ਅਰਬ ਦੇ ਮਾਰੂਥਲਾਂ ’ਚ ਜੂਝਦੀ ਮਿਹਨਤਕਸ਼ ਜਵਾਨੀ

ਸੁਰਿੰਦਰ ਸਿੰਘ ਮਾਂਗਟ

ਵੇ ਹਾਉਕਿਆਂ ਦੀ ’ਵਾਜ ਨਾ ਸੁਣੇ, ਕਿਹੜੀ ਧਰਤੀ ਬੋਲ਼ੀ ’ਤੇ ਤੇਰੇ ਡੇਰੇ, ਸੱਧਰਾਂ ਦੇ ਸਾਹ ਮੁੱਕਗੇ, ਤੇਰੇ ਵੱਜੇ ਨਾ ਜੋਗੀਆ ਫੇਰੇ...। ਲੋਹੜਿਆਂ ਦਾ ਦਰਦ ਹੁੰਦੈ ਵਿਛੋੜੇ ਦੀ ਚੀਸ ਦਾ, ਪਰ ਰਿਜ਼ਕ ਦੀਆਂ ਰਾਹਾਂ ’ਤੇ ਵਿਛੇ ਕੰਡਿਆਂ ਨੂੰ ਜਜ਼ਬਾਤ ਦੀਆਂ ਹਨੇਰੀਆਂ ਨਹੀਂ ਹੂੰਝ ਸਕਦੀਆਂ। ਇਹ ਸਾਰੀ ਉਮਰ ਬੰਦੇ ਤੋਂ ਅਗਾਂਹ ਈ ਰਹਿੰਦਾ ਏ ਤੇ ਬੰਦਾ ਇਹਦੀ ਥਾਹ ਪਾਉਂਦਾ ਲੇਖੇ ਲੱਗ ਜਾਂਦੈ... ਕਿਹੜੀ ਭੁੱਖ ਹੈ ਜਿਹੜੀ ਕਦੇ ਵੀ ਨੀ ਮਰੀ? ਪਰਦੇਸੀ ਤਾਂ ਘਰੋਂ ਨਿਕਲਿਆ ਹਰੇਕ ਇਨਸਾਨ ਹੁੰਦੈ, ਪਰ ਜਿੱਥੇ ਪਰਿਵਾਰ ਨਾਲ ਹੋਵੇ, ਮਿਹਨਤ ਤੋਂ ਅੱਗੇ ਹੱਕ ਹੋਣ, ਆਪਣੇ ਲੋਕ ਹੋਣ ਉਥੇ ਪਰਦੇਸੀ ਹੋਣ ਦਾ ਦੁੱਖ ਥੋੜ੍ਹਾ ਘਟ ਜ਼ਰੂਰ ਜਾਂਦੈ। ਪਰ ਜਿੱਥੇ ਸਾਰਾ ਕੁਝ ਈ ਓਪਰਾ ਹੋਵੇ ਉਹ ਪ੍ਰਦੇਸ ਪੂਰਨ ਦੇ ਜੋਗ ਵਰਗਾ ਹੁੰਦੈ। ਅਜਿਹਾ ਜੋਗ ਅਰਬ ਮੁਲਕਾਂ ਦੀ ਧਰਤੀ ’ਤੇ ਕੱਕੇ ਮਾਰੂਥਲਾਂ ’ਚ ਪਰਦੇਸੀਆਂ ਨੂੰ ਕੱਟਣਾ ਪੈਂਦਾ ਹੈ। ਵਤਨੋਂ ਉੱਡੇ ਜਦ ਅਰਬਾਂ ਦੀ ਧਰਤੀ ’ਤੇ ਉੱਤਰਦੇ ਆਂ ਤਾਂ ਰੋਟੀ ਕਮਾਉਣ ਦੀਆਂ ਸੱਧਰਾਂ ਦਾ ਇਮਤਿਹਾਨ ਐਥੋਂ ਦੀ ਵਗਦੀ ਲੂ ਚਮੜੀ ਲੂਹ ਕੇ ਲੈਂਦੀ ਐ। ਐਥੇ ਰੋਟੀ ਲਈ ਆਮ ਵਰਗ ਈ ਆਉਂਦੈ ਜਿਹੜਾ ਪਹਿਲਾਂ ਈ ਜ਼ਿੰਦਗੀ ਦੇ ਸੰਘਰਸ਼ ‘ਚੋਂ ਨਿਕਲ ਕੇ ਜਹਾਜ਼ ’ਚ ਬੈਠਿਆ ਹੁੰਦੈ। ਘਰ ਤੋਂ ਬਾਹਰ ਬਹਿਰੀਨ, ਯੂਏਈ, ਸਾਊਦੀ ਅਰਬ, ਕਤਰ, ਕੁਵੈਤ ਵਰਗੇ ਅਰਬ ਦੇਸ਼ਾਂ ਵਿੱਚ ਆਪਣਾ ਆਪ ਲੱਭਣ ਆਇਆਂ ਲਈ ਸਾਰੇ ਪ੍ਰਦੇਸੀ ਈ ਭਾਈ ਹੁੰਦੇ ਐ। ਇੱਕ ਕਮਰੇ ਵਿੱਚ ਚਾਰ-ਚਾਰ ਪੰਜ-ਪੰਜ ਜਣਿਆਂ ਦੇ ਗਰੁੱਪ ਈ ਪਰਿਵਾਰ ਤੇ ਦੋਸਤਾਂ ਮਿੱਤਰਾਂ ਦੀ ਰਹਾਇਸ਼ ਰਿਸ਼ਤੇਦਾਰੀ। ਰਾਤ ਦੀ ਰੋਟੀ ਖਾਣ ਵੇਲੇ ਦਾਤੀ ਫਰੇ ਪੱਖਿਆਂ ਮੂਹਰੇ ਬੈਠਾ ਟੱਬਰ ਦਿਸਦਾ ਏ, ਜਦੋਂ ਇੱਕ ਫਰਾਈਪੈਨ ’ਚ ਦਾਲ ਪਾ ਕੇ ਘੇਰਾ ਘੱਤਿਆ ਹੁੰਦੈ। ਘਰ ਦੇ ਕੰਮਾਂ ਦੀਆਂ ਡਿਊਟੀਆਂ ਹੁੰਦੀਆਂ ਨੇ। ਸਵੇਰ ਦੀ ਚਾਹ ਬਣਾਉਣ ਤੋਂ ਆਥਣ ਦੀ ਰੋਟੀ ਤੱਕ। ਅੰਮ੍ਰਿਤ ਵੇਲੇ ਉੱਠ ਕੇ ਬਾਬਿਆਂ ਦੀ ਫੋਟੋ ਅੱਗੇ ਜੋਤ ਹਰੇਕ ਕਮਰੇ ‘ਚ ਜਗਦੀ ਐ। ਦਸਮੀ ਦੀ ਦੇਗ ਬਣਾਉਣ ਲਈ ਹਰੇਕ ਕਮਰੇ ’ਚ ਇੱਕ ਮਾਹਰ ਹੁੰਦੈ। ਜਾਤਾਂ ਪਾਤਾਂ, ਅਮੀਰੀ ਗਰੀਬੀ ਸਭ ਕੁਝ ਖਤਮ ਹੁੰਦੈ। ਸਾਰੇ ਚਾਚੇ ਤਾਏ ਹੁੰਦੇ ਐ ਜਾਂ ਭਾਈ। ਇੱਕ ਦਾ ਕੰਮ ਛੁੱਟ ਗਿਆ ਤਾਂ ਬਾਕੀ ਦੇ ਬਾਂਹ ਫੜਨ ਲਈ ਤਿਆਰ। ਜਦੋਂ ਬਹੁਤੇ ਨਵੇਂ ਆਇਆਂ ਨੂੰ ਭੇਤ ਨਹੀਂ ਪਤਾ ਹੁੰਦੇ ਕੰਮ ਦੇ, ਉਦੋਂ ਸੰਗੀਆਂ ਸਾਥੀਆਂ ਤੋਂ ਗਰੇਡਾਂ ਬਾਰੇ ਪੁੱਛਦੇ ਨੇ। ਜ਼ਿਆਦਾਤਾਰ ਕੰਮ ਕੰਸਟਰੱਕਸ਼ਨ ਲਾਈਨ ਦੇ ਈ ਹੁੰਦੇ ਨੇ। ਜਿਨ੍ਹਾਂ ਨੇ ਕਦੇ ਫੱਟੇ ’ਚ ਕਿੱਲ ਸਿੱਧੀ ਨੀ ਠੋਕੀ ਹੁੰਦੀ, ਉਹ ਸ਼ਟਰਿੰਗ ਕਾਰਪੇਂਟਰ ਬਣੇ ਆਰੀਆਂ, ਗੇਜਾਂ ’ਤੇ ਹੱਥ ਸਿੱਧੇ ਕਰਦੇ ਦੂਜਿਆਂ ਨੂੰ ਮੱਤਾਂ ਦੇਣ ਜੋਗੇ ਹੋ ਜਾਂਦੇ ਐ। ਜ਼ਿਆਦਾਤਾਰ ਕੰਮ ਮੈਨਪਾਵਰ ਸਪਲਾਈਆਂ ਦੀ ਵਿਚੋਲਗੀ ਨਾਲ ਮਿਲਦਾ ਐ। ਈਦ, ਨੈਸ਼ਨਲ ਡੇ ਜਾਂ ਕੋਈ ਵੀ ਸਰਕਾਰੀ ਛੁੱਟੀ ’ਤੇ ਕਮਰਿਆਂ ’ਚ ਚੱਲਦੀਆਂ ਪਾਰਟੀਆਂ ਚਾਵਾਂ ਨੂੰ ਸੱਦੇ ਦਿੰਦੀਆਂ ਨੇ। ਕਮਰਿਆਂ ਦੇ ਕਿਰਾਏ ਤੇ ਰਾਸ਼ਨ ਦਾ ਖਰਚਾ ਹਰੇਕ ਮਹੀਨੇ ਵੰਡਿਆ ਹੁੰਦੈ, ਪਰ ਜੇ ਕੋਈ ਨਵਾਂ ਆਇਆ ਹੋਵੇ ਤਾਂ ਉਹਦਾ ਖਰਚਾ ਬਾਕੀ ਦੇ ਆਪਸ ’ਚ ਵੰਡ ਲੈਂਦੇ ਐ। ਸ਼ੁਰੂਆਤੀ ਦੌਰ ਹਮੇਸ਼ਾ ਈ ਸਾਰਿਆਂ ਲਈ ਔਖਾ ਰਹਿੰਦੈ। ਘਰੋਂ ਖਰਚ ਕੇ ਆਂਦੇ ਪੈਸਿਆਂ ਨੂੰ ਪੂਰਾ ਕਰਨ ਦੀ ਦੌੜ ਕਈ ਵਾਰ ਨੀਂਦ ਉਡਾ ਦਿੰਦੀ ਐ। ‘ਅਸੀਂ ਚੋਗਿਆਂ ਲਈ ਭਰੀਆਂ ਉਡਾਰੀਆਂ ਤੇ ਦੂਰ ਸਾਡੇ ਰਹਿਗੇ ਆਲ੍ਹਣੇ, ਅਸੀਂ ਚਾਵਾਂ ਦੀਆਂ ਘੁੱਟ ਲਈਆਂ ਸੰਘੀਆਂ ਤੇ ਢਿੱਡ ਸਾਨੂੰ ਪੈਗੇ ਪਾਲਣੇ।’ ਮਰ ਖਪ ਕੇ ਕਮਾਈਆਂ ਵੀਹ-ਪੱਚੀ ਹਜ਼ਾਰ ਤੋਂ ਸ਼ੁਰੂ ਹੁੰਦੀਆਂ ਨੇ, ਜਿਨ੍ਹਾਂ ਨਾਲ ਘਰਾਂ ਦੇ ਖਰਚ ਬੰਨ੍ਹੇ ਹੁੰਦੇ ਨੇ। ਢਿੱਡ ਬੰਨ੍ਹਣੇ ਪੈਂਦੇ ਆ ਬਹੁਤੀ ਵਾਰ। ਹੌਲੀ ਹੌਲੀ ਜਦੋਂ ਪੈਰ ਲਗਦੇ ਆ ਤਾਂ ਬੰਦਾ ਲੇਬਰ ਤੋਂ ਡਰਾਇਵਰੀ ਵੱਲ ਨੂੰ ਤੁਰ ਪੈਂਦਾ। ਤਨਖਾਹ ਪੰਤਾਲੀ-ਪੰਜਾਹ ਹਜ਼ਾਰ ਤੱਕ ਜਾ ਪਹੁੰਚਦੀ ਐ। ਫਿਕਰ, ਜਾਂ ਫਿਰ ਜ਼ਿੰਦਗੀ ਦਾ ਹਿੱਸਾ ਕਹਿ ਲਵੋ, ਆਦਤ ਬਣ ਜਾਂਦੇ ਐ। ਬਹਿਰੀਨ ਤੇ ਦੁਬਈ ਵਿੱਚ ਸੰਗਰਾਂਦ ਨੂੰ ਗੁਰਦੁਆਰਿਆਂ ਵਿੱਚ ਕੀਰਤਨ ਹੁੰਦਾ, ਲੰਗਰ ਚੱਲਦੇ ਨੇ। ਦੁਬਈ ਦਾ ਗੁਰਦੁਆਰਾ ਨਾਨਕ ਦਰਬਾਰ ਉੱਥੋਂ ਦੀ ਸਰਕਾਰ ਦੀ ਮਦਦ ਨਾਲ ਬਣਾਇਆ ਗਿਆ। ਸਾਊਦੀ ਅਤੇ ਹੋਰ ਮੁਲਕਾਂ ਵਿੱਚ ਹਾਲੇ ਧਾਰਮਿਕ ਸਥਾਨਾਂ ਦੀ ਐਨੀ ਖੁੱਲ੍ਹ ਨਹੀਂ ਜਿੰਨੀ ਬਹਿਰੀਨ, ਦੁਬਈ ਵਿਚ ਐ। ਮੰਦਰ, ਗੁਰਦੁਆਰੇ ਤੇ ਚਰਚ ਇਨ੍ਹਾਂ ਮੁਲਕਾਂ ‘ਚ ਹਰ ਵੇਲੇ ਖੁੱਲ੍ਹੇ ਰਹਿੰਦੇ ਐ। ਦੀਵਾਲੀ ਨੂੰ ਦੁਕਾਨਾਂ ਈਦ ਵਾਂਗ ਈ ਸਜਦੀਆਂ। ਜ਼ਿਆਦਾਤਰ ਪਾਕਿਸਤਾਨੀ ਜਾਂ ਭਾਰਤੀ ਲੋਕ ਹੋਣ ਕਰਕੇ ਬਹਿਰੀਨ ਤੇ ਦੁਬਈ ਦੇ ਲੋਕ ਕਾਫ਼ੀ ਹਿੰਦੀ-ਉਰਦੂ ਬੋਲ ਲੈਂਦੇ ਐ। ਇੰਗਲਿਸ਼ ਵੀ ਚੱਲਦੀ ਐ ਪਰ ਮੁੱਖ ਭਾਸ਼ਾ ਅਰਬੀ ਹੈ। ਤੰਗੀਆਂ ਤੁਰਸ਼ੀਆਂ, ਹਾਸੇ ਮਖੌਲ ਚੱਲਦੇ ਰਹਿੰਦੇ ਆ। ਜੇ ਗੱਲ ਸਿਰਫ ਇਹ ਹੋਵੇ ਕਿ ਆਪਸੀ ਮਦਦ ਨਾਲ ਮਸਲੇ ਹੱਲ ਹੁੰਦੇ ਹੋਣ ਤਾਂ ਇਹ ਕਮਾਊ ਪੁੱਤ ਕਦੇ ਵੀ ਨਾ ਥੱਕਣ। ਆਪਣੇ ਈ ਮਾਸ ਚੂੰਡਣ ਵਾਲੇ ਏਜੰਟ ਵੀਜ਼ੇ ਰੀਨਿਊ ਕਰਵਾਉਣ ਵੇਲੇ ਇਨ੍ਹਾਂ ਦੇ ਹਾਸੇ ਉਦਾਸੀਆਂ ‘ਚ ਬਦਲ ਦਿੰਦੇ ਨੇ। ਕਈਆਂ ਦੇ ਪੇਪਰ ਐਕਸਪਾਇਰ ਹੋ ਜਾਂਦੇ ਐ ਤੇ ਉਹ ਫਿਰ ਗੈਰਕਾਨੂੰਨੀ ਕੰਮ ਲੱਭਦੇ ਮੁਸ਼ਕਿਲਾਂ ‘ਚ ਫਸਦੇ ਚਲੇ ਜਾਂਦੇ ਐ। ਕੰਪਨੀਆਂ ਦੇ ਵਰਕ ਪਰਮਿਟਾਂ ’ਤੇ ਕੰਮ ਕਰਦੇ ਤਾਂ ਕਿਸੇ ਵੀ ਵਕਤ ਆਪਣਾ ਐਗਰੀਮੈਂਟ ਖਤਮ ਕਰਕੇ ਆ ਸਕਦੇ ਆਂ ਪਰ ਆਪਣਾ ਕੰਮ ਆਪ ਲੱਭ ਕੇ ਕਰਨ ਵਾਲਿਆਂ ਨੂੰ ਧੱਕੇ ਖਾਣੇ ਪੈਂਦੇ ਆ। ਕੋਰਟ-ਕਚਹਿਰੀਆਂ ਦੇ ਕੰਮ-ਢੰਗ ਤੇ ਕਾਨੂੰਨ ਨਹੀਂ ਪਤਾ ਹੁੰਦੇ, ਉਹ ਆਪੇ ਬਣੇ ਏਜੰਟਾਂ ਦੀਆਂ ਜੇਬਾਂ ਭਰਦੇ ਰਹਿੰਦੇ ਐ। ਕੰਪਨੀਆਂ ਵਿੱਚ ਕੰਮ ਕਰਨ ਵਾਲੇ ਤਕਰੀਬਨ ਸਹੀ ਰਹਿੰਦੇ ਆ। ਤਨਖਾਹਾਂ ਵਕਤ ਸਿਰ ਮਿਲ਼ ਜਾਂਦੀਆਂ ਤੇ ਆਮ ਸਹੂਲਤਾਂ ਵੀ ਕੰਪਨੀ ਨੂੰ ਦੇਣੀਆਂ ਪੈਂਦੀਆਂ। ਕੰਟਰੈਕਟ ਦੇ ਹਿਸਾਬ ਨਾਲ ਸਾਲ-ਦੋ ਸਾਲ ਬਾਅਦ ਕੰਪਨੀ ਦੇ ਖਰਚੇ ’ਤੇ ਘਰ ਗੇੜਾ ਮਾਰ ਆਉਂਦੇ ਐ। ਪਰ ਕੰਪਨੀਆਂ ਤੋਂ ਬਾਹਰ ਵਾਲਿਆਂ ਦਾ ਕੋਈ ਸ਼ਡਿਊਲ ਨਹੀਂ ਹੁੰਦਾ। ਕਈ ਵਾਰ ਪੰਜ ਪੰਜ ਸਾਲ ਵੀ ਲੰਘ ਜਾਂਦੇ ਐ, ਕਿਉਂਕਿ ਬਾਹਰ ਕੰਮ ਕਰਨ ਵਾਲਿਆਂ ਨੂੰ ਸਭ ਕੁਝ ਆਪ ਕਰਨਾ ਪੈਂਦਾ। ਜਦੋਂ ਐਥੇ ਦਾ ਭੇਤ ਆ ਜਾਂਦੈ ਤਾਂ ਬੰਦਾ ਆਪ ਆਪਣੇ ਮਸਲੇ ਨਜਿੱਠਣ ਜੋਗਾ ਹੋ ਜਾਂਦੈ। ਜਾਂ ਕਹੋ ਕਿ ਜਿਵੇਂ ਕਿਸੇ ਨੇ ਉਸ ਦੀ ਬਾਂਹ ਫੜੀ ਸੀ, ਉਹ ਕਿਸੇ ਨਵੇਂ ਆਏ ਦੀ ਬਾਂਹ ਫੜਨ ਜੋਗਾ ਹੋ ਜਾਂਦੈ। ਆਪਣੀ ਧਰਤੀ ਦੀ ਤੜਫ ਜ਼ਰੂਰ ਰਹਿੰਦੀ ਐ ਪਰ ਇਹ ਮਿੱਟੀ ਦਾ ਪਿਆਰ ਹੱਡੀਂ ਰਚਣ ਲੱਗ ਜਾਂਦੈ। ਰਚੇ ਵੀ ਕਿਉਂ ਨਾ, ਇਹ ਰਿਜ਼ਕ ਦੇਣ ਵਾਲੀ ਮਾਂ ਜੋ ਬਣ ਜਾਂਦੀ ਐ। ਇਹਦਾ ਇਨਸਾਫ ਤਕੜੇ ਮਾੜੇ ਨੂੰ ਇੱਕੋ ਪੱਲੜੇ ਪਾ ਕੇ ਤੋਲਦੈ। ਬਹਿਰੀਨ, ਦੁਬਈ ਆਦਿ ਦੀ ਚਕਾਚੌਂਧ ਤੇ ਆਜ਼ਾਦੀ ਮੱਲੋਮੱਲੀ ਕੰਨ ਦੇ ਕੋਲ ਆ ਕੇ ਕਹਿ ਦਿੰਦੀ ਐ ‘ਜ਼ਿੰਦਗੀ ਨੂੰ ਮਾਣ ਲੈ ਸ਼ੇਰਾ, ਪਰ ਦੇਖੀਂ ਗਵਾਚ ਨਾ ਜਾਈਂ’। ਸਾਡੇ ਆਮ ਲੋਕਾਂ ਦੀ ਸੋਚ ਵਿੱਚ ਇਹ ਮੁਲਕ ਮਾਰੂਥਲਾਂ ਤੋਂ ਬਿਨਾ ਹੋਰ ਕੁਝ ਨੀ ਹੈਗੇ, ਪਰ ਨਹੀਂ ਇਹ ਸਿਰਫ ਇੱਕ ਕਿਆਸ ਐ ਦੂਰ ਬੈਠਿਆਂ ਦਾ। ਇਸ ਧਰਤੀ ਨੇ ਆਪਣੇ ਬਸ਼ਿੰਦਿਆਂ ਨੂੰ ਬਹੁਤ ਕੁਝ ਦਿੱਤਾ ਏ। ਜਿਹੜੇ ਲੋਕ ਪਿਛਲੀਆਂ ਸਦੀਆਂ ਦੇ ਧਾੜਵੀ ਰਹੇ, ਫਿਰ ਊਠਾਂ ਜਾਂ ਖੋਤਿਆਂ ’ਤੇ ਸਮਾਨ ਲੱਦ ਕੇ ਵਪਾਰ ਕਰਦੇ ਰਹੇ, ਉਨ੍ਹਾਂ ਦੀ ਧਰਤੀ ਅੰਦਰਲੇ ਕੁਦਰਤੀ ਤੇਲ ਨੇ ਜ਼ਿੰਦਗੀ ਨੂੰ ਇੱਕਦਮ ਬਦਲ ਦਿੱਤਾ। ਫਿਰ ਇਨ੍ਹਾਂ ਨੂੰ ਕਾਮਿਆਂ ਦੀ ਲੋੜ ਪਈ, ਪੂਰੀ ਦੁਨੀਆਂ ’ਚੋਂ ਮੱਧ ਵਰਗਾਂ ਦੇ ਪੁੱਤ ਰੋਟੀ ਲੱਭਦੇ ਐਧਰ ਆ ਪਹੁੰਚੇ। ਸਰਮਾਏਦਾਰਾਂ ਲਈ ਨਿਵੇਸ਼ਾਂ ਦੇ ਰਾਹ ਖੁੱਲ੍ਹੇ ਅਤੇ ਆਮ ਬੰਦੇ ਲਈ ਸੁਨਿਹਰੇ ਭਵਿੱਖ ਦੇ ਸੁਪਨੇ ਇਨ੍ਹਾਂ ਰੇਤਿਆਂ ‘ਚੋਂ ਉੱਚੇ ਹੋ ਹੋ ਕੇ ਹਾਕਾਂ ਮਾਰਨ ਲੱਗ ਪਏ। ‘ਭੁੱਜਦਿਆਂ ਰੇਤਿਆਂ ਨੇ ਸੋਹਲ ਜਿੰਦੜੀ ਸੱਸੀ ਦੀ ਸਾੜੀ’। ਪਰ ਨਹੀਂ, ਹੁਣ ਸ਼ਾਇਦ ਰੇਤਿਆਂ ਦੀ ਇਸ ਜ਼ਿੱਦ ਨੂੰ ਠੱਲ੍ਹ ਪਾਉਣ ਦਾ ਸਮਾਂ ਸੀ। ਜਿੱਥੇ ਕੋਹਾਂ ਦੂਰ ਤੱਕ ਹਰਿਆਲੀ ਦਾ ਨਾਮੋ-ਨਿਸ਼ਾਨ ਨਹੀਂ ਸੀ ਹੁੰਦਾ, ਉੱਥੇ ਦਰੱਖਤ ਲੱਗਣ ਲੱਗ ਪਏ। ਪਾਣੀ ਨੂੰ ਸੋਧ ਕੇ ਨਿੱਕੀ ਮੋਟੀ ਖੇਤੀ ਲਈ ਵਰਤਿਆ ਜਾਣ ਲੱਗਿਆ। ਹੌਲੀ ਹੌਲੀ ਕਣਕ, ਮੱਕੀ, ਬਰਸੀਮ, ਜੈਤੂਨ, ਸਬਜ਼ੀਆਂ ਉੱਗਣ ਲੱਗੀਆਂ। ਢਿੱਡ ਭਰਨ ਆਏ ਪ੍ਰਦੇਸੀਆਂ ਨੂੰ ਧਰਤੀ ਆਪਣੇ ਪੁੱਤ ਬਣਾ ਕੇ ਰਿਜ਼ਕ ਵੰਡਦੀ ਗਈ। ਉਹ ਤਰੱਕੀਆਂ ਕਰਦੇ ਦਫਤਰਾਂ ਦੀਆਂ ਕੁਰਸੀਆਂ ‘ਤੇ ਆ ਬੈਠੇ। ਪਰ ਪਿੰਡ ਅਸੀਂ ਛੋਟੇ ਮੁਲਕਾਂ ਜਾਂ ਚੰਗੀਆਂ ਕੰਪਨੀਆਂ ਦੇ ਮਜ਼ਦੂਰ ਈ ਗਿਣੇ ਜਾਂਦੇ ਰਹੇ। ਕਿਉਂਕਿ ਜਿਨ੍ਹਾਂ ਨੇ ਅਰਬਾਂ ਵਿੱਚ ਆਉਣ ਦੀ ਸ਼ੁਰੂਆਤ ਕੀਤੀ ਸੀ ਉਨ੍ਹਾਂ ਉਮਰਾਂ ਗਾਲ ਕੇ ਪਿੱਛੇ ਆਪਣੇ ਪਰਿਵਾਰਾਂ ਦੇ ਢਿੱਡ ਤਾਂ ਭਰੇ ਪਰ ਜਾਣ ਲੱਗਿਆਂ ਕੋਲ ਬਹੁਤਾ ਕੁਝ ਨਹੀਂ ਸੀ ਹੁੰਦਾ। ਉਹ ਮਿਹਨਤੀ ਪੁੱਤ ਆਪਣੀ ਮਿੱਟੀ ‘ਤੇ ਪਹੁੰਚ ਕੇ ਵੀ ਉਵੇਂ ਕੰਮ ਕਰਨ ਨੂੰ ਤਰਜੀਹ ਦਿੰਦੇ ਸੀ। ਪਰ ਜਿਹੜਾ ਅਣਗੌਲਿਆ ਕਾਰਜ ਉਹ ਕਰਦੇ ਸੀ ਉਹ ਇਹ ਸੀ ਕਿ ਭਵਿੱਖ ’ਚ ਐਸ ਧਰਤੀ ’ਤੇ ਪਹੁੰਚਣ ਵਾਲੀ ਪੀੜ੍ਹੀ ਦੇ ਮਿਹਨਤਕਸ਼ ਹੋਣ ਦਾ ਸਬੂਤ ਪੱਕਾ ਕਰੀ ਜਾ ਰਹੇ ਸੀ, ਜਿਸ ਨੇ ਤਰੱਕੀਆਂ ਦੇ ਰਾਹ ਖੋਲ੍ਹੇ। ਅੱਜ ਦੀਆਂ ਪੁਜ਼ੀਸ਼ਨਾਂ ਉਨ੍ਹਾਂ ਮਿਹਨਤਾਂ ਦੀ ਦੇਣ ਨੇ। ਦੋ ਟੁੱਕ ਗੱਲ ਕਰਨੀ ਹੋਵੇ ਤਾਂ ਇਸ ਧਰਤੀ ਦੀ ਤਸਵੀਰ ਬਹੁਤ ਬਦਲੀ ਐ। ਐਥੋਂ ਦੀਆਂ ਸ਼ਾਨੋ ਸ਼ੌਕਤਾਂ ਨੇ ਜਿੱਥੇ ਦੇਖਣ ਵਾਲਿਆਂ ਨੂੰ ‘ਵਾਹ ਵਾਹ’ ਕਹਿਣ ਲਈ ਮਜਬੂਰ ਕੀਤੈ, ਉਥੇ ਰੋਟੀ ਲਈ ਆਇਆਂ ਨੂੰ ਵੀ ਇਸ ਧਰਤੀ ਨੇ ਬਾਹਾਂ ਖੋਲ੍ਹ ਕੇ ਬੁੱਕਲ ’ਚ ਲਿਆ ਏ। ਜੇ ਸੋਚੀਏ ਤਾਂ ਕਿੰਨੇ ਸਮਿਆਂ ਤੋਂ ਜਹਾਜ਼ਾਂ ਦੇ ਜਹਾਜ਼ ਇਨ੍ਹਾਂ ਮਾਰੂਥਲਾਂ ’ਚ ਉੱਤਰੇ ਹੋਣੇ ਐ। ਕਿੰਨਿਆਂ ਨੂੰ ਇਨ੍ਹਾਂ ਟਿੱਬਿਆਂ ਨੇ ਰਿਜ਼ਕ ਦਿੱਤਾ। ਸੋਨੇ ਰੰਗੇ ਰੇਤਿਆਂ ਨਾਲ ਫਿਰ ਮੋਹ ਹੋਣਾ ਕੁਦਰਤੀ ਐ। ਅੱਜ ਦਾ ਦਿਨ ਐ ਕਿ ਇਹ ਮੁਲਕ, ਇਹ ਧਰਤੀ, ਇਹ ਲੋਕ ਆਪਣੇ ਲਗਦੇ ਨੇ। ਜੰਮਣ ਭੋਇੰ ਦੇ ਨਾਲ ਨਾਲ ਇਸ ਕਰਮ ਭੋਇੰ ਨੂੰ ਵੀ ਕਰੋੜ ਸਿਜਦਾ। ਹਸਦੀ ਵਸਦੀ ਸਭ ਨੂੰ ਰਿਜ਼ਕ ਵੰਡਦੀ ਰਹੇ।

-ਦਾਊਮਾਜਰਾ, ਪੰਜਾਬ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All