ਅਪਾਹਜ ਵੀ ਲੋੜਦੇ ਨੇ ਪਿਆਰ ਤੇ ਸਾਥ: ਕਾਲਕੀ ਕੋਚਲਿਨ : The Tribune India

ਅਪਾਹਜ ਵੀ ਲੋੜਦੇ ਨੇ ਪਿਆਰ ਤੇ ਸਾਥ: ਕਾਲਕੀ ਕੋਚਲਿਨ

ਅਪਾਹਜ ਵੀ ਲੋੜਦੇ ਨੇ ਪਿਆਰ ਤੇ ਸਾਥ: ਕਾਲਕੀ ਕੋਚਲਿਨ

ਅੱਜ ਕੱਲ੍ਹ ਅਦਾਕਾਰਾ ਕਾਲਕੀ ਕੋਚਲਿਨ ਸੋਨਾਲੀ ਬੋਸ ਨਿਰਦੇਸ਼ਿਤ ਫ਼ਿਲਮ ‘ਮਾਰਗਰਿਟਾ ਵਿਦ ਏ ਸਟਰਾਅ’ ਨਾਲ ਚਰਚਾ ਵਿੱਚ ਹੈ। ਇਹ ਫ਼ਿਲਮ ਕਈ ਕੌਮਾਂਤਰੀ ਫ਼ਿਲਮ ਮੇਲਿਆਂ ਵਿੱਚ ਕਾਫ਼ੀ ਸ਼ੋਹਰਤ ਬਟੋਰ ਚੁੱਕੀ ਹੈ।  ਇਸ ਫ਼ਿਲਮ ਵਿੱਚ ਉਸ ਨੇ ਲੈਲਾ ਨਾਮ ਦੀ ਅਪਾਹਜ ਮੁਟਿਆਰ ਦਾ ਕਿਰਦਾਰ ਨਿਭਾਇਆ ਹੈ। ਕਾਲਕੀ ਮੁਤਾਬਕ ਇਹ ਇੱਕ ਬਹੁਤ ਹੀ ਬੋਲਡ ਕਿਰਦਾਰ ਹੈ, ਪਰ ਇਹ ਸਰੀਰਕ ਤੌਰ ’ਤੇ ਊਣੇ ਲੋਕਾਂ ਦੀਆਂ ਮਾਨਸਿਕ ਅਤੇ ਸਰੀਰਕ ਲੋੜਾਂ ਦੀ ਹੂਬਹੂ ਤਰਜਮਾਨੀ ਕਰਦਾ ਹੈ। ਪੇਸ਼ ਹਨ ਕਾਲਕੀ ਨਾਲ ਇਸ ਫ਼ਿਲਮ ਅਤੇ ਕਰੀਅਰ ਨਾਲ ਸਬੰਧਤ ਹੋਈ ਗੱਲਬਾਤ ਦੇ ਕੁਝ ਅੰਸ਼: ਸ਼ਾਂਤੀ ਸਵਰੂਪ ਤ੍ਰਿਪਾਠੀ * ਫ਼ਿਲਮ ‘ਮਾਰਗਰਿਟਾ ਵਿਦ ਏ ਸਟਰਾਅ’ ਨੂੰ ਕੌਮਾਂਤਰੀ ਫ਼ਿਲਮ ਮੇਲਿਆਂ ਵਿੱਚ ਕਾਫ਼ੀ ਚੰਗਾ ਹੁੰਗਾਰਾ ਮਿਲਿਆ ਹੈ। ਕੀ ਕਹੋਗੇ? - ਜਦੋਂ ਮੈਂ ਇਸ ਫ਼ਿਲਮ ਦੇ ਸਿਲਸਿਲੇ ਵਿੱਚ ‘ਟੋਰਾਂਟੋ ਫ਼ਿਲਮ ਫੈਸਟੀਵਲ’ ਲਈ ਗਈ ਹੋਈ ਸੀ ਤਾਂ ਮੈਂ ਉੱਥੇ ਬਹੁਤ ਭਾਵੁਕ ਹੋਈ। ਉੱਥੇ ਜਿੰਨੇ ਲੋਕ ਫ਼ਿਲਮ ਦੇਖਣ ਆਏ ਹੋਏ ਸਨ, ਉਨ੍ਹਾਂ ’ਚੋਂ 60 ਫ਼ੀਸਦੀ ਭਾਰਤੀ ਸਨ। ਬਹੁਤ ਸਾਰੇ ਅਪਾਹਜ ਵੀਲ੍ਹਚੇਅਰ ’ਤੇ ਆਏ ਸਨ ਅਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਲੋਕ ਫ਼ਿਲਮ ਕਿਵੇਂ ਦੇਖਣਗੇ। ਇਨ੍ਹਾਂ ਨੂੰ ਸਾਡੀ ਫ਼ਿਲਮ ਵਧੀਆ ਲੱਗੇਗੀ ਜਾਂ ਨਹੀਂ, ਪਰ ਫ਼ਿਲਮ ਦੀ ਸਮਾਪਤੀ ’ਤੇ ਲੋਕਾਂ ਦੀਆਂ ਤਾੜੀਆਂ ਦੀ ਗੂੰਜ ਨੇ ਸਾਡਾ ਉਤਸ਼ਾਹ ਵਧਾਇਆ। ਲੋਕ ਹੈਰਾਨ ਸਨ ਕਿ ਮੈਂ ਅਜਿਹਾ ਕਿਰਦਾਰ ਨਿਭਾਅ ਸਕਦੀ ਹਾਂ। ਜੋ ਲੋਕ ਮੈਨੂੰ ਨਹੀਂ ਜਾਣਦੇ ਸੀ, ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਮੈਂ ਅਸਲ ਜ਼ਿੰਦਗੀ ਵਿੱਚ ਵੀ ਵੀਲ੍ਹਚੇਅਰ ’ਤੇ ਹਾਂ। ਇਸ ਵਿੱਚ ਮਨੁੱਖ ਦੀ ਸਰੀਰਕ ਲੋੜ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਕਿ ਕਿਸੇ ਨੂੰ ਵੀ ਹੈਰਾਨੀ ਨਹੀਂ ਹੋਈ, ਪਰ ਲੋਕਾਂ ਨੂੰ ਇਹ ਜ਼ਰੂਰ ਮਹਿਸੂਸ ਹੋਇਆ ਕਿ ਅਸੀਂ ਅਪਾਹਜਾਂ ਦੀਆਂ ਭਾਵਨਾਵਾਂ ਦਾ ਧਿਆਨ ਨਹੀਂ ਰੱਖਦੇ। ਇਹ ਨਹੀਂ ਸੋਚਦੇ ਕਿ ਉਹ ਕੀ ਸੋਚਦੇ ਹਨ? ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅਪਾਹਜ ਵੀ ਆਮ ਇਨਸਾਨ ਹੀ ਹੁੰਦੇ ਹਨ, ਉਨ੍ਹਾਂ ਨੂੰ ਵੀ ਪਿਆਰ ਤੇ ਸਾਥ ਦੀ ਇੱਛਾ ਹੁੰਦੀ ਹੈ। ਬਸ, ਇਹ ਮੇਰੇ ਇਸ ਤੋਂ ਅੱਗੇ ਵਧਣ ਲਈ ਕਾਫ਼ੀ ਹੈ। * ਇਹ ਫ਼ਿਲਮ ਕਰਨ ਲਈ ਪ੍ਰੇਰਨਾ ਕਿੱਥੋਂ ਮਿਲੀ? - ਫ਼ਿਲਮ ਦੇ ਵਿਸ਼ਾ-ਵਸਤੂ ਨੇ ਮੈਨੂੰ ਇਸ ਫ਼ਿਲਮ ਨਾਲ ਜੁੜਨ ਲਈ ਮਜਬੂਰ ਕੀਤਾ। ਮੈਨੂੰ ਲੱਗਿਆ ਕਿ ਇਸ ਫ਼ਿਲਮ ਵਿੱਚ ਕੰਮ ਕਰਨਾ ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਹਕੀਕਤ ’ਚ ਵੀ ਇਹ ਮੇਰੇ ਹੁਣ ਤਕ ਦੇ ਕਰੀਅਰ ਦੀ ਸਭ ਤੋਂ ਮੁਸ਼ਕਲ ਅਤੇ ਚੁਣੌਤੀਪੂਰਨ ਫ਼ਿਲਮ ਰਹੀ। ਉਂਜ ਤਾਂ ਇਹ ਫ਼ਿਲਮ ਇੱਕ ਅਪਾਹਜ ਦੀ ਜ਼ਿੰਦਗੀ ਦੀ ਦਾਸਤਾਨ ਬਿਆਨਦੀ ਹੈ, ਪਰ ਅਪਾਹਜ ਬਹੁਤ ਵੱਡੇ ਅਰਥਾਂ ਵਾਲਾ ਸ਼ਬਦ ਹੈ। ਇਸ ਅਧੀਨ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਹਨ। ਫ਼ਿਲਮ ਵਿੱਚ ‘ਸੇਰਬਲ ਪਾਲਜੀ’ ਬਿਮਾਰੀ ਦੀ ਗੱਲ ਕੀਤੀ ਗਈ ਹੈ। ਇਨਸਾਨ ਮਾਂ ਦੇ ਪੇਟ ’ਚ ਹੀ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ। ਜਦੋਂ ਉਸ ਦੇ ਦਿਮਾਗ ਨੂੰ ਸਹੀ ਢੰਗ ਨਾਲ ਆਕਸੀਜਨ ਨਹੀਂ ਮਿਲਦੀ ਤਾਂ ਆਕਸੀਜਨ ਦੀ ਘਾਟ ਕਾਰਨ ਦਿਮਾਗ ਅਤੇ ਮਾਸਪੇਸ਼ੀਆਂ ਵਿੱਚ ਸਬੰਧ ਜੁੜਨ ਨੂੰ ਵਕਤ ਲੱਗ ਜਾਂਦਾ ਹੈ, ਜਿਸ ਕਾਰਨ ਇਨਸਾਨ ਪੂਰੀ ਜ਼ਿੰਦਗੀ ਵੀਲ੍ਹਚੇਅਰ ’ਤੇ ਰਹਿਣ ਲਈ ਮਜਬੂਰ ਹੋ ਜਾਂਦਾ ਹੈ। ਫ਼ਿਲਮ ਦੀ ਨਿਰਦੇਸ਼ਕ ਸੋਨਾਲੀ ਬੋਸ ਦੀ ਰਿਸ਼ਤੇ ’ਚ ਭੈਣ ਮਾਲਿਨੀ ਵੀ ਇਸ ਬਿਮਾਰੀ ਦੀ ਸ਼ਿਕਾਰ ਹੈ। ਇਹ ਫ਼ਿਲਮ ਇਸ ਗੱਲ ਨੂੰ ਬਿਆਨ ਕਰਦੀ ਹੈ ਕਿ ਅਪਾਹਜ ਹੋਣ ਦਾ ਅਰਥ ਇਹ ਨਹੀਂ ਹੁੰਦਾ ਕਿ ਇਨਸਾਨ ਦੀ ਜ਼ਿੰਦਗੀ ਜਾਂ ਉਸ ਦੀਆਂ ਇੱਛਾਵਾਂ ਖ਼ਤਮ ਹੋ ਜਾਂਦੀਆਂ ਹਨ। ਅਪਾਹਜ ਹੋਣ ਦੇ ਬਾਵਜੂਦ ਇਨਸਾਨ ਅੰਦਰ ਪਿਆਰ, ਸਰੀਰਕ ਖਿੱਚ ਜਿਹੀਆਂ ਭਾਵਨਾਵਾਂ ਆਮ ਰਿਸ਼ਟ-ਪੁਸ਼ਟ ਇਨਸਾਨ ਜਿੰਨੀਆਂ ਹੀ ਤੀਬਰ ਹੁੰਦੀਆਂ ਹਨ। ਫ਼ਿਲਮ ’ਚ ਇਹ ਵੀ ਦਿਖਾਇਆ ਗਿਆ ਹੈ ਕਿ ਇਸ ਬਿਮਾਰੀ ਤੋਂ ਪੀੜਤ ਔਰਤ ਮਾਂ ਬਣ ਸਕਦੀ ਹੈ ਅਤੇ ਉਹ ਇੱਕ ਤੰਦਰੁਸਤ ਬੱਚੇ ਨੂੰ ਜਨਮ ਦੇ ਸਕਦੀ ਹੈ। ਭਾਵ ਇਹ ਖ਼ਾਨਦਾਨ ’ਚ ਜਾਣ ਵਾਲੀ ਬਿਮਾਰੀ ਨਹੀਂ ਹੈ। * ਫ਼ਿਲਮ ਤੇ ਆਪਣੇ ਕਿਰਦਾਰ ਬਾਰੇ ਥੋੜ੍ਹਾ ਖੁੱਲ੍ਹ ਕੇ ਦੱਸੋ? - ਫ਼ਿਲਮ ‘ਮਾਰਗਰਿਟਾ ਵਿਦ ਏ ਸਟਰਾਅ’ ਵਿੱਚ ਮੈਂ ਲੈਲਾ ਦਾ ਕਿਰਦਾਰ ਨਿਭਾਇਆ ਹੈ, ਜੋ ਕਿ ‘ਸੇਰੇਬਰਲ ਪਾਲਸੀ’ ਬਿਮਾਰੀ ਦੀ ਸ਼ਿਕਾਰ ਹੈ। ਉਹ ਇੱਕ ਵਧੀਆ ਲੇਖਕ, ਸੰਗੀਤਕ ਧੁਨਾਂ ਦੀ ਸਿਰਜਕ ਅਤੇ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਹੈ। ਨਿਊਯਾਰਕ ਯੂਨੀਵਰਸਿਟੀ ’ਚ ਦਾਖਲਾ ਮਿਲਣ ਉਪਰੰਤ ਉਹ ਆਪਣੀ ਮਾਂ ਨਾਲ ਮੈਨਹੱਟਨ, ਅਮਰੀਕਾ ਚਲੀ ਜਾਂਦੀ ਹੈ ਜਿੱਥੇ ਉਸ ਨੂੰ ਖਾਨੁਮ (ਸਿਆਨੀ ਗੁਪਤਾ) ਨਾਲ ਪਿਆਰ ਹੋ ਜਾਂਦਾ ਹੈ। ਇਹੀ ਪਿਆਰ ਅੱਗੇ ਉਸ ਨੂੰ ਇੱਕ ਰਿਸ਼ਤੇ ਵਿੱਚ ਬੰਨ੍ਹ ਦਿੰਦਾ ਹੈ। ਇਹ ਬਹੁਤ ਹੀ ਬੋਲਡ ਕਿਰਦਾਰ ਹੈ। * ਲੈਲਾ ਦੇ ਕਿਰਦਾਰ ਨੂੰ ਪਰਦੇ ’ਤੇ ਉਸੇ ਰੂਪ ’ਚ ਸਾਕਾਰ ਕਰਨ ਲਈ ਕੀ-ਕੀ ਕੋਸ਼ਿਸ਼ਾਂ ਕੀਤੀਆਂ? - ਮੈਂ ਪਹਿਲਾਂ ਦੱਸ ਚੁੱਕੀ ਹਾਂ ਕਿ ਨਿਰਦੇਸ਼ਕ ਸੋਨਾਲੀ ਬੋਸ ਦੀ ਇੱਕ ਭੈਣ ਇਸ ਬਿਮਾਰੀ ਤੋਂ ਪੀੜਤ ਹੈ। ਮੈਂ ਕੁਝ ਦਿਨ ਉਸ ਨਾਲ ਰਹੀ। ਉਸ ਨਾਲ ਘੁੰਮਦੇ-ਫਿਰਦੇ ਮੈਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਦੂਜੇ ਲੋਕ ਉਸ ਨਾਲ ਕਿਸ ਤਰ੍ਹਾਂ ਵਿਵਹਾਰ ਕਰਦੇ ਹਨ। ਜੇ ਮੈਂ ਮਾਲਿਨੀ ਨੂੰ ਨਾ ਮਿਲੀ ਹੁੰਦੀ ਤਾਂ ਸ਼ਾਇਦ ਲੈਲਾ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਹੋਰ ਵੀ ਮੁਸ਼ਕਲ ਹੁੰਦਾ। ਮਾਲਿਨੀ ਨੂੰ ਮਿਲ ਕੇ ਮੇਰੇ ਲਈ ਕਈ ਦਰਵਾਜ਼ੇ ਖੁੱਲ੍ਹ ਗਏ। ਮਾਲਿਨੀ ਨਾਲ ਵਕਤ ਬਿਤਾਉਣਾ, ਮੇਰੇ ਲਈ ਨੀਂਦ ਤੋਂ ਜਾਗਣ ਬਰਾਬਰ ਸੀ। ਇਸ ਤੋਂ ਇਲਾਵਾ ਮੈਂ ਫਿਜ਼ਿਓਥੈਰੇਪਿਸਟ ਅਤੇ ਸਪੀਚ ਥੈਰੇਪਿਸਟ ਨਾਲ ਕੰਮ ਕੀਤਾ। ਸ਼ੂਟਿੰਗ ਤੋਂ ਪਹਿਲਾਂ ਡੇਢ ਮਹੀਨੇ ਦੀ ਵਰਕਸ਼ਾਪ ਵੀ ਲਾਈ। ਸੱਚ ਕਹਾਂ ਤਾਂ ਲੈਲਾ ਬਣਨ ਲਈ ਮੈਂ ਛੇ ਮਹੀਨੇ ਸਿਖਲਾਈ ਲਈ। * ਲੈਲਾ ਦਾ ਕਿਰਦਾਰ ਨਿਭਾਉਣਾ ਕਿੰਨਾ ਕੁ ਸੌਖਾ ਰਿਹਾ? - ਲੈਲਾ ਵੀ ਆਮ ਲੜਕੀ ਹੈ। ਉਹ ਰੁਮਾਂਟਿਕ ਹੈ। ਉਸ ਦੇ ਵੀ ਖ਼ੁਆਬ ਹਨ। ਉਹ ਵੀ ਚਾਹੁੰਦੀ ਹੈ ਕਿ ਹਰ ਆਮ ਮੁਟਿਆਰ ਵਾਂਗ ਉਸ ਨੂੰ ਵੀ ਕੋਈ ਚਾਹੇ। ਕੋਈ ਉਹਦਾ ਵੀ ਹੱਥ ਫੜ ਕੇ ਚੱਲੇ, ਪਰ ਉਹ ਇੱਕ ਲੜਕੀ ਨੂੰ ਚੁੰਮ ਲੈਂਦੀ ਹੈ ਅਤੇ ਇਸ ਤਰ੍ਹਾਂ ਉਸ ਨਾਲ ਉਸ ਦਾ ਇੱਕ ਰਿਸ਼ਤਾ ਬਣ ਜਾਂਦਾ ਹੈ। ਉਹ ਜਿਸ ਮੁਟਿਆਰ ਨਾਲ ਰਿਸ਼ਤਾ ਬਣਾਉਂਦੀ ਹੈ, ਉਹ ਅੰਨ੍ਹੀ ਹੋਣ ਦੇ ਬਾਵਜੂਦ ਉਸ ਨਾਲੋਂ ਜ਼ਿਆਦਾ ਸੁਤੰਤਰ ਹੈ। * ਬਾਲੀਵੁੱਡ ਵਿੱਚ ਕਿਸ ਨਾਇਕਾ ਨਾਲ ਮੁਕਾਬਲਾ ਮੰਨਦੇ ਹੋ? - ਕਿਸੇ ਨਾਲ ਵੀ ਨਹੀਂ। ਸਭ ਨੂੰ ਪਤਾ ਹੈ ਕਿ ਮੈਨੂੰ ਨਾਇਕਾ ਬਣਨ ’ਚ ਕੋਈ ਦਿਲਚਸਪੀ ਨਹੀਂ ਹੈ। ਕਾਲਕੀ ਨੂੰ ਬਸ ਵਧੀਆ ਕਿਰਦਾਰ ਨਿਭਾਉਣੇ ਹਨ। ਮੈਨੂੰ ਪਤਾ ਹੈ ਕਿ ਮੈਂ ਹੌਲੀ-ਹੌਲੀ ਅੱਗੇ ਵਧਦੀ ਜਾ ਸਕਦੀ ਹਾਂ। ਮੈਂ ਅਗਲੇ 30 ਸਾਲਾਂ ਤਕ ਕੰਮ ਕਰਦੀ ਰਹਾਂਗੀ। ਮੇਰਾ ਮੰਨਣਾ ਹੈ ਕਿ ਕਿਸੇ ਵੀ ਕਲਾਕਾਰ ਦਾ ਕਰੀਅਰ ਜਲਦੀ ਖ਼ਤਮ ਨਹੀਂ ਹੋਣਾ ਚਾਹੀਦਾ। ਉਸ ਨੂੰ ਲੰਮੇ ਸਮੇਂ ਤਕ ਕੰਮ ਕਰਨਾ ਚਾਹੀਦਾ ਹੈ। ਮੈਂ ਵੀ ਮੁੱਖ ਭੂਮਿਕਾਵਾਂ ਕਰਨਾ ਚਾਹੁੰਦੀ ਹਾਂ, ਪਰ ਨਹੀਂ ਮਿਲਦੀਆਂ ਤਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਮੈਂ ਸਿਰਫ਼ ਮੁੱਖ ਭੂਮਿਕਾ ਹੀ ਨਹੀਂ ਕਰਨੀ ਹੈ। ਮੈਨੂੰ ਕਿਸੇ ਤੋਂ ਕੋਈ ਸ਼ਿਕਾਇਤ ਨਹੀਂ ਹੈ, ਪਰ ਇਸ ਗੱਲ ਦਾ ਦੁੱਖ ਹੈ ਕਿ ਮੈਨੂੰ ਵੱਡੇ ਬੈਨਰ ਦੀਆਂ ਫ਼ਿਲਮਾਂ ਦੀ ਪੇਸ਼ਕਸ਼ ਨਹੀਂ ਹੁੰਦੀ। * ਤੁਸੀਂ ਕਿਹਾ ਕਿ ਤੁਸੀਂ ਵੱਖਰੀ ਤਰ੍ਹਾਂ ਦੀਆਂ ਫ਼ਿਲਮਾਂ ਕਰਦੇ ਹੋ। ਇਸ ਲਈ ਕੀ ਕਰਦੇ ਹੋ? - ਮੈਂ ਸਕ੍ਰਿਪਟ ਪੜ੍ਹਦੀ ਹਾਂ। ਉਸ ਦੇ ਆਧਾਰ ’ਤੇ ਹੀ ਸਭ ਕੁਝ ਤੈਅ ਹੁੰਦਾ ਹੈ। ਜੇ ਮੈਨੂੰ ਲੱਗਦਾ ਹੈ ਕਿ ਸਕ੍ਰਿਪਟ ’ਚ ਦਮ ਹੈ ਤਾਂ ਆਪਣੀ ਭੂਮਿਕਾ ’ਤੇ ਵੀ ਧਿਆਨ ਦਿੰਦੀ ਹਾਂ। ਭੂਮਿਕਾ ਅਜਿਹੀ ਹੋਣੀ ਚਾਹੀਦੀ ਹੈ, ਜੋ ਮੈਂ ਹਾਲੇ ਤਕ ਨਾ ਨਿਭਾਈ ਹੋਵੇ ਅਤੇ ਜਿਸ ਨਾਲ ਮੈਨੂੰ ਕਲਾਕਾਰ ਦੇ ਤੌਰ ’ਤੇ ਕੁਝ ਵੱਖਰਾ ਸਿੱਖਣ ਤੇ ਕਰਨ ਦਾ ਮੌਕਾ ਮਿਲੇ। ਹਰ ਫ਼ਿਲਮ ਤੋਂ ਬਾਅਦ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪਿਛਲੀ ਫ਼ਿਲਮ ਵਿੱਚ ਮੈਂ ਕਾਲਕੀ ਦੇ ਰੂਪ ’ਚ ਜੋ ਕੁਝ ਕੀਤਾ ਹੈ, ਅਗਲੀ ਫ਼ਿਲਮ ’ਚ ਉਸ ਤੋਂ ਵੱਖਰਾ ਕਰਾਂ। ਇਸ ਲਈ ਮੈਂ ਕਮਰਸ਼ੀਅਲ ਅਤੇ ਨਾਨ-ਕਮਰਸ਼ੀਅਲ ਦੋਵੇਂ ਤਰ੍ਹਾਂ ਦੀਆਂ ਫ਼ਿਲਮਾਂ ਕਰਦੀ ਹਾਂ। * ਇਨ੍ਹੀਂ ਦਿਨੀਂ ਜੀਵਨੀ ’ਤੇ ਆਧਾਰਿਤ ਫ਼ਿਲਮਾਂ ਬਣਨ ਦਾ ਰੁਝਾਨ ਹੈ। ਕੀ ਤੁਸੀਂ ਇਸ ਤਰ੍ਹਾਂ ਦੀ ਕੋਈ ਫ਼ਿਲਮ ਕਰਨਾ ਚਾਹੋਗੇ? - ਮੈਨੂੰ ਅਸਲ ਜ਼ਿੰਦਗੀ ਨਾਲ ਜੁੜੀਆਂ ਕਹਾਣੀਆਂ ਕਰਨ ’ਚ ਮਜ਼ਾ ਆਉਂਦਾ ਹੈ। ਸਵਾਮੀ ਵਿਵੇਕਾਨੰਦ ਦੀ ਸ਼ਾਗਿਰਦ ਹੋਣ ਦੇ ਨਾਲ-ਨਾਲ ਨਾਰੀ ਸਿੱਖਿਆ ਦੇ ਖੇਤਰ ’ਚ ਕਾਫ਼ੀ ਕਰ ਚੁੱਕੀ ਸਿਸਟਰ ਨਿਵੇਦਿਤਾ ਦੇ ਕਿਰਦਾਰ ਨੂੰ ਮੈਂ ਪਰਦੇ ’ਤੇ ਨਿਭਾਉਣਾ ਚਾਹੁੰਦੀ ਹਾਂ। ਇਸ ਤੋਂ ਇਲਾਵਾ ਇੱਕ ਕਿਤਾਬ ਹੈ- ‘ਮਾਫ਼ੀਆ ਕੁਈਨ ਆਫ਼ ਮੁੰਬਈ’, ਇਸ ਕਿਤਾਬ ’ਚ ਗੈਂਗਸਟਰ ਰਹਿ ਚੁੱਕੀਆਂ ਔਰਤਾਂ ਦੀ ਕਹਾਣੀ ਹੈ। ਇਨ੍ਹਾਂ ’ਚੋਂ ਇੱਕ ਹੈ ਗੈਂਗਸਟਰ ਸਪਨਾ, ਜਿਸ ਨੇ ਡਾਂਸ ਬਾਰ ਵਿੱਚ ਔਰਤਾਂ ਦੀ ਰੱਖਿਆ ਕਰਨ ਦਾ ਕੰਮ ਕੀਤਾ ਸੀ। ਮੈਂ ਇਹ ਕਿਰਦਾਰ ਵੀ ਪਰਦੇ ’ਤੇ ਨਿਭਾਉਣਾ ਚਾਹੁੰਦੀ ਹਾਂ। ਮੈਂ ਪਿਆਸਾ ਫ਼ਿਲਮ ਦੇ ਰੀਮੇਕ ’ਚ ਵੀ ਕੰਮ ਕਰਨਾ ਚਾਹੁੰਦੀ ਹਾਂ। * ਤੁਸੀਂ ਥੀਏਟਰ ਵੀ ਕਰ ਰਹੇ ਹੋ? - ਮੈਨੂੰ ਥੀਏਟਰ ਕਰਕੇ ਬਹੁਤ ਆਨੰਦ ਮਿਲਦਾ ਹੈ। ਆਪਣੀ ਹਰ ਫ਼ਿਲਮ ਦੀ ਸ਼ੂਟਿੰਗ ਤੋਂ ਬਾਅਦ ਮੈਂ ਫਿਰ ਰੰਗਮੰਚ ’ਤੇ ਪਹੁੰਚ ਜਾਂਦੀ ਹਾਂ। ਮੈਨੂੰ ਨਾਟਕ ਕਰਨਾ ਤੇ ਦੇਖਣਾ ਬਹੁਤ ਪਸੰਦ ਹੈ। ਇਨ੍ਹੀਂ ਦਿਨੀਂ ‘ਹੈਮਲੇਟ’ ਅਤੇ ‘ਕਲਰ ਬਲਾਈਂਡ’ ਨਾਟਕ ਕਰ ਰਹੀ ਹਾਂ। * ਅਜੋਕੇ ਸਮੇਂ ਦੋਸਤੀ ਤੋਂ ਬਾਅਦ ਹੀ ਅਸੀਂ ਕਿਸੇ ਨਾਲ ਰਿਸ਼ਤੇ ’ਚ ਬੱਝਦੇ ਹਾਂ। ਫਿਰ ਵੀ ਰਿਸ਼ਤਾ ਟੁੱਟ ਜਾਂਦਾ ਹੈ। ਗੜਬੜ ਕਿੱਥੇ ਹੁੰਦੀ ਹੈ? - ਕਿਸੇ ਵੀ ਰਿਸ਼ਤੇ ਦੇ ਟੁੱਟਣ ਦੇ ਕਈ ਕਾਰਨ ਹੁੰਦੇ ਹਨ। ਕਈ ਵਾਰ ਸਹਿਣਸ਼ੀਲਤਾ ਨਹੀਂ ਹੁੰਦੀ। ਕਈ ਵਾਰ ਅਸੀਂ ਕੰਮ ’ਚ ਐਨਾ ਰੁੱਝ ਜਾਂਦੇ ਹਾਂ ਕਿ ਇੱਕ-ਦੂਜੇ ਲਈ ਸਮਾਂ ਹੀ ਨਹੀਂ ਮਿਲਦਾ। ਕਈ ਵਾਰ ਅਸੀਂ ਚਾਹ ਕੇ ਵੀ ਇੱਕ-ਦੂਜੇ ਦੀ ਮਦਦ ਨਹੀਂ ਕਰ ਸਕਦੇ। ਜ਼ਰੂਰਤ ਹੁੰਦੀ ਹੈ ਪਹਿਲਾਂ ਖ਼ੁਦ ਨੂੰ ਸੰਭਾਲਣ ਦੀ। ਆਪਣੇ ਪੈਰਾਂ ਸਿਰ ਹੋਣ ਦੀ। ਉਸ ਤੋਂ ਬਾਅਦ ਕਿਸੇ ਦੂਜੇ ਨੂੰ ਸੰਭਾਲਣ ਬਾਰੇ ਸੋਚਣਾ ਚਾਹੀਦਾ ਹੈ। ਜੇ ਅਸੀਂ ਖ਼ੁਦ ਨੂੰ ਸਮਝਾਂਗੇ, ਫਿਰ ਹੀ ਕਿਸੇ ਨੂੰ ਪਿਆਰ ਕਰ ਸਕਾਂਗੇ, ਸਮਝ ਸਕਾਂਗੇ। ਕਈ ਵਾਰ ਅਸੀਂ ਦੂਜੇ ਦੇ ਪਿਆਰ ’ਚ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ। ਮੈਨੂੰ ਸਮਝ ਨਹੀਂ ਆਉਂਦਾ ਕਿ ਸਾਡੇ ਦੇਸ਼ ਤੇ ਸਮਾਜ ’ਚ ਹਰ ਕਿਸੇ ਲਈ ਰਿਸ਼ਤੇ ’ਚ ਬੱਝਣਾ ਕਿਉਂÐ ਜ਼ਰੂਰੀ ਹੈ? ਇਸ ਦਾ ਦਬਾਓ ਕਿਉਂ ਹੁੰਦਾ ਹੈ? ਮੇਰੀ ਸਮਝ ’ਚ ਨਹੀਂ ਆਉਂਦਾ ਕਿ ਕਿਸੇ ਨਾਲ ਰਿਸ਼ਤੇ ’ਚ ਬੱਝਣਾ ਅਤੇ ਉਸ ਨਾਲ ਖ਼ੁਸ਼ ਰਹਿਣਾ ਜ਼ਰੂਰੀ ਕਿਉਂ ਹੈ? ਅਸੀਂ ਇਕੱਲੇ  ਖ਼ੁਸ਼ ਕਿਉਂ ਨਹੀਂ ਰਹਿ ਸਕਦੇ? J

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਬਜਟ 2023 ਅਤੇ ਮੁਲਕ ਦੇ ਬੁਨਿਆਦੀ ਮੁੱਦੇ

ਬਜਟ 2023 ਅਤੇ ਮੁਲਕ ਦੇ ਬੁਨਿਆਦੀ ਮੁੱਦੇ

ਆਖ਼ਿਰ ਇਸ ਦਰਦ ਕੀ ਦਵਾ ਕਯਾ ਹੈ...

ਆਖ਼ਿਰ ਇਸ ਦਰਦ ਕੀ ਦਵਾ ਕਯਾ ਹੈ...

ਪਾਕਿਸਤਾਨ ਸਿਆਸੀ ਦੁਬਿਧਾ ਦੇ ਰਾਹ ’ਤੇ

ਪਾਕਿਸਤਾਨ ਸਿਆਸੀ ਦੁਬਿਧਾ ਦੇ ਰਾਹ ’ਤੇ

ਸ਼ਹਿਰ

View All