ਅੰਮ੍ਰਿਤਸਰ ਸਣੇ ਛੇ ਹਵਾਈ ਅੱਡਿਆਂ ਦੇ ਨਿੱਜੀਕਰਨ ਦੀ ਸਿਫ਼ਾਰਿਸ਼

ਨਵੀਂ ਦਿੱਲੀ, 1 ਦਸੰਬਰ ਭਾਰਤੀ ਹਵਾਈ ਅੱਡਾ ਅਥਾਰਟੀ (ਏਏਆਈ) ਨੇ ਪੰਜਾਬ ਦੇ ਅੰਮ੍ਰਿਤਸਰ ਸਣੇ ਦੇਸ਼ ਦੇ ਛੇ ਹਵਾਈ ਅੱਡਿਆਂ ਦਾ ਨਿੱਜੀਕਰਨ ਕਰਨ ਦੀ ਸਿਫ਼ਾਰਿਸ਼ ਕੇਂਦਰ ਸਰਕਾਰ ਨੂੰ ਕੀਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਥਾਰਿਟੀ ਨੇ ਕੇਂਦਰ ਸਰਕਾਰ ਨੂੰ ਅੰਮ੍ਰਿਤਸਰ, ਵਾਰਾਣਸੀ, ਭੁਬਨੇਸ਼ਵਰ, ਇੰਦੌਰ, ਰਾਏਪੁਰ ਤੇ ਤ੍ਰਿਚੀ ਦੇ ਹਵਾਈ ਅੱਡਿਆਂ ਦਾ ਨਿੱਜੀਕਰਨ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਇਸ ਸਾਲ ਫਰਵਰੀ ਮਹੀਨੇ ਵਿੱਚ ਲਖਨਊ, ਅਹਿਮਦਾਬਾਦ, ਜੈਪੁਰ, ਮੰਗਲੁਰੂ, ਤਿਰੂਵਨੰਤਪੁਰਮ ਅਤੇ ਗੁਹਾਟੀ ਦੇ ਹਵਾਈ ਅੱਡਿਆਂ ਦੇ ਸੰਚਾਲਨ, ਪ੍ਰਬੰਧਨ ਅਤੇ ਵਿਕਾਸ ਦਾ ਕੰਮ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਰਾਹੀਂ ਸ਼ੁਰੂ ਕੀਤਾ ਜਾ ਚੁੱਕਾ ਹੈ। ਇਨ੍ਹਾਂ ਹਵਾਈ ਅੱਡਿਆਂ ਦੇ ਰੱਖ-ਰਖਾਓ ਦਾ ਠੇਕਾ ਅਡਾਨੀ ਗਰੁੱਪ ਨੇ ਲਿਆ ਸੀ। ਇਹ ਠੇਕਾ ਪ੍ਰਤੀ ਯਾਤਰੀ ਫੀਸ ਦੇ ਅਧਾਰ ’ਤੇ ਦਿੱਤਾ ਗਿਆ ਸੀ। ਸੀਨੀਅਰ ਅਧਿਕਾਰੀ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਿਉਂਕਿ ਛੇ ਹਵਾਈ ਅੱਡਿਆਂ ਦਾ ਪਹਿਲਾਂ ਹੀ ਨਿੱਜੀਕਰਨ ਕੀਤਾ ਜਾ ਚੁੱਕਾ ਹੈ, ਇਸ ਵਾਸਤੇ ਅਥਾਰਿਟੀ ਦੀ 5 ਸਤੰਬਰ ਨੂੰ ਹੋਈ ਬੋਰਡ ਮੀਟਿੰਗ ਵਿੱਚ ਛੇ ਹੋਰ ਹਵਾਈ ਅੱਡਿਆਂ ਦਾ ਨਿੱਜੀਕਰਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਵਾਰਾਣਸੀ, ਭੁਬਨੇਸ਼ਵਰ, ਇੰਦੌਰ, ਰਾਏਪੁਰ ਤੇ ਤ੍ਰਿਚੀ ਦੇ ਹਵਾਈ ਅੱਡੇ ਸ਼ਾਮਲ ਹਨ। ਬੋਰਡ ਦੇ ਫ਼ੈਸਲਾ ਲੈਣ ਮਗਰੋਂ ਇਸ ਸਬੰਧੀ ਸਿਫ਼ਾਰਿਸ਼ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਭੇਜ ਦਿੱਤੀ ਗਈ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All