ਅਭਿਆਸ ਮੈਚ: ਚਾਰ ਭਾਰਤੀ ਬੱਲੇਬਾਜ਼ ਸਿਫ਼ਰ ’ਤੇ ਆਊਟ

ਸ਼ੁਭਮਨ ਗਿੱਲ, ਮਯੰਕ ਅਗਰਵਾਲ, ਪ੍ਰਿਥਵੀ ਸ਼ਾਅ

ਹੈਮਿਲਟਨ, 14 ਫਰਵਰੀ ਨਿਊਜ਼ੀਲੈਂਡ ਇਲੈਵਨ ਖ਼ਿਲਾਫ਼ ਅਭਿਆਸ ਮੈਚ ਦੇ ਪਹਿਲੇ ਦਿਨ ਚਾਰ ਬੱਲੇਬਾਜ਼ ਖਾਤਾ ਵੀ ਨਹੀਂ ਖੋਲ੍ਹ ਸਕੇ, ਜਦੋਂਕਿ ਹੁਨਮਾ ਵਿਹਾਰੀ ਨੇ ਸੈਂਕੜਾ ਅਤੇ ਚੇਤੇਸ਼ਵਰ ਪੁਜਾਰਾ ਨੇ 92 ਦੌੜਾਂ ਬਣਾ ਕੇ ਭਾਰਤ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ। ਤਿੰਨ ਮਾਹਿਰ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ (ਇੱਕ ਦੌੜ), ਪ੍ਰਿਥਵੀ ਸ਼ਾਅ (ਸਿਫ਼ਰ) ਅਤੇ ਸ਼ੁਭਮਨ ਗਿੱਲ (ਸਿਫ਼ਰ) ਤੇਜ਼ ਅਤੇ ਉਛਾਲ ਵਾਲੀਆਂ ਪਿੱਚਾਂ ’ਤੇ ਅਸਫਲ ਰਹੇ, ਜਦੋਂਕਿ ਵਿਕਟਕੀਪਰ/ਬੱਲੇਬਾਜ਼ ਰਿਧੀਮਾਨ ਸਾਹਾ ਅਤੇ ਰਵੀਚੰਦਰ ਅਸ਼ਵਿਨ ਵੀ ਆਪਣਾ ਖਾਤਾ ਨਹੀਂ ਖੋਲ੍ਹ ਸਕੇ। ਕਪਤਾਨ ਵਿਰਾਟ ਕੋਹਲੀ ਨੇ ਅਭਿਆਸ ਮੈਚ ਦੀ ਥਾਂ ਨੈੱਟ ਅਭਿਆਸ ਨੂੰ ਤਰਜੀਹ ਦਿੱਤੀ। ਭਾਰਤੀ ਟੀਮ ਸਿਰਫ਼ 263 ਦੌੜਾਂ ਹੀ ਬਣਾ ਸਕੀ ਅਤੇ ਵਿਹਾਰੀ (101 ਰਿਟਾਇਰਡ) ਅਤੇ ਪੁਜਾਰਾ ਨੂੰ ਛੱਡ ਕੇ ਕੋਈ ਬੱਲੇਬਾਜ਼ 20 ਦੌੜਾਂ ਵੀ ਨਹੀਂ ਬਣਾ ਸਕਿਆ। ਤਿੰਨ ਦੇ ਤਿੰਨ ਸਲਾਮੀ ਬੱਲੇਬਾਜ਼ੀ ਬੁਰੀ ਤਰ੍ਹਾਂ ਨਾਕਾਮ ਰਹੇ। ਸ਼ਾਅ ਅਤੇ ਗਿੱਲ ਜ਼ਿਆਦਾ ਉਛਾਲ ਦਾ ਸਾਹਮਣਾ ਨਹੀਂ ਕਰ ਸਕੇ, ਜਦਕਿ ਅਗਰਵਾਲ ਸੀਮ ਗੇਂਦ ਦਾ ਸ਼ਿਕਾਰ ਹੋਇਆ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਸਕੌਟ ਕੁਗਲਿਨ ਨੇ 40 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਭਾਰਤ ਨੂੰ ਚੰਗੀ ਸ਼ੁਰੂਆਤ ਨਹੀਂ ਕਰਨ ਦਿੱਤੀ। ਕੁਗਲਿਨ ਨੇ ਸ਼ਾਅ ਨੂੰ ਰਚਿਨ ਰਵਿੰਦਰਾ ਹੱਥੋਂ ਆਊਟ ਕਰਵਾਇਆ। ਅਗਰਵਾਲ ਨੇ ਵਿਕਟਾਂ ਦੇ ਪਿੱਛੇ ਡੈਨ ਕਲੀਵਰ ਨੂੰ ਕੈਚ ਦਿੱਤਾ। ਇਸੇ ਤਰ੍ਹਾਂ ਕੋਹਲੀ ਦੀ ਗ਼ੈਰ-ਮੌਜੂਦਗੀ ਵਿੱਚ ਚੌਥੇ ਨੰਬਰ ’ਤੇ ਆਇਆ ਗਿੱਲ ਵੀ ਕੈਚ ਆਊਟ ਹੋਇਆ। ਉਸ ਸਮੇਂ ਭਾਰਤ ਦਾ ਸਕੋਰ ਪੰਜ ਦੌੜਾਂ ’ਤੇ ਤਿੰਨ ਵਿਕਟਾਂ ਸੀ। ਅਜਿੰਕਿਆ ਰਹਾਣੇ (18 ਦੌੜਾਂ) ਪਹਿਲੇ ਘੰਟੇ ਵਿੱਚ ਹੀ ਆਪਣੀ ਵਿਕਟ ਗੁਆ ਬੈਠਾ। ਇਸ ਮਗਰੋਂ ਵਿਹਾਰੀ ਅਤੇ ਪੁਜਾਰਾ ਨੇ 195 ਦੌੜਾਂ ਦੀ ਭਾਈਵਾਲੀ ਕੀਤੀ। ਕੁਗਲਿਨ ਅਤੇ ਬਲੇਅਰ ਟਿਕਨਰ ਦਾ ਪਹਿਲਾ ਸਪੈਲ ਪਾਉਣ ਮਗਰੋਂ ਦੂਜੇ ਅਤੇ ਤੀਜੇ ਸੈਸ਼ਨ ਵਿੱਚ ਉਸ ਨੇ ਆਰਾਮ ਨਾਲ ਬੱਲੇਬਾਜ਼ੀ ਕੀਤੀ। ਪੁਜਾਰਾ ਨੇ ਸਪਿੰਨਰ ਈਸ਼ ਸੋਢੀ ਨੂੰ ਛੱਕਾ ਜੜਿਆ, ਜਦਕਿ ਵਿਹਾਰੀ ਨੇ ਖੱਬੇ ਹੱਥ ਦੇ ਸਪਿੰਨਰ ਰਵਿੰਦਰ ਨੂੰ ਤਿੰਨ ਚੌਕੇ ਜੜੇ। ਪੁਜਾਰਾ ਆਖ਼ਰੀ ਸੈਸ਼ਨ ਵਿੱਚ ਗਿਬਸਨ ਦਾ ਸ਼ਿਕਾਰ ਹੋਇਆ, ਜਦਕਿ ਵਿਹਾਰੀ ਨੇ ਇਸ ਦੌਰਾਨ ਆਪਣਾ ਸੈਂਕੜਾ ਪੂਰਾ ਕੀਤਾ। ਭਾਰਤ ਨੇ ਆਖ਼ਰੀ ਛੇ ਵਿਕਟਾਂ 30 ਦੌੜਾਂ ਦੇ ਅੰਦਰ ਗੁਆਈਆਂ। ਰਿਸ਼ਭ ਪੰਤ ਇੱਕ ਵਾਰ ਫਿਰ ਗ਼ਲਤ ਸ਼ਾਟ ਖੇਡ ਕੇ ਸੋਢੀ ਦੀ ਗੇਂਦ ’ਤੇ ਐਕਸਟਰਾ ਕਵਰ ਵਿੱਚ ਕੈਚ ਦੇ ਕੇ ਪੈਵਿਲੀਅਨ ਪਰਤਿਆ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All