ਅਮਰਿੰਦਰ ਨੇ ਸ਼ਾਹੀ ਖੇਡ ਤੋਂ ਵਾਰਿਆ ਖ਼ਜ਼ਾਨਾ

ਪੋਲੋ ਅਤੇ ਘੋੜ ਸਵਾਰੀ ਦੇ ਸ਼ੌਕੀਨ ਕੈਪਟਨ ਨੇ 13 ਕਰੋੜ ਇਕੱਲੇ ਪਟਿਆਲਾ ਨੂੰ ਦਿੱਤੇ

ਚਰਨਜੀਤ ਭੁੱਲਰ ਬਠਿੰਡਾ, 13 ਫਰਵਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹੀ ਖੇਡ ‘ਪੋਲੋ ਅਤੇ ਘੋੜ ਸਵਾਰੀ’ ਤੋਂ ਸਰਕਾਰੀ ਖ਼ਜ਼ਾਨੇ ਵਿੱਚੋਂ ਕਰੋੜਾਂ ਰੁਪਏ ਵਾਰ ਦਿੱਤੇ ਹਨ ਜਦੋਂਕਿ ਸੂਬਾ ਵਿੱਤੀ ਤੰਗੀ ਝੱਲ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਦੀ ਤਰਜ਼ ’ਤੇ ਆਪਣੇ ਹਲਕੇ ਪਟਿਆਲਾ ਨੂੰ ਫੰਡਾਂ ਦੇ ਖੁੱਲ੍ਹੇ ਗੱਫੇ ਵਰਤਾ ਦਿੱਤੇ ਹਨ। ਮੁੱਖ ਮੰਤਰੀ ਵਲੋਂ ਛੋਟੀਆਂ ਬੱਚਤਾਂ ਫੰਡ ਵਿੱਚੋਂ 98 ਫੀਸਦੀ ਫੰਡ ਇਕੱਲੇ ਪਟਿਆਲਾ ਜ਼ਿਲ੍ਹੇ ’ਚ ਦਿੱਤੇ ਗਏ ਹਨ। ਛੋਟੀਆਂ ਬੱਚਤਾਂ ਵਿਭਾਗ ਤੋਂ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਮਿਲੇ ਲਿਖਤੀ ਵੇਰਵਿਆਂ ਅਨੁਸਾਰ ਛੋਟੀਆਂ ਬੱਚਤਾਂ ’ਚੋਂ ਇਕੱਲੇ ਜ਼ਿਲ੍ਹਾ ਪਟਿਆਲਾ ਨੂੰ 13.08 ਕਰੋੜ ਰੁਪਏ ਦੇ ਫੰਡ ਕਾਂਗਰਸੀ ਹਕੂਮਤ ਦੌਰਾਨ ਮਿਲੇ ਹਨ। ਇਨ੍ਹਾਂ ’ਚੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਜ਼ਿਲ੍ਹਾ ਪਟਿਆਲਾ ਨੂੰ 30.50 ਲੱਖ ਰੁਪਏ ਦਿੱਤੇ ਹਨ। ਇਹ ਗੱਲ ਉਦੋਂ ਸ਼ੁਰੂ ਹੋਈ ਸੀ ਜਦੋਂ ਪਸ਼ੂ ਭਲਾਈ ਫੰਡਾਂ ’ਚੋਂ ਦਸੰਬਰ 2017 ਵਿਚ ‘ਪੋਲੋ ਮੈਚਾਂ’ ਵਾਸਤੇ 50 ਲੱਖ ਰੁਪਏ ਦੇ ਫੰਡ ਜਾਰੀ ਕੀਤੇ ਗਏ ਸਨ। ਮੁੱਖ ਮੰਤਰੀ ਨੇ ਛੋਟੀਆਂ ਬੱਚਤਾਂ ਫੰਡਾਂ ’ਚੋਂ 49.80 ਲੱਖ ਦੇ ਫੰਡ 23 ਫਰਵਰੀ 2018 ਨੂੰ ‘ਪਟਿਆਲਾ ਪੋਲੋ ਐਂਡ ਰਾਈਡਿੰਗ ਕਲੱਬ’ ਨੂੰ ਜਾਰੀ ਕੀਤੇ ਸਨ। ਇਹ ਸ਼ਾਹੀ ਲੋਕਾਂ ਦਾ ਕਲੱਬ ਹੈ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਨੇ ‘ਪਟਿਆਲਾ ਘੋੜ ਸਵਾਰ ਅਤੇ ਪੋਲੋ ਅਕੈਡਮੀ’ ਨੂੰ 5 ਫਰਵਰੀ 2019 ਨੂੰ ਛੇ ਲੱਖ ਰੁਪਏ ਜਾਰੀ ਕੀਤੇ ਅਤੇ ਪੁਰਾਣੇ ਪੋਲੋ ਗਰਾਊਂਡ ਵਾਸਤੇ 50 ਲੱਖ ਰੁਪਏ 30 ਜਨਵਰੀ 2019 ਨੂੰ ਜਾਰੀ ਕੀਤੇ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨਾਭਾ ਦੇ ਪੰਜਾਬ ਪਬਲਿਕ ਸਕੂਲ ਨੂੰ ‘ਪੋਲੋ ਸਪੋਰਟਸ’ ਲਈ 30 ਲੱਖ ਰੁਪਏ ਦੇ ਫੰਡ 10 ਸਤੰਬਰ 2019 ਨੂੰ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ‘ਪਟਿਆਲਾ ਏਵੀਏਸ਼ਨ ਕੰਪਲੈਕਸ’ ਦੀ ਸੁੰਦਰਤਾ ਅਤੇ ਇਮਾਰਤ ਲਈ 1.30 ਕਰੋੜ ਰੁਪਏ ਦੀ ਗ੍ਰਾਂਟ 26 ਅਗਸਤ 2019 ਨੂੰ ਦਿੱਤੀ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਖੁਦ ‘ਪੋਲੋ’ ਦੇ ਖਿਡਾਰੀ ਹਨ ਅਤੇ ਘੋੜ ਸਵਾਰੀ ਦਾ ਸ਼ੌਕ ਰੱਖਦੇ ਹਨ। ਮੁੱਖ ਮੰਤਰੀ ਨੇ ਪਟਿਆਲਾ ਦੀ ਮਹਿੰਦਰਾ ਕੋਠੀ ਦੀ ਇਮਾਰਤ ਲਈ ਵੀ 27 ਮਾਰਚ 2018 ਨੂੰ 50 ਲੱਖ ਰੁਪਏ ਦੇ ਫੰਡ ਦਿੱਤੇ ਹਨ। ਛੋਟੀਆਂ ਬੱਚਤਾਂ ’ਚੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਆਪਣੇ ਪੱਧਰ ’ਤੇ ਅਖ਼ਤਿਆਰੀ ਕੋਟਾ ਹੋਣ ਕਰਕੇ ਫੰਡ ਦੇ ਸਕਦੇ ਹਨ। ਮੁੱਖ ਮੰਤਰੀ ਪੰਜਾਬ ਨੇ ਛੋਟੀਆਂ ਬੱਚਤਾਂ ਫੰਡਾਂ ’ਚੋਂ ਹੀ 30 ਅਗਸਤ 2018 ਨੂੰ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਲਈ ਵੀ ਇੱਕ ਕਰੋੜ ਰੁਪਏ ਦੇ ਫੰਡ ਭੇਜੇ ਹਨ। ਪਟਿਆਲਾ ਜ਼ਿਲ੍ਹੇ ਵਿਚ ਫੰਡਾਂ ਦੀ ਵਰਤੋਂ ਡਿਪਟੀ ਕਮਿਸ਼ਨਰ ਰਾਹੀਂ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਪਟਿਆਲਾ ਵਿਚ ਐੱਮ.ਸੀ ਮੀਟਿੰਗ ਹਾਲ ਲਈ ਇੱਕ ਕਰੋੜ, ਪਬਲਿਕ ਕਾਲਜ ਸਮਾਣਾ ਨੂੰ 10 ਲੱਖ, ਲੜਕੀਆਂ ਦੇ ਸਰਕਾਰੀ ਕਾਲਜ ਪਟਿਆਲਾ ਨੂੰ 50 ਲੱਖ ਅਤੇ ਰਜਿੰਦਰਾ ਹਸਪਤਾਲ ਨੂੰ ਇੱਕ ਕਰੋੜ ਦੇ ਫੰਡ ਦਿੱਤੇ ਹਨ। ਪਟਿਆਲਾ ਦੀ ਛੋਟੀ ਨਦੀ ਦੀ ਲੈਂਡਸਕੇਪਿੰਗ ਲਈ 24.16 ਲੱਖ ਰੁਪਏ ਦਿੱਤੇ ਹਨ। ਮੁੱਖ ਮੰਤਰੀ ਨੇ ਪੰਜਾਹ ਲੱਖ ਰੁਪਏ ਦੇ ਫੰਡ ਰਾਜਪੁਰਾ ਦੇ ਪਿੰਡਾਂ ਵਿਚ ਵੰਡੇ ਹਨ। ਇਵੇਂ ਹੀ ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਨੂੰ ਵੀ 10 ਲੱਖ ਦੀ ਗ੍ਰਾਂਟ ਦਿੱਤੀ ਗਈ ਹੈ।

ਖ਼ਜ਼ਾਨੇ ਦੀ ਦੁਰਵਰਤੋਂ: ਭਗਵੰਤ ਮਾਨ

ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵੀ ‘ਹਲਕਾ ਲੰਬੀ ਦੀ ਤਰਜ਼’ ਤੇ ਆਪਣਿਆਂ ਨੂੰ ਰਿਓੜੀਆਂ ਵੰਡ ਰਹੇ ਹਨ, ਜੋ ਖ਼ਜ਼ਾਨੇ ਦੀ ਦੁਰਵਰਤੋਂ ਹੈ। ਉਨ੍ਹਾਂ ਕਿਹਾ ਕਿ ਇਕੱਲੀ ਪੋਲੋ ਸਪੋਰਟਸ ਨੂੰ ਫੰਡ ਦੇਣੇ ਮੁੱਖ ਮੰਤਰੀ ਦੀ ਤਰਜੀਹ ਦਰਸਾਉਂਦਾ ਹੈ ਜਦੋਂ ਕਿ ਪਿੰਡਾਂ ਦੇ ਖੇਡ ਮੈਦਾਨ ਫੰਡਾਂ ਤੋਂ ਦੂਰ ਹਨ। ਖੇਡ ਕਿੱਟਾਂ ਲਈ ਵੀ ਸਰਕਾਰ ਕੋਲ ਪੈਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖ਼ਜ਼ਾਨੇ ਨੂੰ ਬਾਦਸ਼ਾਹੀ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All