ਅੰਗਰੇਜ਼ੀ ਸਿਖਾਉਣ ਲਈ ਸ਼ਬਦ ਵਿਧੀ ਬਣੀ ਵਿਵਾਦ

ਅੰਗਰੇਜ਼ੀ ਸਿਖਾਉਣ ਲਈ ਸ਼ਬਦ ਵਿਧੀ ਬਣੀ ਵਿਵਾਦ

ਸੁੱਚਾ ਸਿੰਘ ਖੱਟੜਾ 11412407CD _PRI EDUਪੰਜਾਬ ਦੇ ਸਕੂਲਾਂ ਵਿੱਚ ਸਰਗਰਮੀਆਂ ਜਾਰੀ ਹਨ। ਸਿੱਖਿਆ ਵਿਭਾਗ ਦਾ ਪ੍ਰਬੰਧਕੀ ਢਾਂਚਾ, ਅਧਿਆਪਕ ਅਤੇ ਵਿਦਿਆਰਥੀ ਪੱਬਾਂ ਭਾਰ ਹਨ। ਅੰਤਿਮ ਨਤੀਜਾ ਕੋਈ ਵੀ ਹੋਵੇ, ਹੁਣ ਤਕ ਚੰਗੇ ਨਤੀਜੇ ਦੇ ਆਸਾਰ ਹਨ। ਜੋ ਕੁਝ ਹੋ ਰਿਹਾ ਹੈ, ਜੇਕਰ ਤਜਰਬੇਕਾਰ ਅਧਿਆਪਕ ਇਸ ਵਿੱਚੋਂ ਬੇਲੋੜੇ ਉੱਤੇ ਉਂਗਲ ਧਰ ਕੇ ਲੋੜੀਂਦਾ ਕੁਝ ਸ਼ਾਮਲ ਕਰਵਾ ਸਕਣ ਤਾਂ ਸਹੀ ਨਤੀਜਿਆਂ ਦਾ ਦਾਅਵਾ ਵੀ ਕੀਤਾ ਜਾ ਸਕਦਾ ਹੈ। ਪਰ ਹਾਲੇ ਅਜਿਹਾ ਕੁਝ ਵੇਖਣ ਨੂੰ ਨਹੀਂ ਮਿਲ ਰਿਹਾ। ਡੀਜੀਐਸਈ ਅਤੇ ਸਕੂਲ ਸਿੱਖਿਆ ਬੋਰਡ ਨਿੱਤ ਨਵੇਂ ਹੁਕਮ ਜਾਰੀ ਕਰ ਰਹੇ ਹਨ। ਇਹ ਫੈਸਲੇ ਸਮੁੱਚੀ ਅਤੇ ਵਿਸ਼ਾਵਾਰ ਪੜ੍ਹਾਈ ਸਬੰਧੀ ਹਨ। ਇਸੇ ਤਰ੍ਹਾਂ ਦਾ ਇਹ ਹੁਕਮ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਦੇ ਅੰਗਰੇਜ਼ੀ ਵਿਸ਼ੇ ਦੇ ਸਬੰਧ ਵਿੱਚ ਹੈ, ਜਿਸ ਵਿੱਚ ਇੱਕ ਹਜ਼ਾਰ ਸ਼ਬਦ ਅਰਥਾਂ ਸਮੇਤ ਯਾਦ ਕਰਨ ਲਈ ਭੇਜੇ ਹਨ। ਇਸ ਕਵਾਇਦ ਦੇ ਅਨੇਕਾਂ ਪੱਖ ਹਨ, ਜਿਨ੍ਹਾਂ ਕਰਕੇ ਇਸ ਉੱਤੇ ਟਿੱਪਣੀ ਕਰਨਾ ਜ਼ਰੂਰੀ ਹੋ ਗਿਆ ਹੈ। ਪਹਿਲਾ ਪੱਖ ਇਹ ਹੈ ਕਿ ਪਹਿਲੀ ਤੋਂ ਪੰਜਵੀਂ ਤੱਕ ਦਾ ਅੰਗਰੇਜ਼ੀ ਵਿਸ਼ੇ ਦਾ ਪਾਠਕ੍ਰਮ ਦੱਸਦਾ ਹੈ ਕਿ ਛੇਵੀਂ, ਸੱਤਵੀਂ ਅਤੇ ਅੱਠਵੀਂ ਦੇ ਵਿਦਿਅਰਥੀ ਹੁਣ ਸ਼ਬਦ ਨਹੀਂ ਸਗੋਂ ਵਾਕ ਪੱਧਰ ਉੱਤੇ ਹਨ। ਜੇਕਰ ਹਾਲੇ ਵੀ ਉਨ੍ਹਾਂ ਦਾ ਪੱਧਰ ਸ਼ਬਦਾਂ ਤੋਂ ਸ਼ੁਰੂ ਕਰਨਾ ਹੈ ਤਾਂ ਪੰੰਜਵੀਂ ਤੱਕ ਅੰਗਰੇਜ਼ੀ ਵਿਸ਼ੇ ਦੀਆਂ ਪਾਠ ਪੁਸਤਕਾਂ ਹੀ ਕਿਉਂ ਬਣਾਈਆਂ ਗਈਆਂ? ਲਗਦਾ ਹੈ ਕਿ ਡੀਜੀਐਸਈ ਦਫ਼ਤਰ ਵਿੱਚ ਅੰਗਰੇਜ਼ੀ ਵਿਸ਼ੇ ਨਾਲ ਸਬੰਧਤ ਸੈਕਸ਼ਨ ਬਿਨ੍ਹਾ ਸੋਚੇ ਸਮਝੇ ਹੋਰ ਵਿਸ਼ਿਆਂ ਦੀ ਰੀਸ ਵਿੱਚ ਕੁੱਦ ਪਿਆ ਹੈ। ਕਿਸੇ ਵੀ ਭਾਸ਼ਾ ਵਿੱਚ ਸ਼ਬਦਾਂ ਦੀ ਮਹੱਤਤਾ ਹੈ ਪਰ ਇਹ ਮਹੱਤਤਾ ਸ਼ੁਰੂਆਤੀ ਪੱਧਰ ਉੱਤੇ, ਅਤੇ ਉਹ ਵੀ ਚੁਗਿਰਦੇ ਦੀਆਂ ਨਿੱਤ ਵਰਤੋਂ ਅਤੇ ਨਿੱਤ ਵੇਖੀਆਂ ਜਾਂਦੀਆਂ ਵਸਤਾਂ ਦੇ ਨਾਂਵ-ਸ਼ਬਦਾਂ ਜਾਂ ਇਨ੍ਹਾਂ ਨਾਲ ਸਰਲ ਵਿਸ਼ੇਸ਼ਣ ਸ਼ਬਦ ਜੋੜਨ ਤੱਕ ਸੀਮਤ ਹੁੰਦੀ ਹੈ। ਛੇ ਸਾਲ ਬਾਅਦ ਇਨ੍ਹਾਂ ਹਜ਼ਾਰ ਸ਼ਬਦਾਂ ਨੂੰ ਯਾਦ ਕਰਨ ਦਾ ਫੁਰਨਾ ਬੇਲੋੜਾ ਹੀ ਨਹੀਂ, ਹਾਨੀਕਾਰਕ ਵੀ ਹੈ। ਇੱਕ ਹਜ਼ਾਰ ਸ਼ਬਦਾਂ ਦੀ ਚੋਣ ਵੀ ਹਾਸੋਹੀਣੀ ਹੱਦ ਤੱਕ ਗ਼ਲਤ ਹੈ। ਸ਼ਬਦ ਚੋਣ ਤਾਂ ਬਾਅਦ ਦਾ ਮੁੱਦਾ ਹੈ, ਪਹਿਲਾਂ ਭਾਸ਼ਾ ਸਿੱਖਣ ਲਈ ਚਿਤਵੀ ਗਈ ਸ਼ਬਦ ਵਿਧੀ ਹੀ ਠੀਕ ਨਹੀਂ ਹੈ। ਅਨੇਕਾਂ ਸ਼ਬਦ ਹਨ ਜੋ ਵੱਖ-ਵੱਖ ਪ੍ਰਸੰਗਾਂ ਵਿੱਚ ਵੱਖ-ਵੱਖ ਭਾਵਾਂ ਦਾ ਪ੍ਰਗਟਾਵਾ ਕਰਦੇ ਹਨ। ਅੰਗਰੇਜ਼ੀ ਦੀ ਤਾਂ ਇਹ ਵਿਸ਼ੇਸ਼ਤਾ ਹੈ ਕਿ ਇਸ ਦਾ ਇੱਕ ਸ਼ਬਦ ਵੱਖ-ਵੱਖ ਪ੍ਰਸਥਿਤੀਆਂ ਦੇ ਵਾਕਾਂ ਵਿੱਚ ਵਿਆਕਰਨਿਕ ਭੂਮਿਕਾ ਅਨੁਸਾਰ ਵੱਖ-ਵੱਖ ਅਰਥ ਪ੍ਰਗਟਾਉਂਦਾ ਹੈ। ਅਜਿਹੀ ਸਥਿਤੀ ਵਿੱਚ ਅਧਿਆਪਕ ਅੰਗਰੇਜ਼ੀ ਦੇ ਇੱਕ ਸ਼ਬਦ ਦੇ ਕਿਸੇ ਇੱਕ ਅਰਥ ਦਾ ਰੱਟਾ ਕਿਉਂ ਲਗਵਾਉਣਗੇ? ਗ਼ਲਤ ਵੱਲ ਇਸ਼ਾਰਾ ਨਾ ਕਰਕੇ ਕਿਉਂ ਸਾਬਤ ਕਰੀਏ ਕਿ ਸਾਨੂੰ ਵੀ ਗ਼ਲਤ ਸਹੀ ਦੀ ਪਹਿਚਾਣ ਨਹੀਂ ਹੈ। ਹਜ਼ਾਰ ਸ਼ਬਦਾਂ ਦੀ ਚੋਣ ਤੋਂ ਵੀ ਵੱਡਾ ਪ੍ਰਸ਼ਨ ਅੰਗਰੇਜ਼ੀ ਭਾਸ਼ਾ ਸਿਖਾਉਣ ਦੀ ਵਿਧੀ ਦਾ ਹੈ। ਸਕੂਲਾਂ ਵਿੱਚ ਭੇਜੇ ਇੱਕ ਹਜ਼ਾਰ ਸ਼ਬਦਾਂ ਦੀ ਚੋਣ ਵੱਲ ਨਜ਼ਰ ਮਾਰੀ ਜਾਵੇ ਤਾਂ ਸਥਿਤੀ ਹੋਰ ਵੀ ਹਾਸੋਹੀਣੀ ਹੈ। ਹਰ ਭਾਸ਼ਾ ਵਿੱਚ ਅਨੇਕਾਂ ਸ਼ਬਦ ਹੁੰਦੇ ਹਨ, ਜਿਨ੍ਹਾਂ ਦਾ ਆਪਣਾ ਕੋਈ ਸੁਤੰਤਰ ਅਰਥ ਨਹੀਂ ਹੁੰਦਾ, ਪਰ ਪ੍ਰਗਟਾਵੇ ਵਿੱਚ ਉਨ੍ਹਾਂ ਦੀ ਖ਼ਾਸ ਭੂਮਿਕਾ ਹੁੰਦੀ ਹੈ। ਜਦੋਂ ਇਨ੍ਹਾਂ ਦਾ ਸੁਤੰਤਰ ਅਰਥ ਹੀ ਨਹੀਂ ਤਾਂ ਅਧਿਆਪਕ ਇਨ੍ਹਾਂ ਦਾ ਅਰਥ ਕਿਵੇਂ ਸਮਝਾਵੇਗਾ ਤੇ ਕੋਈ ਵਿਦਿਆਰਥੀ ਯਾਦ ਕਿਵੇਂ ਕਰੇਗਾ। ਵਸਤਾਂ, ਕਾਰਜ ਅਤੇ ਵਿਚਾਰਾਂ ਦੇ ਪ੍ਰਗਟਾਵੇ ਲਈ ਨਿਰਸੰਦੇਹ ਸ਼ਬਦਾਂ ਦੀ ਹੀ ਲੋੜ ਹੁੰਦੀ ਹੈ, ਪਰ ਹਰ ਪ੍ਰਗਟਾਵੇ ਲਈ ਸ਼ਬਦਾਂ ਨੂੰ ਕਿਸੇ ਨਿਯਮਬੱਧ ਤਰਤੀਬ ਦਿੱਤੀ ਜਾਂਦੀ ਹੈ। ਇਸ ਨਿਯਮਬੱਧ ਤਰਤੀਬ ਦਾ ਨਾਂ ਵਿਆਕਰਨ ਹੈ। ਮਾਤ ਭਾਸ਼ਾ ਵਿੱਚ ਵਿਆਕਰਨ ਬੱਚਾ ਮਾਂ ਦੇ ਦੁੱਧ ਨਾਲ ਹੀ ਸਿੱਖ ਜਾਂਦਾ ਹੈ। ਹੋਰ ਭਾਸ਼ਾਵਾਂ ਲਈ ਹੋਰ ਵਿਧੀਆਂ ਹਨ। ਇਕੱਲੇ-ਕਹਿਰੇ ਸ਼ਬਦਾਂ ਦੇ ਅਰਥਾਂ ਨੂੰ ਰੱਟਾ ਲਾ ਕੇ ਭਾਸ਼ਾ ਸਿੱਖਣ ਦਾ ਕਿਧਰੇ ਕੋਈ ਜ਼ਿਕਰ ਨਹੀਂ ਮਿਲਦਾ। ਇਸੇ ਲਈ ਭਾਸ਼ਾ ਸਿੱਖਣ ਲਈ ਸ਼ਬਦਾਂ ਦੀ ਸੂਚੀ ਨਹੀਂ, ਪਾਠ ਪੁਸਤਕਾਂ ਤਿਆਰ ਕੀਤੀਆਂ ਜਾਂਦੀਆਂ ਹਨ। ਲੋੜ ਸੀ ਕਿ ਜੋ ਮਿਹਨਤ ਸ਼ਬਦਾਂ ਦੀ ਸੂਚੀ ਤਿਆਰ ਕਰਨ ’ਤੇ ਕੀਤੀ ਗਈ ਹੈ, ਉਹੀ ਮਿਹਨਤ ਪਾਠ ਪੁਸਤਕਾਂ ਤਿਆਰ ਕਰਨ ’ਤੇ ਕੀਤੀ ਜਾਂਦੀ। ਹਰ ਜਮਾਤ ਲਈ ਨਿਸਚਿਤ ਟੀਚਾ ਅਗਲੀ ਜਮਾਤ ਦੇ ਟੀਚੇ ਦਾ ਆਧਾਰ ਬਣਦਾ ਹੈ। ਪੁਸਤਕਾਂ ਦੇ ਪਾਠਾਂ ਨੂੰ ਬਿਰਤਾਂਤ, ਕਹਾਣੀਆਂ, ਜੀਵਨੀਆਂ ਅਤੇ ਜਾਣਕਾਰੀਆਂ ਨਾਲ ਭਰਿਆ ਜਾਂਦਾ ਹੈ, ਅਧਿਆਪਕ ਅੰਗਰੇਜ਼ੀ ਭਾਸ਼ਾ ਨਹੀਂ ਸਗੋਂ ਅੰਗਰੇਜ਼ੀ ਵਿੱਚ ਕਹਾਣੀਆਂ, ਜੀਵਨੀਆਂ, ਬਿਰਤਾਤ ਅਤੇ ਜਾਣਕਾਰੀਆਂ ਪੜ੍ਹਾਉਂਦਾ ਹੈ। ਕਿਸੇ ਵੀ ਪਾਠ ਪੁਸਤਕ ਵਿੱਚ ਪਾਠਾਂ ਪਿੱਛੇ ਦਿੱਤੇ ਅਭਿਆਸ ਇਕੱਠੇ ਕਰ ਲਵੋ, ਉਨ੍ਹਾਂ ਵਿੱਚ ਭਾਸ਼ਾ ਸਿੱਖਣ-ਸਿਖਾਉਣ ਲਈ ਕੋਈ ਟੀਚਾ ਨਹੀਂ ਮਿਲੇਗਾ। ਸ਼ਬਦਾਂ ਨੂੰ ਪੜਾਅਵਾਰ ਯਾਦ ਕੀਤਾ ਜਾਂਦਾ ਹੈ। ਪਹਿਲੇ ਪੜਾਅ ਵਿੱਚ ਸ਼ਬਦਾਂ ਦੇ ਯਾਦਸ਼ਕਤੀ ਵਿੱਚ ਆਉਣ ਨਾਲ ਉਨ੍ਹਾਂ ਦੇ ਅਰਥਾਂ ਨੂੰ ਪੜਨ ਨਾਲ ਪਹਿਚਾਣਿਆ ਜਾਂਦਾ ਹੈ। ਦੂਜੇ ਪੜ੍ਹਾਅ ਵਿੱਚ ਇਨ੍ਹਾਂ ਸ਼ਬਦਾਂ ਨੂੰ ਸੁਣਨ ’ਤੇ ਇਨ੍ਹਾਂ ਦੇ ਅਰਥ ਮਿਲ ਜਾਂਦੇ ਹਨ। ਅਗਲੇ ਪੜ੍ਹਾਅ ਵਿੱਚ ਸ਼ਬਦ ਉਸ ਯਾਦ ਮੰਡਲ ਵਿੱਚ ਆ ਜਾਂਦੇ ਹਨ, ਜਿੱਥੋਂ ਉਹ ਵਰਤੋਂ ਲਈ ਤੁਰੰਤ ਜ਼ੁਬਾਨ ’ਤੇ ਆ ਜਾਂਦੇ ਹਨ। ਇਸ ਲਈ ਸ਼ਬਦਾਬਲੀ ਸਮਝਾਉਣ ਅਤੇ ਯਾਦ ਕਰਾਉਣ ਲਈ ਵਾਕ ਅਤੇ ਪਾਠਾਂ ਦੀ ਸਮੱਗਰੀ ਇਸ ਤਰ੍ਹਾਂ ਪਰੋਸੀ ਜਾਣੀ ਚਾਹੀਦੀ ਹੈ ਕਿ ਬੱਚੇ ਨੂੰ ਟੀਚੇ ਅਧੀਨ ਸ਼ਬਦ ਵਾਰ-ਵਾਰ ਅਤੇ ਵੱਖ-ਵੱਖ ਰੂਪਾਂ ਵਿੱਚ ਮਿਲਣ। ਇਸ ਤਰ੍ਹਾਂ ਜਿਵੇਂ ਕਿਸੇ ਨੂੰ ਪਿੰਡ ਦੇ ਗਲੀ-ਮੁਹੱਲੇ ਦੇ ਲੋਕਾਂ ਤੇ ਰਿਸ਼ਤੇਦਾਰਾਂ ਦੇ ਨਾਂ ਯਾਦ ਹੋ ਜਾਂਦੇ ਹਨ ਉਵੇਂ ਹੀ ਇਹ ਸ਼ਬਦ ਵੀ ਯੋਗ ਹੱਦ ਤੱਕ ਯਾਦ ਹੋ ਜਾਂਦੇ ਹਨ। ਸੰਪਰਕ: 9877140384

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All