
ਨਿੱਜੀ ਪੱਤਰ ਪ੍ਰੇਰਕ ਰਾਮਪੁਰਾ ਫੂਲ, 23 ਜੂਨ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅਧਿਆਪਕਾਂ ਦੀਆਂ ਤਰੱਕੀਆਂ ਸਬੰਧੀ ਚੱਲ ਰਹੀ ਪਹਿਲੀ ਨੀਤੀ ਵਿਚ ਕੁਝ ਘਾਟਾਂ ਨੂੰ ਕਬੂਲਦਿਆਂ ਭਵਿੱਖ ਵਿਚ ਨਵੀਂ ਨੀਤੀ ਦੇ ਤਹਿਤ ਤਰੱਕੀਆਂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਆਉਣ ਵਾਲੇ ਸਮੇਂ ਵਿਚ ਅਧਿਆਪਕਾਂ ਨੂੰ ਉਸੇ ਵਿਸ਼ੇ ਦਾ ਲੈਕਚਰਾਰ ਪਦ-ਉੱਨਤ ਕੀਤਾ ਜਾਵੇਗਾ ਜਿਹੜਾ ਵਿਸ਼ਾ ਉਹ ਪਹਿਲਾਂ ਸਕੂਲ ਵਿਚ ਪੜ੍ਹਾ ਰਿਹਾ ਹੋਵੇਗਾ। ਪਹਿਲਾਂ ਬਹੁਤੇ ਅਜਿਹੇ ਅਧਿਆਪਕ ਹੁੰਦੇ ਸਨ ਜਿਹੜੇ ਕਈ ਕਈ ਸਾਲ ਤਾਂ ਸਾਇੰਸ ਜਾਂ ਕੋਈ ਹੋਰ ਵਿਸ਼ਾ ਪੜ੍ਹਾ ਰਹੇ ਹੁੰਦੇ ਸਨ ਤੇ ਪਦ-ਉੱਨਤੀ ਲਈ ਉਹ ਹੋਰ ਕਿਸੇ ਵਿਸ਼ੇ ਦੀ ਉੱਚ ਯੋਗਤਾ ਪ੍ਰਾਪਤ ਕਰਕੇ ਲੈਕਚਰਾਰ ਬਣ ਜਾਂਦੇ ਸਨ। ਇਸ ਕਾਰਨ ਉਨ੍ਹਾਂ ਦਾ ਪਹਿਲਾ ਤਜਰਬਾ ਕਿਸੇ ਵੀ ਕੰਮ ਨਹੀਂ ਸੀ ਆਉਂਦਾ। ਉਹ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਿਚ ਸੁਧਾਰਾਂ ਸਬੰਧੀ ਕਦਮ ਚੁੱਕਦੇ ਹੋਏ ਘੱਟ ਵਿਦਿਆਰਥੀਆਂ ਵਾਲੇ ਸਰਕਾਰੀ ਸਕੂਲਾਂ ਵਿਚੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਨੇੜਲੇ ਸਕੂਲਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ ਇਸ ਦੇ ਤਹਿਤ 40 ਬੱਚਿਆਂ ਵਾਲੇ ਸਕੂਲਾਂ ਵਿਚ ਕੇਵਲ ਦੋ ਅਧਿਆਪਕ ਰੱਖੇ ਜਾਣਗੇ ਅਤੇ ਜਿਸ ਸਕੂਲ ਵਿੱਚ 10 ਤੋਂ ਘੱਟ ਵਿਦਿਆਰਥੀ ਹੋਣਗੇ, ਉਨ੍ਹਾਂ ਵਿਦਿਆਰਥੀਆਂ ਨੂੰ ਨੇੜਲੇ ਸਕੂਲਾਂ ਵਿਚ ਤਬਦੀਲ ਕੀਤਾ ਜਾਵੇਗਾ ਜਿਸ ਲਈ ਸਰਕਾਰ ਦੇ ਖਰਚੇ ’ਤੇ ਟਰਾਂਸਪੋਰਟ ਸੁਵਿਧਾ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਆਉਣ ਵਾਲੇ ਸੈਸ਼ਨ ’ਤੋਂ ਸੂਬੇ ਦੇ ਸਾਰੇ ਪ੍ਰਾਈਵੇਟ ਮਾਨਤਾ ਅਤੇ ਗੈਰ ਮਾਨਤਾ ਪ੍ਰਾਪਤ ਸਕੂਲਾਂ ਵਿਚ ਸਿਰਫ ਅਧਿਆਪਕ ਯੋਗਤਾ ਪ੍ਰੀਖਿਆ (ਟੈੱਟ) ਪਾਸ ਨੂੰ ਹੀ ਅਧਿਆਪਕ ਰੱਖਿਆ ਜਾਵੇਗਾ ਜਿਸ ਦੀ ਉਲੰਘਣਾ ਕਰਨ ਵਾਲਿਆਂ ਦੀ ਮਾਨਤਾ ਵੀ ਰੱਦ ਕੀਤੀ ਜਾ ਸਕਦੀ ਹੈ। ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਖਾਸਕਰ ਲੜਕੀਆਂ ਦੇ ਸਕੂਲਾਂ ਵਿਚ ਪੂਰੀਆਂ ਫੀਸਾਂ ਮੁਆਫ ਹੋਣ ਕਾਰਨ ਬਿਜਲੀ ਬਿੱਲ ਭਰਨ ਅਤੇ ਹੋਰਨਾਂ ਛੋਟੇ ਮੋਟੇ ਕੰਮਾਂ ਲਈ ਸਰਕਾਰ ਵੱਲੋਂ ਸਕੂਲਾਂ ਨੂੰ ਵਿਸ਼ੇਸ਼ ਉੱਕਾ ਪੁੱਕਾ ਫੰਡ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਸੂਚੀ ਵੀ 30 ਜੂਨ ਜਾਂ 7 ਜੁਲਾਈ ਤੱਕ ਜਾਰੀ ਕਰ ਦਿੱਤੀ ਜਾਵੇਗੀ ਪਰ ਸੂਚੀ ਵਿਚ ਬਦਲੀ ਕੇਵਲ ਉਨ੍ਹਾਂ ਅਧਿਆਪਕਾਂ ਦੀ ਹੀ ਹੋਵੇਗੀ ਜਿਨ੍ਹਾਂ ਦੀ ਪੁਰਾਣੇ ਸਕੂਲ ਵਿਚ ਠਹਿਰ ਦੋ ਸਾਲ ਤੋਂ ਉੱਪਰ ਹੋਵੇਗੀ। ਉਨ੍ਹਾਂ ਦੱਸਿਆ ਕਿ ਅਗਲੇ ਵਰ੍ਹੇ ਤੋਂ ਦੋ ਸਾਲ ਦੀ ਠਹਿਰ ਵਾਲੀ ਸ਼ਰਤ ਨੂੰ ਵਧਾ ਕੇ ਤਿੰਨ ਸਾਲ ਕਰ ਦਿੱਤਾ ਜਾਵੇਗਾ ਅਤੇ ਸਾਲ ਵਿਚ ਇਕ ਵਾਰ ਹੀ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਜਿਹੜੇ ਅਧਿਆਪਕ ਹੋਰਨਾਂ ਪੋਸਟਾਂ ’ਤੇ ਸਕੂਲਾਂ ਵਿਚ ਬੈਠੇ ਹਨ ਉਨ੍ਹਾਂ ਨੂੰ ਬਦਲ ਕੇ ਸਬੰਧਤ ਪੋਸਟ ’ਤੇ ਹੀ ਤਾਇਨਾਤ ਕੀਤਾ ਜਾਵੇਗਾ। ਸਰਕਾਰੀ ਸਕੂਲਾਂ ਵਿਚ ਪੱਤਰਕਾਰੀ ਦਾ ਵਿਸ਼ਾ ਪੜ੍ਹਾਏ ਜਾਣ ਸਬੰਧੀ ਸਰਕਾਰ ਵੱਲੋਂ ਦਿਖਾਈ ਜਾ ਰਹੀ ਢਿੱਲ ਮੱਠ ਸਬੰਧੀ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੱਤਰਕਾਰੀ ਵਿਸ਼ੇ ਨਾਲ ਸਬੰਧਤ ਅਧਿਆਪਕਾਂ ਦੀ ਭਰਤੀ ਨਾ ਹੋਣ ਕਾਰਨ ਸਕੂਲਾਂ ਵਿਚ ਇਹ ਵਿਸ਼ਾ ਪੜ੍ਹਾਉਣ ਵਿਚ ਦੇਰੀ ਹੋ ਰਹੀ ਹੈ ਪਰ ਜਲਦ ਹੀ ਉਹ ਘੱਟੋ-ਘੱਟ ਜ਼ਿਲ੍ਹੇ ਦੇ ਇਕ ਸਕੂਲ ਵਿਚ ਪੱਤਰਕਾਰੀ ਦਾ ਵਿਸ਼ਾ ਪੜ੍ਹਾਉਣ ਦਾ ਪ੍ਰਬੰਧ ਕਰ ਰਹੇ ਹਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ