ਅਰੁਣਾਚਲ ’ਚ ਮਿਲਿਆ ਲਾਪਤਾ ਏਐਨ-32 ਜਹਾਜ਼ ਦਾ ਮਲਬਾ

ਅਰੁਣਾਚਲ ਪ੍ਰਦੇਸ਼ ’ਚ ਉਹ ਥਾਂ ਜਿੱਥੇ ਜਹਾਜ਼ ਦਾ ਮਲਬਾ ਦੇਖਿਆ ਗਿਆ।

ਨਵੀਂ ਦਿੱਲੀ, 11 ਜੂਨ ਭਾਰਤੀ ਏਅਰ ਫੋਰਸ ਦੇ ਏਐਨ-32 ਜਹਾਜ਼ ਦਾ ਮਲਬਾ ਮੰਗਲਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਉੱਤਰ ’ਚ ਸਥਿਤ ਲੀਪੋ ਤੋਂ 16 ਕਿਲੋਮੀਟਰ ਦੂਰ ਮਿਲਿਆ ਹੈ। ਅਸਾਮ ਦੇ ਜੋਰਹਾਟ ਤੋਂ ਉਡਾਣ ਭਰਨ ਬਾਅਦ ਏਅਰ ਫੋਰਸ ਦਾ ਇਹ ਜਹਾਜ਼ ਲਾਪਤਾ ਹੋ ਗਿਆ ਸੀ। ਇਹ ਜਹਾਜ਼ ਬੀਤੇ ਅੱਠ ਦਿਨਾਂ ਤੋਂ ਲਾਪਤਾ ਸੀ। ਜਹਾਜ਼ ’ਤੇ 13 ਵਿਅਕਤੀ ਸਵਾਰ ਸਨ ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਸਿਆਂਗ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਜੀਵ ਤਕੁਕ ਨੇ ਕਿਹਾ ਕਿ ਜਹਾਜ਼ ਦਾ ਮਲਬਾ ਪਾਰੀ ਦੀਆਂ ਪਹਾੜੀਆਂ ਵਿੱਚੋਂ ਮਿਲਿਆ ਹੈ ਜੋ ਅਰੁਣਾਚਲ ਪ੍ਰਦੇਸ਼ ਦੇ ਪੇਯੁਮ ਸਰਕਲ ਦੇ ਗਾਟੇ ਪਿੰਡ ਦੇ ਨਜ਼ਦੀਕ ਹਨ। ਸੜਕ ਨਾ ਹੋਣ ਕਾਰਨ ਇਥੋਂ ਤਕ ਪਹੁੰਚਣਾ ਮੁਸ਼ਕਲ ਹੈ। ਏਅਰ ਫੋਰਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਲਾਪਤਾ ਜਹਾਜ਼ ਦੀ ਤਲਾਸ਼ ਕਰ ਰਹੇ ਐਮ ਆਈ 17 ਹੈਲੀਕਾਪਟਰ ਨੇ ਲੀਪੋ ਦੇ 16 ਕਿਲੋਮੀਟਰ ਉੱਤਰ ਵਿੱਚ 12000 ਫੁੱਟ ਦੀ ਉੱਚਾਈ ’ਤੇ ਜਹਾਜ਼ ਦਾ ਮਲਬਾ ਦੇਖਿਆ। ਜਹਾਜ਼ ’ਤੇ ਸਵਾਰ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਰੂਸ ਵਿੱਚ ਬਣੇ ਏਐਨ-32 ਹਵਾਈ ਜਹਾਜ਼ ਦਾ ਤਿੰਨ ਜੂਨ ਨੂੰ ਜੋਰਹਾਟ ਤੋਂ ਮੇਨਚੁਕਾ ਲਈ ਉਡਾਣ ਭਰਨ ਦੇ ਬਾਅਦ ਹੀ ਸੰਪਰਕ ਟੁੱਟ ਗਿਆ ਸੀ। ਜਹਾਜ਼ ’ਤੇ ਅਮਲੇ ਦੇ 8 ਮੈਂਬਰ ਅਤੇ ਪੰਜ ਯਾਤਰੂ ਸਵਾਰ ਸਨ। ਏਐਨ-32 ਦੋ ਇੰਜਣ ਵਾਲਾ ਟਰਬੋਪੋ੍ਪ ਟਰਾਂਸਪੋਰਟ ਹਵਾਈ ਜਹਾਜ਼ ਹੈ। ਭਾਰਤੀ ਏਅਰ ਫੋਰਸ ਵੱਡੀ ਗਿਣਤੀ ਵਿੱਚ ਅਜਿਹੇ ਜਹਾਜ਼ਾਂ ਦੀ ਵਰਤੋਂ ਕਰ ਰਿਹਾ ਹੈ। ਏਅਰ ਫੋਰਸ ਨੇ ਲਾਪਤਾ ਜਹਾਜ਼ ਦੀ ਤਲਾਸ਼ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਸੀ ਪਰ ਖਰਾਬ ਮੌਸਮ ਕਾਰਨ ਤਲਾਸ਼ ਦਾ ਕੰਮ ਪ੍ਰਭਾਵਿਤ ਹੋਇਆ। ਲਾਪਤਾ ਜਹਾਜ਼ ਦੀ ਤਲਾਸ਼ ਵਿੱਚ ਸੁਖੋਈ-30 ਹਵਾਈ ਜਹਾਜ਼ ਦੇ ਨਾਲ ਨਾਲ ਸੀ-130 ਜੇ ਅਤੇ ਏਐਨ-32 ਦੀ ਫਲੀਟ, ਐਮ ਆਈ -17 ਤੇ ਏਐਲਐਚ ਹੈਲੀਕਾਪਟਰਾਂ ਨੂੰ ਲਗਾਇਆ ਗਿਆ ਸੀ। ਇਸ ਦੇ ਨਾਲ ਹੀ ਫੌਜ, ਆਈਟੀਬੀਪੀ ਜਵਾਨ ਅਤੇ ਸੂਬਾਈ ਪੁਲੀਸ ਵੱਲੋਂ ਵੀ ਜਹਾਜ਼ ਦੀ ਤਲਾਸ਼ ਕੀਤੀ ਜਾ ਰਹੀ ਸੀ। ਮੇਨਚੁਕਾ ਦੇ ਆਲੇ ਦੁਆਲੇ ਦੇ ਇਲਾਕੇ ਦੀਆਂ ਤਸਵੀਰਾਂ ਲਈ ਇਸਰੋ ਦੇ ਕਾਰਟੋਸੈੱਟ ਅਤੇ ਰੀਸੈੱਟ ਸੈੱਟੇਲਾਈਟ ਦੀ ਵੀ ਵਰਤੋਂ ਕੀਤੀ ਗਈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All