ। ਤੁਹਾਡੀ ਦੂਜੀ ਪਾਰੀ ਦੀ ਸ਼ੁਰੂਆਤ ਕਿੱਥੋਂ ਮੰਨੀਏ? - ਦੂਜੀ ਪਾਰੀ ਮੇਰੀ ਦਿਲਸ਼ਾਦ ਅਖ਼ਤਰ ਤੋਂ ਸੀ। 1989 ਵਿੱਚ ‘ਨੱਚੀਂ ਸਾਡੇ ਨਾਲ’ ਅਤੇ ਫੇਰ ‘ਦੇਸੀ ਬਾਂਦਰੀ’ ਰਿਕਾਰਡ ਕੀਤੀ। ਉਨ੍ਹਾਂ ਦਿਨਾਂ ਵਿੱਚ ਸੁਖਵਿੰਦਰ ਤੇ ਮੰਗਲ ਵੀ ਰਿਕਾਰਡ ਕੀਤੇ। ਇਸ ਤੋਂ ਪਹਿਲਾਂ ਮਹਿੰਦਰ ਕਪੂਰ ਦੀ ਸੁਪਰਹਿੱਟ ਟੇਪ ‘ਭਾਬੀ ਗੱਲ ਨਾ ਕਰੀਂ’ 1986 ਵਿੱਚ ਕੀਤੀ। ਇਸ ਟੇਪ ਦੇ ਦਸ ਗੀਤ ਮੈਂ ਸਟੂਡੀਓ ਵਿੱਚ ਬੈਠ ਕੇ ਲਿਖੇ ਅਤੇ ਮਹਿੰਦਰ ਕਪੂਰ ਜੀ ਨੇ ਗਾ ਦਿੱਤੇ। ਇਹ ਲੰਡਨ ਰਿਕਾਰਡ ਕੀਤੀ ਸੀ। ਜਗਜੀਤ ਸਿੰਘ ਨਾਲ ਵੀ ਕੁਝ ਟੇਪਾਂ ਕੀਤੀਆਂ। ਤੁਸੀਂ ਉਦਾਸ, ਰੋਮਾਂਟਿਕ ਤੇ ਕਾਮੇਡੀ ਤਕਰੀਬਨ ਸਭ ਤਰ੍ਹਾਂ ਦੇ ਗੀਤ ਲਿਖੇ ਹਨ। ਤੁਹਾਡੀ ਪਸੰਦ ਕੀ ਹੈ? - ਬੰਦਾ ਜਾਂ ਤਾਂ ਰੋਂਦਾ ਹੈ ਜਾਂ ਹੱਸਦਾ ਤੇ ਰੋਮਾਂਸ ਕਰਦਾ ਹੈ। ਮੈਂ ਜਦੋਂ ਵੀ ਕੁਝ ਲਿਖਿਆ ਹੈ ਤਾਂ ਉਸ ਖ਼ਿਆਲ ਵਿੱਚ ਡੁੱਬ ਕੇ ਲਿਖਿਆ ਹੈ। ਜੇਕਰ ਮੈਂ ਉਦਾਸ ਗੀਤ ਲਿਖਿਆ ਹੈ ਤਾਂ ਮੈਂ ਲਿਖਣ ਵੇਲੇ ਜ਼ਰੂਰ ਰੋਇਆ ਹੋਵਾਂਗਾ, ਰੋਮਾਂਸ ਦੀ ਤਰਜ਼ਮਾਨੀ ਕੀਤੀ ਹੈ ਤਾਂ ਮੈਂ ਰੋਮਾਂਟਿਕ ਹੋਵਾਂਗਾ ਅਤੇ ਕਾਮੇਡੀ ਲਿਖਿਆ ਹੈ ਤਾਂ ਮੈਂ ਰੱਜ ਕੇ ਹੱਸਿਆ ਹੋਵਾਂਗਾ। ਇਹ ਤਿੰਨੇ ਗੱਲਾਂ ਹੀ ਮੇਰੇ ਨੇੜੇ ਹਨ। ਬਾਕੀ ਪੰਜਾਬੀਅਤ ਦਾ ਮੈਂ ਸ਼ੈਦਾਈ ਹਾਂ। ਦਹਾਕਿਆਂ ਬੱਧੀ ਸਮਾਂ ਬੰਬੇ ਰਹਿਣ ਦੇ ਬਾਵਜੂਦ ਮੇਰਾ ਮਨ ਪੰਜਾਬ ’ਚ ਵੱਸਦਾ ਹੈ। ਮੈਨੂੰ ਕਿੰਨੇ ਹੀ ਹਿੰਦੀ ਫ਼ਿਲਮਾਂ ਵਾਲਿਆਂ ਨੇ ਕਿਹਾ ਸਾਡੇ ਲਈ ਲਿਖੋ, ਪਰ ਮੈਂ ਕਦੇ ਅਜਿਹਾ ਨਹੀਂ ਕੀਤਾ ਕਿਉਂਕਿ ਮੈਂ ਕਦੇ ਦਿਮਾਗ਼ ਨਾਲ ਨਹੀਂ ਲਿਖ ਸਕਦਾ। ਮੈਂ ਹਿੰਦੀ ਦਾ ਸ਼ਬਦ ਵੀ ਕਦੇ-ਕਦਾਈਂ ਹੀ ਵਰਤਿਆ ਹੋਵੇਗਾ। ਅਜੋਕੀ ਗਾਇਕੀ ਬਾਰੇ ਕੀ ਕਹੋਗੇ? - ਅਜੋਕੀ ਗਾਇਕੀ, ਗਾਇਕੀ ਨਹੀਂ ਰਹੀ। ਅੱਜ ਦੇ ਕਲਾਕਾਰ ਇਹ ਨਹੀਂ ਸਮਝਦੇ ਕਿ ਕੰਪਿਊਟਰ ਦਿਮਾਗ਼ ਨੂੰ ਪੜ੍ਹ ਸਕਦਾ ਹੈ, ਪਰ ਦਿਲ ਨੂੰ ਨਹੀਂ। ਜਿਹੜੇ ਅੱਜ ਤੁਹਾਨੂੰ ਗਾਉਣ ਵਾਲੇ ਨਜ਼ਰ ਆਉਂਦੇ ਨੇ, ਇਹ ਮਸ਼ੀਨਾਂ ਨੇ ਬਣਾਏ ਹਨ। ਅੱਗੇ ਅਖਾੜਿਆਂ ’ਚ ਢੱਡ ਸਾਰੰਗੀ ਸੀ, ਅਲਗੋਜ਼ੇ ਸੀ ਤੇ ਇਨ੍ਹਾਂ ਦਾ ਮਨੁੱਖ ਨਾਲ ਸਿੱਧਾ ਸਬੰਧ ਸੀ। ਹੁਣ ਮਸ਼ੀਨਾਂ ਦਾ ਸੰਗੀਤ ਦਿਲ ’ਤੇ ਨਹੀਂ ਵੱਜਦਾ। ਇਹ ਮਸ਼ੀਨਾਂ ਅੱਜ ਵੀ ਗਈਆਂ ਤੇ ਕੱਲ੍ਹ ਵੀ ਗਈਆਂ। ਮਸ਼ੀਨੀ ਯੁੱਗ ਨੇ ਕਲਾ ਦਾ ਖ਼ਾਤਮਾ ਕਰ ਦਿੱਤਾ ਹੈ। ਗ਼ੈਰ ਕਲਾਕਾਰਾਂ ਨੇ ਅਸਲੀ ਕਲਾਕਾਰਾਂ ਦੀ ਕਦਰ ਵੀ ਘਟਾ ਦਿੱਤੀ ਹੈ। ਪਹਿਲਾ ਹਮਲਾ ਸਾਹਿਤ ਤੇ ਗਾਇਕੀ ’ਤੇ ਟੀਵੀ ਨੇ ਕੀਤਾ। ਅੱਜ ਦੀ ਗਾਇਕੀ ਨੂੰ ਗਾਇਕੀ ਆਖਣਾ ਆਪਣੀ ਸਮਝ ’ਤੇ ਬੱਠਲ ਮੂਧਾ ਮਾਰਨਾ ਹੈ। ਪੰਜਾਬੀ ਸਿਨਮੇ ਬਾਰੇ ਕੀ ਕਹੋਗੇ? - ਪੰਜਾਬੀ ਸਿਨਮਾ ਪੰਜ-ਚਾਰ ਸਾਲ ਚਲਦਾ ਹੈ ਅਤੇ ਫੇਰ ਬੰਦ ਹੋ ਜਾਂਦਾ ਹੈ। ਪਿਛਲੇ ਦਸ ਬਾਰਾਂ ਸਾਲ ਕੋਈ ਫ਼ਿਲਮ ਨਹੀਂ ਬਣੀ ਸੀ। ਫੇਰ ਅਸੀਂ ‘ਜੀ ਆਇਆਂ ਨੂੰ’ ਬਣਾਈ। ਇਸ ਨਾਲ ਪੰਜਾਬੀ ਫ਼ਿਲਮਾਂ ਦਾ ਰਾਹ ਖੁੱਲ੍ਹ ਗਿਆ। ਐਨਆਰਆਈ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਭਾਰ ਕੇ ਅਸੀਂ ਦਾਇਰਾ ਵਧਾਇਆ। ਹੁਣ ਪੰਜਾਬੀ ਸਿਨਮਾ ਸਿਰਫ਼ ਕਾਮੇਡੀ ਤਕ ਸੀਮਤ ਹੋ ਗਿਆ ਹੈ। ਹੁਣ ਫ਼ਿਲਮਾਂ ਵਿੱਚ ਗ਼ੈਰ ਪੇਸ਼ੇਵਰ ਲੋਕ ਆ ਗਏ ਹਨ। ਅਸਲ ਵਿੱਚ ਜਿਨ੍ਹਾਂ ਦੇ ਵਪਾਰ ਫੇਲ੍ਹ ਹੋ ਗਏ, ਉਹ ਫ਼ਿਲਮਾਂ ਬਣਾਉਣ ਲੱਗ ਪਏ। ਹੁਣ ਐਡੀ ਗੱਲ ਹੈ ਨਹੀਂ, ਜਿੱਡੀ ਨਜ਼ਰ ਆ ਰਹੀ ਹੈ। ਪੰਜਾਬ ਵਿੱਚ ਕੋਈ ਵੀ ਪਰਿਵਾਰ ਪੰਜਾਬੀ ਫ਼ਿਲਮ ਦੇਖਣ ਨਹੀਂ ਜਾਂਦਾ। ਹੁਣ ਫ਼ਿਲਮਾਂ ਜ਼ਰੂਰ ਆ ਰਹੀਆਂ ਹਨ, ਪਰ ਚੰਗਾ ਕੁਝ ਨਹੀਂ ਹੋ ਰਿਹਾ। ਫਿਰ ਵੀ ਸਾਡੇ ਯਤਨ ਜਾਰੀ ਰਹਿਣਗੇ। ਇਹ ਗ਼ੈਰ ਪੇਸ਼ੇਵਰ ਲੋਕਾਂ ਨੇ ਨੌਜਵਾਨਾਂ ਦੀ ਪਸੰਦ ਹੀ ਵਿਗਾੜ ਕੇ ਰੱਖ ਦਿੱਤੀ ਹੈ। ਸਾਰੀਆਂ ਫ਼ਿਲਮਾਂ ਇਕੋ ਜਿਹੀਆਂ ਹੀ ਨਜ਼ਰ ਆ ਰਹੀਆਂ ਹਨ। ਪੰਜਾਬੀ ਗਾਇਕੀ ਵਿੱਚ ਗੁਰਦਾਸ ਮਾਨ ਤੋਂ ਬਿਨਾਂ ਕੋਈ ਕਲਾਕਾਰ ਐਨਾ ਸਮਾਂ ਟਿਕ ਨਹੀਂ ਸਕਿਆ? - ਗੁਰਦਾਸ ਦੀ ਸਭ ਤੋਂ ਪਹਿਲੀ ਖ਼ੂਬੀ ਉਸ ਦੀ ਪਰਫਾਰਮੈਂਸ ਹੈ। ਬਾਕੀ ਉਸ ਨੇ ਕਦੇ ਆਪਣੀ ਇਮੇਜ ਤੋਂ ਬਾਹਰ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਜਦੋਂ ਕਲਾਕਾਰ ਜ਼ਿਆਦਾ ਸਿਆਣਾ ਬਣਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਉਹ ਰਾਹ ਤੋਂ ਭਟਕ ਜਾਂਦਾ ਹੈ। ਤੁਸੀਂ ਓਹੇ ਜਿਹੇ ਕੱਪੜੇ ਪਾਓ, ਜੋ ਤੁਹਾਨੂੰ ਜੱਚਦੇ ਹੋਣ, ਦੂਜੀ ਦੀ ਰੀਸ ਨਾ ਕਰੋ। ਹੁਣ ਹਰਭਜਨ ਅਤੇ ਮੈਂ 14 ਸਾਲ ਤੋਂ ਕੰਮ ਕਰ ਰਹੇ ਹਾਂ। ਕਦੇ ਵੀ ਸਾਡੀ ਐਲਬਮ ਅਜਿਹੀ ਨਹੀਂ ਜਿਸ ਨੂੰ ਹੁੰਗਾਰਾ ਨਾ ਮਿਲਿਆ ਹੋਵੇ। ਬੇਸ਼ੱਕ ਕੰਪਨੀ ਦੇ ਕਹਿਣ ’ਤੇ ਅਸੀਂ ਵੀ ਇੱਕ ਦੋ ਵਾਰ ਏਧਰ ਓਧਰ ਜਾਣ ਦੀ ਕੋਸ਼ਿਸ਼ ਕੀਤੀ, ਪਰ ਫੇਰ ਉੱਥੇ ਹੀ ਆ ਗਏ। ਭਵਿੱਖ ਦੀਆਂ ਕੀ ਯੋਜਨਾਵਾਂ ਹਨ? - ਮੈਂ ਕਦੇ ਕੋਈ ਯੋਜਨਾ ਬਣਾ ਕੇ ਨਹੀਂ ਚੱਲਿਆ। ਜੇ ਮੈਂ ਯੋਜਨਾ ਕਰਨ ਲੱਗ ਪਿਆ, ਫੇਰ ਤਾਂ ਮੈਂ ਯੋਜਨਾਕਾਰ ਬਣ ਜਾਵਾਂਗਾ। ਬਾਕੀ ਜੋ ਵੀ ਕੰਮ ਹੋਵੇਗਾ, ਉਹ ਲੋਕਾਂ ਦੇ ਸਾਹਮਣੇ ਆ ਜਾਵੇਗਾ। ਮੈਂ ਲੰਮੇ ਸਮੇਂ ਲਈ ਸੋਚ ਕੇ ਆਪਣੀ ਸ਼ਾਂਤੀ ਨਹੀਂ ਭੰਗ ਕਰਨਾ ਚਾਹੁੰਦਾ। ਜੋ ਹੋਊ, ਦੇਖੀ ਜਾਊ।

ਸੰਪਰਕ: 81466-79801

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All