ਅਯੁੱਧਿਆ: ਧਾਰਮਿਕ ਆਗੂਆਂ ਵੱਲੋਂ ਸ਼ਾਂਤੀ ਕਾਿੲਮ ਰੱਖਣ ਦਾ ਅਹਿਦ

ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਰਿਹਾਇਸ਼ ’ਤੇ ਮੁਲਕ ਭਰ ਦੇ ਧਾਰਮਿਕ ਆਗੂਆਂ ਦੀ ਮੀਟਿੰਗ

ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਐਤਵਾਰ ਨੂੰ ਨਵੀਂ ਦਿੱਲੀ ਸਥਿਤ ਆਪਣੀ ਰਿਹਾਇਸ਼ ’ਚ ਅੰਤਰ-ਧਰਮ ਮੀਟਿੰਗ ਦੌਰਾਨ ਵੱਖ ਵੱਖ ਧਰਮਾਂ ਦੇ ਆਗੂਆਂ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ, 10 ਨਵੰਬਰ ਅਯੁੱਧਿਆ ਮਾਮਲੇ ’ਤੇ ਸ਼ਨਿਚਰਵਾਰ ਨੂੰ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਅੱਜ ਕੌਮੀ ਸੁਰੱਖਿਆ ਸਲਾਹਕਾਰ (ਐਨਐੱਸਏ) ਅਜੀਤ ਡੋਵਾਲ ਨੇ ਕਈ ਉੱਘੇ ਹਿੰਦੂ ਤੇ ਮੁਸਲਿਮ ਧਾਰਮਿਕ ਆਗੂਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਹਾਜ਼ਰ ਸਾਰੇ ਆਗੂਆਂ ਨੇ ਸਰਕਾਰ ਨੂੰ ਸਮਰਥਨ ਦਿੰਦਿਆਂ ਸ਼ਾਂਤੀ ਤੇ ਕਾਨੂੰਨ-ਵਿਵਸਥਾ ਬਰਕਰਾਰ ਰੱਖਣ ਲਈ ਕਦਮ ਚੁੱਕਣ ਦਾ ਭਰੋਸਾ ਦਿੱਤਾ। ਦੇਸ਼ ਵਿਰੋਧੀ ਅਨਸਰਾਂ ਵੱਲੋਂ ‘ਸਥਿਤੀ ਦਾ ਲਾਹਾ ਲੈ ਕੇ ਹਾਲਾਤ ਖ਼ਰਾਬ ਕਰਨ ਦੇ ਖ਼ਦਸ਼ਿਆਂ’ ਦੇ ਮੱਦੇਨਜ਼ਰ ਆਗੂਆਂ ਨੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਡੋਵਾਲ ਦੀ ਰਿਹਾਇਸ਼ ’ਤੇ ਇਹ ਮੀਟਿੰਗ ਕਰੀਬ ਚਾਰ ਘੰਟੇ ਚੱਲੀ। ਹਿੰਦੂ ਧਰਮਾਚਾਰੀਆ ਸਭਾ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂਆਂ ਸਣੇ ਇਸ ਮੌਕੇ ਪੂਰੇ ਮੁਲਕ ਤੋਂ ਆਏ ਧਾਰਮਿਕ ਆਗੂ ਹਾਜ਼ਰ ਸਨ। ਹਾਜ਼ਰ ਸ਼ਖ਼ਸੀਅਤਾਂ ਨੇ ਇਸ ਮੌਕੇ ਅਯੁੱਧਿਆ ਫ਼ੈਸਲੇ ਦੇ ਮੱਦੇਨਜ਼ਰ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਚੋਟੀ ਦੇ ਧਾਰਮਿਕ ਆਗੂੁਆਂ ਵਿਚਾਲੇ ਹੋਈ ਮੁਲਾਕਾਤ ਇਨ੍ਹਾਂ ਵਿਚਲੇ ਤਾਲਮੇਲ ਨੂੰ ਮਜ਼ਬੂਤ ਕਰੇਗੀ ਜੋ ਕਿ ਸਾਰੇ ਫ਼ਿਰਕਿਆਂ ਵਿਚਾਲੇ ਭਾਈਚਾਰੇ ਦਾ ਭਾਵ ਪੈਦਾ ਕਰਨ ਵਿਚ ਸਹਾਈ ਹੋਵੇਗਾ। ਇਸ ਮੌਕੇ ਹਾਜ਼ਰ ਸਾਰਿਆਂ ਨੇ ਕਾਨੂੰਨ ਤੇ ਸੰਵਿਧਾਨਕ ਕਦਰਾਂ-ਕੀਮਤਾਂ ਵਿਚ ਪੂਰਾ ਭਰੋਸਾ ਜਤਾਇਆ। ਆਗੂਆਂ ਨੇ ਅਦਾਲਤ ਦੇ ਫ਼ੈਸਲੇ ਦਾ ਸਨਮਾਨ ਕਰਦਿਆਂ ਮੁਲਕ ਦੇ ਲੋਕਾਂ ਨੂੰ ਵੀ ਇਸ ਦੀ ਮਰਿਆਦਾ ਦਾ ਮਾਣ ਰੱਖਣ ਲਈ ਕਿਹਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੌਮੀ ਹਿੱਤਾਂ ਤੋਂ ਉਪਰ ਕੁਝ ਨਹੀਂ। ਆਗੂਆਂ ਨੇ ਇਸ ਗੱਲ ’ਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਦੋਵਾਂ ਧਰਮਾਂ ਨਾਲ ਸਬੰਧਤ ਕਰੋੜਾਂ ਭਾਰਤੀਆਂ ਨੇ ਅਦਾਲਤ ਦੇ ਫ਼ੈਸਲੇ ਨੂੰ ਸਵੀਕਾਰ ਕਰਦਿਆਂ ਜ਼ਿੰਮੇਵਾਰੀ, ਸੰਵੇਦਨਸ਼ੀਲਤਾ ਤੇ ਧੀਰਜ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਦੋਵਾਂ ਫ਼ਿਰਕਿਆਂ ਵਿਚਾਲੇ ਇਸੇ ਤਰ੍ਹਾਂ ਸੰਚਾਰ-ਤਾਲਮੇਲ ਬਣਿਆ ਰਹਿਣਾ ਚਾਹੀਦਾ ਹੈ। ਮੀਟਿੰਗ ਤੋਂ ਬਾਅਦ ਸਵਾਮੀ ਪਰਮਾਤਮਾਨੰਦ ਸਰਸਵਤੀ ਨੇ ਕਿਹਾ ਕਿ ਕੁਝ ਲੋਕ ਹਨ ਜੋ ਗੜਬੜੀ ਪੈਦਾ ਕਰਨਾ ਚਾਹੁੰਦੇ ਹਨ ਤੇ ਇਹ ਮੀਟਿੰਗ ਅਜਿਹੀਆਂ ਗਤੀਵਿਧੀਆਂ ਨੂੰ ਨਾਕਾਮ ਕਰਨ ਲਈ ਹੀ ਰੱਖੀ ਗਈ ਸੀ। ਸਾਰੇ ਇਸ ਗੱਲ ’ਤੇ ਸਹਿਮਤ ਹੋਏ ਕਿ ਡਿਜੀਟਲ ਸੰਸਾਰ ਵਿਚ ਦੇਸ਼ ਤੇ ਦੇਸ਼ ਤੋਂ ਬਾਹਰ ਲੋਕ ਮੁਲਕ ’ਚ ਗੜਬੜੀ ਫੈਲਾਉਣਾ ਚਾਹੁੰਦੇ ਹਨ। ਮੀਟਿੰਗ ਵਿਚ ਇਸ ਬਾਰੇ ਵੀ ਚਰਚਾ ਹੋਈ। ਹਜ਼ਰਤ ਖ਼ਵਾਜ਼ਾ ਮੋਇਨੂਦੀਨ ਹਸਨ ਚਿਸ਼ਤੀ ਦਰਗਾਹ ਦੇ ਮੁਖੀ ਸਈਦ ਜ਼ੈਨੁੱਲ ਅਬੇਦੀਨ ਅਲੀ ਖ਼ਾਨ ਨੇ ਕਿਹਾ ਕਿ ਅਜਿਹੀਆਂ ਮੁਲਾਕਾਤਾਂ ਸ਼ਲਾਘਾਯੋਗ ਕਦਮ ਹੈ ਤੇ ਉਹ ਐੱਨਐੱਸਏ ਡੋਵਾਲ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਹਿੰਦੂ-ਮੁਸਲਮਾਨ ਮੁੱਦੇ ਖ਼ਤਮ ਹੋਣ ਹਰ ਕੋਈ ਰਾਸ਼ਟਰ ਨਿਰਮਾਣ ਵਿਚ ਜੁਟੇ, ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾਵੇ ਤੇ ਗਰੀਬੀ ਮਿਟਾਈ ਜਾਵੇ। ਬਾਕੀ ਆਗੂ ਵੀ ਉਨ੍ਹਾਂ ਦੀ ਗੱਲ ਨਾਲ ਸਹਿਮਤ ਹੋਏ। ਇਸ ਮੌਕੇ ਪਰਮਾਰਥ ਨਿਕੇਤਨ ਰਿਸ਼ੀਕੇਸ਼ ਦੇ ਸਵਾਮੀ ਚਿਦਾਨੰਦ ਸਰਸਵਤੀ ਨੇ ਕਿਹਾ ਕਿ ‘ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਫ਼ਾਸਲੇ ਮਿਟੇ ਹਨ।’ ਹੋਰਨਾਂ ਤੋਂ ਇਲਾਵਾ ਇਸ ਮੌਕੇ ਯੋਗ ਗੁਰੂ ਰਾਮਦੇਵ, ਸ਼ੀਆ ਮੌਲਾਨਾ ਸਈਦ ਕਲਬੇ ਜਵਾਦ ਵੀ ਹਾਜ਼ਰ ਸਨ। -ਪੀਟੀਆਈ

ਅਯੁੱਧਿਆ ਕੇਸ ਦਾ ਫ਼ੈਸਲਾ ਸੁਣਾਉਣ ਵਾਲੇ ਪੰਜ ਜੱਜਾਂ ਦੀ ਸੁਰੱਖਿਆ ਵਧਾਈ

ਨਵੀਂ ਦਿੱਲੀ: ਰਾਮ ਜਨਮਭੂਮੀ-ਬਾਬਰੀ ਮਸਜਿਦ ਜ਼ਮੀਨੀ ਵਿਵਾਦ ਕੇਸ ਦਾ ਫ਼ੈਸਲਾ ਸੁਣਾਉਣ ਵਾਲੇ ਪੰਜ ਜੱਜਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਇਹਤਿਆਤ ਵਜੋਂ ਉਨ੍ਹਾਂ ਨਾਲ ਵਾਧੂ ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਘਰਾਂ ਬਾਹਰ ਬੈਰੀਕੇਡ ਅਤੇ ਮੋਬਾਈਲ ਸੁਰੱਖਿਆ ਟੀਮਾਂ ਵੀ ਨਿਯੁਕਤ ਕੀਤੀਆਂ ਗਈਆਂ ਹਨ। ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਐੱਸ ਏ ਬੋਬੜੇ, ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਨ ਅਤੇ ਜਸਟਿਸ ਐੱਸ ਅਬਦੁੱਲ ਨਜ਼ੀਰ ਵੱਲੋਂ ਸਦੀ ਤੋਂ ਪੁਰਾਣੇ ਵਿਵਾਦ ਦਾ ਫ਼ੈਸਲਾ ਸੁਣਾਏ ਜਾਣ ਮਗਰੋਂ ਸ਼ਨਿਚਰਵਾਰ ਤੋਂ ਹੀ ਉਨ੍ਹਾਂ ਦੀ ਸੁਰੱਖਿਆ ’ਚ ਵਾਧਾ ਕਰ ਦਿੱਤਾ ਗਿਆ ਸੀ। ਸੀਨੀਅਰ ਅਧਿਕਾਰੀ ਨੇ ਕਿਹਾ,‘‘ਮਾਣਯੋਗ ਜੱਜਾਂ ਦੀ ਸੁਰੱਖਿਆ ਇਹਤਿਆਤ ਵਜੋਂ ਵਧਾਈ ਗਈ ਹੈ। ਉਂਜ ਕਿਸੇ ਵੀ ਜੱਜ ਨੂੰ ਕੋਈ ਵਿਸ਼ੇਸ਼ ਖਤਰਾ ਨਹੀਂ ਹੈ।’’ ਇਸ ਤੋਂ ਪਹਿਲਾਂ ਜੱਜਾਂ ਦੇ ਘਰਾਂ ’ਚ ਸੁਰੱਖਿਆ ਗਾਰਦ ਰਹਿੰਦੀ ਸੀ। ਹੁਣ ਜੱਜਾਂ ਦੇ ਹਰੇਕ ਵਾਹਨ ਦੇ ਨਾਲ ਹਥਿਆਰਬੰਦ ਗਾਰਡ ਐਸਕਾਰਟ ਵਾਹਨ ’ਚ ਸਵਾਰ ਹੋਣਗੇ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਜੱਜਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਪਰ ਫਿਰ ਵੀ ਇਹਤਿਆਤੀ ਕਦਮ ਵਜੋਂ ਸੁਰੱਖਿਆ ਦੇ ਵਾਧੂ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਪੰਜ ਜੱਜਾਂ ’ਤੇ ਆਧਾਰਿਤ ਸੰਵਿਧਾਨਕ ਬੈਂਚ ਨੇ ਅਯੁੱਧਿਆ ’ਚ ਵਿਵਾਦਤ ਥਾਂ ’ਤੇ ਭਗਵਾਨ ਰਾਮ ਦੇ ਜਨਮ ਹੋਣ ਸਬੰਧੀ ਹਿੰਦੂਆਂ ਦੇ ਦਾਅਵੇ ਨੂੰ ਸਵੀਕਾਰ ਕਰਦਿਆਂ ਭਗਵਾਨ ਰਾਮ ਨੂੰ ਪ੍ਰਤੀਕ ਵਜੋਂ ਜ਼ਮੀਨ ਦਾ ਮਾਲਿਕ ਐਲਾਨਿਆ ਸੀ। -ਪੀਟੀਆਈ

ਦੋ ਦਿਨਾਂ ’ਚ 90 ਗ੍ਰਿਫ਼ਤਾਰੀਆਂ

ਨਵੀਂ ਦਿੱਲੀ/ਅਯੁੱਧਿਆ: ਸੁਪਰੀਮ ਕੋਰਟ ਵੱਲੋਂ ਸ਼ਨਿਚਰਵਾਰ ਨੂੰ ਅਯੁੱਧਿਆ ਬਾਰੇ ਫੈਸਲਾ ਸੁਣਾਏ ਜਾਣ ਦੇ ਬਾਅਦ ਹੁਣ ਤਕ ਲਗਪਗ 90 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 8000 ਸ਼ੋਸ਼ਲ ਮੀਡੀਆ ਪੋਸਟਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਅਯੁੱਧਿਆ ਵਿੱਚ ਅਧਿਕਾਰੀਆਂ ਵੱਲੋਂ ਹਾਲਾਤ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ,ਜਦੋਂ ਕਿ ਹਿੰਦੂ ਅਤੇ ਮੁਸਲਿਮ ਧਾਰਮਿਕ ਆਗੂਆਂ ਨੇ ਅੱਜ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੀਟਿੰਗ ਤੋਂ ਬਾਅਦ ਲੋਕਾਂ ਨੂੰ ਫਿਰਕੂ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਮੁਲਕ ਵਿੱਚ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਕੋਈ ਖ਼ਬਰ ਨਹੀਂ ਹੈ। ਉੱਤਰ ਪ੍ਰਦੇਸ਼ ਪੁਲੀਸ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਸੂਬੇ ਵਿੱਚ ਕਥਿਤ ਤੌਰ ’ਤੇ ਮਾਹੌਲ ਖ਼ਰਾਬ ਕਰਨ ਦੇ ਦੋਸ਼ ਹੇਠ 77 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ 34 ਮਾਮਲੇ ਦਰਜ ਕੀਤੇ ਗਏ ਹਨ। ਪੁਲੀਸ ਵੱਲੋਂ ਅੱਜ 22 ਮਾਮਲੇ ਦਰਜ ਕੀਤੇ ਗਏ ਅਤੇ 40 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੱਧ ਪ੍ਰਦੇਸ਼ ਵਿੱਚ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗਵਾਲੀਅਰ ਜੇਲ੍ਹ ਦੇ ਵਾਰਡਨ ਨੂੰ ਫੈਸਲੇ ਬਾਅਦ ਪਟਾਕੇ ਚਲਾਉਣ ਦੇ ਦੋਸ਼ ਹੇਠ ਮੁਅੱਤਲ ਕੀਤਾ ਗਿਆ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

74ਵੇਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰ ਦੇ ਨਾਂ ਸੰਬੋਧਨ ’ਚ ਰ...

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸ਼ਹਿਰ

View All