ਅੰਤਰਰਾਸ਼ਟਰੀ ਪੁਲਾਡ਼ ਸਟੇਸ਼ਨ

ਵਿਗਆਨ ਦੀਆਂ ਪੈਡ਼ਾਂ

ਡਾ. ਕੁਲਦੀਪ ਸਿੰਘ ਧੀਰ*

ਪੁਲਾੜ ਧਰਤੀ ਤੋਂ ਬਾਹਰ ਐਸਾ ਰਹੱਸਮਈ ਪਸਾਰਾ ਹੈ ਜਿਸ ਦੀ ਕੋਈ ਸੀਮਾ, ਕੋਈ ਕਿਨਾਰਾ ਨਹੀਂ। ਧਰਤੀ ਤੋਂ ਉੱਪਰ ਕਿਸੇ ਵੀ ਪਾਸੇ ਪੰਜਾਹ-ਸੱਠ ਜਾਂ ਹੱਦ ਸੌ ਕਿਲੋਮੀਟਰ ਤੋਂ ਪਾਰ ਸਭ ਕੁਝ ਨੂੰ ਪੁਲਾਡ਼ ਦੇ ਅਨੰਤ ਮਹਾਂਸਾਗਰ ਦਾ ਨਾਮ ਦਿੱਤਾ ਜਾ ਸਕਦਾ ਹੈ। ਅਨੇਕਾਂ ਚੰਦ, ਤਾਰੇ, ਸੂਰਜ, ਧਰਤੀਆਂ, ਗ੍ਰਹਿ, ਉਪਗ੍ਰਹਿ ਤੇ ਇਨ੍ਹਾਂ ਨਾਲ ਭਰੀਆਂ ਆਕਾਸ਼ਗੰਗਾਵਾਂ ਇਸ ਵਿੱਚ ਹਨ। ਇਸ ਪੁਲਾੜ ਵਿੱਚ ਬਹਿ, ਖਲੋ ਤੇ ਰਹਿ ਕੇ ਤਜਰਬੇ ਕਰਨ ਲਈ ਪ੍ਰਯੋਗਸ਼ਾਲਾ ਵਜੋਂ ਪੁਲਾਡ਼ ਸਟੇਸ਼ਨ ਦੀ ਕਲਪਨਾ ਕੀਤੀ ਗਈ। ਵਾਸਤਵਿਕ ਰੂਪ ਵਿੱਚ ਪ੍ਰਗਟ ਹੋਣ ਤੋਂ ਪਹਿਲਾਂ ਐਸੀਮੋਵ ਤੇ ਆਰਥਰ ਕਲਾਰਕ ਵਰਗੇ ਵਿਗਿਆਨਕ ਗਲਪ ਦੇ ਲੇਖਕਾਂ ਦੀਆਂ ਰਚਨਾਵਾਂ ਵਿੱਚ ਇਨ੍ਹਾਂ ਦਾ ਰੰਗ-ਬਿਰੰਗਾ ਚਿਤਰਣ ਹੋਇਆ ਹੈ। ਪੁਲਾੜ ਵਿੱਚ ਸਥਿਤ ਨਿੱਕੀ ਜਿਹੀ ਪ੍ਰਯੋਗਸ਼ਾਲਾ ਦੇ ਰੂਪ ਦੀ ਗੱਲ ਰੂਸ ਅਮਰੀਕਾ ਪੁਲਾੜੀ ਦੌੜ ਵਿੱਚ ਅਮਰੀਕਾ ਦੇ ਚੰਨ ਉੱਤੇ ਬਾਜ਼ੀ ਮਾਰਨ ਉਪਰੰਤ ਸ਼ੁਰੂ ਹੋਈ। 1969 ਵਿੱਚ ਅਪੋਲੋ ਨਾਲ ਚੰਨ ਉੱਤੇ ਨੀਲ ਆਰਮਸਟਰਾਂਗ ਦੇ ਪੈਰ ਧਰਨ ਪਿੱਛੋਂ ਰੂਸ ਨੇ ਪੁਲਾਡ਼ ਸਟੇਸ਼ਨ ਦੇ ਨਵੇਂ ਸੰਕਲਪ ੳੁੱਤੇ ਕੰਮ ਸ਼ੁਰੂ ਕੀਤਾ। ਅਮਰੀਕਾ ਵੀ 1972 ਵਿੱਚ ਚੰਨ ੳੁੱਤੇ ਮਨੁੱਖ ਸਹਿਤ ਅੰਤਿਮ ਉਡਾਰੀ ਭੇਜਣ ਉਪਰੰਤ ਸਪੇਸ ਲੈਬ ਵਾਲੇ ਪ੍ਰਾਜੈਕਟ ਵਿੱਚ ਰੁਚੀ ਲੈਣ ਲੱਗਾ। ਰੂਸ ਤੇ ਅਮਰੀਕਾ ਦੇ ਪੁਲਾੜੀ ਪ੍ਰਯੋਗਸ਼ਾਲਾ ਦੇ ਖੇਤਰ ਵਿੱਚ ਉੱਦਮਾਂ ਦੇ ਸਿੱਟੇ 1971 ਤੋਂ ਹੀ ਸਾਹਮਣੇ ਆਉਣ ਲੱਗੇ। ਇਸੇ ਵਰ੍ਹੇ ਰੂਸ ਨੇ ਸੈਲਯੂਤ-1 ਨਾਲ ਪੁਲਾੜੀ ਜਹਾਜ਼ਾਂ ਦੀ ਲੜੀ ਸ਼ੁਰੂ ਕੀਤੀ ਜੋ ਸੈਲਯੂਤ-7 ਨਾਲ 1982 ਵਿੱਚ ਸਿਖਰ ’ਤੇ ਪੁੱਜੀ। ਇੰਜ ਕਹੋ ਕਿ ਸੈਲਯੂਤ-1 ਪਹਿਲੀ ਪੁਲਾੜ ਪ੍ਰਯੋਗਸ਼ਾਲਾ ਜਾਂ ਪਹਿਲਾ ਨਿੱਕਾ ਜਿਹਾ ਪੁਲਾੜੀ ਸਟੇਸ਼ਨ ਸੀ। ਸੈਲਯੂਤ-7 ਇਸੇ ਦਾ ਵਿਕਸਿਤ ਰੂਪ ਸੀ। 1986 ਵਿੱਚ ਰੂਸ ਨੇ ਮੀਰ ਦੇ ਨਾਮ ਨਾਲ ਪਹਿਲਾ ਸਪੇਸ ਸਟੇਸ਼ਨ ਸਥਾਪਤ ਕਰ ਕੇ ਸੈਲਯੂਤ ਰਾਹੀਂ ਪੁਲਾੜ ਯਾਤਰੀ ਇਸ ਉੱਤੇ ਉਤਾਰੇ। ਅਮਰੀਕਾ ਨੇ ਆਪਣੀ ਪਹਿਲੀ ਪੁਲਾੜ ਪ੍ਰਯੋਗਸ਼ਾਲਾ ਸਕਾਈ ਲੈਬ ਦੇ ਨਾਮ ਨਾਲ 1973 ਵਿੱਚ ਸਥਾਪਤ ਕੀਤੀ। ਇਸ ਉੱਤੇ ਤਿੰਨ ਵਾਰ ਤਿੰਨ-ਤਿੰਨ ਬੰਦੇ ਉਤਾਰੇ ਗਏ। ਇਹ ਪਹਿਲੀ ਵਾਰ ਚਾਰ ਹਫ਼ਤੇ, ਫਿਰ ਅੱਠ ਹਫ਼ਤੇ ਅਤੇ ਅੰਤ ਬਾਰ੍ਹਾਂ ਹਫ਼ਤੇ ਤਕ ਰਹੇ। 1979 ਵਿੱਚ ਸਕਾਈ ਲੈਬ ਨਸ਼ਟ ਹੋ ਗਈ। ਇਸੇ ਸਿਲਸਿਲੇ ਦਾ ਇੱਕ ਹੋਰ ਉੱਦਮ ਯੂਰਪੀਅਨ ਸਪੇਸ ਏਜੰਸੀ ਨੇ ਕੀਤਾ। ਉਸ ਨੇ 1983 ਵਿੱਚ ਸਪੇਸ ਲੈਬ ਨਾਂ ਦੀ ਪੁਲਾੜੀ ਪ੍ਰਯੋਗਸ਼ਾਲਾ ਲਾਂਚ ਕੀਤੀ।

ਵਿਭਿੰਨ ਦੇਸ਼ਾਂ ਵੱਲੋਂ ਪੁਲਾੜ ਪ੍ਰਯੋਗਸ਼ਾਲਾਵਾਂ ਸਥਾਪਤ ਕਰਨ ਅਤੇ ਉਨ੍ਹਾਂ ਨੂੰ ਚਲਦਾ ਰੱਖਣ ਲਈ ਵੱਡੇ ਖ਼ਰਚ ਨੂੰ ਵੇਖਦੇ ਹੋਏ ਸਾਂਝੇ ਉੱਦਮ ਨਾਲ ਇੱਕ ਵੱਡਾ ਅੰਤਰਰਾਸ਼ਟਰੀ ਪੁਲਾਡ਼ ਸਟੇਸ਼ਨ ਬਣਾਉਣ ਦੀ ਗੱਲ ਤੁਰੀ। ਇਸ ਦੇ ਨਤੀਜੇ ਵਜੋਂ ਨਵੰਬਰ 1998 ਵਿੱਚ ਅੰਤਰਰਾਸ਼ਟਰੀ ਪੁਲਾਡ਼ ਸਟੇਸ਼ਨ ਸਥਾਪਤ ਹੋਇਆ। ਧਰਤੀ ਤੋਂ ਚਾਰ ਸੌ ਕਿਲੋਮੀਟਰ ਦੀ ਉਚਾਈ ਉੱਤੇ ਇਹ ਸਟੇਸ਼ਨ ਕਾਮਯਾਬੀ ਨਾਲ ਚੱਲ ਰਿਹਾ ਹੈ। ਹਰ ਸਮੇਂ ਇਸ ਉੱਤੇ ਛੇ ਕੁ ਬੰਦੇ ਰਹਿੰਦੇ ਹਨ। ਇਹ ਜਥਾ ਨਿਰੰਤਰ ਬਦਲਦਾ ਰਹਿੰਦਾ ਹੈ। ਸੁਨੀਤਾ ਵਿਲੀਅਮਜ਼ ਇਸ ਉੱਤੇ ਦੋ ਵਾਰ ਜਾ ਚੁੱਕੀ ਹੈ। ਇਹ ਸਟੇਸ਼ਨ 28,000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਉੱਤੇ ਧਰਤੀ ਦੁਆਲੇ ਚੱਕਰ ਕੱਟੀ ਜਾਂਦਾ ਹੈ। ਇਹ ਨੱਬੇ ਮਿੰਟ ਵਿੱਚ ਧਰਤੀ ਦੀ ਪੂਰੀ ਪਰਿਕਰਮਾ ਕਰ ਲੈਂਦਾ ਹੈ। ਇੰਨੇ ਵਿੱਚ ਹੀ ਇਸ ਦਾ ਦਿਨ-ਰਾਤ ਮੁੱਕ ਜਾਂਦਾ ਹੈ। ਸਾਡੇ ਚੌਵੀ ਘੰਟੇ ਦੇ ਦਿਨ-ਰਾਤ ਵਿੱਚ ਇੱਥੇ ਪੰਦਰਾਂ ਕੁ ਵਾਰ ਸੂਰਜ ਉਦੈ ਅਤੇ ਅਸਤ ਹੋ ਜਾਂਦਾ ਹੈ। ਚੌਵੀ ਘੰਟੇ ਵਿੱਚ ਇਹ ਪੁਲਾਡ਼ ਸਟੇਸ਼ਨ ਧਰਤੀ ਤੋਂ ਚੰਦ ਤਕ ਜਾ ਕੇ ਵਾਪਸ ਧਰਤੀ ਤਕ ਦੀ ਯਾਤਰਾ ਜਿੰਨੀ ਦੂਰੀ ਤੈਅ ਕਰ ਲੈਂਦਾ ਹੈ। ਇਹ ਸਟੇਸ਼ਨ ਫੁਟਬਾਲ ਗਰਾਊਂਡ ਜਿੱਡਾ ਭਾਵ 100 ਮੀਟਰ ਲੰਬਾ, 70 ਮੀਟਰ ਚੌੜਾ ਅਤੇ ਵੀਹ ਮੀਟਰ ਉੱਚਾ ਹੈ। ਵੀਹ ਨਵੰਬਰ 1998 ਨੂੰ ਕਜ਼ਾਖਸਤਾਨ (ਰੂਸ) ਵਿੱਚ ਬੈਕੋਨੂਰ ਪੁਲਾੜੀ ਅੱਡੇ ਤੋਂ ਰੂਸੀ ਪਰੋਟਾਨ ਰਾਕੇਟ ਨੇ ਇਸ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦਾ ਪਹਿਲਾ ਖੰਡ ਧਰਤੀ ਤੋਂ ਚਾਰ ਸੌ ਕਿਲੋਮੀਟਰ ਉਚਾਈ ਉੱਤੇ ਸਥਾਪਤ ਕੀਤਾ। ਇਸ ਮਾਡਿਊਲ ਦਾ ਨਾਂ ਜ਼ਾਰਿਆ ਸੀ। ਦੋ ਹਫ਼ਤੇ ਪਿੱਛੋਂ ਐਂਡੇਵਰ ਸ਼ਟਲ ਉੱਤੇ ਜਾ ਕੇ ਅਮਰੀਕੀ ਪੁਲਾੜ ਯਾਤਰੀਆਂ ਨੇ ਇਸ ਨਾਲ ਯੂਨਿਟੀ ਮਾਡਿਊਲ ਜੋੜ ਦਿੱਤਾ। ਇੰਜ ਇਹ ਸਟੇਸ਼ਨ ਹੌਲੀ-ਹੌਲੀ ਵੱਡਾ ਹੋਇਆ। ਰੂਸੀ ਪੁਲਾੜ ਏਜੰਸੀ ਰਾਸ ਕਾਸਮਾਸ ਤੇ ਅਮਰੀਕੀ ਪੁਲਾੜੀ ਸੰਸਥਾ ਨਾਸਾ ਪਿੱਛੋਂ ਹੋਰ ਦੇਸ਼ ਅੱਗੇ ਆਏ। ਜਾਪਾਨੀ ਪੁਲਾੜ ਖੋਜ ਸੰਸਥਾ, ਯੂਰਪੀਅਨ ਸਪੇਸ ਏਜੰਸੀ ਤੇ ਕੈਨੇਡੀਅਨ ਸਪੇਸ ਏਜੰਸੀ ਨੇ ਇਸ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਪਿਛਲੇ ਪੰਦਰਾਂ ਸਾਲਾਂ ਵਿੱਚ ਸੌ ਤੋਂ ਵੱਧ ਮਿਸ਼ਨ ਪੁਲਾਡ਼ ਸਟੇਸ਼ਨ ਦੀ ਅਸੈਂਬਲੀ ਮੁਰੰਮਤ ਤੇ ਰੱਖ-ਰਖਾਅ ਲਈ ਵੱਖ-ਵੱਖ ਦੇਸ਼ਾਂ ਵੱਲੋਂ ਲਾਂਚ ਹੋ ਚੁੱਕੇ ਹਨ। ਅੰਤਰਰਾਸ਼ਟਰੀ ਸਟੇਸ਼ਨ ਉੱਤੇ ਰਹਿ ਕੇ ਕੰਮ ਕਰਨ ਵਾਲੇ ਜਥੇ ਆਮ ਕਰਕੇ ਛੇ-ਛੇ ਮਹੀਨੇ ਉੱਥੇ ਰਹਿੰਦੇ ਹਨ। ਹਰ ਸਮੇਂ ਤਿੰਨ ਤੋਂ ਛੇ ਬੰਦੇ ਉੱਥੇ ਹੁੰਦੇ ਹਨ। ਸਰਗਈ ਕਰਿਕਾਲੇਵ ਦਾ ਇਸ ਸਟੇਸ਼ਨ ਉੱਤੇ ਅੱਠ ਸੌ ਤਿੰਨ ਦਿਨ ਅਤੇ ਸਾਢੇ ਨੌਂ ਘੰਟੇ ਗੁਜ਼ਾਰਨ ਦਾ ਰਿਕਾਰਡ ਹੈ। ਸਟੇਸ਼ਨ ਦਾ ਆਪਣਾ ਫੋਨ ਨੰਬਰ ਵੀ ਹੈ ਜੋ ਹਿਊਸਟਨ ਦੇ ਏਰੀਆ ਕੋਡ ਨਾਲ ਚੱਲਦਾ ਹੈ। ਸਟੇਸ਼ਨ ਉੱਤੇ ਬਹੁਤਾ ਖ਼ਰਚ ਰੂਸ ਤੇ ਅਮਰੀਕਾ ਦਾ ਹੋਇਆ ਹੈ। ਇਸ ਲਈ ਦੋਵਾਂ ਨੇ ਆਪੋ-ਆਪਣੇ ਹਿੱਸਿਆਂ ਦੀ ਵੰਡ ਵੀ ਕਰ ਰੱਖੀ ਹੈ। ਇਹ ਵੱਖਰੀ ਗੱਲ ਹੈ ਕਿ ਦੋਵੇਂ ਗੁਆਂਢੀਆਂ ਵਾਂਗ ਇੱਕ-ਦੂਜੇ ਦੇ ਘਰ ਹਰ ਸਮੇਂ ਆਉਂਦੇ-ਜਾਂਦੇ ਹਨ। ਸਟੇਸ਼ਨ ਦੇ ਅੰਦਰ ਹਵਾ ਦਾ ਦਬਾਅ ਧਰਤੀ ਉਤਲੇ ਦਬਾਅ ਜਿੰਨਾ ਰੱਖਿਆ ਗਿਆ ਹੈ ਤਾਂ ਕਿ ਵਿਗਿਆਨੀ ਆਰਾਮ ਨਾਲ ਰਹਿ ਸਕਣ। ਇਸ ਦੇ ਬਾਵਜੂਦ ਸਾਧਾਰਨ ਵਾਂਗ ਰਹਿਣਾ-ਬਹਿਣਾ ਉੱਥੇ ਸੰਭਵ ਨਹੀਂ। ਕਾਰਨ ਹੈ ਸਟੇਸ਼ਨ ਵਿੱਚ ਧਰਤੀ ਦੇ ਮੁਕਾਬਲੇ ਨਾਂਮਾਤਰ ਗੁਰੂਤਾ ਖਿੱਚ। ਗੁਰੂਤਾ ਖਿੱਚ ਦੇ ਨਾਂਮਾਤਰ ਰਹਿ ਜਾਣ ਕਰਕੇ ਸਰੀਰ ਵਿੱਚ ਖ਼ੂਨ ਤੇ ਹੋਰ ਦ੍ਰਵ ਹੇਠਲੇ ਹਿੱਸੇ ਵਿੱਚ ਪੂਰੀ ਮਿਕਦਾਰ ਵਿੱਚ ਨਹੀਂ ਪਹੁੰਚਦੇ। ਇਹ ਨੱਕ-ਮੂੰਹ ਤੇ ਸਿਰ ਵੱਲ ਵਧ ਜਾਂਦੇ ਹਨ। ਨੱਕ ਬੰਦ ਮਹਿਸੂਸ ਹੁੰਦਾ ਹੈ। ਸਿਰ ਭਾਰਾ ਹੁੰਦਾ ਹੈ। ਤਬੀਅਤ ਖ਼ਰਾਬ ਹੁੰਦੀ ਹੈ। ਲੱਤਾਂ ਤੇ ਹੱਡੀਆਂ ਕਮਜ਼ੋਰ ਹੁੰਦੀਆਂ ਹਨ। ਇਸ ਲਈ ਪੁਲਾੜ ਯਾਤਰੀਆਂ ਨੂੰ ਸਵੇਰੇ-ਸ਼ਾਮ ਪੁਲਾੜੀ ਸਟੇਸ਼ਨ ਦੇ ਜਿੰਮ ਵਿੱਚ ਵਿਸ਼ੇਸ਼ ਕਿਸਮ ਦੀ ਵਰਜਿਸ਼ ਕਰਨੀ ਪੈਂਦੀ ਹੈ। ਵਿਸ਼ੇਸ਼ ਮਸ਼ੀਨਾਂ ਉੱਤੇ ਹਰ ਯਾਤਰੀ ਨੂੰ ਰੋਜ਼ ਦੋ ਘੰਟੇ ਜਿੰਮ ਵਿੱਚ ਲਾਉਣੇ ਪੈਂਦੇ ਹਨ ਤਾਂ ਕਿ ਉਸ ਦਾ ਸਰੀਰ ਚਲਦਾ ਰਹੇ। ਸਾਧਾਰਨ ਵਾਂਗ ਤਾਂ ਬੰਦਾ ਉੱਥੇ ਜੰਗਲ-ਪਾਣੀ ਵੀ ਨਹੀਂ ਜਾ ਸਕਦਾ। ਟਾਇਲਟ ਨਾਲ ਬੰਨ੍ਹ ਕੇ ਮਲਮੂਤਰ ਦੇ ਨਿਕਾਸ ਲਈ ਵੈਕਿਊਮ ਕਲੀਨਰ ਵਰਗੀ ਮਸ਼ੀਨ ਦੀ ਮਦਦ ਲਈ ਜਾਂਦੀ ਹੈ। ਪਾਣੀ/ਕੋਕ ਆਦਿ ਖੁੱਲ੍ਹੇ ਗਲਾਸ ਵਿੱਚ ਪੀਣਾ ਸੰਭਵ ਨਹੀਂ। ਬੰਦ ਡੱਬੇ ਵਿੱਚੋਂ ਸਟਰਾਅ ਨਾਲ ਪੀਣਾ ਪੈਂਦਾ ਹੈ। ਨਹਾਉਣ ਦੀ ਥਾਂ ਪਾਣੀ ਜਾਂ ਅਲਕੋਹਲ ਨਾਲ ਭਿੱਜੇ ਤੌਲੀਏ ਨਾਲ ਸਰੀਰ ਸਾਫ਼ ਕਰਨਾ ਪੈਂਦਾ ਹੈ। ਸਿਰ/ਮੂੰਹ ਧੋਣ ਲਈ ਵਾਟਰਲੈੱਸ ਸ਼ੈਂਪੂ ਵਰਤਿਆ ਜਾਂਦਾ ਹੈ ਜਿਸ ਨੂੰ ਉਤਾਰਨ ਜਾਂ ਧੋਣ ਲਈ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ। ਸਲਾਦ, ਫਲ ਤੇ ਸੁੱਕੇ ਮੇਵੇ ਤਾਂ ਉਂਜ ਦੇ ਉਂਜ ਖਾਧੇ ਜਾਂਦੇ ਹਨ, ਪਰ ਸਬਜ਼ੀਆਂ, ਦਾਲਾਂ ਆਦਿ ਵਿੱਚ ਪਾਣੀ ਪਾ ਕੇ ਉਨ੍ਹਾਂ ਨੂੰ ਓਵਨ ਵਿੱਚ ਗਰਮ ਕੀਤਾ ਜਾਂਦਾ ਹੈ। ਖਾਣ-ਪੀਣ ਲਈ ਡਿੱਬਾ ਬੰਦ ਕਨਟੇਨਰ ਵਰਤਣਾ ਮਜ਼ਬੂਰੀ ਹੈ, ਨਹੀਂ ਤਾਂ ਖਾਣਾ ਹਵਾ ਵਿੱਚ ਤੈਰਨ ਲੱਗੇਗਾ। ਇੱਕ-ਇੱਕ ਪਲ ਦਾ ਪ੍ਰੋਗਰਾਮ ਪੁਲਾੜ ਸਟੇਸ਼ਨ ਉੱਤੇ ਨਿਸ਼ਚਿਤ ਹੁੰਦਾ ਹੈ। ਸਵੇਰੇ ਉੱਠੋ। ਮੂੰਹ-ਹੱਥ ਤੇ ਸਰੀਰ ਨੂੰ ਲੋੜ ਅਨੁਸਾਰ ਸਾਫ਼ ਕਰੋ। ਜੰਗਲ ਪਾਣੀ ਤੋਂ ਵਿਹਲੇ ਹੋਵੋ। ਬਰੇਕਫਾਸਟ ਕਰੋ। ਖ਼ੂਨ ਤੇ ਪਿਸ਼ਾਬ ਦੇ ਸੈਂਪਲ ਲੈ ਕੇ ਟੈਸਟ ਕਰੋ। ਮਿਸ਼ਨ ਡਾਇਰੈਕਟਰ ਤੋਂ ਦਿਨ ਦੀ ਆਪਣੀ ਡਿਊਟੀ ਲਓ ਅਤੇ ਸੌਂਪੇ ਹੋਏ ਤਜਰਬੇ ਪੂਰੇ ਕਰੋ। ਘੰਟਾ ਭਰ ਜਿੰਮ ਵਿੱਚ ਲਾਓ। ਲੰਚ ਕਰ ਕੇ ਥੋੜ੍ਹਾ ਆਰਾਮ ਕਰੋ। ਸਟੇਸ਼ਨ ਦਾ ਚੱਕਰ ਮਾਰ ਕੇ ਸਿਸਟਮ ਚੈੱਕ ਕਰੋ। ਵਾਪਸ ਮੁੜ ਕੇ ਤਜਰਬਿਆਂ ਵਿੱਚ ਲੱਗ ਜਾਓ। ਕੰਮ ਮੁਕਾ ਕੇ ਫਿਰ ਘੰਟਾ ਜਿੰਮ ਵਿੱਚ ਕਸਰਤ ਕਰੋ। ਫਿਰ ਤਜਰਬਿਆਂ ਵਿੱਚ ਲੱਗ ਜਾਓ। ਕੰਮ ਮੁਕਾ ਕੇ ਸਾਮਾਨ ਸੰਭਾਲੋ। ਰਾਤ ਦਾ ਖਾਣਾ ਖਾ ਕੇ ਸਾਂਝੀ ਮੀਟਿੰਗ ਵਿੱਚ ਅਗਲੇ ਦਿਨ ਲਈ ਵਿਚਾਰ-ਵਟਾਂਦਰਾ ਕਰੋ ਤੇ ਸੌਂ ਜਾਓ। ਸਪੇਸ ਸਟੇਸ਼ਨ ਉੱਤੇ ਕੀਤੇ ਜਾਂਦੇ ਤਜਰਬੇ ਪੁਲਾੜ ਦੇ ਮਨੁੱਖ ਉੱਤੇ ਅਸਰਾਂ ਨਾਲ ਸਬੰਧਿਤ ਹਨ। ਨਾਮਾਤਰ ਗੁਰੂਤਾ ਖਿੱਚ, ਇਕੱਲ, ਧਰਤੀ ਤੋਂ ਵੱਖਰੇ ਹਾਲਾਤ ਦੇ ਮਨੁੱਖੀ ਸਰੀਰ, ਜੀਵਾਂ, ਬਨਸਪਤੀ, ਧਾਤਾਂ, ਮਿਸ਼ਰਤ ਧਾਤਾਂ ਅਤੇ ਹੋਰ ਪਦਾਰਥਾਂ ਉੱਤੇ ਪੈਣ ਵਾਲੇ ਪ੍ਰਭਾਵਾਂ ਨਾਲ ਸਬੰਧਿਤ ਹੁੰਦੇ ਹਨ। ਮਨੁੱਖ ਦੇ ਵਿਹਾਰ, ਬਿਮਾਰੀਆਂ, ਬਲੱਡ ਪ੍ਰੈਸ਼ਰ, ਅੰਗਾਂ ਦੀਆਂ ਕਿਰਿਆਵਾਂ ਆਦਿ ਦਾ ਜਾਇਜ਼ਾ ਲੈਣ ਨਾਲ ਜੁੜੇ ਹੁੰਦੇ ਹਨ। ਪੁਲਾੜ ਵਿੱਚ ਕੰਮ ਕਰਨ ਵਾਲੇ ਉਪਕਰਣਾਂ, ਰਸਾਇਣਕ ਪਦਾਰਥਾਂ, ਮਸ਼ੀਨਰੀ, ਸਿਸਟਮਾਂ ਦੀ ਕਿਰਿਆ ਉੱਤੇ ਪੈਣ ਵਾਲੇ ਪ੍ਰਭਾਵ ਦੇ ਵਿਸ਼ਲੇਸ਼ਣ ਨਾਲ ਜੁੜੇ ਹੋ ਸਕਦੇ ਹਨ। ਸਪੇਸ ਕਰਾਫਟ ਬਣਾਉਣ ਲਈ ਵਰਤੇ ਜਾਂਦੇ ਪਦਾਰਥਾਂ ਦੇ ਵਿਕਾਸ ਬਾਰੇ ਹੋ ਸਕਦੇ ਹਨ। ਦੇਰ ਤਕ ਪੁਲਾੜ ਵਿੱਚ ਰਹਿਣ ਲਈ ਲੋੜੀਂਦੀ ਯੋਗਤਾ ਹਾਸਲ ਕਰਨ ਵਾਲਾ ਹਰ ਮਸਲਾ ਸਪੇਸ ਸਟੇਸ਼ਨ ਲਈ ਪ੍ਰਯੋਗਾਂ ਦਾ ਆਧਾਰ ਹੁੰਦਾ ਹੈ। ਸਪੇਸ ਸਟੇਸ਼ਨ ਲੰਬੇ ਸਮੇਂ ਤੇ ਲੰਬੀ ਦੂਰੀ ਵਾਲੇ ਪੁਲਾੜ ਮਿਸ਼ਨਾਂ ਨੂੰ ਹੱਥ ਪਾਉਣ ਦੇ ਰਾਹ ਵਿਚਲੀਆਂ ਰੁਕਾਵਟਾਂ ਨੂੰ ਜਾਣਨ-ਸਮਝਣ ਅਤੇ ਹੱਲ ਕਰਨ ਦੀ ਪ੍ਰਯੋਗਸ਼ਾਲਾ ਹਨ। ਇਸ ਵਿੱਚ ਮਨੁੱਖ ਤਾਂ ਕੰਮ ਕਰਦੇ ਹੀ ਹਨ, ਮਸ਼ੀਨੀ ਕਿਸਮ ਦੇ ਅੌਖੇ ਕੰਮਾਂ ਲਈ ਮਨੁੱਖ ਵਰਗੇ ਹੱਥਾਂ-ਪੈਰਾਂ ਵਾਲੇ ਰੋਬੋਟਾਂ ਤੋਂ ਵੀ ਕੰਮ ਲਿਆ ਜਾਂਦਾ ਹੈ। ਕੈਨੇਡਾ ਦਾ ਕੈਨੇਡਾ ਆਰਮ-2 ਅਤੇ ਡੈਕਸਟਰ, ਜਪਾਨ ਦਾ ਜੇਈਐੱਮ-ਆਰਐੱਮਐੱਸ ਅਤੇ ਨਾਸਾ ਦਾ ਰੋਬੋਨਾਟ-2 ਪੁਲਾਡ਼ ਸਟੇਸ਼ਨ ਉੱਤੇ ਵਰਤੇ ਜਾ ਰਹੇ ਪ੍ਰਮੁੱਖ ਰੋਬੋਟ ਹਨ। ਸੋਯੂਜ਼, ਪ੍ਰਾਗਰੈਸ, ਆਟੋਮੇਟਿਡ ਟਰਾਂਸਫਰ ਵਹੀਕਲ ਅਤੇ ਅਮਰੀਕੀ ਸ਼ਟਲਾਂ ਨਾਲ ਢੋਆ-ਢੁਆਈ ਕਰ ਕੇ ਪਿਛਲੇ ਪੰਦਰਾਂ ਸਾਲ ਤੋਂ ਪੁਲਾਡ਼ ਸਟੇਸ਼ਨ ਚੱਲ ਰਿਹਾ ਹੈ। 2011 ਵਿੱਚ ਅਮਰੀਕਾ ਨੇ ਸਪੇਸ ਸ਼ਟਲ ਪ੍ਰੋਗਰਾਮ ਨੂੰ ਅਲਵਿਦਾ ਕਹਿ ਦਿੱਤੀ ਸੀ। ਅੱਜ-ਕੱਲ੍ਹ ਢੋਆ-ਢੁਆਈ ਦੀ ਜ਼ਿੰਮੇਵਾਰੀ ਸੋਯੂਜ਼ ਰਾਕੇਟਾਂ ਦੇ ਸਿਰ ’ਤੇ ਹੈ। ਇਹ ਸਪੇਸ ਸਟੇਸ਼ਨ 2028 ਤਕ ਇੰਜ ਹੀ ਪੁਲਾੜ ਵਿਗਿਆਨੀਆਂ ਦੀ ਸੇਵਾ ਕਰਦਾ ਰਹੇਗਾ। ਇਸ ਉੱਤੇ ਤਜਰਬੇ ਕਰਨ ਪੱਖੋਂ ਰੂਸ, ਅਮਰੀਕਾ, ਜਾਪਾਨ, ਕੈਨੇਡਾ ਤੇ ਯੂਰਪੀਅਨ ਸਪੇਸ ਏਜੰਸੀ ਮੁੱਖ ਰੂਪ ਵਿੱਚ ਸਰਗਰਮ ਹਨ। ਹੋਰ ਦੇਸ਼ਾਂ ਨੂੰ ਵੀ ਕੁਝ ਸ਼ਰਤਾਂ ’ਤੇ ਕੰਮ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਨੂੰ ਦੋ ਵਾਰ ਪੁਲਾਡ਼ ਸਟੇਸ਼ਨ ਉੱਤੇ ਛੇ-ਛੇ ਮਹੀਨੇ ਰਹਿਣ ਦਾ ਅਵਸਰ ਮਿਲਿਆ ਹੈ, ਪਰ ਭਾਰਤੀ ਨਹੀਂ, ਅਮਰੀਕੀ ਨਾਗਰਿਕ ਵਜੋਂ। ਇਸਰੋ ਦੀ ਪੁਲਾਡ਼ ਸਟੇਸ਼ਨ ਨਾਲ ਗੱਲਬਾਤ ਚੱਲ ਰਹੀ ਹੈ ਤਾਂ ਕਿ ਭਾਰਤ ਸਿੱਧੇ ਰੂਪ ਵਿੱਚ ਇਸ ਸਟੇਸ਼ਨ ਦੀਆਂ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰ ਸਕੇ। ਭਾਰਤ ਸਪੇਸ ਸਟੇਸ਼ਨ ਉੱਤੇ ਮੌਸਮ ਨਾਲ ਸਬੰਧਿਤ ਤਜਰਬੇ ਕਰਨੇ/ਕਰਵਾਉਣੇ ਚਾਹੁੰਦਾ ਹੈ। ਇਹੀ ਨਹੀਂ ਭਾਰਤ, ਭਾਰਤੀ ਮੂਲ ਦੇ ਕਿਸੇ ਪੁਲਾੜ ਯਾਤਰੀ ਨੂੰ ਵੀ ਸਪੇਸ ਸਟੇਸ਼ਨ ਉੱਤੇ ਭੇਜਣ ਦਾ ਇੱਛੁਕ ਹੈ। ਦੇਖੋ, ਸਾਡੇ ਇਹ ਯਤਨ ਕਿੰਨੇ ਕੁ ਅਤੇ ਕਦੋਂ ਤਕ ਸਫ਼ਲ ਹੁੰਦੇ ਹਨ।

* ਸਾਬਕਾ ਪ੍ਰੋਫੈਸਰ ਅਤੇ ਡੀਨ ਅਕਾਦਮਿਕ ਮਾਮਲੇ ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All