ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼

ਗੁਰਬਚਨ ਸਿੰਘ ਭੁੱਲਰ ਸਰਸਰੀ ਗੱਲ ਕਰਦਿਆਂ ਆਮ ਕਰ ਕੇ ਆਖਿਆ ਜਾਂਦਾ ਹੈ ਕਿ ਬੰਦੇ ਦਾ ਵਾਹ ਕੁਝ ਪੜ੍ਹ-ਲਿਖ ਕੇ, ਭਾਸ਼ਾ ਦਾ ਸੂਹਾਂ ਹੋ ਕੇ ਸਾਹਿਤ ਨਾਲ ਪਹਿਲਾਂ ਪਾਠਕ ਵਜੋਂ ਪੈਂਦਾ ਹੈ ਤੇ ਫੇਰ, ਜੇ ਉਸ ਵਿਚ ਰਚਨਾਤਮਿਕ ਕਣ ਹੋਵੇ, ਤਾਂ ਉਹ ਸਾਹਿਤ ਸਿਰਜਣ ਲਗਦਾ ਹੈ। ਪਰ ਜੇ ਇਸ ਸਰਸਰੀ ਸੋਚ ਤੋਂ ਪਾਰ ਲੰਘ ਕੇ ਦੇਖੀਏ, ਇਸ ਓਪਰੇ ਸੰਸਾਰ ਵਿਚ ਅੱਖਾਂ ਖੋਲ੍ਹਣ ਤੋਂ ਛੇਤੀ ਹੀ ਮਗਰੋਂ ਸੋਝੀ-ਰਹਿਤ ਤੇ ਭਾਸ਼ਾ-ਰਹਿਤ ਬਾਲ ਦਾ ਨਾਤਾ ਸਾਹਿਤ ਨਾਲ ਹੀ ਜੁੜਦਾ ਹੈ। ਉਹਦਾ ਮੂੰਹ ਮਾਂ ਦੇ ਦੁੱਧ ਦੇ ਰੂਪ ਵਿਚ ਜੀਵਨ-ਅੰਮ੍ਰਿਤ ਹਾਸਲ ਕਰਦਾ ਹੈ ਤੇ ਕੰਨ ਮਾਂ ਦੀ ਲੋਰੀ ਦੇ ਰੂਪ ਵਿਚ ਸਾਹਿਤ-ਅੰਮ੍ਰਿਤ ਹਾਸਲ ਕਰਦੇ ਹਨ। ਮਾਂ ਅੱਖਰ-ਗਿਆਨ ਤੋਂ ਬਿਲਕੁਲ ਕੋਰੀ ਵੀ ਹੋਵੇ, ਤਦ ਵੀ ਉੁਹ ਏਨਾ ਕੁ ਭਾਸ਼ਾ-ਵਿਗਿਆਨ ਜਾਣਦੀ ਹੁੰਦੀ ਹੈ ਕਿ ਨਿਰਸ਼ਬਦੇ ਬਾਲ ਨਾਲ ਸੰਵਾਦ ਨਿਰਸ਼ਬਦੀ ਭਾਸ਼ਾ ਰਾਹੀਂ ਹੀ ਰਚਾਉਣਾ ਹੋਵੇਗਾ। ਉਹ ਆਪਣੀ ਸ਼ਬਦੀ ਭਾਸ਼ਾ ਲਾਂਭੇ ਛੱਡ ਕੇ ਨਿਰਸ਼ਬਦੀ ਲੋਰੀ ਗਾਉਂਦੀ ਹੈ: ਆਲਾ...ਲਾ...ਲਾ...ਲਾ...ਲਾ.../ ਓਲੋ...ਲੋ...ਲੋ...ਲੋ...ਲੋ.../ ਊਲੂ...ਲੂ...ਲੂ...ਲੂ...ਲੂ... ਬਾਲ ਇਹ ਲੋਰੀ ਸੁਣ ਕੇ ਓਨਾ ਹੀ ਗਦਗਦ ਹੁੰਦਾ ਹੈ ਜਿੰਨੀ ਮਾਂ ਲੋਰੀ ਸੁਣਾ ਕੇ। ਇਸੇ ਕਰਕੇ ਤਨ-ਮਨ ਦੀ ਭੁੱਖ ਦਾ ਸਤਾਇਆ ਬਾਲ ਜਦੋਂ ਰੋਣ ਲਗਦਾ ਹੈ, ਉਹ ਆਪਣੇ ਪੰਘੂੜੇ ਵੱਲ ਆ ਰਹੀ ਮਾਂ ਨੂੰ ਦੇਖ ਕੇ ਜ਼ੋਰੋ-ਜ਼ੋਰ ਲੱਤਾਂ-ਬਾਂਹਾਂ ਮਾਰਨ ਲਗਦਾ ਹੈ ਤੇ ਖਿੜਖਿੜ ਹੱਸਣ ਲਗਦਾ ਹੈ। ਉਹ ਜਾਣਦਾ ਹੈ ਮਾਂ ਕੋਲ ਉਹਦੇ ਤਨ ਦੀ ਤ੍ਰਿਪਤੀ ਲਈ ਦੁੱਧ ਹੈ ਤੇ ਮਨ ਦੀ ਮੌਜ ਲਈ ਲੋਰੀ ਹੈ। ਲੋਰੀ ਦੇ ਰੂਪ ਵਿਚ ਕਵਿਤਾ ਨਾਲ ਜੁੜੇ ਹੋਏ ਬਾਲ-ਮਨ ਨੂੰ ਮਾਂ ਕੁਝ ਸਮੇਂ ਮਗਰੋਂ ਗਲਪ ਦੇ ਅੰਗਨ ਵਿਚ ਪ੍ਰਵੇਸ਼ ਕਰਵਾ ਦਿੰਦੀ ਹੈ। ਕਵਿਤਾ ਦੀ ਕੁਦਰਤ ਜਜ਼ਬਾਤ ਹਨ, ਪਰ ਗਲਪ ਦੀ ਕੁਦਰਤ ਅਰਥ ਹਨ। ਇਸ ਕਰਕੇ ਬਾਲ ਨੂੰ ਬਾਤ ਦੇ ਰੂਪ ਵਿਚ ਗਲਪ ਦਾ ਸਰੋਤਾ ਬਣਾਉਂਦਿਆਂ ਉਹ ਉਹਦੇ ਮਨ ਨੂੰ ਸ਼ਬਦਾਂ ਦੀ ਦੱਸ ਵੀ ਪਾਉਂਦੀ ਹੈ ਅਤੇ ਅਰਥਾਂ ਦੇ ਸਪੱਸ਼ਟ ਸੰਚਾਰ ਲਈ ਤਨ ਨੂੰ ਇਸ ਅਮਲ ਵਿਚ ਸਾਂਝੀਵਾਲ ਬਣਾਉਂਦਿਆਂ ਸਪਰਸ਼ ਦਾ ਸਹਿਯੋਗ ਵੀ ਲੈਂਦੀ ਹੈ। ਇਹ ਤੱਥ ਬੜਾ ਅਚੰਭੇ ਵਾਲ਼ਾ ਹੈ ਕਿ ਪੰਜਾਬ ਦੀਆਂ ਲਗਭਗ ਸਭ ਮਾਂਵਾਂ ਬਾਤਾਂ ਦੇ ਸੰਸਾਰ ਵਿਚ ਬਾਲ ਦੇ ਪ੍ਰਵੇਸ਼ ਵਾਸਤੇ ਇਕੋ ਦੁਆਰ, ਕੱਟੇ-ਵੱਛੇ ਚਾਰਨ ਗਏ ਭੋਲੂ ਦੇ ਗੁਆਚਣ ਤੇ ਫੇਰ ਲੱਭਣ ਵਾਲ਼ੀ ਬਾਤ ਦਾ ਦੁਆਰ ਹੀ ਵਰਤਦੀਆਂ ਸਨ। ਉਹ ਸ਼ਬਦਾਂ ਸਹਾਰੇ ਬਾਤ ਸੁਣਾਉਂਦੀਆਂ ਵੀ ਜਾਂਦੀਆਂ ਸਨ ਤੇ ਨਾਲੋ-ਨਾਲ ਉਂਗਲਾਂ ਸਹਾਰੇ ਉਹਦਾ ਟੀਕਾ ਵੀ ਕਰਦੀਆਂ ਜਾਂਦੀਆਂ ਸਨ। ਵੱਖ ਵੱਖ ਸਮਿਆਂ ਤੇ ਸਥਾਨਾਂ ਉੱਤੇ ਹੋਈਆਂ ਉਹ ਮਾਂਵਾਂ ਕਿੰਨੀ ਸਾਹਿਤਕ ਤੇ ਮਨੋਵਿਗਿਆਨਕ ਸੂਝ ਦੀਆਂ ਸੁਆਮੀ ਹੋਣਗੀਆਂ ਜਿਨ੍ਹਾਂ ਨੇ ਕਿਸੇ ਇਕ ਮਾਂ ਦੀ ਰਚੀ ਹੋਈ ਇਸ ਕਹਾਣੀ ਨੂੰ ਵਾਰ ਵਾਰ ਦੇ ਸੋਧ-ਸੰਪਾਦਨ ਤੇ ਜੋੜ-ਘਟਾਓ ਰਾਹੀਂ ਇਹਦਾ ਸਰਬ-ਪਰਵਾਨਿਆ ਟਕਸਾਲੀ ਰੂਪ ਸਾਨੂੰ ਦਿੱਤਾ। ਪਹਿਲਾਂ ਬਾਲ ਦੀ ਹਥੇਲੀ ਉੱਤੇ ਉਂਗਲਾਂ ਰੱਖ ਉਹਨੂੰ ਘਰ ਦਾ ਵਿਹੜਾ ਬਣਾਉਂਦਿਆਂ ਮਾਂ ਹੱਥ ਵਿਚ ਖੂੰਡੀ ਤੇ ਸਿਰ ਉੱਤੇ ਭੂੰਗੀ ਲੈ ਕੇ ਕੱਟੇ-ਵੱਛੇ ਚਾਰਨ ਗਏ ਭੋਲੂ ਦੇ ਗੁਆਚਣ ਦੀ ਚਿੰਤਾ ਕਰਦੀ ਤੇ ਲੋਕਾਂ ਨੂੰ ਭੋਲੂ ਦੇਖਿਆ ਹੋਣ ਬਾਰੇ ਪੁੱਛਦੀ। ਫੇਰ ਉਹ ਪੋਟਿਆਂ ਨੂੰ ਪੈਰ ਬਣਾ ਕੇ ਬਾਲ ਦੀ ਬਾਂਹ ਉੱਤੇ ਪੋਲੇ-ਪੋਲੇ ਕਦਮ ਚੁਕਦੀ ਭੋਲੂ ਨੂੰ ਭਾਲਣ ਤੁਰਦੀ ਤਾਂ ਬਾਲ ਵੀ ਹੈਰਾਨ-ਪਰੇਸ਼ਾਨ ਹੁੰਦਾ ਕਿ ਭੋਲੂ ਮਿਲੂ ਕਿ ਨਹੀਂ! ਤੇ ਆਖ਼ਰ ਜਦੋਂ ਬਾਲ ਦੀ ਕੱਛ ਵਿਚ ਪਹੁੰਚ ਕੇ ਉਹ ਕੁਤਕੁਤਾੜੀਆਂ ਨਾਲ ‘‘ਥਿਆ ਗਿਆ... ਥਿਆ ਗਿਆ...’’ ਦਾ ਐਲਾਨ ਕਰਦੀ, ਬਾਲ ਦੀ ਖ਼ੁਸ਼ੀ ਤੇ ਤਸੱਲੀ ਮਾਂ ਨਾਲੋਂ ਕੋਈ ਘੱਟ ਨਹੀਂ ਸੀ ਹੁੰਦੀ ਜਿਸ ਨੂੰ ਉਹ ਖਿੜਖਿੜ ਹੱਸ ਕੇ ਜ਼ਾਹਿਰ ਕਰਦਾ! ਸ਼ਬਦ ਤੇ ਸਾਹਿਤ ਨਾਲ ਬਾਲ ਦਾ ਦੂਜਾ ਵਾਹ ਗੁਰਪੁਰਬ ਨੂੰ ਮਾਂ ਦੀ ਉਂਗਲ ਫੜ ਕੇ ਦੀਵਾਨ ਵਿਚ ਪਹੁੰਚਣ ਵੇਲ਼ੇ ਪੈਂਦਾ। ਬੁਲਾਰਿਆਂ ਤੇ ਕੀਰਤਨੀਆਂ ਦੀਆਂ ਗੱਲਾਂ ਉਹਦੇ ਲਈ ਅਜੇ ਸਮਝੋਂ ਬਾਹਰੀਆਂ ਹੋਣ ਦੇ ਬਾਵਜੂਦ ਮਾਂ ਦੀ ਬੁੱਕਲ ਵਿਚ ਬੈਠਾ ਬਾਲ ਉਹਦੇ ਵਾਂਗ ਹੀ ਸ਼ਬਦ, ਗਾਇਕੀ ਤੇ ਸੰਗੀਤ ਦੇ ਸੰਗਮ ਦਾ ਕੀਲਿਆ ਹੋਇਆ ਏਨੀ ਗੱਲ ਚੰਗੀ ਤਰ੍ਹਾਂ ਸਮਝ ਜਾਂਦਾ ਕਿ ਕੁਝ ਤਾਂ ਟੂਣੇਹਾਰਾ ਹੈ ਜੋ ਇਥੇ ਮੇਰੇ ਆਲ਼ੇ-ਦੁਆਲ਼ੇ ਵਾਪਰ ਰਿਹਾ ਹੈ! ਬਾਲ ਵੱਡਾ ਹੁੰਦਾ ਜਾਂਦਾ ਤੇ ਸ਼ਬਦਦੁਆਰੇ ਦੀਆਂ ਨੌਂ ਕੋਠੜੀਆਂ ਦੇ ਨੌਂ ਦੁਆਰ ਉਹਦੇ ਲਈ ਇਕ ਇਕ ਕਰ ਕੇ ਖੁਲ੍ਹਦੇ ਜਾਂਦੇ। ਇਸ ਯਾਤਰਾ ਦੇ ਰਾਹ ਵਿਚ ਮਾਂਵਾਂ-ਦਾਦੀਆਂ ਤੇ ਭੂਆਂ-ਭੈਣਾਂ ਦੀਆਂ ਸੁਣਾਈਆਂ ਬਾਤਾਂ ਆਉਂਦੀਆਂ। ਉਹਨਾਂ ਦਾ ਕਥਾ-ਰਸ ਬੰਨ੍ਹ ਕੇ ਬਿਠਾ ਲੈਂਦਾ। ਇਕ ਬਾਤ ਮੁਕਦੀ ਤਾਂ ਬੱਚਾ ਦੂਜੀ ਸੁਣਨ ਦੀ ਜ਼ਿੱਦ ਕਰਦਾ। ਸਮੇਂ ਦੇ ਹਾਕਮ ਰਾਜੇ ਦੇ ਅਨਿਆਂ ਵਿਰੁੱਧ ਬੋਲਣਾ ਅਸੰਭਵ ਹੋਣ ਕਰਕੇ ਬਾਤਾਂ ‘ਇਕ ਸੀ ਰਾਜਾ’ ਦੇ ਬਹਾਨੇ ਤੇ ਓਹਲੇ ਰਾਜਿਆਂ ਦੇ ਜ਼ੁਲਮਾਂ ਦੀ ਵਿਥਿਆ ਵੀ ਸੁਣਾਉਂਦੀਆਂ ਤੇ ‘ਇਕ ਸੀ ਰਾਜਾ’ ਦੇ ਬਹਾਨੇ ਹੀ ਇਨਸਾਫ਼ੀ ਰਾਜਿਆਂ ਦਾ ਗੁਣਗਾਨ ਕਰ ਕੇ ਆਪਣੇ ਰਾਜੇ ਨੂੰ ਅਸਿੱਧਾ ਸੁਨੇਹਾ ਦੇਣ ਦਾ ਯਤਨ ਵੀ ਕਰਦੀਆਂ। ਰਾਜਨੀਤਕ ਮੁਹਾਵਰੇ ਤੋਂ ਅਜੇ ਬਿਲਕੁਲ ਕੋਰੇ ਬਾਲ ਲਈ ਵੀ ਇਹ ਰਾਜਨੀਤਕ ੳ-ਅ ਦਾ ਸਬਕ ਹੁੰਦਾ। ਬਾਤਾਂ ਦਾ ਕਥਾ-ਰਸ ਏਨਾ ਜ਼ੋਰਾਵਰ ਹੁੰਦਾ ਸੀ ਕਿ ਵਿਹਲਾ ਬਾਲ ਦਿਨ ਨੂੰ ਵੀ ਬਾਤ ਸੁਣਨ ਦੀ ਜ਼ਿੱਦ ਕਰਦਾ। ਕੰਮਾਂ-ਧੰਦਿਆਂ ਵਿਚ ਰੁੱਝੀ ਹੋਈ ਮਾਂ ਰਾਹੀ ਦੇ ਰਾਹ ਭੁੱਲਣ ਵਾਲ਼ੇ ਡਰਾਵੇ ਨਾਲ ਪਿੱਛਾ ਛੁਡਾਉਂਦੀ। ਬਾਲ ਪਰੇਸ਼ਾਨ ਹੋ ਕੇ ਚੁੱਪ ਕਰ ਰਹਿੰਦਾ ਕਿ ਰਾਹੀ ਨੇ ਜਾਣਾ ਹੋਰ ਪਿੰਡ ਹੈ ਤੇ ਜੇ ਮੈਂ ਬਾਤ ਸੁਣੀ, ਪਹੁੰਚ ਹੋਰ ਪਿੰਡ ਜਾਵੇਗਾ। ਘਰੇ ਕੰਮ-ਧੰਦੇ ਲੱਗੀਆਂ ਵਡੇਰੀਆਂ ਦੇ ਗੁਣਗੁਣਾਏ ‘‘ਅੱਲਾ, ਵਾਹਿਗੁਰੂ, ਹਰੀ ਦਾ ਨਾਮ ਇਕੋ ਐ, ਭਰਮਾਂ ’ਚ ਪੈ ਗਈ ਦੁਨੀਆ... ਇਕ ਬੀਜ ਲੈ ਧਰਮ ਦੀ ਕਿਆਰੀ, ਪਾਪਾਂ ਵਾਲ਼ੇ ਖੇਤ ਬੀਜ ਲਏ...’’ ਜਿਹੇ ਬੋਲ ਸੁਣਦੇ ਤੇ ਫੇਰ ਹਰ ਰੀਤ-ਰਸਮ ਮੌਕੇ ਗਾਏ ਲੋਕਗੀਤ ਗੂੰਜਦੇ। ਕਈ ਮੌਕੇ ਤਾਂ ਅਜਿਹੇ ਆਉਂਦੇ ਕਿ ਸਾਰਾ ਪਿੰਡ ਹੀ ਗੀਤਾਂ ਦਾ ਪਿੜ ਬਣ ਜਾਂਦਾ। ਤੀਆਂ ਦੇ ਦਿਨੀਂ ਸਾਰੇ ਪਿੰਡ ਦੀਆਂ ਕੁੜੀਆਂ ਸਹੁਰਿਆਂ ਤੋਂ ਪੇਕੀਂ ਆਉਂਦੀਆਂ ਤਾਂ ਤੀਆਂ ਦੇ ਗੀਤ ਹੀ ਪਿੰਡ ਦੇ ਮਾਹੌਲ ਦੀ ਮੁੱਖ ਸੁਰ ਹੁੰਦੇ। ਇਸੇ ਤਰ੍ਹਾਂ ਵਿਆਹ ਇਕ ਘਰ ਹੁੰਦਾ, ਗਾਉਂਦੀਆਂ ਕੁੜੀਆਂ ਤੇ ਸੁਆਣੀਆਂ ਕਦੇ ਗੁਰਦੁਆਰੇ ਮੱਥਾ ਟੇਕਾਉਣ ਲਿਜਾਂਦੀਆਂ ਤੇ ਕਦੇ ਡੇਰੇ, ਕਦੇ ਸਮਾਧਾਂ ਨੂੰ ਜਾਂਦੀਆਂ ਤੇ ਕਦੇ ਜੰਡੀ ਵਢਾਉਣ। ਮੇਲ ਆਉਂਦੇ, ਪਿੰਡ ਦੀ ਜੂਹ ਵੜਦੇ ਹੀ ਗੀਤ ਛੁਹ ਲੈਂਦੇ ਤੇ ਉਹ ਵਿਦਾਅ ਹੁੰਦੇ ਤਾਂ ਪਿੰਡ ਦੀ ਜੂਹ ਤੱਕ ਗਾਉਂਦੇ ਜਾਂਦੇ। ਇਉਂ ਇਕ ਘਰ ਦਾ ਵਿਆਹ ਕਈ ਦਿਨਾਂ ਤੱਕ ਸਾਰੇ ਪਿੰਡ ਵਿਚ ਗੀਤਾਂ ਦੀ ਛਹਿਬਰ ਲਾਈ ਰਖਦਾ। ਹਾਲ਼ੀਆਂ ਦੀਆਂ ਲਾਈਆਂ ਕਲੀਆਂ ਦੀਆਂ ਹੇਕਾਂ ਧੂਹ ਪਾਉਂਦੀਆਂ। ਛੱਤ ਉੱਤੇ ਮੰਜੇ ਜੋੜ ਕੇ ਰੱਖੇ ਭੋਂਪੂਆਂ ਵਿਚੋਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਅਤੇ ਸੀਤਲ, ਰਟੈਂਡੇ, ਸ਼ੌਂਕੀ, ਯਮਲੇ ਤੇ ਅਨਾਇਤਕੋਟੀ ਦਾ ਆਗਮਨ ਹੁੰਦਾ। ਅੱਖਰ-ਗਿਆਨ ਹੋ ਜਾਂਦਾ ਤਾਂ ਕਿੱਸਿਆਂ ਦੇ ਸਰਦਾਰ, ਹੀਰ ਦੇ ਕਿੱਸੇ ਸਮੇਤ ਵੰਨਸੁਵੰਨੇ ਕਿੱਸੇ ਪੜ੍ਹਨ ਨੂੰ ਮਿਲਦੇ। ਗਮੰਤਰੀਆਂ, ਕਵੀਸ਼ਰਾਂ, ਨਚਾਰਾਂ ਤੇ ਨਕਲੀਆਂ ਦੇ ਖਾੜੇ ਖਿੱਚ ਪਾਉਂਦੇ। ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਬੇਬੇ ਰਾਮ ਕੌਰ ਤੇ ਬੇਬੇ ਪੰਜਾਬੀ ਵਰਗੀਆਂ ਗਮੰਤਰੀ ਸੁਆਣੀਆਂ ਨਿਰੋਲ ਮਰਦਾਵੇਂ ਖਾੜਿਆਂ ਵਿਚ ਢੱਡ-ਸਾਰੰਗੀ ਨਾਲ ਗਾਉਣ ਨਿੱਕਲੀਆਂ। ਜਦੋਂ ਵਡੇਰੇ ਉਹਨਾਂ ਦੀ ਵਾਰਤਾ ਸੁਣਾਉਂਦੇ, ਸਮਾਜਕ ਵਰਜਨਾਂ ਦੇ ਕਿਲ਼ੇ-ਕੋਟ ਦੀ ਉੱਚੀ ਕੰਧ ਵਿਚ ਪਾੜ ਪਾਉਣ ਦੇ ਉਹਨਾਂ ਦੇ ਜਿਗਰੇ ਦੀ ਉਚਾਈ ਉਸ ਕਿਲੇ-ਕੋਟ ਤੋਂ ਵੀ ਉੱਚੀ ਦਿਸਦੀ। ਜ਼ਰਾ ਉਹਨਾਂ ਦੇ ਸਵੈ-ਭਰੋਸੇ ਦੀ ਕਲਪਨਾ ਕਰ ਕੇ ਤਾਂ ਦੇਖੋ ਜਿਨ੍ਹਾਂ ਨੇ ਕੇਹੋ ਜਿਹੇ ਮਰਦ-ਪ੍ਰਧਾਨ ਸਮਾਜ ਵਿਚ, ਕੇਹੋ ਜਿਹੇ ਨਿਰੋਲ ਮਰਦਾਵੇਂ ਖਾੜਿਆਂ ਵਿਚ ਤੇ ਕੇਹੋ ਜਿਹੇ ਮਰਦ ਗਮੰਤਰੀਆਂ ਦੇ ਵਿਚਕਾਰ ਪਹੁੰਚ ਕੇ ਆਪਣੀ ਥਾਂ ਬਣਾਉਣ ਤੇ ਫੇਰ ਧਾਂਕ ਜਮਾਉਣ ਵਿਚ ਸਫਲਤਾ ਹਾਸਲ ਕੀਤੀ! ਫ਼ਿਲਮਾਂ ਹਨੇਰੇ ਕੋਠੜੇ ਵਿਚ ਆਪਣੀ ਜਾਦੂ ਦੀ ਪੋਟਲੀ ਖੋਲ੍ਹਦੀਆਂ ਤਾਂ ਹੈਰਾਨੀ ਨਾਲ ਮੂੰਹ ਖੁੱਲੇ ਦਾ ਖੁੱਲ੍ਹਾ ਰਹਿ ਜਾਂਦਾ। ਮਨੁੱਖ ਦੇ ਬਹੁਭਾਂਤੀ ਜਜ਼ਬਿਆਂ ਨੂੰ ਬੋਲ ਦੇਣ ਵਾਲ਼ੇ ਸ਼ਬਦ-ਸਮਰਾਟਾਂ ਦੇ ਲਿਖੇ ਗੀਤ ਕਲਾਧਾਰੀ ਸੰਗੀਤਕਾਰਾਂ ਦੀਆਂ ਧੁਨਾਂ ਅਨੁਸਾਰ ਗਲ਼ੇ ਵਿਚ ਸਰਸਵਤੀ ਦੇ ਵਾਸ ਵਾਲ਼ੇ ਗਾਇਕਾਂ ਅਤੇ ਗਾਇਕਾਵਾਂ ਨੇ ਗਾਉਣੇ ਤਾਂ ਉਹ ਸਾਡੀ ਆਪਣੀ ਦੋਧੇ ਦਾਣੇ ਪੈਣ ਦੀ ਉਮਰ ਦੀਆਂ ਉਮੰਗਾਂ, ਤ੍ਰਿਸ਼ਨਾਵਾਂ ਤੇ ਰੀਝਾਂ ਨੂੰ ਮਿਲੇ ਹੋਏ ਬੋਲ ਹੀ ਲਗਦੇ। ਵਿਆਹ ਹੁੰਦੇ, ਜੰਨਾਂ ਚੜ੍ਹਦੀਆਂ, ਕੁੜੀਆਂ ਜਾਨੀਆਂ ਦੇ ਭੋਜਨ ਦੀ ਇਕ-ਇਕ ਚੀਜ਼ ਤਾਂ ਬੰਨ੍ਹਦੀਆਂ ਹੀ, ਉਹਨਾਂ ਦੀਆਂ ਪੁਸ਼ਾਕਾਂ ਤੇ ਰਿਸ਼ਤੇਦਾਰੀਆਂ ਤੱਕ ਬੰਨ੍ਹ ਦਿੰਦੀਆਂ। ਜਵਾਬ ਵਿਚ ਜੰਨ ਵਿਚੋਂ ਕੋਈ ਖੜ੍ਹਾ ਹੋ ਕੇ ਜਾਨੀਆਂ ਦੀ ਇਕ-ਇਕ ਚੀਜ਼ ਛੁਡਾਉਂਦਾ ਜਾਂਦਾ ਤੇ ਕੁੜੀਆਂ ਦੀ ਇਕ-ਇਕ ਚੀਜ਼ ਬੰਨ੍ਹਦਾ ਜਾਂਦਾ। ਇਸ ਜਵਾਬੀ ਹਮਲੇ ਵਾਸਤੇ ਕੋਈ ਕਵੀਸ਼ਰ ਜਾਂ ਕਿਸੇ ਕਵੀਸ਼ਰ ਦੀ ਲਿਖੀ ਜੰਨ ਚੇਤੇ ਕੀਤੀ ਵਾਲ਼ਾ ਕੋਈ ਹੋਰ ਬੰਦਾ ਬਰਾਤ ਵਾਲ਼ਿਆਂ ਨੇ ਪਹਿਲਾਂ ਹੀ ਨਾਲ ਲਿਆਂਦਾ ਹੁੰਦਾ ਸੀ। ਇਸ ਗੇੜ ਵਿਚ ਕਈ ਵਾਰ ਕੋਈ ਵਧੇਰੇ ਢੁੱਕਵਾਂ ਬੰਦਾ ਨਾ ਮਿਲਣ ਕਰਕੇ ਸਾਡੇ ਵਰਗੇ ਪਾੜ੍ਹਿਆਂ ਦੀ ਵੀ ਕਦਰ ਪੈ ਜਾਂਦੀ। ਵਿਆਹ ਵਾਲ਼ੇ ਪਹਿਲਾਂ ਹੀ ਠਕੋਰ ਦਿੰਦੇ, ‘‘ਬਈ ਹੁਣੇ ਤੋਂ ਤਿਆਰੀ ਵਿਚ ਲੱਗ ਜਾ, ਜੰਨ ਤੂੰ ਛੁਡਾਉਣੀ ਹੋਊ!’’

ਗੁਰਬਚਨ ਸਿੰਘ ਭੁੱਲਰ

ਇਹ ਸੀ ਮਾਹੌਲ ਵਿਚ ਘੁਲਿਆ ਹੋਇਆ ਵੰਨਸੁਵੰਨਾ ਸਾਹਿਤ-ਸਭਿਆਚਾਰ ਜੋ ਇਹਦੀ ਕੋਈ ਸਮਝ ਹੋਣ ਤੋਂ ਵੀ ਪਹਿਲਾਂ ਪ੍ਰਾਣਵਾਯੂ ਵਾਂਗ ਸਾਡੀ ਪੀੜ੍ਹੀ ਦੇ ਸਾਹ-ਸਾਹ ਵਿਚ ਰਮ ਜਾਂਦਾ ਸੀ। ਇਥੇ ਚਿੰਤਕ ਆਨੰਦ ਕੁਮਾਰਸੁਆਮੀ ਅਤੇ ਸੰਸਾਰ-ਪ੍ਰਸਿੱਧ ਚਿੱਤਰਕਾਰ ਪਾਬਲੋ ਪਿਕਾਸੋ ਆ ਦਰਸ਼ਨ ਦਿੰਦੇ ਹਨ। ਆਨੰਦ ਕੁਮਾਰਸੁਆਮੀ ਦਾ ਕਹਿਣਾ ਹੈ, ‘‘ਕਲਾਕਾਰ ਕੋਈ ਵਿਸ਼ੇਸ਼ ਕਿਸਮ ਦਾ ਵਿਅਕਤੀ ਨਹੀਂ ਹੁੰਦਾ ਸਗੋਂ ਹਰੇਕ ਵਿਅਕਤੀ ਇਕ ਵਿਸ਼ੇਸ਼ ਕਿਸਮ ਦਾ ਕਲਾਕਾਰ ਹੁੰਦਾ ਹੈ!’’ ਪਤਾ ਨਹੀਂ, ਉਹਨੇ ਇਹ ਗੱਲ ਕਿਸ ਪ੍ਰਸੰਗ ਵਿਚ ਤੇ ਕਿਹੜੀ ਉਮਰ ਦੇ ਸੰਬੰਧ ਵਿਚ ਕਹੀ ਸੀ ਪਰ ਇਹ ਸਾਡੀ ਪੀੜ੍ਹੀ ਦੀ ਉਸ ਉਮਰ ਬਾਰੇ ਬਿਲਕੁਲ ਸੱਚੀ ਹੈ ਜਿਸ ਦਾ ਜ਼ਿਕਰ ਮੈਂ ਇਥੇ ਕੀਤਾ ਹੈ। ਉਸ ਚੜ੍ਹਦੀ ਉਮਰੇ ਇਹ ਸਮੁੱਚਾ ਸ਼ਬਦ-ਸੰਗੀਤ ਸਾਨੂੰ ਭੂਰ ਵਾਂਗ ਭਿਉਂ ਦਿੰਦਾ ਸੀ ਤੇ ਖ਼ੁਮਾਰੀ ਚਾੜ੍ਹ ਦਿੰਦਾ ਸੀ। ਸਾਡੇ ਲਈ ਇਹ ਸਾਹਿਤ ਤੇ ਸਭਿਆਚਾਰ ਦਾ ਸਰਘੀ ਵੇਲ਼ਾ ਹੁੰਦਾ ਸੀ ਜਿਸ ਵਿਚ ਸ਼ਬਦ ਦੀ ਲੋਅ ਹੌਲ਼ੀ-ਹੌਲ਼ੀ ਵਧਦੀ ਜਾਂਦੀ ਸੀ। ਪਰ ਗਭਰੇਟੀ ਦੇ ਵਰ੍ਹੇ ਪਾਰ ਕਰਦਿਆਂ ਹੀ ਜੀਵਨ-ਮਾਰਗ ਵਿਚ ਨਿਰਣਈ ਮੋੜ ਆ ਜਾਂਦਾ। ਪਾਬਲੋ ਪਿਕਾਸੋ ਇਸੇ ਮੋੜ ਦਾ ਜ਼ਿਕਰ ਕਰਦਾ ਹੈ। ਉਹ ਬੜੀ ਪਤੇ ਦੀ ਗੱਲ ਕਹਿੰਦਾ ਹੈ, ‘‘ਹਰੇਕ ਬਾਲ ਜਮਾਂਦਰੂ ਕਲਾਕਾਰ ਹੁੰਦਾ ਹੈ। ਸਮੱਸਿਆ ਤਾਂ ਇਹ ਹੈ ਕਿ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ, ਓਦੋਂ ਕਲਾਕਾਰ ਕਿਵੇਂ ਬਣੇ ਰਹੀਏ!’’ ਉਹਦਾ ਝੋਰਾ, ਸ਼ਾਇਦ, ਇਹੋ ਸੀ ਕਿ ਸਰਘੀ ਵੇਲ਼ਾ ਖ਼ਤਮ ਹੋ ਕੇ ਦਿਨ ਚੜ੍ਹਨ ਨਾਲ ਮਾਰਗ ਤਾਂ ਸਗੋਂ ਸਭ ਨੂੰ ਸਾਫ਼ ਦਿਖਾਈ ਦੇਣਾ ਚਾਹੀਦਾ ਹੈ ਪਰ ਹੁੰਦਾ ਉਲਟਾ ਇਹ ਹੈ ਕਿ ਇਸ ਚਾਨਣ ਵਿਚ ਬਹੁਤੇ ਲੋਕ ਆਪਣੇ ਨਵੇਂ, ਕਲਾ ਤੋਂ ਹਟਵੇਂ ਰਾਹ ਤਲਾਸ਼ਣ ਲੱਗ ਜਾਂਦੇ ਹਨ। ਕਲਾ ਦਾ ਰਾਹ ਪਾਸੇ ਰਹਿ ਜਾਂਦਾ ਹੈ ਤੇ ਉਹ ਵੱਖਰੇ ਰਾਹਾਂ ਦੇ ਪਾਂਧੀ ਬਣ ਜਾਂਦੇ ਹਨ। ਠੀਕ ਹੀ ਪਿਕਾਸੋ ਵਾਲ਼ੇ ਪੜਾਅ ਉੱਤੇ ਪਹੁੰਚ ਕੇ ਬਹੁਤ ਹੀ ਵੱਡੀ ਬਹੁਗਿਣਤੀ ਬੰਦੇ ਹੌਲ਼ੀ ਹੌਲ਼ੀ ਇਸ ਸਭ ਕੁਝ ਨਾਲੋਂ ਨਿੱਖੜ ਜਾਂਦੇ ਹਨ ਤੇ ਦੂਰ ਹੁੰਦੇ ਹੁੰਦੇ ਆਖ਼ਰ ਨਾਤਾ ਹੀ ਤੋੜ ਲੈਂਦੇ ਹਨ। ਸਾਹਿਤ-ਸਭਿਆਚਾਰ ਦੀਆਂ ਗੱਲਾਂ, ਦੋ ਡੰਗ ਦੀ ਰੋਟੀ ਲਈ ਜੂਝਦੇ ਕਿਰਤੀਆਂ-ਕਿਸਾਨਾਂ ਦੀ ਗੱਲ ਤਾਂ ਛੱਡੋ, ਚੰਗੇ-ਭਲੇ ਖਾਂਦੇ-ਪੀਂਦੇ ਪੜ੍ਹੇ-ਲਿਖੇ ਲੋਕਾਂ ਨੂੰ ਵੀ ਪੋਹਣੋਂ ਹਟ ਜਾਂਦੀਆਂ ਹਨ। ਉਹਨਾਂ ਦਾ ਵੱਡਾ ਹਿੱਸਾ ਜੇ ਜੁੜਦਾ ਵੀ ਹੈ ਤਾਂ ਸੁੱਚੇ ਸਭਿਆਚਾਰ ਨਾਲ ਨਹੀਂ ਸਗੋਂ ਟੁੱਚੇ ਜਾਂ ਲੁੱਚੇ ਸਭਿਆਚਾਰ ਨਾਲ ਜੁੜਦਾ ਹੈ। ਥੋੜ੍ਹੇ ਜਿਹੇ ਰਹਿ ਜਾਂਦੇ ਹਨ ਜੋ ਪਾਠਕ ਜਾਂ ਸਰੋਤੇ ਬਣੇ ਰਹਿੰਦੇ ਹਨ। ਤੇ ਉਹਨਾਂ ਤੋਂ ਵੀ ਬਹੁਤ ਘੱਟ ਹੁੰਦੇ ਹਨ ਜਿਨ੍ਹਾਂ ਦੇ ਮੱਥੇ ਵਿਚ ਰਚਨਾਤਮਿਕਤਾ ਦਾ ਦੀਵਾ ਜਗ ਪੈਂਦਾ ਹੈ ਜੋ ਵੱਧ-ਘੱਟ ਲੋਅ ਦੇ ਵਿਤ ਅਨੁਸਾਰ ਹਨੇਰੇ ਨੂੰ ਕਟਦਾ ਤੇ ਚਾਨਣ ਬਖੇਰਦਾ ਰਹਿੰਦਾ ਹੈ! (ਇਹ ਕੈਲੀਬਰ ਪਬਲੀਕੇਸ਼ਨਜ਼, ਪਟਿਆਲਾ ਦੀ ਛਾਪੀ ਮੇਰੀ ਨਵੀਂ ਪੁਸਤਕ ‘ਸਾਹਿਤ ਦੀ ਸਰਘੀ’ ਦੇ ਮੁੱਖ-ਸ਼ਬਦ ਹਨ ਜਿਹੜੀ ਇਹਨਾਂ ਹੀ ਗੱਲਾਂ ਦਾ ਵਿਸਤਾਰ ਹੈ।) ਸੰਪਰਕ: 011-42502364

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਉਪ ਮੁੱਖ ਮੰਤਰੀ ਨੇ 30 ਤੋਂ ਵੱਧ ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕੀਤਾ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਪਰਿਵਾਰ ਨੇ ਦਾਅਵਾ ਕੀਤਾ; ਜਾਨ ਬਚਾਊਣ ਲਈ ਸਰਕਾਰ ਤੋਂ ਇਲਾਜ ਦੀ ਮੰਗ

ਸ਼ਹਿਰ

View All