ਅਧਿਆਪਕ ਤੇ ਵਿਦਿਆਰਥੀ ਦਰਮਿਆਨ ਗੱਲਾਂ-ਬਾਤਾਂ

ਅਧਿਆਪਕ ਤੇ ਵਿਦਿਆਰਥੀ ਦਰਮਿਆਨ ਗੱਲਾਂ-ਬਾਤਾਂ

ਸੁਖਰਾਜ ਸਿੰਘ ਚਹਿਲ 10102269CD _14ਅਧਿਆਪਕ ਅਤੇ ਵਿਦਿਆਰਥੀ ਦੀ ਸਾਂਝ ਸਿਰਫ਼ ਪੜ੍ਹਾਈ ਤਕ ਹੀ ਸੀਮਤ ਨਹੀਂ ਹੁੰਦੀ, ਸਗੋਂ ਅਧਿਆਪਕ ਵਿਦਿਆਰਥੀ ਨੂੰ ਜ਼ਿੰਦਗੀ ਦੀਆਂ ਪੌੜੀਆਂ ਚੜ੍ਹਨ ਦੇ ਕਾਬਲ ਬਣਾਉਣ ਵਿੱਚ ਵੀ ਅਹਿਮ ਰੋਲ ਅਦਾ ਕਰਦਾ ਹੈ। ਜਿੱਥੇ ਪੜ੍ਹਾਈ ਜ਼ਰੂਰੀ ਹੈ, ਉੱਥੇ ਨੈਤਿਕ ਤੇ ਹੋਰ ਅਨੇਕਾਂ ਸਿੱਖਿਆਵਾਂ ਲਈ ਵੀ ਅਧਿਆਪਕ ਵਿਦਿਆਰਥੀ ਲਈ ਰਾਹ ਦਸੇਰਾ ਹੁੰਦਾ ਹੈ। ਦੋਵਾਂ ਵਿਚਕਾਰ ਵਿਚਾਰ-ਵਟਾਂਦਰੇ ਲਈ ਪੜ੍ਹਾਈ ਤੋਂ ਇਲਾਵਾ ਵੀ ਕੁਝ ਸਮਾਂ ਕੱਢਣਾ ਜ਼ਰੂਰੀ ਹੈ। ਇਸ ਲਈ ਸਕੂਲਾਂ ਵਿੱਚ ਵੱਖ ਵੱਖ ਵਿਸ਼ਿਆਂ ਦੇ ਪੀਰੀਅਡਾਂ ਦੇ ਨਾਲ ਨਾਲ ਅਧਿਆਪਕ ਤੇ ਵਿਦਿਆਰਥੀ ਦੀ ਗੱਲਬਾਤ ਦਾ ਪੀਰੀਅਡ ਵੀ ਹੋਣਾ ਚਾਹੀਦਾ ਹੈ, ਭਾਵੇਂ ਇਸ ਪੀਰੀਅਡ ਦਾ ਸਮਾਂ ਹੋਰ ਪੀਰੀਅਡਾਂ ਨਾਲੋਂ ਘੱਟ ਹੀ ਹੋਵੇ। ਇਸ ਪੀਰੀਅਡ ਦਾ ਸਮਾਂ ਸਾਰੇ ਪੀਰੀਅਡਾਂ ਤੋਂ ਬਾਅਦ ਛੁੱਟੀ ਹੋਣ ਤੋਂ ਪਹਿਲਾਂ ਰੱਖਿਆ ਜਾਣਾ ਚਾਹੀਦਾ ਹੈ। ਇਸ ਪੀਰੀਅਡ ਵਿੱਚ ਵਿਦਿਆਰਥੀ ਤੇ ਅਧਿਆਪਕ ਪੜ੍ਹਾਈ ਤੋਂ ਹਟ ਕੇ ਹੋਰ ਗੱਲਾਂ ’ਤੇ ਜ਼ੋਰ ਦੇਣ ਕਿਉਂਕਿ ਕਈ ਵਿਦਿਆਰਥੀਆਂ ਨੂੰ ਕੁਝ ਸਮੱਸਿਆਵਾਂ ਪੇਸ਼ ਆ ਰਹੀਆਂ ਹੁੰਦੀਆਂ ਹਨ, ਜਿਨ੍ਹਾਂ ਕਰਕੇ ਉਨ੍ਹਾਂ ਨੂੰ ਪੜ੍ਹਾਈ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਵੀ ਮੁਸ਼ਕਿਲ ਆਉਂਦੀ ਹੈ। ਕਈ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਵਿੱਚ ਮੁਸ਼ਕਿਲਾਂ ਆ ਰਹੀਆਂ ਹੁੰਦੀਆਂ ਹਨ, ਜੋ ਉਹ ਕਿਸੇ ਨਾਲ ਸਾਂਝੀਆਂ ਨਹੀਂ ਕਰਨਾ ਚਾਹੁੰਦੇ ਅਤੇ ਇਸ ਦਾ ਉਨ੍ਹਾਂ ਦੀ ਮਾਨਸਿਕਤਾ ’ਤੇ ਬੁਰਾ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਕਈ ਵਾਰ ਬੱਚਿਆਂ ਦੇ ਪੇਪਰਾਂ ਵਿੱਚੋਂ ਅੰਕ ਘੱਟ ਆਉਂਦੇ ਹਨ ਜਿਸ ਕਾਰਨ ਮਾਪੇ ਉਨ੍ਹਾਂ ਨੂੰ ਕੋਸਦੇ ਰਹਿੰਦੇ ਹਨ। ਇਸ ਸਥਿਤੀ ਵਿੱਚ ਬੱਚੇ ਦੇ ਦਿਮਾਗ ਉਤੇ ਬੋਝ ਪੈਣਾ ਸੁਭਾਵਿਕ ਹੈ। ਅਜਿਹੀਆਂ ਸਮੱਸਿਆਵਾਂ ’ਚੋਂ ਵਿਦਿਆਰਥੀਆਂ ਨੂੰ ਬਾਹਰ ਕਿਵੇਂ ਕੱਢਣਾ ਹੈ, ਇਸ ਬਾਰੇ ਅਧਿਆਪਕ ਗੱਲਬਾਤ ਦੇ ਪੀਰੀਅਡ ਰਾਹੀਂ ਦੱਸ ਸਕਦੇ ਹਨ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਸਿਰਫ਼ ਅੰਕਾਂ ਨੂੰ ਹੀ ਤਰਜੀਹ ਨਾ ਦੇਣ, ਸਗੋਂ ਹੋਰ ਮੁਸ਼ਕਿਲਾਂ ਹੱਲ ਕਰਨ ਵਿੱਚ ਵੀ ਬੱਚੇ ਦਾ ਸਾਥ ਦੇਣ। ਗੱਲਬਾਤ ਪੀਰੀਅਡ ਰਾਹੀਂ ਬੱਚਿਆਂ ਨੂੰ ਨੈਤਿਕ ਸਿੱਖਿਆ ਬਾਰੇ ਸਮਝਾਇਆ ਜਾ ਸਕਦਾ ਹੈ। ਉਨ੍ਹਾਂ ਨੇ ਸਮਾਜ ਵਿੱਚ ਕਿਵੇਂ ਵਿਚਰਨਾ ਹੈ, ਘਰ ਆਏ ਮਹਿਮਾਨਾਂ ਨਾਲ ਕਿਹੋ ਜਿਹਾ ਵਰਤਾਓ ਕਰਨਾ ਹੈ, ਕਿਸੇ ਦੀ ਸਹਾਇਤਾ ਕਿਵੇਂ ਅਤੇ ਕਦੋਂ ਕਰਨੀ ਚਾਹੀਦੀ ਹੈ, ਆਦਿ ਵਿਸ਼ਿਆਂ ਬਾਰੇ ਇਸ ਪੀਰੀਅਡ ਰਾਹੀਂ ਉਨ੍ਹਾਂ ਨੂੰ ਦੱਸਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਪੀਰੀਅਡ ਦੌਰਾਨ ਬੱਚਿਆਂ ਨੂੰ ਮਾਤਾ-ਪਿਤਾ ਨਾਲ ਸਬੰਧਾਂ ਬਾਰੇ ਵੀ ਦੱਸਿਆ ਜਾ ਸਕਦਾ ਹੈ। ਅੱਜਕਲ੍ਹ ਤਾਂ ਬੱਚੇ ਇਕੱਲੇ ਰਹਿਣਾ ਪਸੰਦ ਕਰਦੇ ਹਨ। ਉਹ ਮੋਬਾਈਲਾਂ, ਕੰਪਿਊਟਰ, ਗੇਮਜ਼ ਜਾਂ ਇੰਟਰਨੈੱਟ ਨਾਲ ਜ਼ਿਆਦਾ ਲਗਾਓ ਰੱਖਦੇ ਹਨ। ਘਰ ਵਿੱਚ ਕਿਸੇ ਨਾਲ ਪੜ੍ਹਨ, ਬੈਠਣ ਅਤੇ ਗੱਲ ਕਰਨ ਵਿੱਚ ਬਹੁਤ ਦਿਲਚਪਸੀ ਨਹੀਂ ਦਿਖਾਉਂਦੇ। ਇਸ ਪੀਰੀਅਡ ਵਿੱਚ ਬੱਚਿਆਂ ਨੂੰ ਇਸ ਬਾਰੇ ਸਮਝਾਇਆ ਜਾਂਦਾ ਹੈ ਕਿ ਉਹ ਆਪਣੇ ਵਡੇਰਿਆਂ ਨਾਲ ਸਮਾਂ ਗੁਜ਼ਾਰਨ, ਉਨ੍ਹਾਂ ਨਾਲ ਗੱਲਬਾਤ ਕਰਨ, ਬਜ਼ੁਰਗਾਂ ਦੀਆਂ ਕਹਾਣੀਆਂ ਸੁਣਨ ਜਿਸ ਨਾਲ ਬੱਚਿਆਂ ਦੀ ਨੈਤਿਕਤਾ ਵਿੱਚ ਵਾਧਾ ਹੋਵੇ। ਇਸ ਤੋਂ ਇਲਾਵਾ ਬੱਚਿਆਂ ਨੂੰ ਦੂਜਿਆਂ ਦੀ ਸਹਾਇਤਾ ਕਿਉਂ ਅਤੇ ਕਿਵੇਂ ਕਰਨੀ ਹੈ, ਬਾਰੇ ਵੀ ਦੱਸਿਆ ਜਾਂਦਾ ਹੈ। ਉਦਾਹਰਨ ਦੇ ਤੌਰ ’ਤੇ ਕਿਸੇ ਲੋੜਵੰਦ ਦੀ ਸਹਾਇਤਾ ਕਰਨੀ, ਕਿਸੇ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਮੁੱਢਲੀ ਸਹਾਇਤਾ ਕਰਨੀ, ਪੜ੍ਹਾਈ ਵਿੱਚ ਕਮਜ਼ੋਰ ਵਿਦਿਆਰਥੀ ਨੂੰ ਪੜ੍ਹਾ ਕੇ ਉਸ ਦੀ ਮਦਦ ਕਰਨਾ ਆਦਿ। ਇਸ ਪੀਰੀਅਡ ਨੂੰ ਸਾਰੇ ਸਕੂਲਾਂ ਵਿੱਚ ਅਹਿਮੀਅਤ ਦੇਣ ਦੀ ਲੋੜ ਹੈ ਤਾਂ ਕਿ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਉਨ੍ਹਾਂ ਦੇ ਦਿਮਾਗ ਤੇ ਬੋਝ ਨਾ ਬਣਨ ਅਤੇ ਉਹ ਹਰ ਪੱਖੋਂ ਸਿੱਖਿਅਤ ਹੋਣ। ਵਿਦਿਆਰਥੀਆਂ ਨੂੰ ਇਸ ਉਮਰੇ ਦਿੱਤਾ ਗਿਆ ਗਿਆਨ ਉਨ੍ਹਾਂ ਲਈ ਜ਼ਿੰਦਗੀ ਵਿੱਚ ਚੰਗੇ ਇਨਸਾਨ ਬਣਨ ਵਿੱਚ ਮਦਦਗਾਰ ਸਿੱਧ ਹੋਵੇਗਾ। ਂ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All